CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT Punjabicurrent affairsEducationNCERT class 10thPunjab School Education Board(PSEB)Punjabi Viakaran/ Punjabi Grammar

ਲੇਖ ਰਚਨਾ : ਭਾਰਤੀ ਨਾਰੀ ਵਿੱਚ ਹੀਣ-ਭਾਵਨਾ


ਭਾਰਤੀ ਨਾਰੀ ਵਿੱਚ ਹੀਣ-ਭਾਵਨਾ


ਭਾਰਤੀ ਇਸਤਰੀ ਵਿੱਚ ਹੀਣ-ਭਾਵਨਾ ਦੇ ਕਾਰਨ : ਭਾਰਤੀ ਨਾਰੀ ਵਿੱਚ ਹੀਣ-ਭਾਵ ਦੇ ਕਈ ਕਾਰਨ ਹਨ:

1. ਇੱਕ ਤਾਂ ਉਹ ਆਪਣੇ-ਆਪ ਨੂੰ ਸਮਾਜ ਦਾ ਅਣਚਾਹਿਆ ਬੱਚਾ ‘Unwanted Child’ ਸਮਝਦੀ ਹੈ ਕਿਉਂਕਿ ਲੜਕੀ ਨੂੰ ਪਤਾ ਲੱਗਣ ‘ਤੇ ਗਰਭ ਵਿੱਚ ਹੀ ਖ਼ਤਮ ਕਰ ਦਿੱਤਾ ਜਾਂਦਾ ਹੈ। ਕਈ ਕਬੀਲਿਆਂ ਵਿੱਚ ਜਨਮ ਤੋਂ ਬਾਅਦ ਗਲਾ ਘੁੱਟਿਆ ਜਾਂਦਾ ਹੈ ਜਾਂ ਜਿਊਂਦੀ ਨੂੰ ਹੀ ਮਿੱਟੀ ਵਿੱਚ ਦਬਾ ਦਿੱਤਾ ਜਾਂਦਾ ਹੈ। ਆਪਣੇ-ਆਪ ਨੂੰ ਧਾਰਮਕ ਅਖਵਾਉਣ ਵਾਲਾ ਦੇਸ਼ ਅਸਲ ਵਿੱਚ ਇਸ ਮਹਾਂਪਾਪ ਦਾ ਭਾਗੀ ਬਣਨੋਂ ਗੁਰੇਜ਼ ਨਹੀਂ ਕਰਦਾ।

2. ਲੜਕੇ ਦੇ ਜਨਮ ‘ਤੇ ਵਧਾਈਆਂ ਲਈਆਂ ਜਾਂਦੀਆਂ ਹਨ, ਖ਼ੁਸ਼ੀ-ਖ਼ੁਸ਼ੀ ਲੱਡੂ ਵੰਡੇ ਜਾਂਦੇ ਹਨ ਪਰ ਲੜਕੀ ਦੇ ਜਨਮ ‘ਤੇ ਸੋਗ ਪੈ ਜਾਂਦਾ ਹੈ, ਚੁੱਪ-ਚਾਂ ਵਰਤ ਜਾਂਦੀ ਹੈ, ਜਿਵੇਂ ਪਰਿਵਾਰ ਨੂੰ ਸੱਪ ਸੁੰਘ ਗਿਆ ਹੋਵੇ।

3. ਲੜਕੀ ਦੇ ਪਾਲਣ-ਪੋਸ਼ਣ, ਲਾਡ-ਪਿਆਰ ਕਰਨ ਤੇ ਵਿੱਦਿਆ ਦੇਣ ਵਿੱਚ, ਲੜਕੇ ਨਾਲੋਂ ਬਹੁਤ ਘੱਟ ਖ਼ਿਆਲ ਰੱਖਿਆ ਜਾਂਦਾ ਹੈ। ਚੰਗਾ ਖਾਣਾ, ਵਧੀਆ ਕੱਪੜਾ ਤੇ ਉਚੇਰੀ ਵਿੱਦਿਆ ਲੜਕੇ ਨੂੰ ਦਿੱਤੀ ਜਾਂਦੀ ਹੈ ਭਾਵੇਂ ਲੜਕੀ ਹਰ ਗੱਲੋਂ ਲੜਕੇ ਨਾਲੋਂ ਚੰਗੇਰੀ ਕਿਉਂ ਨਾ ਹੋਵੇ।

4. ਧੀ ਨੂੰ ‘ਬਿਗਾਨਾ ਧਨ’ ਸਮਝਿਆ ਜਾਂਦਾ ਹੈ ਜਿਸ ਨੇ ਜੁਆਨ ਹੋ ਕੇ ਕਿਸੇ ਹੋਰ ਘਰ ਪਤਨੀ ਬਣ ਕੇ ਚਲੇ ਜਾਣਾ ਹੁੰਦਾ ਹੈ।

5. ਲੜਕੀ ਨੂੰ ਇੱਕ ਵਸਤੂ ਖਿਆਲਿਆ ਜਾਂਦਾ ਹੈ, ਜਿਸ ਨੂੰ ਖ਼ਰੀਦਦਾਰ ਨਾਲ ਚੰਗਾ-ਚੋਖਾ ਦਾਜ ਦੇ ਕੇ ਵਿਆਹਿਆ ਜਾਂਦਾ ਹੈ। ਇਹ ਦਾਜ ਜਨਮ ਨਾਲ ਹੀ ਬਣਨਾ ਸ਼ੁਰੂ ਹੋ ਜਾਂਦਾ ਹੈ। ਮੂੰਹ ਮੰਗਿਆ ਦਾਜ ਨਾ ਲਿਆਉਣ ਵਾਲੀ ਦਾ ਜਿਊਣਾ ਨਰਕ ਬਣ ਕੇ ਰਹਿ ਜਾਂਦਾ ਹੈ।

ਇਸ ਨੂੰ ਜਨਮ ਤੋਂ ਲੈ ਕੇ ਮਰਨ ਤੱਕ ਜੀ ਹਜ਼ੂਰੀਆਂ ਵਰਗਾ ਜੀਵਨ ਬਤੀਤ ਕਰਨਾ ਪੈਂਦਾ ਹੈ; ਵਿਆਹ ਤੋਂ ਪਹਿਲਾਂ ਇਹ ਮਾਪਿਆਂ ਤੇ ਭਰਾਵਾਂ ਦੀ ਆਗਿਆ ਦਾ ਪਾਲਣ ਕਰਦੀ ਹੈ, ਵਿਆਹੇ ਜਾਣ ਤੋਂ ਬਾਅਦ ਪਤੀ ਤੇ ਸੱਸ-ਸਹੁਰੇ ਦੇ ਇਸ਼ਾਰੇ ‘ਤੇ ਚਲਦੀ ਹੈ ਤੇ ਪਿਛਲੀ ਉਮਰੇ ਆਪਣੇ ਹੀ ਬੱਚਿਆਂ ਦੀਆਂ ਝਿੜਕਾਂ ਸਹਿ ਕੇ ਉਮਰ ਕੱਟ ਦਿੰਦੀ ਹੈ।

7. ਕਈ ਪਰਿਵਾਰਾਂ ਵਿੱਚ ਇਸ ਨੂੰ ਪਤੀ ਦੀ ਚਿਤਾ ਵਿੱਚ ਜਿਊਂਦਿਆਂ ਸੜ ਕੇ ਮਰਨਾ ਪੈਂਦਾ ਹੈ ਭਾਵੇਂ ਕਾਨੂੰਨ ਇਸ ਗੱਲ ਦੀ ਆਗਿਆ ਨਹੀਂ ਦਿੰਦਾ, ਕਈਆਂ ਵਿੱਚ ਇਸ ਨੂੰ ਦੂਜਾ ਵਿਆਹ ਕਰਨ ਦੀ ਮਨਾਹੀ ਹੈ; ਪਤੀ ਦੇ ਮਰਨ ਤੋਂ ਬਾਅਦ ਵਿਧਵਾ ਰਹਿ ਕੇ ਆਪਣੇ ਸੁਆਸ ਪੂਰੇ ਕਰ ਜਾਂਦੀ ਹੈ।

8. ਨਿਰਸੰਦੇਹ ਇਹ ਜਨਨੀ (ਭੰਡੈ ਬਾਝੁ ਨ ਕੋਇ॥) ਹੈ, ਪਰ ਇਸ ਨੂੰ ਦਾਸੀਆਂ ਤੋਂ ਬਦਤਰ ਜੀਵਨ ਬਤੀਤ ਕਰਨਾ ਪੈਂਦਾ ਹੈ।

9. ਇਹ ਗੁਣਾਂ ਦੀ ਗੁਥਲੀ ਹੈ, ਮਰਦ ਨਾਲੋਂ ਕਈ ਗੱਲਾਂ ਵਿੱਚ ਵਧੇਰੇ ਸਿਆਣੀ ਤੇ ਸੂਝਵਾਨ ਹੈ, ਪਰ ਮਰਦ ਆਪਣੀ ਸਰਦਾਰੀ ਕਾਇਮ ਰੱਖਦਾ ਹੋਇਆ ਕਿਸੇ ਨਿੱਕੇ-ਮੋਟੇ ਗ਼ਲਤ ਕੰਮ ’ਤੇ ਅਤੇ ਕਈ ਵਾਰੀ ਆਪਣੀ ਮੂਰਖਤਾ ‘ਤੇ ਪਰਦਾ ਪਾਉਣ ਲਈ ਇਸ ‘ਤੇ ਹੱਥ ਚੁੱਕਣੋਂ ਵੀ ਸੰਕੋਚ ਨਹੀਂ ਕਰਦਾ। ਗ਼ਲਤੀ ਆਪਣੀ ਹੁੰਦੀ ਮੜ੍ਹਦਾ ਇਸ ਦੇ ਸਿਰ ‘ਤੇ ਹੈ।

10. ਇਹ ਮਰਦ ਦੀ ਕਾਮ-ਵਾਸਨਾ ਦੀ ਪੂਰਤੀ ਦਾ ਸਾਧਨ ਤੇ ਬੱਚੇ ਪੈਦਾ ਕਰਨ ਦੀ ਮਸ਼ੀਨ ਸਮਝੀ ਜਾਂਦੀ ਹੈ।

11. ਅਜੋਕੇ ਸਮੇਂ ਇਹ ਕਮਾਊ ਬਣ ਕੇ ਵੀ ਆਪਣੇ ਘੱਟ-ਕਮਾਊ ਜਾਂ ਵਿਹਲੜ ਜਾਂ ਅਮਲੀ ਪ੍ਰਤੀ ਦੇ ਥੱਲੇ ਲੱਗ ਕੇ, ਭਾਈਚਾਰੇ ਵਿੱਚ ਆਪਣੇ ਆਦਰ-ਸਤਿਕਾਰ ਨੂੰ ਬਣਾਈ ਰੱਖ ਕੇ ਦਿਨ-ਕਟੀ ਕਰ ਲੈਂਦੀ ਹੈ।

ਔਰਤ ਦੀਆਂ ਪ੍ਰਾਪਤੀਆਂ : ਇਸ ਵਿੱਚ ਦੋ ਰਾਵਾਂ ਨਹੀਂ ਕਿ ਨਾਰੀ ਗੱਡੀ ਦੇ ਦੋ ਪਹੀਆਂ ਵਿੱਚੋਂ ਇੱਕ ਹੋਣ ਕਰਕੇ ਮਰਦ ਵਾਂਗ ਹੀ ਸਮਾਜ ਦਾ ਜ਼ਰੂਰੀ ਭਾਗ ਹੈ। ਭਾਰਤ ਦੀ ਅੱਧੀ ਅਬਾਦੀ ਦੀ ਪ੍ਰਤੀਨਿਧਤਾ ਕਰਦੀ ਹੈ, ਇਹ ਸਮਰੱਥਾ ਵਿੱਚ ਵੀ ਮਰਦ ਨਾਲੋਂ ਕਿਸੇ ਗੱਲੋਂ ਘੱਟ ਨਹੀਂ।

ਕੀ ਅਸੀਂ ਮਹਾਰਾਣੀ ਝਾਂਸੀ ਦੀ ਸੂਰਬੀਰਤਾ ਨੂੰ ਭੁੱਲ ਗਏ ਹਾਂ?

ਕੀ ਸ੍ਰੀਮਤੀ ਵਿਜੈ ਲਕਸ਼ਮੀ ਪੰਡਿਤ ਨੇ ਯੂ.ਐਨ.ਓ. ਦੀ ਪ੍ਰਧਾਨਗੀ ਤੇ ਵਿਦੇਸ਼ਾਂ ਵਿੱਚ ਰਾਜਦੂਤ ਦੀ ਜ਼ਿੰਮੇਵਾਰੀ ਨੂੰ ਅਤਿ ਸਫਲਤਾ ਨਾਲ ਨਹੀਂ ਨਿਭਾਇਆ?

ਕੀ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਦੁਨੀਆ ਦੀ ਰੈੱਡ-ਕਰਾਸ ਐਸੋਸੀਏਸ਼ਨ ਦੀ ਪ੍ਰਧਾਨਗੀ ਗੱਜ-ਵੱਜ ਕੇ ਨਹੀਂ ਕੀਤੀ?

ਕੀ ਸ੍ਰੀਮਤੀ ਇੰਦਰਾ ਗਾਂਧੀ ਨੇ ਸਰਬ ਹਿੰਦ ਕਾਂਗਰਸ ਦੀ ਪ੍ਰਧਾਨਗੀ ਤੇ ਭਾਰਤ ਦੀ ਪ੍ਰਧਾਨ ਮੰਤਰੀ ਦੇ ਕਰਤੱਵ ਨੂੰ ਚੰਗੀ ਤਰ੍ਹਾਂ ਨਹੀਂ ਨਿਭਾਇਆ?

ਕੀ ਸੋਨੀਆ ਗਾਂਧੀ ਨੇ ਅਪ੍ਰੈਲ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਦਿਨੇ ਤਾਰੇ ਨਹੀਂ ਦਿਖਾਏ।

ਸਾਰੇ ਅਗਾਂਹਵਧੂ ਦੇਸ਼ਾਂ ਵਿੱਚ ਇਸਤਰੀ ਮਰਦ ਨਾਲ ਮੋਢੇ ਨਾਲ ਮੋਢਾ ਮੇਲ ਕੇ ਤੁਰ ਰਹੀ ਹੈ ਤੇ ਦੇਸ਼ ਵਿਕਸਤ ਹੋ ਰਹੇ ਹਨ। ਹੁਣ ਜਦਕਿ ਭਾਰਤ ਅਜ਼ਾਦ ਹੋ ਚੁੱਕਾ ਹੈ, ਅਸੀਂ ਇਸ ਨੂੰ ਕਿਵੇਂ ਅਗਿਆਨਤਾ ਦੀ ਧੁੰਦ ਓਹਲੇ ਰੱਖ ਸਕਦੇ ਹਾਂ? ਸੁਹਜ, ਪਿਆਰ, ਮਿਲਾਪ, ਕੋਮਲਤਾ, ਸਹਿਣਸ਼ੀਲਤਾ ਤੇ ਮਿਠਾਸ ਆਦਿ ਦੈਵੀ ਗੁਣਾਂ ਦੀ ਮਾਲਕਣ ਦਾ ਪੂਰਾ-ਪੂਰਾ ਲਾਭ ਉਠਾ ਕੇ ਅਸੀਂ ਵੀ ਦੇਸ਼ ਦੀ ਉੱਨਤੀ ਕਰਕੇ ਸਾਹ ਲਵਾਂਗੇ। ਇਸ ਨੇ ਭੈਣ ਬਣ ਕੇ ਆਪਣੇ ਵੀਰ ਨੂੰ ਸਮਝਾਉਣਾ ਬੁਝਾਉਣਾ ਹੈ, ਮਾਂ ਬਣ ਕੇ ਪੁੱਤਾਂ-ਧੀਆਂ, ਪੋਤਰਿਆਂ- ਪੋਤਰੀਆਂ ਅਤੇ ਦੋਹਤਰਿਆਂ-ਦੋਹਤਰੀਆਂ ਆਦਿ ਨੂੰ ਪਿਆਰੀਆਂ ਤੇ ਲਾਡ ਭਰੀਆਂ ਲੋਰੀਆਂ ਦੁਆਰਾ ਸਿੱਖਿਆ ਦਾ ਜਾਦੂ ਫੂਕਣਾ ਹੈ। ਪਤਨੀ ਬਣ ਕੇ, ਘਰ ਦੇ ਵਜ਼ੀਰ ਵਜੋਂ ਆਪਣੇ ਪਤੀ ਨੂੰ ਯੋਗ ਸਲਾਹ ਦੇਣੀ ਹੈ ਅਤੇ ਘਰ ਦੇ ਸਾਰੇ ਪ੍ਰਬੰਧ ਨੂੰ ਇੰਜ ਚਲਾਉਣਾ ਹੈ ਕਿ ਉਹ ਸਵਰਗ ਜਾਪੇ। ਇਸ ਨੇ ਕੁਰੀਤੀਆਂ ਭਰੀ ਦੇਸ਼ ਦੀ ਨਈਆ ਨੂੰ ਆਪਣੇ ਠੰਢੇ ਦਿਲ ਨਾਲ ਸੋਚੀ-ਸਮਝੀ ਤੇ ਸੁਲਝੀ ਹੋਈ ਵਿਉਂਤ ਦੁਆਰਾ ਪਾਰ ਲਾਉਣਾ ਹੈ। ਜਿੰਨਾ ਛੇਤੀ ਇਸ ਦਾ ਹੀਣ-ਭਾਵ ਦੂਰ ਹੋਵੇਗਾ ਓਨਾ ਛੇਤੀ ਦੇਸ਼ ਉੱਨਤੀ ਕਰਕੇ ਉੱਨਤ ਦੇਸ਼ਾਂ ਦੀ ਕਤਾਰ ਵਿੱਚ ਖੜ੍ਹਾ ਹੋ ਜਾਏਗਾ।

ਸੰਵਿਧਾਨ ਰਾਹੀਂ ਹੱਕ : ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਅਸੀਂ ਨਿਰਸੰਦੇਹ ਇਸ ਦਿਸ਼ਾ ਵਿੱਚ ਸੋਚਣਾ ਤੇ ਲੋੜੀਂਦੀ ਕਾਰਵਾਈ ਕਰਨੀ ਸ਼ੁਰੂ ਕੀਤੀ। ਹੇਠਾਂ ਦਿੱਤੇ ਕਈ ਉਪਾਵਾਂ ਦੁਆਰਾ ਅਸੀਂ ਸਮਾਜ ਵਿੱਚ ਇਸ ਨੂੰ ਮਰਦ ਦੇ ਸਮਾਨ ਥਾਂ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਕਿਸੇ ਹੱਦ ਤੱਕ ਸਫਲ ਵੀ ਹੋਏ ਹਾਂ :

1. ਦਹੇਜ ਨਿਵਾਰਨ ਐਕਟ 1961 (The Dowry Prohibition Act 1961) ਨੂੰ 1986 ਵਿੱਚ ਸੰਸ਼ੋਧਿਤ ਕੀਤਾ ਗਿਆ।

2. ਮੈਟਰਨਿਟੀ ਲਾਭ ਐਕਟ 1961 (The Maternity Benefits Act of 1961) ਨੂੰ 1976 ਵਿੱਚ ਸੰਸ਼ੋਧਿਤ ਕੀਤਾ ਗਿਆ।

3. ਫੈਕਟਰੀਜ਼ ਸੰਸ਼ੋਧਨ ਐਕਟ 1976 (Factories Amendment Act 1976), ਸਮਾਨ ਮਜ਼ਦੂਰੀ ਐਕਟ 1976 (Equal Remuneration Act 1976) ਅਤੇ ਸ਼ਾਰਦਾ ਐਕਟ (Sharda Act) ਪਾਸ ਕੀਤੇ ਗਏ।

4. ਕੇਂਦਰੀ ਸਮਾਜ-ਕਲਿਆਣ ਬੋਰਡ (The Central Social Welfare Board) ਨੇ ਔਰਤਾਂ ਦੀ ਸਥਿਤੀ ਨੂੰ ਬਿਹਤਰ ਕਰਨ ਵਿੱਚ ਸ਼ਲਾਘਾ-ਯੋਗ ਕਾਰਵਾਈ ਕੀਤੀ।

5. 1976 ਵਿੱਚ ਨੈਸ਼ਨਲ ਪਲੈਨ ਆਫ਼ ਐਕਸ਼ਨ (National Plan of Action) ਨੂੰ ਵੀ ਲਾਗੂ ਕੀਤਾ ਗਿਆ।

6. ਵੂਮੈੱਨ ਬਿਓਰੋ (Women’s Bureau) ਬਣਾਈ ਗਈ ਜਿਹੜੀ ਮਹਿਲਾਵਾਂ ਲਈ ਕੀਤੇ ਜਾਣ ਵਾਲੇ ਕੰਮਾਂ ਦਾ ਤਾਲਮੇਲ ਰਖਦੀ ਹੈ।

7. ਔਰਤਾਂ ਸਬੰਧੀ ਵਿਸ਼ੇਸ਼ ਧਿਆਨ ਦੇਣ ਲਈ 1985 ਵਿੱਚ ਨਵੇਂ ਬਣਾਏ ਗਏ ਮਾਨਵ ਸੋਮਿਆਂ ਦੇ ਵਿਕਾਸ ਦੇ ਮੰਤਰਾਲੇ (Ministry of Human Resources Development) ਹੇਠਾਂ ਮਹਿਲਾ ਤੇ ਬੱਚੇ ਦੇ ਵਿਕਾਸ ਦਾ ਵਿਸ਼ੇਸ਼ ਵਿਭਾਗ (Special Department of Women and Child Development) ਖੋਲ੍ਹਿਆ ਗਿਆ।

8. ਔਰਤਾਂ ਲਈ ਇੱਕ ਰਾਸ਼ਟਰੀ ਆਯੋਗ (A National Commission on Women) ਦੀ ਸਥਾਪਨਾ ਵੀ ਕੀਤੀ ਗਈ ਹੈ।