CBSEEducationPunjabi Viakaran/ Punjabi Grammarਲੇਖ ਰਚਨਾ (Lekh Rachna Punjabi)

ਲੇਖ ਰਚਨਾ : ਪੰਡਿਤ ਜਵਾਹਰ ਲਾਲ ਨਹਿਰੂ


ਜਨਨੀ ਜਨੇ ਤਾਂ ਭਗਤ ਜਨ ਯਾ ਦਾਤਾ ਯਾ ਸੂਰ।

ਨਹੀਂ ਤਾਂ, ਜਨਨੀ ਬਾਂਝ ਰਹਹਿ ਕਾਹੇ ਗਵਾਵੇ ਨੂਰ।

ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ : ਪੰਡਿਤ ਜਵਾਹਰ ਲਾਲ ਨਹਿਰੂ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਆਪ ਨੇ ਦੇਸ਼ ਦੀ ਅਜ਼ਾਦੀ ਲਈ ਬਹੁਤ ਕੁਰਬਾਨੀਆਂ ਕੀਤੀਆਂ। ਦੇਸ਼-ਭਗਤੀ ਦਾ ਜਜ਼ਬਾ ਆਪ ਨੂੰ ਵਿਰਸੇ ਵਿਚ ਮਿਲਿਆ। ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਕੇ ਆਪ ਨੇ ਦੇਸ਼ ਦੀ ਨਵ-ਉਸਾਰੀ ਲਈ ਤੇ ਵਿਦੇਸ਼ਾਂ ਵਿਚ ਉਸ ਦਾ ਨਾਂ ਪੈਦਾ ਕਰਨ ਲਈ ਵਰਣਨ ਯੋਗ ਕੰਮ ਕੀਤਾ।

ਜਨਮ ਤੇ ਬਚਪਨ : ਪੰਡਿਤ ਨਹਿਰੂ ਦਾ ਜਨਮ 14 ਨਵੰਬਰ, 1889 ਈ: ਨੂੰ ਅਲਾਹਾਬਾਦ ਵਿਚ ਉੱਘੇ ਵਕੀਲ ਤੇ ਦੇਸ਼-ਭਗਤ ਪੰਡਿਤ ਮੋਤੀ ਲਾਲ ਨਹਿਰੂ ਦੇ ਘਰ ਹੋਇਆ। ਨਹਿਰੂ ਪਰਿਵਾਰ ਦੇ ਬਹੁਤ ਅਮੀਰ ਹੋਣ ਕਰਕੇ ਆਪ ਦੀ ਪਾਲਣਾ ਬੜੇ ਸੁੱਖਾਂ ਵਿਚ ਹੋਈ।

ਵਿੱਦਿਆ : ਆਪ ਨੇ ਮੁੱਢਲੀ ਵਿੱਦਿਆ ਘਰ ਵਿਚ ਹੀ ਪ੍ਰਾਪਤ ਕੀਤੀ ਅਤੇ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਆਪ ਇੰਗਲੈਂਡ ਗਏ। ਇੱਥੋਂ ਆਪ ਨੇ ਬੈਰਿਸਟਰੀ ਦੀ ਡਿਗਰੀ ਪ੍ਰਾਪਤ ਕੀਤੀ। ਇੰਗਲੈਂਡ ਤੋਂ ਭਾਰਤ ਵਾਪਸ ਪਰਤ ਕੇ ਆਪ ਰਾਜਨੀਤੀ ਵਿਚ ਹਿੱਸਾ ਲੈਣ ਲੱਗੇ।

ਭਾਰਤ ਦੀ ਅਜ਼ਾਦੀ ਦੀ ਲਹਿਰ ਵਿਚ ਹਿੱਸਾ : 1920 ਈ: ਵਿਚ ਜਦੋਂ ਗਾਂਧੀ ਜੀ ਨੇ ਨਾ-ਮਿਲਵਰਤਣ ਲਹਿਰ ਚਲਾਈ, ਤਾਂ ਨਹਿਰੂ ਜੀ ਨੇ ਪਰਿਵਾਰ ਸਮੇਤ ਇਸ ਲਹਿਰ ਵਿਚ ਹਿੱਸਾ ਲਿਆ। 1930 ਈ: ਵਿਚ ਪੰਡਿਤ ਨਹਿਰੂ ਕਾਂਗਰਸ ਪਾਰਟੀ ਦੇ ਪ੍ਰਧਾਨ ਚੁਣੇ ਗਏ। ਕਾਂਗਰਸ ਨੇ ਪੰਡਿਤ ਨਹਿਰੂ ਦੀ ਅਗਵਾਈ ਹੇਠ ਹੀ ਦੇਸ਼ ਲਈ ਪੂਰਨ ਅਜ਼ਾਦੀ ਪ੍ਰਾਪਤ ਕਰਨ ਦਾ ਮਤਾ ਪਾਸ ਕੀਤਾ। ਆਪ ਕਈ ਵਾਰ ਜੇਲ੍ਹ ਗਏ।

ਭਾਰਤ ਦੀ ਅਜ਼ਾਦੀ ਤੇ ਪ੍ਰਧਾਨ ਮੰਤਰੀ ਬਣਨਾ : ਅੰਤ 15 ਅਗਸਤ, 1947 ਈ: ਨੂੰ ਭਾਰਤ ਅਜ਼ਾਦ ਹੋ ਗਿਆ। ਭਾਰਤ ਦੇ ਦੋ ਟੋਟੇ ਹੋ ਗਏ। ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣਨ ਦਾ ਸਿਹਰਾ ਪੰਡਿਤ ਨਹਿਰੂ ਜੀ ਨੂੰ ਹੀ ਪ੍ਰਾਪਤ ਹੋਇਆ। ਪੰਡਿਤ ਨਹਿਰੂ ਇਸ ਅਹੁਦੇ ਉੱਪਰ ਆਪਣੇ ਅੰਤਲੇ ਦਿਨਾਂ ਤਕ ਕਾਇਮ ਰਹੇ।

ਭਾਰਤ ਦੀ ਨਵ-ਉਸਾਰੀ : ਪੰਡਿਤ ਨਹਿਰੂ ਦੀ ਅਗਵਾਈ ਹੇਠ ਸਦੀਆਂ ਦੀ ਗ਼ੁਲਾਮੀ ਦੇ ਲਿਤਾੜੇ ਭਾਰਤ ਦੀ ਨਵ-ਉਸਾਰੀ ਦਾ ਕੰਮ ਆਰੰਭ ਹੋਇਆ। ਭਾਰਤ ਨੂੰ ਹਰ ਪੱਖੋਂ ਨਵਾਂ-ਰੂਪ ਦੇਣ ਤੇ ਦੇਸ਼-ਵਾਸੀਆਂ ਦੀ ਤਕਦੀਰ ਬਦਲਣ ਲਈ ਆਪ ਨੇ ਰਾਤ-ਦਿਨ ਇਕ ਕਰ ਕੇ ਕੰਮ ਕੀਤਾ। ਪੰਜ-ਸਾਲਾ ਯੋਜਨਾਵਾਂ ਬਣਾਈਆਂ ਗਈਆਂ। ਦੇਸ਼ ਵਿਚ ਤਰੱਕੀ ਦੇ ਕੰਮ ਆਰੰਭ ਹੋਏ। ਆਪ ਨੇ ਨਿਰਪੱਖ ਵਿਦੇਸ਼ੀ ਨੀਤੀ ਨਾਲ ਹਰ ਇਕ ਦੇਸ਼ ਨਾਲ ਮਿੱਤਰਤਾ ਵਧਾਈ। ਆਪ ਜੰਗ ਦੇ ਵਿਰੋਧੀ ਅਤੇ ਸ਼ਾਂਤੀ ਦੇ ਪੁਜਾਰੀ ਸਨ। ਆਪ ਨੇ ਸੰਸਾਰ ਵਿਚ ਅਮਨ ਸਥਾਪਿਤ ਕਰਨ ਲਈ ਪੰਚ-ਸ਼ੀਲ ਦੇ ਨਿਯਮਾਂ ਨੂੰ ਸਥਾਪਿਤ ਕੀਤਾ।

ਭਾਰਤੀ ਲੋਕਾਂ ਨਾਲ ਪਿਆਰ : ਪੰਡਿਤ ਨਹਿਰੂ ਕੇਵਲ ਭਾਰਤ ਦੇ ਲੋਕਾਂ ਨਾਲ ਹੀ ਨਹੀਂ, ਸਗੋਂ ਦੇਸ਼ ਦੇ ਕਿਣਕੇ-ਕਿਣਕੇ ਨੂੰ ਪਿਆਰ ਕਰਦੇ ਸਨ। ਆਪ ਦੀ ਅੰਤਿਮ ਇੱਛਾ ਵੀ ਇਹੋ ਹੀ ਸੀ ਕਿ ਮਰਨ ਪਿੱਛੋਂ ਉਨ੍ਹਾਂ ਦੇ ਸਰੀਰ ਦੀ ਰਾਖ ਭਾਰਤ ਦੇ ਖੇਤਾਂ ਵਿਚ ਖਿਲਾਰ ਦਿੱਤੀ ਜਾਵੇ। ਬੱਚੇ ਉਨ੍ਹਾਂ ਨੂੰ ‘ਚਾਚਾ ਨਹਿਰੂ’ ਆਖ ਕੇ ਪੁਕਾਰਦੇ ਸਨ। ਪੰਡਿਤ ਨਹਿਰੂ ਦਾ ਜਨਮ-ਦਿਨ 14 ਨਵੰਬਰ, ਹਰ ਸਾਲ ‘ਬਾਲ ਦਿਵਸ’ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

ਮਹਾਨ ਲੇਖਕ : ਪੰਡਿਤ ਨਹਿਰੂ ਦੇਸ਼ ਦੇ ਮਹਾਨ ਆਗੂ ਹੋਣ ਦੇ ਨਾਲ-ਨਾਲ ਇਕ ਉੱਚੇ ਦਰਜੇ ਦੇ ਲਿਖਾਰੀ ਵੀ ਸਨ। ‘ਪਿਤਾ ਵਲੋਂ ਧੀ ਨੂੰ ਚਿੱਠੀਆਂ’, ‘ਆਤਮ-ਕਥਾ’ ਤੇ ‘ਭਾਰਤ ਦੀ ਖੋਜ ਆਪ ਜੀ ਦੀਆਂ ਪ੍ਰਸਿੱਧ ਰਚਨਾਵਾਂ ਹਨ।

ਚਲਾਣਾ : ਭਾਰਤ ਦਾ ਇਹ ਹਰਮਨ-ਪਿਆਰਾ ਨੇਤਾ 27 ਮਈ, 1964 ਈ: ਨੂੰ ਦਿਲ ਦੀ ਧੜਕਣ ਬੰਦ ਹੋਣ ਨਾਲ ਅੱਖਾਂ ਮੀਟ ਗਿਆ। ਇਸ ਦੇ ਨਾਲ ਹੀ ਭਾਰਤ ਦੀ ਰਾਜਨੀਤੀ ਦਾ ਇਕ ਕਾਂਡ ਸਮਾਪਤ ਹੋ ਗਿਆ।