ਲੇਖ ਰਚਨਾ : ਪੁਸਤਕਾਂ ਦਾ ਮਹੱਤਵ
ਪੁਸਤਕਾਂ ਦੀ ਦੁਨੀਆ ਜਾਂ ਪੁਸਤਕਾਂ ਦਾ ਮਹੱਤਵ
ਪੁਸਤਕਾਂ ਦੀ ਮਹਾਨਤਾ : ਪੁਸਤਕਾਂ ਗਿਆਨ ਦਾ ਸੋਮਾ ਹੁੰਦੀਆਂ ਹਨ। ਇਹ ਮਨੁੱਖ ਨੂੰ ਸੁਚੱਜੀ ਜੀਵਨ ਜਾਚ ਸਿਖਾਉਂਦੀਆਂ ਹਨ। ਨੇਕ ਆਚਰਨ ਵਾਲਾ ਬਣਾਉਂਦੀਆਂ ਹਨ। ਚੰਗੇ-ਮਾੜੇ ਦੀ ਸੋਝੀ ਕਰਵਾਉਂਦੀਆਂ ਹਨ। ਆਪਣੇ ਤੇ ਦੂਜੇ ਦੇਸ਼ਾਂ ਦੇ ਸਾਹਿਤ, ਇਤਿਹਾਸ, ਸੱਭਿਆਚਾਰ, ਧਰਮ, ਵੇਦ, ਉਪਨਿਸ਼ਦਾਂ ਅਤੇ ਹੋਰ ਅਣਗਿਣਤ ਗਿਆਨ-ਵਿਗਿਆਨ ਦੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਇਹ ਮਨੁੱਖ ਦੀ ਇਕੱਲਤਾ ਦੀਆਂ ਸਾਥੀ ਹੁੰਦੀਆਂ ਹਨ, ਕਿਉਂਕਿ ਇਹ ਕੇਵਲ ਗਿਆਨ ਹੀ ਪ੍ਰਦਾਨ ਨਹੀਂ ਕਰਦੀਆਂ ਬਲਕਿ ਢੇਰ ਸਾਰਾ ਮਨੋਰੰਜਨ ਵੀ ਦਿੰਦੀਆਂ ਹਨ। ਜਿਸ ਰਾਹੀਂ ਮਨੁੱਖ ਮਾਨਸਿਕ ਤੇ ਸਰੀਰਕ ਥਕਾਵਟ ਤੋਂ ਰਾਹਤ ਮਹਿਸੂਸ ਕਰਦਾ ਹੈ। ਉਸ ਦੇ ਮਨ ਨੂੰ ਅਤਿ ਦੀ ਸ਼ਾਂਤੀ, ਤਸੱਲੀ ਤੇ ਖ਼ੁਸ਼ੀ ਮਿਲਦੀ ਹੈ।
ਪ੍ਰੇਰਨਾ-ਸ੍ਰੋਤ ਵਜੋਂ : ਪੁਸਤਕਾਂ ਮਨੁੱਖ ਦੀਆਂ ਪ੍ਰੇਰਨਾ-ਸ੍ਰੋਤ ਹੁੰਦੀਆਂ ਹਨ। ਇਨ੍ਹਾਂ ਵਿੱਚ ਮਹਾਨ ਵਿਅਕਤੀਆਂ ਦੇ ਮਹਾਨ ਬਣਨ ਦੇ ਰਾਜ਼ ਛੁਪੇ ਹੁੰਦੇ ਹਨ। ਮਨੁੱਖ ਦੀ ਆਪਣੀ ਨਿੱਜੀ ਜ਼ਿੰਦਗੀ ਦੇ ਦਿਲਚਸਪ ਪਹਿਲੂ ਵੀ ਇਕੱਠੇ ਹੁੰਦੇ ਹਨ ਭਾਵ ਕਿ ਪੁਸਤਕਾਂ ਦਾ ਮਹੱਤਵ ਏਨਾ ਜ਼ਿਆਦਾ ਹੈ ਕਿ ਇਨ੍ਹਾਂ ਦੀ ਦੁਨੀਆ ਬੜੀ ਅਜੀਬੋ-ਗਰੀਬ, ਨਿਰਾਲੀ ਤੇ ਦਿਲਚਸਪ ਹੈ। ਇਹ ਹਰ ਰਸ ਤੇ ਸੁਹਜ-ਸੁਆਦ ਦਿੰਦੀਆਂ ਹਨ। ਇਨ੍ਹਾਂ ਨਾਲ ਮੋਹ ਰੱਖਣ ਵਾਲਾ ਵਿਅਕਤੀ ਸਧਾਰਨ ਨਾ ਹੋ ਕੇ ਵਿਚਾਰਵਾਨ, ਵਿਦਵਾਨ, ਗਿਆਨਵਾਨ ਤੇ ਵਧੀਆ ਪ੍ਰਚਾਰਕ ਵੀ ਬਣ ਸਕਦਾ ਹੈ। ਪੁਸਤਕ ਨੂੰ ਕਿਤਾਬ, ਪੋਥੀ, ਗ੍ਰੰਥ, ਬੀੜ ਵੀ ਕਿਹਾ ਜਾਂਦਾ ਹੈ।
ਪੁਸਤਕਾਂ ਦੇ ਪਿਛੋਕੜ : ਹੱਥ ਲਿਖਤਾਂ : ਪੁਸਤਕਾਂ ਦੇ ਪਿਛੋਕੜ ਵੱਲ ਝਾਤੀ ਮਾਰਿਆਂ ਪਤਾ ਲਗਦਾ ਹੈ ਕਿ ਪਹਿਲਾਂ-ਪਹਿਲ ਕਾਗਜ਼, ਕਲਮ ਅਤੇ ਸਿਆਹੀ ਦੀ ਅਣਹੋਂਦ ਕਾਰਨ ਪੁਸਤਕਾਂ ਲਿਖਤੀ ਰੂਪ ਵਿੱਚ ਨਹੀਂ ਸਨ ਮਿਲਦੀਆਂ। ਵਿਦਵਾਨਾਂ, ਉਪਦੇਸ਼ਕਾਂ ਦੇ ਵਿਚਾਰਾਂ ਨੂੰ ਜ਼ਬਾਨੀ ਹੀ ਯਾਦ ਕੀਤਾ ਜਾਂਦਾ ਸੀ। ਜਦ ਲਿਖਣ ਦੀ ਸਹੂਲਤ ਆਈ ਤਾਂ ਇਨ੍ਹਾਂ ਨੂੰ ਭੋਜ-ਪੱਤਰਾਂ, ਪੱਥਰਾਂ ਆਦਿ ‘ਤੇ ਸਿਆਹੀ ਜਾਂ ਕੋਲਿਆਂ ਨਾਲ ਲਿਖਿਆ ਜਾਣ ਲੱਗ ਪਿਆ। ਅਜਿਹੀਆਂ ਪੁਸਤਕਾਂ (ਗ੍ਰੰਥਾਂ) ਨੂੰ ਹੱਥ-ਲਿਖਤਾਂ (ਖਰੜੇ) ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਸਭ ਤੋਂ ਪ੍ਰਾਚੀਨ ਇਹ ਖਰੜੇ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਵਿੱਚ ਸੰਭਾਲੇ ਪਏ ਹਨ। ਪੰਜਾਬੀ ਵਿੱਚ ਸਭ ਤੋਂ ਪ੍ਰਾਚੀਨ ਤੇ ਪ੍ਰਮਾਣਿਕ ਹੱਥ-ਲਿਖਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਲਦਾ ਹੈ। ਇਨ੍ਹਾਂ ਦੀ ਲਿਖਣ ਸ਼ੈਲੀ ਅਤੇ ਅੱਖਰਾਂ ਦੀ ਬਨਾਵਟ ਵਿੱਚ ਅੱਜ ਦੀ ਲਿਖਤ ਨਾਲੋਂ ਢੇਰ ਸਾਰਾ ਅੰਤਰ ਹੈ। ਸ੍ਰੀ ਆਦਿ ਗ੍ਰੰਥ ਸਾਹਿਬ ਜੀ ਨੂੰ ਭਾਈ ਗੁਰਦਾਸ ਜੀ ਨੇ ਲਿਖਿਆ ਹੈ। ਇਨ੍ਹਾਂ ਤੋਂ ਬਾਅਦ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਦੀ ਬੀੜ ਵੀ ਮਿਲਦੀ ਹੈ। ਇਨ੍ਹਾਂ ਧਾਰਮਿਕ ਗ੍ਰੰਥਾਂ ਦੇ ਹੱਥ ਲਿਖਤ ਖਰੜਿਆਂ ਨੂੰ ‘ਬੀੜ’, ਗ੍ਰੰਥ ਜਾਂ ਪੋਥੀ ਵੀ ਕਿਹਾ ਜਾਂਦਾ ਹੈ।
ਛਾਪੇਖਾਨੇ : ਬਾਲਮੀਕਿ ਜੀ ਨੇ ਵੀ ‘ਰਾਮ ਚਰਿਤ ਮਾਨਸ’ ਗ੍ਰੰਥ ਹੱਥ ਲਿਖਤ ਹੀ ਤਿਆਰ ਕੀਤਾ ਹੈ। ਇਨ੍ਹਾਂ ਤੋਂ ਬਾਅਦ ਇਸਾਈ ਮਿਸ਼ਨਰੀਆਂ ਦੇ ਭਾਰਤ ਵਿੱਚ ਆਉਣ ਨਾਲ ਪ੍ਰੈੱਸ (ਛਾਪੇਖਾਨੇ) ਦੀ ਈਜਾਦ ਹੋਈ। ਉਸ ਵੇਲੇ ਪੱਥਰ ਦੇ ਛਾਪੇਖਾਨੇ ਹੁੰਦੇ ਸਨ। ਉਨ੍ਹਾਂ ਨੇ ਆਪਣੇ ਧਰਮ ਦੇ ਪ੍ਰਚਾਰ ਲਈ ਪੈਂਫਲਿਟ ਛਾਪ ਕੇ ਵੰਡਣੇ ਸ਼ੁਰੂ ਕਰ ਦਿੱਤੇ। ‘ਯਿਸੂਹੀ ਮੁਸਾਫਰ ਦੀ ਯਾਤਰਾ’ ਤੇ ‘ਜਯੋਤੀ ਉਦਯ’ ਉਨ੍ਹਾਂ ਦੇ ਦੋ ਨਾਵਲ ਪ੍ਰਸਿੱਧ ਹਨ। ਇਨ੍ਹਾਂ ਦੇ ਨਾਲ ਹੀ ਸਿੰਘ ਸਭਾ ਲਹਿਰ ਹੋਂਦ ਵਿੱਚ ਆਈ ਤਾਂ ਉਸ ਨੇ ਵੀ ਆਪਣੇ ਧਰਮ ਦੇ ਪ੍ਰਚਾਰ ਲਈ ਪੈਂਫਲਿਟ, ਮੈਗਜ਼ੀਨ, ਅਖ਼ਬਾਰਾਂ, ਟ੍ਰੈਕਟ ਆਦਿ ਛਪਵਾ ਕੇ ਵੰਡਣੇ ਸ਼ੁਰੂ ਕਰ ਦਿੱਤੇ।
ਪ੍ਰਿੰਟਿੰਗ ਪ੍ਰੈੱਸਾਂ : ਇਸ ਤੋਂ ਬਾਅਦ ਟਾਈਪਿੰਗ ਮਸ਼ੀਨਾਂ ਦਾ ਦੌਰ ਚੱਲਿਆ। ਇਨ੍ਹਾਂ ਦੀ ਸਰਦਾਰੀ ਕਈ ਸਾਲਾਂ ਤੱਕ ਕਾਇਮ ਰਹੀ। ਫਿਰ ਪ੍ਰਿਟਿੰਗ ਪ੍ਰੈੱਸਾਂ ਤੋਂ ਲੈ ਕੇ ਕੰਪਿਊਟਰ (ਲੈਪਟਾਪ ਆਦਿ) ਹੋਂਦ ਵਿੱਚ ਆਏ। ਇਨ੍ਹਾਂ ਦੇ ਆਉਣ ਨਾਲ ਟਾਈਪਿੰਗ, ਪ੍ਰਿੰਟਿੰਗ ਦਾ ਕੰਮ ਹੋਰ ਵੀ ਸੁਖਾਲਾ ਹੋ ਗਿਆ ਜਿਨ੍ਹਾਂ ਦੇ ਸਿੱਟੇ ਵਜੋਂ ਅੱਜ ਧੜਾ-ਧੜਾ ਪੁਸਤਕਾਂ ਛਪ ਰਹੀਆਂ ਹਨ।
ਪੁਸਤਕਾਂ ਦੀ ਵੰਡ : ਪੁਸਤਕਾਂ ਦੀ ਵਰਗ-ਵੰਡ ਬੜੀ ਵਿਸ਼ਾਲ ਹੈ। ਫਿਰ ਵੀ ਮੁਢਲੇ ਤੌਰ ‘ਤੇ ਸਾਹਿਤਕ ਪੁਸਤਕਾਂ (ਜਿਨ੍ਹਾਂ ਵਿੱਚ ਕਵਿਤਾ, ਗੀਤ, ਗ਼ਜ਼ਲ, ਰੁਬਾਈ, ਮਹਾਕਾਵਿ ਅਤੇ ਵਾਰਤਕ—ਨਾਵਲ, ਨਾਟਕ, ਕਹਾਣੀਆਂ, ਲੇਖ, ਜੀਵਨੀਆਂ, ਸਵੈ-ਜੀਵਨੀਆਂ, ਸੰਸਮਰਣ, ਰੇਖਾ-ਚਿੱਤਰ, ਪੱਤਰਕਾਰੀ ਆਦਿ ਸ਼ਾਮਲ ਹਨ), ਇਤਿਹਾਸਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ, ਡਾਕਟਰੀ, ਗਿਆਨ, ਵਿਗਿਆਨ, ਵਾਤਾਵਰਨ, ਮਨੋ-ਵਿਗਿਆਨ, ਭੂਗੋਲ, ਸਮਾਜਕ ਸਿੱਖਿਆ, ਸਰੀਰਕ ਸਿੱਖਿਆ ਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਸਬੰਧਤ ਪੁਸਤਕਾਂ ਦੀ ਗਿਣਤੀ ਤੇ ਘੇਰਾ ਬਹੁਤ ਹੀ ਜ਼ਿਆਦਾ ਵਿਸ਼ਾਲ ਹੈ।
ਬਚਪਨ ਤੋਂ ਪੁਸਤਕਾਂ ਨਾਲ ਦੋਸਤੀ : ਪੁਸਤਕਾਂ ਬਚਪਨ ਤੋਂ ਹੀ ਮਨੁੱਖ ਦੀਆਂ ਸਾਥੀ ਬਣ ਜਾਂਦੀਆਂ ਹਨ। ਛੋਟਾ ਬੱਚਾ ਜਦੋਂ L.K.G. ਵਿੱਚ ਪੜ੍ਹਨ ਲਈ ਸਕੂਲ ਜਾਂਦਾ ਹੈ ਤਾਂ ਉਸ ਨੂੰ ਰੰਗ-ਬਰੰਗੀਆਂ ਤਸਵੀਰਾਂ ਵਾਲੀਆਂ ਵਰਨਮਾਲਾ ‘ਤੇ ਅਧਾਰਤ ਪੁਸਤਕਾਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਉਹ ਉੱਚ ਪੱਧਰੀ ਵਿੱਦਿਆ ਤੱਕ ਪੁਸਤਕਾਂ ‘ਤੇ ਨਿਰਭਰ ਰਹਿੰਦਾ ਹੈ। ਇੱਕ ਸਮੇਂ ਦੌਰਾਨ ਕੇਵਲ ਸਿਲੇਬਸ ਦੀਆਂ ਕਿਤਾਬਾਂ ਪੜ੍ਹਨ ਵੱਲ ਹੀ ਰੁੱਝਿਆ ਰਹਿੰਦਾ ਹੈ ਕਿਉਂਕਿ ਉਸ ਦਾ ਮਕਸਦ ਕੇਵਲ ਇੱਕ ਜਮਾਤ ਪਾਸ ਕਰਕੇ ਦੂਜੀ ਜਮਾਤ ਵਿੱਚ ਦਾਖ਼ਲ ਹੋਣਾ ਹੁੰਦਾ ਹੈ। ਇਸ ਲਈ ਉਹ ਸਤਹੀ ਪੱਧਰ ‘ਤੇ ਸੀਮਤ ਜਿਹਾ ਸਿਲੇਬਸ ਪੜ੍ਹ ਕੇ ਹੀ ਆਪਣਾ ਮਕਸਦ ਪੂਰਾ ਹੋਇਆ ਸਮਝਦਾ ਹੈ। ਇਹੋ ਕਾਰਨ ਹੈ ਕਿ ਅੱਜ ਉੱਚ ਯੋਗਤਾ ਪ੍ਰਾਪਤ ਵਿਦਿਆਰਥੀਆਂ ਦਾ ਗਿਆਨ ਸੀਮਤ ਹੀ ਹੁੰਦਾ ਹੈ। ਕਾਨਵੈਂਟ ਸਕੂਲਾਂ ਦੀ ਪੜ੍ਹਾਈ ਵੀ ਰੱਟਾ ਕੇਂਦਰਤ ਹੈ। ਸਰਕਾਰੀ ਸਕੂਲਾਂ ਵਿੱਚ ਸਰਕਾਰੀ ਸਹੂਲਤਾਂ ਅਨੁਸਾਰ ਅਠਵੀਂ ਤੱਕ ਕੋਈ ਵਿਦਿਆਰਥੀ ਫੇਲ੍ਹ ਨਹੀਂ ਕਰਨਾ, ਇਸ ਟੀਚੇ ਦੇ ਅਧਾਰ ‘ਤੇ ਵਿਦਿਆਰਥੀ ਪੜ੍ਹਾਈ ਪ੍ਰਤੀ ਅਵੇਸਲੇ ਹੋ ਰਹੇ ਹਨ।
ਵਿਦਿਆਰਥੀਆਂ ਦੀ ਰੁਚੀ : ਲੋੜ ਹੈ ਪੁਸਤਕਾਂ ਦੀ ਮਹਾਨਤਾ ਸਮਝਦਿਆਂ ਹੋਇਆਂ ਬੱਚਿਆਂ ਨੂੰ ਸਿਲੇਬਸ ਦੀਆਂ ਕਿਤਾਬਾਂ ਤੋਂ ਇਲਾਵਾ ਹੋਰ ਕਿਤਾਬਾਂ ਪੜ੍ਹਨ ਲਈ ਪ੍ਰੇਰਤ ਕਰਨ ਦੀ। ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਸਕੂਲਾਂ-ਕਾਲਜਾਂ ਵਿੱਚ ਅਧਿਆਪਕਾਂ ਦੀ ਰੁਚੀ ਅਜਿਹੀ ਹੋਵੇਗੀ ਤੇ ਨਾਲ ਹੀ ਉਥੇ ਲਾਇਬ੍ਰੇਰੀਆਂ ਦੀ ਸਹੂਲਤ ਵੀ ਹੋਣੀ ਚਾਹੀਦੀ ਹੈ। ਬੱਚਿਆਂ ਨੂੰ ਇਸ ਸਹੂਲਤ ਦਾ ਫਾਇਦਾ ਉਠਾਉਣ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ। ਉਹ ਰੋਜ਼ਾਨਾ ਲਾਇਬ੍ਰੇਰੀ ਜਾਣ, ਪੜ੍ਹਨ ਭਾਵੇਂ ਨਾ ਪੜ੍ਹਨ ਪਰ ਇੱਕ ਨਾ ਇੱਕ ਦਿਨ ਉਹ ਖ਼ੁਦ ਹੀ ਪੜ੍ਹਨ ਲਈ ਉਤਸ਼ਾਹਤ ਹੋ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਿਲੇਬਸ ਦੀਆਂ ਕਿਤਾਬਾਂ ਦਾ ਵੀ ਡੂੰਘਾ ਤੇ ਤੁਲਨਾਤਮਕ ਅਧਿਐਨ ਕਰਵਾਉਣਾ ਚਾਹੀਦਾ ਹੈ ਤਾਂ ਹੀ ਉਨ੍ਹਾਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਪ੍ਰਬਲ ਹੋਵੇਗੀ। ਵਿਦਿਆਰਥੀਆਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਚਾਹੀਦਾ ਹੈ ਕਿ ਪੜ੍ਹਨਾ ਉਨ੍ਹਾਂ ਦੀ ਜ਼ਰੂਰਤ ਹੈ ਨਾ ਕਿ ਮਜਬੂਰੀ। ਇਸ ਜ਼ਰੂਰਤ ਨੂੰ ਸ਼ੌਕ ਮੰਨ ਕੇ ਹੀ ਪੂਰਿਆਂ ਕੀਤਾ ਜਾ ਸਕਦਾ ਹੈ।
ਵੇਖਣ ਵਿੱਚ ਆਇਆ ਹੈ ਕਿ ਜਿਹੜੇ ਵਿਅਕਤੀਆਂ ਵਿੱਚ ਗਿਆਨ ਪ੍ਰਾਪਤ ਕਰਨ ਦੀ ਤਾਂਘ ਹੁੰਦੀ ਹੈ, ਉਹ ਹਮੇਸ਼ਾ ਕੋਈ ਨਾ ਕੋਈ ਕਿਤਾਬ, ਮੈਗਜ਼ੀਨ, ਅਖ਼ਬਾਰ ਆਦਿ ਪੜ੍ਹਦੇ ਰਹਿੰਦੇ ਹਨ। ਅਧਿਆਪਕ, ਪ੍ਰਚਾਰਕ, ਧਰਮ ਗੁਰੂ, ਗਿਆਨੀ ਸੰਤ ਸਿੰਘ ਜੀ ਮਸਕੀਨ ਅਤੇ ਹੋਰ ਅਨੇਕਾਂ ਹੀ ਪਚਾਰਕ ਤੇ ਕਥਾਵਾਚਕ ਕਿਤਾਬਾਂ ਤੋਂ ਹਾਸਲ ਕੀਤਾ ਗਿਆਨ ਹੀ ਦੂਜਿਆਂ ਵਿੱਚ ਵੰਡ ਰਹੇ ਹਨ ਤੇ ਲੋਕਾਂ ਨੂੰ ਸਿੱਧੇ ਰਾਹੇ ਪਾ ਰਹੇ ਹਨ। ਸੱਚ ਹੈ ਗਿਆਨ ਜਿੰਨਾ ਵੰਡੋਗੇ ਓਨਾ ਹੀ ਵਧਦਾ ਹੈ। ਇਹ ਗਿਆਨ ਉੱਚ ਕੋਟੀ ਦੇ ਵਿਦਵਾਨਾਂ ਦੀਆਂ ਪੁਸਤਕਾਂ ਤੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਵਿਦਵਾਨਾਂ ਦੇ ਵਿਚਾਰ : ਪੁਸਤਕਾਂ ਸਬੰਧੀ ਵੱਖ-ਵੱਖ ਵਿਅਕਤੀਆਂ, ਵਿਦਵਾਨਾਂ ਦੇ ਵਿਚਾਰ ਇਸ ਪ੍ਰਕਾਰ ਹਨ :
ਚੰਗੀਆਂ ਪੁਸਤਕਾਂ ਕੋਲ ਹੋਣ ਤਾਂ ਸਾਨੂੰ ਆਪਣੇ ਭਲੇ ਮਿੱਤਰ ਨਾਲ ਰਹਿਣ ਦੀ ਕਮੀ ਮਹਿਸੂਸ ਨਹੀਂ ਹੁੰਦੀ।
(ਮਹਾਤਮਾ ਗਾਂਧੀ)
ਮੈਂ ਨਰਕ ਵਿੱਚ ਵੀ ਉੱਤਮ ਪੁਸਤਕਾਂ ਦਾ ਸੁਆਗਤ ਕਰਾਂਗਾ, ਕਿਉਂਕਿ ਇਨ੍ਹਾਂ ਵਿੱਚ ਸ਼ਕਤੀ ਹੈ ਕਿ ਜਿੱਥੇ ਉਹ ਹੋਣਗੀਆਂ, ਆਪਣੇ ਆਪ ਹੀ ਉਹ ਸਵਰਗ ਬਣ ਜਾਵੇਗਾ।
(ਬਾਲ ਗੰਗਾਧਰ ਤਿਲਕ)
ਮੈਂ ਇੱਕ ਗ਼ਰੀਬ ਵਿਅਕਤੀ ਵਾਂਗ ਛੋਟੀ ਜਿਹੀ ਕੋਠੜੀ ਵਿੱਚ ਰਹਿ ਲਵਾਂਗਾ, ਜਿੱਥੇ ਕਿਤਾਬਾਂ ਹੋਣ, ਬਜਾਏ ਅਜਿਹੇ ਬਾਦਸ਼ਾਹ ਬਣਨ ਦੇ, ਜਿਸ ਨੂੰ ਕਿਤਾਬਾਂ ਨਾਲ ਉੱਕਾ ਪਿਆਰ ਨਾ ਹੋਵੇ।
(ਲਾਰਡ ਮੈਕਾਲੇ)
ਪੁਸਤਕਾਂ ਪੜ੍ਹਨਾ ਤਾਂ ਰੂਹ ਦੀ ਖ਼ੁਰਾਕ ਹੁੰਦੀ ਹੈ। ਇਹ ਖ਼ੁਰਾਕ ਚੰਗੀ, ਨਰੋਈ ਤੇ ਸੰਤੁਲਿਤ ਹੋਣੀ ਚਾਹੀਦੀ ਹੈ ਕਿਉਂਕਿ ਅੱਜ-ਕੱਲ੍ਹ ਬਜ਼ਾਰਾਂ ਵਿੱਚ ਲੱਚਰ ਤੇ ਅਸ਼ਲੀਲ ਸਾਹਿਤ ਵੀ ਪਰੋਸਿਆ ਜਾ ਰਿਹਾ ਹੈ। ਅਜਿਹੀਆਂ ਪੁਸਤਕਾਂ ਦਾ ਪ੍ਰਭਾਵ ਮਨ ਤੇ ਸਰੀਰ ‘ਤੇ ਜ਼ਹਿਰ ਵਾਂਗ ਹੁੰਦਾ ਹੈ। ਵਿਅਕਤੀ ਦੇ ਅੰਦਰੋਂ ਨੇਕ ਇਨਸਾਨ ਮਰ ਜਾਂਦਾ ਹੈ। ਉਹ ਪਸ਼ੂਪੁਣੇ ਤੇ ਹੈਵਾਨੀਅਤ ਦਾ ਪਾਂਧੀ ਬਣ ਜਾਂਦਾ ਹੈ। ਇਸ ਲਈ ਅਜਿਹਾ ਸਾਹਿਤ ਜਿਊਂਦੇ ਜੀਅ ਮਨੁੱਖ ਦੀ ਆਤਮ-ਹੱਤਿਆ ਕਰ ਦਿੰਦਾ ਹੈ। ਇਸ ਲਈ ਉਹੀ ਪੁਸਤਕਾਂ ਪੜ੍ਹੋ, ਜਿਨ੍ਹਾਂ ਤੋਂ ਗਿਆਨ ਹਾਸਲ ਹੋਵੇ। ਮਨੋਰੰਜਨ ਅਤੇ ਢੇਰ ਸਾਰੀ ਚੰਗੀ ਜਾਣਕਾਰੀ।
ਪੁਸਤਕਾਂ ਖ਼ਰੀਦਣ ਦਾ ਸ਼ੌਕ ਪਾਲਣਾ : ਅੱਜ ਦੇ ਯੁੱਗ ਵਿੱਚ ਪੁਸਤਕਾਂ ਛਪ ਤਾਂ ਬਹੁਤ ਰਹੀਆਂ ਹਨ ਪਰ ਤ੍ਰਾਸਦੀ ਇਹ ਹੈ ਕਿ ਉਨ੍ਹਾਂ ਦਾ ਖ਼ਰੀਦਦਾਰ ਕੋਈ ਵਿਰਲਾ-ਟਾਂਵਾਂ ਹੀ ਹੈ। ਜਦੋਂਕਿ ਪੁਸਤਕਾਂ ਖ਼ਰੀਦਣ ਦੀ ਰੀਝ ਆਪਣੇ ਮਨ ਵਿੱਚ ਜ਼ਰੂਰ ਪਾਲਣੀ ਚਾਹੀਦੀ ਹੈ। ਪੁਸਤਕਾਂ ਵਧੀਆ ਸਲੀਕੇ ਨਾਲ ਸ਼ੀਸ਼ੇ ਵਾਲੀ ਅਲਮਾਰੀ ਵਿੱਚ ਸਜਾ ਕੇ ਚਾਹੀਦੀਆਂ ਹਨ ਤਾਂ ਜ਼ਰੂਰ ਹੀ ਪੜ੍ਹਨ ਲਈ ਉਤਸੁਕਤਾ ਜਾਗੇਗੀ। ਪਰ ਅੱਜ ਤਾਂ ਵਿਦਿਆਰਥੀਆਂ ਵਿੱਚ ਵੀ ਸਿਲੇਬਸ ਦੀਆਂ ਪਾਠ –ਪੁਸਤਕਾਂ ਵੀ ਖ਼ਰੀਦਣ ਵਿੱਚ ਕੋਈ ਰੁਚੀ ਨਹੀਂ ਰਹਿ ਗਈ। ਇਹ ਸੰਕੇਤ ਬਹੁਤ ਮਾੜੇ ਹਨ। ਵਿਦਿਆਰਥੀਆਂ ਦੇ ਗਿਆਨ ਨੂੰ ਘਟੀਆ ਤੇ ਨਿਕੰਮਾ ਬਣਾਉਣ ਵਾਲੇ ਹਨ। ਚਾਹੀਦਾ ਤਾਂ ਇਹ ਹੈ ਸੰਸਥਾ ਵੱਲੋਂ ਵਿਦਿਆਰਥੀਆਂ ਕੋਲ ਪਾਠ-ਪੁਸਤਕਾਂ ਹੋਣੀਆਂ ਲਾਜ਼ਮੀ ਕਰ ਦਿੱਤੀਆਂ ਜਾਣ ਕਿਉਂਕਿ ਪਾਠ-ਪੁਸਤਕਾਂ ਵਿੱਚ ਵੀ ਸਾਹਿਤ ਦੀਆਂ ਵੰਨ ਸੁਵੰਨੀਆਂ ਵਿਧਾਵਾਂ, ਵਿਗਿਆਨਕ ਜਾਣਕਾਰੀ, ਭੂਗੋਲ, ਇਤਿਹਾਸ ਆਦਿ ਵਧੀਆ ਜਾਣਕਾਰੀ ਸ਼ਾਮਲ ਹੁੰਦੀ ਹੈ।
ਸਾਰੰਸ਼ : ਇਸ ਲਈ ਪੁਸਤਕਾਂ ਦੀ ਦੁਨੀਆ ਵਿੱਚ ਪ੍ਰਵੇਸ਼ ਕਰਨ ਲਈ ਖੁੱਲ੍ਹੇ ਦਿਲ ਨਾਲ ਕਿਤਾਬਾਂ ਖ਼ਰੀਦੋ, ਪੜ੍ਹੋ ਤੇ ਵਿਚਾਰਵਾਨ, ਵਿਦਵਾਨ, ਨੇਕ, ਸੂਝਵਾਨ ਤੇ ਗੁਣਵਾਨ ਬਣੋ। ਇਹੋ ਦੁਨੀਆ ਮਨੁੱਖ ਨੂੰ ਸਿੱਧੇ ਰਾਹੇ ਪਾਉਂਦੀ ਹੈ।