ਲੇਖ : ਮਾਂ ਦਾ ਪਿਆਰ


ਮਾਂ ਅਣਮੁੱਲੀ ਦਾਤ ਹੈ, ਜੋ ਕਿਤਿਓਂ ਵੀ ਲੱਭਿਆਂ ਨਹੀਂ ਲੱਭਦੀ।

ਮਾਂ ਉਹ ਬੈਂਕ ਹੈ ਜਿੱਥੇ ਅਸੀਂ ਆਪਣੀਆਂ ਸਾਰੀਆਂ ਦੁੱਖ- ਤਕਲੀਫ਼ਾਂ ਨੇ ਜਮ੍ਹਾ ਕਰਵਾਉਂਦੇ ਹਾਂ।

ਰੱਬ ਹਰ ਥਾਂ ਨਹੀਂ ਹੋ ਸਕਦਾ, ਇਸ ਕਰਕੇ ਉਸ ਨੇ ਮਾਂ ਬਣਾਈ।

‘ਮਾਂ’ ਇਸ ਸ਼ਬਦ ਨੂੰ ਸੁਣਦਿਆਂ ਸਾਰ ਹੀ ਸਾਡੀਆਂ ਅੱਖਾਂ ਸਾਹਮਣੇ ਆਪਣੀ ਮਾਂ ਦਾ ਚਿਹਰਾ ਆ ਜਾਂਦਾ ਹੈ।

ਆਮ ਦੇਖਣ ਵਾਲੀ ਗੱਲ ਹੈ ਕਿ ਜਦੋਂ ਵੀ ਇੱਕ ਛੋਟਾ ਬੱਚਾ ਰੋਂਦਾ ਹੈ, ਉਸ ਨੂੰ ਭਾਵੇਂ ਕਿੰਨੇ ਹੀ ਖਿਡੌਣੇ ਦੇ ਦਿਉ, ਜਦ ਤੱਕ ਉਸ ਦੀ ਮਾਂ ਉਸਨੂੰ ਕੁੱਛੜ ਚੁੱਕ ਕੇ ਪਿਆਰ ਨਹੀਂ ਕਰਦੀ, ਉਸ ਨੂੰ ਪੁਚਕਾਰਦੀ ਨਹੀਂ, ਬੱਚਾ ਚੁੱਪ ਨਹੀਂ ਹੁੰਦਾ।

ਅਸੀਂ ਆਮ ਵੇਖਿਆ ਹੈ ਕਿ ਜਦੋਂ ਵੀ ਕੋਈ ਬੱਚਾ ਡਿੱਗਦਾ ਹੈ ਤਾਂ ਉਸ ਦੇ ਮੂੰਹ ਤੋਂ ‘ਹਾਏ ਮੰਮੀ’ ਜਾਂ ‘ਹਾਏ ਮਾਂ’ ਹੀ ਨਿਕਲਦਾ ਹੈ। ਬੱਚਿਆਂ ਦੀ ਕੀ ਅਸੀਂ ਵੱਡੇ ਵੀ ਜੱਦ ਕੋਈ ਦਰਦ ਜਾਂ ਪੀੜ ਮਹਿਸੂਸ ਕਰਦੇ ਹਾਂ ਤਾਂ ਸਾਡੇ ਮੂੰਹੋਂ “ਹਾਏ ਮਾਂ ਜਾਂ ਉਹ ਮਾਂ” ਹੀ ਨਿਕਲਦਾ ਹੈ।

ਮਾਂ ਤਾਂ ਰੱਬ ਦਾ ਦੂਜਾ ਰੂਪ ਹੈ। ਸਾਡੀ ਮਾਂ ਸਦਕਾ ਹੀ ਅਸੀਂ ਇਸ ਦੁਨੀਆਂ ਵਿੱਚ ਆਏ ਹਾਂ।

ਉਹ ਸਾਡੀ ਮਾਂ ਹੀ ਸੀ ਜਿਹੜੀ ਸਾਰੀ-ਸਾਰੀ ਰਾਤ ਸਾਡੇ ਕੋਲ ਬੈਠ ਕੇ ਪੱਟੀ ਬਦਲਦੀ ਅਤੇ ਰੱਖਦੀ ਸੀ, ਜਦੋਂ ਅਸੀਂ ਬੁਖ਼ਾਰ ਨਾਲ ਬੇਹਾਲ ਬੇਸੁਰਤ ਮੰਜੇ ਤੇ ਪਏ ਹੁੰਦੇ ਸਾਂ।

ਸਾਡੇ ਜੀਵਨ ਦੇ ਹਰ ਨਾਜ਼ੁਕ ਮੋੜ ਤੇ ਮਾਂ ਸਾਡੇ ਨਾਲ ਰਹੀ ਹੈ। ਜਦੋਂ ਅਸੀਂ ਸਾਰਾ-ਸਾਰਾ ਸਾਲ ਬਿਨਾਂ ਪੜੇ ਲੰਘਾਏ ਤਾਂ ਪੇਪਰਾਂ ਦੇ ਦਿਨਾਂ ਵਿੱਚ ਇਹ ਮਾਂ ਹੀ ਸਾਡੇ ਕੋਲ ਬੈਠ ਕੇ ਪੜ੍ਹਨ ਦਾ ਹੌਂਸਲਾ ਦਿੰਦੀ ਹੈ।

ਮਾਂ ਭਾਵੇਂ ਆਪ ਭੁੱਖੀ ਰਹਿ ਲਵੇ ਉਹ ਆਪਣੇ ਬੱਚਿਆਂ ਨੂੰ ਕਦੇ ਭੁੱਖਾ ਨਹੀਂ ਵੇਖ ਸਕਦੀ।

ਆਪਣੇ ਘਰ ਦੇ ਜੀਆਂ ਦੀਆਂ ਇਛਾਵਾਂ ਨੂੰ ਪੂਰਾ ਕਰਨ ਲਈ ਉਹ ਆਪਣੀਆਂ ਇਛਾਵਾਂ ਖ਼ਤਮ ਕਰ ਦਿੰਦੀ ਹੈ।

ਜਦੋਂ ਮਾਂ ਘਰ ਵਿੱਚ ਹੁੰਦੀ ਹੈ ਤਾਂ ਇੰਝ ਲੱਗਦਾ ਹੈ ਜਿਵੇਂ ਸਾਰਾ ਘਰ ਇੱਕ ਅਨੁਸ਼ਾਸਨ ਵਿੱਚ ਹੁੰਦਾ ਹੈ, ਪਰ ਜਦੋਂ ਉਹ ਘਰ ਵਿੱਚ ਨਹੀਂ ਹੁੰਦੀ ਤਾਂ ਸਾਹਮਣੇ ਪਈ ਚੀਜ਼ ਵੀ ਇੱਕ ਤਰ੍ਹਾਂ ਅਦਿੱਖ ਜਿਹੀ ਹੋ ਜਾਂਦੀ ਹੈ ਕਿਉਂਕਿ ਸਾਨੂੰ ਮਾਂ ਦੇ ਹੱਥਾਂ ਦੀ ਆਦਤ ਹੋ ਚੁੱਕੀ ਹੁੰਦੀ ਹੈ। ਮਾਂ ਦੇ ਘਰ ਵਿੱਚ ਰਹਿੰਦਿਆਂ ਘਰ ਸਵਰਗ ਵਰਗਾ ਪ੍ਰਤੀਤ ਹੁੰਦਾ ਹੈ।

ਭਾਰੀ ਮੁਸ਼ਕਿਲਾਂ ਦੇ ਆਉਣ ਤੇ ਵੀ ਮਾਂ ਹੀ ਹੱਲ ਲੱਭਦੀ ਹੈ ਤੇ ਸਾਰਿਆਂ ਨੂੰ ਹੌਂਸਲਾ ਦਿੰਦੀ ਹੈ।

ਇੱਕ ਅਨਾਥ ਬੱਚੇ ਨੂੰ ਵੇਖ ਕੇ ਮੈਨੂੰ ਮਹਿਸੂਸ ਹੁੰਦਾ ਹੈ ਕਿ ਇਸ ਵਿਚਾਰੇ ਨੇ ਕਦੇ ਕਿਸੇ ਨੂੰ ਮਾਂ ਨਹੀਂ ਕਿਹਾ ਹੋਣਾ।ਇਸਨੂੰ ਕਿਸੇ ਮਮਤਾ ਭਰੇ ਹੱਥਾਂ ਨੇ ਛੂਹਿਆ ਨਹੀਂ ਹੋਣਾ, ਇਸ ਵਿਚਾਰੇ ਨੇ ਕਦੀ ਆਪਣੀ ਮਾਂ ਦੇ ਹੱਥਾਂ ਦਾ ਗਰਮ-ਗਰਮ ਤੇ ਸੁਆਦ ਖਾਣਾ ਨਹੀਂ ਖਾਧਾ ਹੋਣਾ। ਜੇ ਇਸ ਗੱਲ ਨੂੰ ਇੱਕ ਵਾਰੀ ਸੋਚੀਏ ਕਿ ਜੇ ਸਾਡੀ ਮਾਂ ਨਾ ਹੁੰਦੀ ਤਾਂ ਸਾਡਾ ਕੀ ਬਣਦਾ? ਮਾਂ ਇੱਕ ਦਰੱਖ਼ਤ ਵਾਂਗ ਹੈ ਜੋ ਸਦਾ ਹੀ ਸਾਨੂੰ ਆਸਰਾ ਦੇਣ ਲਈ ਖੜ੍ਹਾ ਰਹਿੰਦਾ ਹੈ ਭਾਵੇਂ ਹਨੇਰੀ ਹੋਵੇ ਜਾਂ ਬਰਸਾਤ, ਭਾਵੇਂ ਗਰਮੀ ਹੋਵੇ ਜਾਂ ਸਕਦੀ।

ਸਾਨੂੰ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਤੇ ਆਪਣੀ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅੱਜ – ਕੱਲ੍ਹ ਇਹ ਆਮ ਦੇਖਿਆ ਗਿਆ ਹੈ ਕਿ ਥੋੜ੍ਹਾ ਜਿਹਾ ਪੜ੍ਹ – ਲਿੱਖ ਕੇ ਬੱਚੇ ਆਪਣੀ ਮਾਂ ਨੂੰ ਤੁੱਛ ਸਮਝਣ ਲੱਗ ਜਾਂਦੇ ਹਨ।

ਜਿਸ ਮਾਂ ਨੇ ਤੰਗੀਆਂ-ਤੁਰਛੀਆਂ ਸਹਿਣ ਕਰਕੇ ਉਹਨਾਂ ਨੂੰ ਕੁਝ ਕਰਨ ਦੇ ਕਾਬਲ ਬਣਾਇਆ ਹੁੰਦਾ ਹੈ, ਉਹ ਵੱਡੇ ਹੋ ਕੇ ਉਸ ਮਾਂ ਤੋਂ ਹੀ ਅਲੱਗ ਹੋ ਕੇ ਰਹਿਣ ਲੱਗ ਪੈਂਦੇ ਹਨ। ਜਿਸ ਵਡੇਰੀ ਉਮਰ ’ਚ ਮਾਂ ਨੂੰ ਛੱਡ ਜਾਣਾ ਕਿੰਨਾ ਕੁ ਜਾਇਜ਼ ਹੈ ?

ਉਹਨਾਂ ਬੱਚਿਆਂ ਨੂੰ ਮਾਂ ਦੀ ਅਹਿਮੀਅਤ ਪੁੱਛ ਕੇ ਦੇਖੋ, ਜਿਹਨਾਂ ਦੀ ਮਾਂ ਨਹੀਂ ਹੁੰਦੀ। ਉਹ ਇਨਸਾਨ ਬਹੁਤ ਹੀ ਅਭਾਗੇ ਹਨ ਜੋ ਕਿ ਇਸ ਦੇ ਮੁੱਲ ਨੂੰ ਨਹੀਂ ਜਾਣ ਪਾਉਂਦੇ। ਸਾਨੂੰ ਆਪਣੀ ਮਾਂ ਦੇ ਹਰ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ ਅਤੇ ਮਾਂ ਨੂੰ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਮੈਂ ਸੌ-ਸੌ ਰੁੱਖ ਪਈ ਲਾਵਾਂ

ਰੁੱਖ ਤਾਂ ਹਰੇ-ਭਰੇ।

ਮਾਵਾਂ ਠੰਢੀਆਂ ਛਾਵਾਂ,

ਛਾਵਾਂ ਕੌਣ ਕਰੇ ।