ਲੇਖ : ਮਾਂ ਕਦੇ ਕਿਸੇ ਦੀ ਨਾ ਵਿਛੜੇ


ਮਾਂ ਦੁਨੀਆਂ ਦੀ ਸਭ ਤੋਂ ਵੱਡੀ ਹਸਤੀ ਹੈ। ਇਸ ਦੇ ਬਰਾਬਰ ਦਾ ਦਰਜ਼ਾ ਨਾ ਅੱਜ ਤੱਕ ਕੋਈ ਲੈ ਸਕਿਆ ਹੈ ਤੇ ਨਾ ਲੈ ਸਕੇਗਾ। ਉਸ ਬੱਚੇ ਕੋਲੋਂ ਕਦੀ ਪੁੱਛ ਕੇ ਦੇਖੋ ਜਿਸ ਦੀ ਮਾਂ ਮਰ ਗਈ ਹੈ ਤੇ ਉਹ ਮਤਰੇਈ ਮਾਂ ਕੋਲ ਕਿਵੇਂ ਪਲ ਰਿਹਾ ਹੈ? ਹਰ ਪਲ ਉਹ ਮਰਦਾ ਹੈ ਤੇ ਹਰ ਪਲ ਉਹ ਜਿਉਂਦਾ ਹੈ। ਉਸ ਸਮੇਂ ਉਸਨੂੰ ਆਪਣੀ ਜਨਮ ਦੇਣ ਵਾਲੀ ਮਾਂ ਚੇਤੇ ਆਉਂਦੀ ਹੈ।

ਜਿਸ ਦੀ ਮਾਂ ਬਚਪਨ ਵਿੱਚ ਹੀ ਮਰ ਗਈ ਸੀ ਤੇ ਉਸ ਦਾ ਪਾਲਣ ਪੋਸ਼ਣ ਕਰਨ ਵਾਲਾ, ਪਿਆਰ ਤੇ ਲਾਡ ਲਡਾਉਣ ਵਾਲਾ, ਲੋਰੀਆਂ ਸੁਣਾਉਣ ਵਾਲਾ ਕੋਈ ਵੀ ਇਸ ਦੁਨੀਆਂ ਵਿੱਚ ਉਸਨੂੰ ਨਜ਼ਰ ਨਹੀਂ ਸੀ ਆ ਰਿਹਾ। ਉਹ ਰੋ ਰਿਹਾ, ਕੁਰਲਾ ਰਿਹਾ, ਚੀਕਾਂ ਮਾਰ ਰਿਹਾ ਸੀ, ਪਰ ਉਸਨੂੰ ਕੋਈ ਵੀ ਆਪਣੀ ਗੋਦ ਵਿੱਚ ਚੁੱਕ ਕੇ ਲਾਡ ਨਹੀਂ ਕਰ ਰਿਹਾ ਸੀ।

ਉਹ ਸੋਚਦਾ ਸੀ ਕਿ ਚਾਹੇ ਸਾਰੀ ਦੁਨੀਆਂ ਉਸ ਕੋਲੋਂ ਵਿਛੜ ਜਾਵੇ ਪਰ ਕਦੇ ਕਿਸੇ ਦੀ ਮਾਂ ਉਸ ਕੋਲੋਂ ਨਾ ਵਿਛੜੇ ਕਿਉਂਕਿ ਜੋ ਲਾਡ, ਪਿਆਰ, ਝਿੜਕਾਂ ਮਾਂ ਦੇ ਸਕਦੀ ਹੈ, ਉਹ ਹੋਰ ਕੋਈ ਨਹੀਂ ਦੇ ਸਕਦਾ ਹੈ।

ਮਾਂ ਦੇ ਗੁੱਸੇ ਵਿੱਚ ਵੀ ਪਿਆਰ ਨਜ਼ਰ ਆਉਂਦਾ ਹੈ ਤੇ ਉਸ ਦੀਆਂ ਝਿੜਕਾਂ ਸੁਣਕੇ ਵੀ ਗੁੱਸਾ ਨਹੀਂ ਆਉਂਦਾ ਸਗੋਂ ਲਾਡ ਆਉਂਦਾ ਹੈ।

ਮਾਂ ਦਾ ਗੁੱਸਾ ਸਿਰਫ਼ ਪਲ ਭਰ ਦਾ ਹੀ ਹੁੰਦਾ ਹੈ।

ਫਿਰ ਉਹ ਆਪਣੇ ਬੱਚੇ ਨੂੰ ਪਿਆਰ ਕਰਕੇ ਥੋੜ੍ਹਾ ਸਮਝਾ ਕੇ ਤੇ ਆਪਣੇ ਗਲ ਨਾਲ ਲਾ ਲੈਂਦੀ ਹੈ।

ਮਾਂ ਆਪ ਤਾਂ ਭੁੱਖੀ ਰਹਿ ਲੈਂਦੀ ਹੈ ਪਰ ਆਪਣੇ ਬੱਚੇ ਨੂੰ ਇੱਕ ਦਿਨ ਵੀ ਭੁੱਖਾ ਨਹੀਂ ਰੱਖ ਸਕਦੀ।

ਇਸੇ ਲਈ ਤਾਂ ਕਹਿੰਦੇ ਨੇ ਰੱਬਾ ਸਭ ਕੁੱਝ ਲੈ ਲਈ ਪਰ ਕਿਸੇ ਦੀ ਮਾਂ ਨਾ ਉਸ ਕੋਲੋਂ ਲਈ।

ਕਿਉਂਕਿ ਬੱਚੇ ਨੂੰ ਮਾਂ ਦੀ ਕੁੱਖ ਤੋਂ ਲੈ ਕੇ ਵੱਡੇ ਹੋਣ ਤੱਕ ਹਰ ਪਲ ਮਾਂ ਦੀ ਲੋੜ ਪੈਂਦੀ ਹੈ। ਇੱਕ ਮਾਂ ਹੀ ਹੈ ਜੋ ਆਪਣੇ ਬੱਚੇ ਨੂੰ ਜਨਮ ਦੇਣ ਵਾਸਤੇ ਨੌਂ ਮਹੀਨੇ ਪਹਿਲਾਂ ਉਸ ਨੂੰ ਆਪਣੀ ਕੁੱਖ ਵਿੱਚ ਪਾਲਦੀ ਹੈ ਤੇ ਫਿਰ ਪੈਦਾ ਹੋਣ ਵੇਲੇ ਹਰ ਦਰਦ ਉਹ ਬੜੇ ਹੀ ਪਿਆਰ ਨਾਲ ਹੱਸਦੇ-ਹੱਸਦੇ ਸਹਿ ਲੈਂਦੀ ਹੈ। ਉਸ ਤੋਂ ਬਾਅਦ ਸਾਰੀ-ਸਾਰੀ ਰਾਤ ਉਸ ਵਾਸਤੇ ਜਾਗ ਕੇ ਕੱਟਦੀ ਹੈ। ਬੱਚੇ ਦੀ ਹਰ ਖ਼ੁਸ਼ੀ ਤੇ ਗਮੀ ਵਿੱਚ ਆਪਣੇ ਬੱਚੇ ਨਾਲ ਹੁੰਦੀ ਹੈ। ਉਹ ਆਪਣੇ ਬੱਚੇ ਦੀ ਹਰ ਮੁਸੀਬਤ ਨੂੰ ਆਪਣੇ ਗਲ ਲਾ ਲੈਂਦੀ ਹੈ ਤੇ ਆਪਣੇ ਬੱਚੇ ਨੂੰ ਤੱਤੀ ਵਾਹ ਵੀ ਨਹੀਂ ਲੱਗਣ ਦਿੰਦੀ ।

ਜਿਸ ਬੱਚੇ ਦੀ ਮਾਂ ਮਰ ਗਈ ਹੋਵੇ ਉਹ ਤਾਂ ਬਚਪਨ ਤੋਂ ਹੀ ਬੜੀਆਂ ਮੁਸ਼ਕਲਾਂ ਤੇ ਠੋਕਰਾਂ ਨਾਲ ਪਲਦਾ ਹੈ।

ਉਹ ਪਿਆਰ ਦੇ ਇੱਕ-ਇੱਕ ਪਲ ਲਈ ਤਰਸਦਾ ਹੈ।

ਤੁਰਨ, ਰਿੜਨ, ਖਲੌਣ ਤੇ ਬੋਲਣ ਤੱਕ ਹਰ ਪਲ ਉਹ ਆਪਣੀ ਮਾਂ ਦਾ ਆਸਰਾ ਹੀ ਲੱਭਦਾ ਹੈ। ਜਿਸ ਬੱਚੇ ਨੇ ਪਹਿਲਾ ਬੋਲਣਾ ਹੀ ਮਾਂ ਸਿੱਖਿਆ ਹੋਵੇ ਤੇ ਉਸ ਬੱਚੇ ਦੀ ਮਾਂ ਇਹ ਸੁਣਨ ਵਾਸਤੇ ਨਾ ਹੋਵੇ ਤਾਂ ਉਸ ਬੱਚੇ ਤੇ ਕੀ ਬੀਤੇਗੀ।

ਅੰਤ ਵਿੱਚ ਉਹ ਇਹ ਹੀ ਕਹੇਗਾ :

ਰੱਬਾ! ਸਾਰੀ ਦੁਨੀਆਂ ਨੂੰ ਮੇਰੇ ਤੋਂ ਵਿਛੋੜੀ

ਪਰ ਕਿਸੇ ਬੱਚੇ ਦੀ ਮਾਂ ਉਸ ਤੋਂ ਨਾ ਵਿਛੋੜੀ

ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਤਾਂ ਮਿਲ ਜਾਣਗੀਆਂ

ਪਰ ਮਾਂ ਦਾ ਲਾਡ, ਪਿਆਰ ਤੇ ਅਸੀਸਾਂ ਨਹੀਂਓ ਮਿਲਣੀਆਂ।