ਲੇਖ : ਮਨਪਰਚਾਵੇ ਦੇ ਆਧੁਨਿਕ ਸਾਧਨ
ਮਨੁੱਖ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਉਸ ਨੇ ਆਪਣੇ ਵਿਹਲੇ ਸਮੇਂ ਨੂੰ ਕੁਦਰਤ ਦੀ ਸੁੰਦਰਤਾ ਨੂੰ ਮਾਨਣ ਅਤੇ ਆਪਣੇ ਪਰਿਵਾਰ, ਮਿਤਰਾਂ/ਸਹੇਲੀਆਂ ਅਤੇ ਇਕੱਠ ਵਿੱਚ ਬੈਠ ਕੇ ਹੱਸਦਿਆਂ ਖੇਡਦਿਆਂ ਗੁਜ਼ਾਰਿਆ। ਪਰ, ਅੱਜ ਦਾ ਮਨੁੱਖ ਮਸ਼ੀਨ ਦੀ ਤਰ੍ਹਾਂ ਕਈ ਤਰ੍ਹਾਂ ਦੇ ਕੰਮਾਂ ਵਿੱਚ ਜੁੱਟਿਆ ਹੋਇਆ ਹੈ। ਮਨ ਦੇ ਸੁੱਖ ਜਾਂ ਆਨੰਦ ਲਈ ਸੁਹਣੇ ਜੰਗਲਾਂ, ਪਹਾੜਾਂ ਅਤੇ ਨਦੀਆਂ ਦੀ ਸੁੰਦਰਤਾ ਨੂੰ ਮਾਨਣ ਲਈ ਉਸ ਕੋਲ ਵਿਹਲ ਹੀ ਨਹੀਂ। ਇਸ ਲਈ ਮਨਪਰਚਾਵੇ ਦੇ ਇਹੋ ਜਿਹੇ ਸਾਧਨਾਂ ਦੀ ਲੋੜ ਹੈ ਜੋ ਥੋੜ੍ਹੇ ਸਮੇਂ ਵਿੱਚ ਹੀ ਮਨੁੱਖ ਦੇ ਉਦਾਸ ਤੇ ਥੱਕੇ ਟੁੱਟੇ ਮਨ ਨੂੰ ਗੁਦਗੁਦਾ ਸਕਣ।
ਮਨਪਰਚਾਵੇ ਦੇ ਆਧੁਨਿਕ ਸਾਧਨਾਂ ਵਿੱਚੋਂ ਸਭ ਤੋਂ ਮੁੱਖ ਤੇ ਹਰਮਨ-ਪਿਆਰਾ ਸਾਧਨ ਹੈ—ਫ਼ਿਲਮਾਂ। ਅਜੋਕੇ ਸਮੇਂ ਵਿੱਚ ਇੰਨਾ ਚੰਗਾ, ਇੰਨਾ ਸੁਭਾਵਿਕ ਅਤੇ ਇੰਨਾ ਸਸਤਾ ਹੋਰ ਕੋਈ ਸਾਧਨ ਨਹੀਂ ਜਿਸ ਨਾਲ ਇੱਕੋ ਵੇਲੇ ਅੱਖਾਂ, ਕੰਨ ਅਤੇ ਮਨ ਤਿੰਨਾਂ ਦਾ ਮਨੋਰੰਜਨ ਹੋ ਸਕੇ। ਇਸ ਵਿੱਚ ਸਾਹਿਤ, ਸੰਗੀਤ, ਨਾਟਕ, ਫੋਟੋਗ੍ਰਾਫ਼ੀ, ਚਿੱਤਰਕਲਾ ਅਤੇ ਮੂਰਤੀਕਲਾ ਆਦਿ ਕਲਾਵਾਂ ਸਮੇਟੀਆਂ ਰਹਿੰਦੀਆਂ ਹਨ। ਇਸ ਵਿੱਚ ਇੰਨੀ ਖਿੱਚ ਹੈ ਕਿ ਤਿੰਨ ਘੰਟੇ ਕਿਵੇਂ ਬੀਤ ਗਏ, ਪਤਾ ਹੀ ਨਹੀਂ ਚਲਦਾ। ਟੈਲੀਵਿਜ਼ਨ ਵੀ ਇੱਕ ਆਧੁਨਿਕ ਕਾਢ ਹੈ। ਇਸ ਦੇ ਦੁਆਰਾ ਵੀ ਅਸੀਂ ਆਪਣੇ ਘਰ ਬੈਠੇ ਹੀ ਸੰਗੀਤ, ਨਾਟਕ, ਕਵਿਤਾ, ਖ਼ਬਰਾਂ ਅਤੇ ਹੱਸਣ ਦੇ ਪ੍ਰੋਗਰਾਮ ਵੇਖ ਸਕਦੇ ਹਾਂ। ਟੈਲੀਵਿਜ਼ਨ ਹਰ ਵਰਗਾਂ ਜਾਂ ਉਮਰ ਵਾਲਿਆਂ ਦੀ ਰੁਚੀ ਨੂੰ ਪੂਰਾ ਕਰਦਾ ਹੈ। ਕਈ ਪ੍ਰੋਗਰਾਮ ਤਾਂ ਸਿਰਫ਼ ਔਰਤਾਂ ਲਈ, ਕੁਝ ਬੱਚਿਆਂ ਅਤੇ ਕੁਝ ਵਿਦਿਆਰਥੀਆਂ ਲਈ ਹੀ ਹੁੰਦੇ ਹਨ। ਇਸ ਤੋਂ ਦਰਸ਼ਕਾਂ ਨੂੰ ਸੂਚਨਾ, ਸਿੱਖਿਆ ਅਤੇ ਮਨੋਰੰਜਨ ਤਿੰਨ ਤਰ੍ਹਾਂ ਦੇ ਲਾਭ ਹੁੰਦੇ ਹਨ। ਭਾਰਤ ਵਿੱਚ ਇਸ ਦਾ ਬੜੀ ਤੇਜ਼ੀ ਨਾਲ
ਫੈਲਾਅ ਹੋਇਆ ਹੈ। ਹੁਣ ਇਹ ਵੀ ਮਨੋਰੰਜਨ ਦਾ ਇੱਕ ਵਧੀਆ ਤੇ ਸਸਤਾ ਸਾਧਨ ਹੈ।
ਮਨਪਰਚਾਵੇ ਦੇ ਸਾਹਸ ਵਾਲੇ ਸਾਧਨਾਂ ਵਿੱਚੋਂ ਖੇਡਾਂ ਮੁੱਖ ਹਨ। ਇਸ ਦੀਆਂ ਵੀ ਦੋ ਸ਼੍ਰੇਣੀਆਂ ਹਨ-ਵਿਦੇਸ਼ੀ ਖੇਡਾਂ ਅਤੇ ਦੇਸੀ ਖੇਡਾਂ। ਹਾਕੀ, ਫੁਟਬਾਲ, ਵਾਲੀਬਾਲ, ਕ੍ਰਿਕਟ, ਬਾਸਕਟਬਾਲ, ਟੈਨਿਸ, ਬੈਡਮਿੰਟਨ, ਨਿਸ਼ਾਨੇਬਾਜ਼ੀ, ਸ਼ਤਰੰਜ, ਭਾਰ ਚੁੱਕਣਾ ਆਦਿ ਸੰਸਾਰ ਵਿੱਚ ਪੜ੍ਹੇ-ਲਿਖੇ ਲੋਕਾਂ ਵਿੱਚ ਵਧੇਰੇ ਹਰਮਨ-ਪਿਆਰੀਆਂ ਖੇਡਾਂ ਹਨ। ਇਨ੍ਹਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਇੱਕ ਦੇਸ਼ ਦੀ ਨਾ ਹੋ ਕੇ ਅੰਤਰ-ਰਾਸ਼ਟਰੀ ਪੱਧਰ ਦੀਆਂ ਖੇਡਾਂ ਬਣ ਚੁੱਕੀਆਂ ਹਨ। ਇਸ ਤਰ੍ਹਾਂ ਇਨ੍ਹਾਂ ਖੇਡਾਂ ਦੁਆਰਾ ਮਨਪਰਚਾਵੇ ਦਾ ਖੇਤਰ ਵਿਆਪਕ ਹੋ ਗਿਆ ਹੈ।
ਦੇਸੀ ਖੇਡਾਂ ਵਿੱਚ ਕੁਸ਼ਤੀ, ਕਬੱਡੀ, ਰੱਸਾ ਖਿਚਣਾ, ਤੈਰਾਕੀ, ਲੁਕਣਮੀਟੀ, ਗੁੱਲੀ-ਡੰਡਾ, ਖੋ-ਖੋ, ਝੂਲਾ, ਪਤੰਗ, ਘੋੜਿਆਂ ਦੀ ਦੌੜ, ਪਹਾੜਾਂ ਦੀ ਚੜ੍ਹਾਈ ਅਤੇ ਸ਼ਿਕਾਰ ਕਰਨਾ ਆਦਿ ਸਾਡੀਆਂ ਪਰੰਪਰਾਗਤ ਖੇਡਾਂ ਹਨ। ਇਨ੍ਹਾਂ ਦੇਸੀ ਅਤੇ ਵਿਦੇਸ਼ੀ ਖੇਡਾਂ ਦੀ ਇਹ ਖ਼ਾਸੀਅਤ ਹੈ ਕਿ ਇਨ੍ਹਾਂ ਵਿੱਚ ਖਿਡਾਰੀਆਂ ਦਾ ਮਨੋਰੰਜਨ ਤਾਂ ਹੁੰਦਾ ਹੀ ਹੈ, ਨਾਲ ਹੀ ਦਰਸ਼ਕਾਂ ਦਾ ਵੀ
ਮਨਪਰਚਾਵਾ। ਇਸ ਤੋਂ ਇਲਾਵਾ ਮਨੋਰੰਜਨ ਤੇ ਕਸਰਤ ਦੀ ਕਸਰਤ।
ਸਾਹਿਤਕ ਦਰਜੇ ਦੇ ਮਨਪਰਚਾਵੇ ਦੇ ਸਾਧਨਾਂ ਵਿੱਚ ਨਾਟਕ, ਕਵੀ ਸੰਮੇਲਨ, ਨਾਵਲ, ਕਹਾਣੀ ਅਤੇ ਅਖ਼ਬਾਰਾਂ ਮੁੱਖ ਹਨ। ਇਹ ਆਮ ਤੌਰ ‘ਤੇ ਪੜ੍ਹੇ-ਲਿਖੇ ਵਰਗ ਤੱਕ ਹੀ ਸੀਮਤ ਹਨ। ਇਸ ਤੋਂ ਇਲਾਵਾ ਲੋਕ-ਸਭਿਆਚਾਰ ਵਿਚਲੇ ਸਾਧਨਾਂ ਵਿੱਚੋਂ ਲੋਕ-ਨਾਚ, ਨਕਲਾਂ, ਲੋਕ-ਗੀਤ, ਕੱਠਪੁਤਲੀ ਨਾਚ, ਕਬੂਤਰ ਪਾਲਣ ਦਾ ਸ਼ੋਕ ਆਦਿ ਮੁੱਖ ਹਨ। ਇਸ ਵਿੱਚੋਂ ਲੋਕ-ਗੀਤਾਂ ਤੇ ਲੋਕ ਨਾਚਾਂ ਨੂੰ ਰਾਸ਼ਟਰੀ ਮਾਨਤਾ ਪ੍ਰਾਪਤ ਹੋ ਜਾਣ ਨਾਲ ਉਨ੍ਹਾਂ ਦਾ ਬਹੁਤ ਵਿਕਾਸ ਹੋ ਰਿਹਾ ਹੈ। ਮਨਪਰਚਾਵੇ ਦੇ ਵੱਖ-ਵੱਖ ਸਾਧਨਾਂ ਦੇ ਅੰਤਰਗਤ ਨੁਮਾਇਸ਼, ਮਿਊਜੀਅਮ, ਲਾਇਬ੍ਰੇਰੀ, ਚਿੜੀਆਘਰ, ਕਲੱਬ, ਸਟੇਡੀਅਮ, ਬਾਗ਼ਬਾਨੀ ਦਾ ਮਹੱਤਵ ਵੀ ਕੁਝ ਘੱਟ ਨਹੀਂ ਹੈ।
ਅੱਜ ਦੇ ਜੀਵਨ ਵਿੱਚ ਬਹੁਤ ਰੁਝੇਵਾਂ ਹੈ। ਇਸ ਰੁਝੇਵੇਂ ਕਾਰਨ ਹੋਣ ਵਾਲੇ ਸਰੀਰਕ ਤੇ ਮਾਨਸਿਕ ਤਣਾਉ ਨੂੰ ਦੂਰ ਕਰਨ ਲਈ ਮਨਪਰਚਾਵਾ ਜ਼ਰੂਰੀ ਹੈ। ਇਹੋ ਹੀ ਕਾਰਨ ਹੈ ਕਿ ਹੁਣ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੇ ਮਨਪਰਚਾਵੇ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇੱਥੋਂ ਤੱਕ ਕਿ ਹੁਣ ਕਈ ਵੱਡੀਆਂ ਕੰਪਨੀਆਂ ਜਿਨ੍ਹਾਂ ਵਿੱਚ ਕੰਮ ਦਾ ਬੋਝ ਵਧੇਰੇ ਹੈ, ਉਹ ਵੀ ਆਪਣੇ ਕਰਮਚਾਰੀਆਂ ਦੇ ਮਨਪਰਚਾਵੇ ਵੱਲ ਧਿਆਨ ਦੇ ਰਹੀਆਂ ਹਨ।