ਲੇਖ : ਪੰਜਾਬੀ ਸੱਭਿਆਚਾਰ ਦਾ ਪੱਛਮੀਕਰਨ
ਭੂਮਿਕਾ : ਭਾਰਤ ਕਈ ਚਿਰ ਤੱਕ ਅੰਗਰੇਜ਼ਾਂ ਦਾ ਗ਼ੁਲਾਮ ਰਿਹਾ ਪਰ ਉਸ ਵੇਲੇ ਭਾਰਤੀਆਂ ਉੱਤੇ ਉਨ੍ਹਾਂ ਦੀ ਰਹਿਣੀ-ਬਹਿਣੀ ਅਤੇ ਪਹਿਰਾਵੇ ਦਾ ਅਸਰ ਬਿਲਕੁਲ ਨਾ-ਮਾਤਰ ਹੀ ਸੀ। ਉਹ ਵੀ ਕਿਸੇ-ਕਿਸੇ ਭਾਰਤੀ ’ਤੇ, ਜੋ ਅੰਗਰੇਜ਼ ਸਰਕਾਰ ਦੇ ਅਫ਼ਸਰ ਜਾਂ ਕੋਈ ਕਰਮਚਾਰੀ ਸਨ। ਆਮ ਲੋਕ ਉਹਨਾਂ ਦੀ ਰਹਿਣੀ-ਬਹਿਣੀ ਤੇ ਪਹਿਰਾਵੇ ਤੋਂ ਇਸ ਲਈ ਅਭਿੱਜ ਸਨ ਕਿਉਂਕਿ ਇੱਕ ਤਾਂ ਉਹ ਉਨ੍ਹਾਂ ਨਾਲ ਨਫ਼ਰਤ ਕਰਦੇ ਸਨ ਦੂਜਾ ਉਹ ਮਹਿੰਗੀ ਸੀ ਜੋ ਕਿ ਭਾਰਤੀਆਂ ਦੀ ਸਮਰੱਥਾ ਵਿੱਚ ਨਹੀਂ ਸੀ ਆ ਸਕਦੀ। ਭਾਰਤੀਆਂ ਦਾ ਆਪਣੀ ਸੰਸਕ੍ਰਿਤੀ, ਆਪਣੀਆਂ ਚੀਜ਼ਾਂ ਨਾਲ ਮੋਹ ਜ਼ਿਆਦਾ ਸੀ।
ਪਰ ਕਿੰਨੀ ਹੈਰਾਨੀਜਨਕ ਗੱਲ ਹੈ ਕਿ ਅਜ਼ਾਦੀ ਤੋਂ ਬਾਅਦ ਸਾਡੇ ਲੋਕਾਂ ਵਿੱਚ ਧੜਾ-ਧੜ ਪੱਛਮੀ ਰਹਿਣੀ-ਬਹਿਣੀ ਨੂੰ ਅਪਣਾਉਣ ਦੀ ਰੁਚੀ ਏਨੀ ਪ੍ਰਬਲ ਕਿਉਂ ਹੋ ਗਈ ? ਅੱਜ ਪੰਜਾਬ ਵਿੱਚ ਉਸ ਰਹਿਣੀ – ਬਹਿਣੀ ਨੂੰ ਬੜੀ ਤੀਬਰਤਾ ਨਾਲ ਵੇਖਿਆ ਜਾ ਸਕਦਾ ਹੈ। ਸਾਡੇ ਜੀਵਨ ਅਤੇ ਸਭਿਆਚਾਰ ਦੇ ਹਰ ਪੱਖ ਉੱਤੇ ਪੱਛਮੀ ਸਭਿਆਚਾਰ ਦਾ ਰੰਗ ਚੜ੍ਹ ਰਿਹਾ ਹੈ ਤੇ ਦਿਨੋਂ-ਦਿਨ ਹੋਰ ਗੂੜ੍ਹਾ ਹੁੰਦਾ ਜਾ ਰਿਹਾ ਹੈ।
ਭਾਰਤੀ ਤੇ ਪੱਛਮੀ ਜੀਵਨ : ਸਭ ਤੋਂ ਪਹਿਲਾਂ ਮੋਹ – ਮਾਇਆ ਤੇ ਪਦਾਰਥਕ ਰੁਚੀਆਂ ਵੱਲ ਝਾਤੀ ਮਾਰਦੇ ਹਾਂ। ਸਾਰੇ ਧਰਮਾਂ ਵਿੱਚ ਇਹੋ ਸਿੱਖਿਆ ਦਿੱਤੀ ਗਈ ਹੈ ਕਿ ਸੰਸਾਰਕ ਪਦਾਰਥਕ ਮੋਹ-ਮਾਇਆ ਤਿਆਗ ਦਿਓ, ਕਿਉਂਕਿ ਇਹ ਮਨੁੱਖ ਨੂੰ ਭਟਕਣਾ ਵਿੱਚ ਪਾਉਂਦੀ ਤੇ ਪਰਮਾਤਮਾ ਦੇ ਸਿਮਰਨ ਤੋਂ ਮੋੜਦੀ ਹੈ। ਭਾਵ ਕਿ ਪਦਾਰਥਕ ਸੁੱਖਾਂ ਦਾ ਤਿਆਗ ਤੇ ਸੇਵਾ ਸਿਮਰਨ ‘ਤੇ ਜ਼ੋਰ ਦਿੱਤਾ ਗਿਆ ਹੈ ਜਦਕਿ ਪੱਛਮੀ ਸਭਿਆਚਾਰ ਵਿੱਚ ਸਰੀਰਕ ਸੁੱਖ ਉੱਤੇ ਜ਼ੋਰ ਦਿੱਤਾ ਗਿਆ ਹੈ। ਪੱਛਮ ਵਾਲਿਆਂ ਨੇ ਵਿਗਿਆਨ ਦੇ ਖੇਤਰ ਵਿੱਚ ਬੇਹਿਸਾਬੀ ਤਰੱਕੀ ਕਰਕੇ ਮਨੁੱਖ ਨੂੰ ਬੇਅੰਤ ਸੁੱਖ-ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਭਾਰਤੀਆਂ ਵਲੋਂ ਵਿਦੇਸ਼ਾਂ ਵਿੱਚ ਜਾਣ – ਆਉਣ ਕਰਕੇ ਪਦਾਰਥਕ ਖੁਸ਼ਹਾਲੀ ਦਾ ਲੋਭ ਜਾਗਣ ਲੱਗਾ। ਇਹ ਲੋਭ ਹੀ ਏਨਾ ਵਿਆਪਕ ਹੋ ਗਿਆ ਹੈ ਕਿ ਕੇਵਲ ਧਨ ਅਤੇ ਪਦਾਰਥਕ ਵਸਤਾਂ ਦੀ ਚਾਹਤ ਵਿੱਚ ਹੀ ਦਿਨ-ਰਾਤ ਜੁੱਟੇ ਰਹਿੰਦੇ ਹਨ। ਧਨ ਪ੍ਰਾਪਤੀ ਲਈ ਉਹਨਾਂ ਸ਼ਿਸ਼ਟਾਚਾਰ ਵੀ ਭੁਲਾ ਦਿੱਤਾ ਹੈ। ਅਜਿਹੀ ਸੋਚ ਕਾਰਨ ਹੀ ਸਮਾਜ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋ ਗਿਆ ਹੈ।
ਬਦਲਦੀ ਜੀਵਨ ਜਾਚ : ਸਰੀਰਕ ਸੁੱਖ-ਸਹੂਲਤਾਂ ਦੀ ਇੱਛਾ ਨੇ ਸਾਡਾ ਆਚਰਨ ਵੀ ਪਤਿਤ ਤੇ ਦਾਗ਼ਦਾਰ ਕਰ ਦਿੱਤਾ ਹੈ। ਆਚਰਨ ਦੀ ਪਵਿੱਤਰਤਾ ਅਲੋਪ ਹੋ ਗਈ ਹੈ। ਪਾਕ ਪਰਿਵਾਰਕ ਜੀਵਨ ਦੀ ਥਾਂ ਹੋਟਲਾਂ ਤੇ ਕਲੱਬਾਂ ਦੇ ਵਾਸ਼ਨਾ ਭਰਪੂਰ ਜੀਵਨ ਨੇ ਲੈ ਲਈ ਹੈ। ਮਰਦਾਂ ਵਿੱਚ ਤਾਂ ਕੀ ਅੱਜ ਤਾਂ ਔਰਤਾਂ ਵਿੱਚ ਵੀ ਨਸ਼ੇ ਦੀ ਪ੍ਰਵਿਰਤੀ ਵਧ ਗਈ ਹੈ। ਉਹ ਸ਼ਰੇਆਮ ਸ਼ਰਾਬ ਪੀਂਦੀਆਂ, ਸਿਗਰਟ ਦੇ ਕਸ਼ ਲਾਉਂਦੀਆਂ, ਕਲੱਬਾਂ ਵਿੱਚ ਬੇਹੂਦਾ ਡਾਂਸ ਕਰਦੀਆਂ, ਪਤੀ ਨੂੰ ਚਿੱਟ ਜਾਣਦੀਆਂ ਹਨ।
ਪੁਰਾਤਨ ਪੰਜਾਬੀ ਪਹਿਰਾਵਾ : ਪੁਰਾਣੇ ਪੰਜਾਬ ਵਿੱਚ ਪਹਿਰਾਵਾ ਸਾਦਗੀ ਭਰਪੂਰ ਹੁੰਦਾ ਸੀ। ਔਰਤਾਂ ਸਲਵਾਰ ਕਮੀਜ਼ ਪਾਉਂਦੀਆਂ ਤੇ ਸਿਰ ‘ਤੇ ਦੁਪੱਟੇ ਦੀ ਬੁੱਕਲ ਮਾਰਦੀਆਂ, ਅੱਖਾਂ ਵਿੱਚ ਸ਼ਰਮ, ਹਯਾ ਦਾ ਪਰਦਾ ਸੀ ਜਦਕਿ ਅੱਜ ਪੱਛਮ ਦੇ ਵੇਖਾ – ਵੇਖੀ ਨੰਗੇਜ ਵਾਲਾ ਤੇ ਤੰਗ ਪਹਿਰਾਵਾ ਆ ਗਿਆ ਹੈ। ਔਰਤਾਂ ਵਿੱਚੋਂ ਲੱਜਿਆ ਤੇ ਸ਼ਰਮ ਵਾਲੇ ਗੁਣ ਅਲੋਪ ਹੋ ਗਏ ਹਨ। ਕੁੜੀਆਂ ਤੰਗ ਜੀਨਾਂ ਤੇ ਤੰਗ ਬਲਾਊਜ਼ ਪਾਉਂਦੀਆਂ ਹਨ। ਚੁੰਨੀ ਸਿਰ ਤੋਂ ਕੀ ਉਂਝ ਵੀ ਗਾਇਬ ਹੋ ਗਈ ਹੈ। ਪਹਿਲਾਂ ਲੰਮੇ ਵਾਲ ਸੁੰਦਰਤਾ ਦੀ ਨਿਸ਼ਾਨੀ ਸਮਝੇ ਜਾਂਦੇ ਸਨ ਪਰ ਹੁਣ ਕੱਟੇ ਵਾਲ ਫੈਸ਼ਨ ਬਣ ਗਿਆ ਹੈ।
ਪੁਰਾਤਨ ਖਾਣ-ਪੀਣ : ਪਹਿਲਾਂ ਪੁਰਾਣੇ ਪੰਜਾਬ ਵਿੱਚ ਸਾਦੀ, ਨਰੋਈ, ਸੰਤੁਲਿਤ ਤੇ ਪੌਸ਼ਟਿਕ ਖ਼ੁਰਾਕ ਖਾਧੀ ਜਾਂਦੀ ਸੀ। ਖ਼ੁਰਾਕ ਜ਼ਿਆਦਾ ਤੇ ਮਿਹਨਤ ਵੀ ਜ਼ਿਆਦਾ ਕੀਤੀ ਜਾਂਦੀ ਸੀ ਜਦਕਿ ਅੱਜ ਤਲੀਆਂ ‘ਤੇ ਚਟਪਟੀਆਂ ਚੀਜ਼ਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਬਰਗਰ, ਨੂਡਲਜ਼, ਪੇਸਟਰੀ ਆਦਿ ਖਾਧੇ ਜਾਂਦੇ ਹਨ। ਦੁੱਧ, ਦਹੀਂ, ਲੱਸੀ, ਮੱਖਣ, ਘਿਓ ਆਦਿ ਗ਼ਾਇਬ ਹੋ ਚੁੱਕੇ ਹਨ। ਇਹਨਾਂ ਦੀ ਥਾਂ ਚਾਹ, ਕੌਫੀ ਤੇ ਡੱਬੇ-ਬੰਦ ਖੁਰਾਕਾਂ ਆ ਗਈਆਂ ਹਨ। ਅੱਜਕੱਲ੍ਹ ਸਰੀਰਕ ਮਿਹਨਤ ਘੱਟ ਤੇ ਦਿਮਾਗ਼ੀ ਮਿਹਨਤ ਵਧ ਗਈ ਹੈ। ਇਸ ਲਈ ਘੱਟ ਖਾਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਚਿਪਸ, ਕੁਰਕੁਰੇ ਆਦਿ ਖਾ ਕੇ ਵਕਤ ਟਪਾਇਆ ਜਾਂਦਾ ਹੈ।
ਕਿਰਤ ਕਰਨੀ ਛੱਡੀ : ਐਸ਼ੋ-ਅਰਾਮ ਦੇ ਸਾਧਨਾਂ ਵਿੱਚ ਬਹੁਲਤਾ ਆ ਜਾਣ ਨਾਲ ਬਿਮਾਰੀਆਂ ਵਧ ਗਈਆਂ ਹਨ। ਟੀ. ਵੀ., ਫ਼ਰਿਜ, ਏ. ਸੀ., ਵਾਸ਼ਿੰਗ ਮਸ਼ੀਨਾਂ, ਬਿਜਲਈ ਮਸ਼ੀਨਰੀ ਨੇ ਮਨੁੱਖ ਦੀਆਂ ਸੁੱਖ ਸਹੂਲਤਾਂ ਵਿੱਚ ਵਾਧਾ ਤਾਂ ਕੀਤਾ ਹੈ ਨਾਲ ਹੀ ਮਨੁੱਖ ਨੂੰ ਹੱਡ – ਹਰਾਮੀ ਵੀ ਬਣਾ ਦਿੱਤਾ ਹੈ। ਕੋਈ ਵਿਅਕਤੀ ਹੱਥੀਂ ਕੰਮ ਕਰਕੇ ਰਾਜ਼ੀ ਨਹੀਂ। ਟੀ. ਵੀ. ਸੀਰੀਅਲ ਵੇਖਣ, ਨੈੱਟ ‘ਤੇ ਚੈਟਿੰਗ ਕਰਨੀ, ਫੇਸਬੁੱਕ ‘ਤੇ ਲੱਗੇ ਰਹਿਣਾ, ਮੋਬਾਇਲ ਦੀ ਪਾਗਲਾਂ ਵਾਂਗ ਬੇਤਹਾਸ਼ਾ ਵਰਤੋਂ ਕਰਨੀ ਅੱਜ ਦੇ ਮਨੁੱਖ ਦਾ ਸ਼ੁਗਲ ਬਣ ਗਿਆ ਹੈ। ਇੰਜ ਪੰਜਾਬੀ ਕਿਰਤ ਵੱਲੋਂ ਮੁੱਖ ਮੋੜ ਰਹੇ ਹਨ।
ਵੱਡਿਆਂ ਦਾ ਸਤਿਕਾਰ ਨਾ ਕਰਨਾ : ਪੁਰਾਣੇ ਪੰਜਾਬੀ ਸਭਿਆਚਾਰ ਵਿੱਚ ਸਾਂਝੇ ਪਰਿਵਾਰ ਹੁੰਦੇ ਹਨ। ਇੱਕ ਘਰ ਵਿੱਚ ਕਈ ਪੀੜ੍ਹੀਆਂ ਇਕੱਠੀਆਂ ਰਹਿੰਦੀਆਂ ਸਨ। ਸਾਰਿਆਂ ਦੇ ਦੁੱਖ-ਸੁੱਖ ਸਾਂਝੇ ਹੁੰਦੇ ਸਨ ਤੇ ਰਿਸ਼ਤਿਆਂ ‘ਚ ਨਿੱਘਾ ਮੋਹ ਪਿਆਰ ਹੁੰਦਾ ਸੀ। ਹੁਣ ਇੱਕਹਰੇ ਪਰਿਵਾਰਾਂ ਕਾਰਨ ਮਾਪਿਆਂ ਦਾ ਸਤਿਕਾਰ ਖ਼ਤਮ ਹੋ ਗਿਆ ਹੈ। ਸਾਂਝੇ ਪਰਿਵਾਰ ਟੁੱਟ ਰਹੇ ਹਨ। ਕੋਈ ਕਿਸੇ ਨਾਲ ਬੋਲ ਕੇ ਰਾਜ਼ੀ ਨਹੀਂ। ਹਰ ਇੱਕ ਨੂੰ ਆਪੋ-ਥਾਪੀ ਪਈ ਹੈ। ਹਰ ਕੋਈ ਪੈਸੇ ਦਾ ਪੁਜਾਰੀ ਬਣ ਗਿਆ ਹੈ। ਰਿਸ਼ਤਿਆਂ ਵਿੱਚ ਤ੍ਰੇੜਾਂ ਆ ਗਈਆਂ ਹਨ।
ਖੇਡਾਂ ਦੇ ਬਦਲਦੇ ਸ਼ੌਂਕ : ਬੱਚਿਆਂ ਦੀਆਂ ਖੇਡਾਂ ਬਦਲ ਗਈਆਂ ਹਨ। ਉਹ ਹਰ ਵੇਲੇ ਨੈੱਟ ‘ਤੇ ਕੰਪਿਊਟਰ ਤੇ ਗੇਮਾਂ ਖੇਡ-ਖੇਡ ਕੇ ਚਿੜਚਿੜੇ ਸੁਭਾਅ ਦੇ ਹੋ ਗਏ ਹਨ। ਸਰੀਰ ਨੂੰ ਰਿਸ਼ਟ-ਪੁਸ਼ਟ ਕਰਨ ਵਾਲੀਆਂ ਖੇਡਾਂ, ਜਿਵੇਂ ਕੁਸ਼ਤੀ, ਕਬੱਡੀ ਨਾਲੋਂ ਹਾਕੀ, ਕ੍ਰਿਕਟ, ਟੇਬਲ ਟੈਨਿਸ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਸਾਰੰਸ਼ : ਅਸੀਂ ਪਦਾਰਥਕ ਉੱਨਤੀ ਦੇ ਵਿਰੋਧੀ ਨਹੀਂ ਹਾਂ ਪਰ ਪੱਛਮੀ ਦੇਸ਼ਾਂ ਦੀ ਨਕਲ ਕਰਦੇ ਹੋਏ ਅਸੀਂ ਆਪਣੇ ਸਭਿਆਚਾਰ ਨੂੰ ਭੁੱਲ ਜਾਈਏ ਇਹ ਜਾਇਜ਼ ਨਹੀਂ ਹੈ। ਅਸੀਂ ਆਪਣੀ ਬੋਲੀ ਭੁੱਲ ਗਏ ਹਾਂ। ਪੰਜਾਬੀ ਨਾਲ ਨਫ਼ਰਤ ਕਰਕੇ ਦੂਜੀਆਂ ਭਾਸ਼ਾਵਾਂ ਬੋਲਣ, ਪੜ੍ਹਨ ਨੂੰ ਹੀ ਤਰਜੀਹ ਦੇ ਰਹੇ ਹਾਂ। ਸੰਗੀਤ ਵਿੱਚ ਲੱਚਰਤਾ ਭਾਰੂ ਹੋ ਗਈ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਆਓ ਸਾਰੇ ਪ੍ਰਣ ਕਰੀਏ ਕਿ ਅਸੀਂ ਆਪਣੇ ਸਭਿਆਚਾਰ ਨੂੰ ਪੰਜਾਬੀ ਹੀ ਰਹਿਣ ਦੇਈਏ। ਇਸ ਉੱਤੇ ਪੱਛਮੀ ਰੰਗ ਨਾ ਚੜ੍ਹਨ ਦੇਈਏ। ਇਸੇ ਵਿੱਚ ਹੀ ਇਸ ਦਾ ਭਲਾ ਹੈ।