ਲੇਖ : ਪਹਾੜ ਦੀ ਸੈਰ

ਪਹਾੜ ਦੀ ਸੈਰ

ਭੂਮਿਕਾ : ਮਨੁੱਖ ਦੀ ਇਹ ਜਮਾਂਦਰੂ ਰੁਚੀ ਹੁੰਦੀ ਹੈ ਕਿ ਉਹ ਅਣਗਾਹੇ ਥਾਵਾਂ ਨੂੰ ਗਾਹੇ, ਉੱਥੋਂ ਦੀ ਸੈਰ ਕਰੇ ਅਤੇ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਬਾਰੇ ਗਿਆਨ ਹਾਸਲ ਕਰੇ। ਸੈਲਾਨੀ ਤੇ ਯਾਤਰੀ ਲੋਕ ਕੇਵਲ ਇਸੇ ਰੁਚੀ ਦੀ ਤ੍ਰਿਪਤੀ ਲਈ ਹੀ ਵੱਖ-ਵੱਖ ਥਾਵਾਂ ‘ਤੇ ਘੁੰਮਦੇ ਰਹਿੰਦੇ ਹਨ।

ਵਿਦਿਆਰਥੀਆਂ ਲਈ ਸੈਰ ਦੀ ਮਹੱਤਤਾ : ਵਿਦਿਆਰਥੀ ਜੀਵਨ ਵਿੱਚ ਖ਼ਾਸ ਕਰਕੇ ਯਾਤਰਾ ਜਾਂ ਸੈਰ ਦੀ ਬੜੀ ਮਹਾਨਤਾ ਹੁੰਦੀ ਹੈ। ਇਸ ਉਮਰ ਵਿੱਚ ਮਨੁੱਖ ਦੀ ਗਿਆਨ-ਭੁੱਖ ਜ਼ੋਰਾਂ ‘ਤੇ ਹੁੰਦੀ ਹੈ ਅਤੇ ਉਸ ਵਿੱਚ ਅਥਾਹ ਸ਼ਕਤੀ ਵੀ ਹੁੰਦੀ ਹੈ। ਇਸ ਪ੍ਰਕਾਰ ਦੀ ਸੈਰ ਨਾਲ ਸਾਰੇ ਸਾਲ ਦੀ ਪੜ੍ਹਾਈ ਦਾ ਥਕੇਵਾਂ ਵੀ ਲੱਥ ਜਾਂਦਾ ਹੈ। ਤਨ ਤੇ ਮਨ ਦੋਹਾਂ ਵਿੱਚ ਤਾਜ਼ਗੀ ਆਉਂਦੀ ਹੈ।

ਸੈਰ ਲਈ ਜਾਣਾ : ਪਿਛਲੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਾਡੇ ਸਕੂਲ ਦਾ ਇੱਕ ਗਰੁੱਪ ਕਸ਼ਮੀਰ ਦੀ ਸੈਰ ਲਈ ਗਿਆ। ਮੈਂ ਵੀ ਉਸ ਦਾ ਮੈਂਬਰ ਸਾਂ। ਸਾਡੇ ਨਾਲ ਸਾਡੇ ਅਧਿਆਪਕ ਸਾਹਿਬਾਨ ਵੀ ਇਸ ਸੈਰ ਲਈ ਗਏ ਸਨ। ਅਸੀਂ ਸਾਰੇ ਸਵੇਰੇ-ਸਵੇਰੇ ਜੰਮੂ ਜਾਣ ਵਾਲੀ ਬੱਸ ਵਿੱਚ ਸੁਆਰ ਹੋ ਗਏ। ਸ਼ਾਮ ਵੇਲੇ ਅਸੀਂ ਜੰਮੂ ਪੁੱਜ ਗਏ। ਰਾਤ ਇੱਕ ਗੁਰਦੁਆਰਾ ਸਾਹਿਬ ਵਿੱਚ ਕੱਟੀ ਅਤੇ ਸਵੇਰੇ ਮੁੜ ਬੱਸ ਦੁਆਰਾ ਸ੍ਰੀਨਗਰ ਲਈ ਚੱਲ ਪਏ |

ਜੰਮੂ ਤੋਂ ਸ੍ਰੀਨਗਰ ਤੱਕ ਪਹਾੜੀ ਰਸਤੇ ਦਾ ਵਾਤਾਵਰਨ : ਜੰਮੂ ਤੋਂ ਨਿਕਲਦਿਆਂ ਹੀ ਸੜਕ ਦੇ ਦੋਵੇਂ ਪਾਸੇ ਹਰਿਆਵਲ ਹੀ ਹਰਿਆਵਲ ਨਜ਼ਰ ਆਉਂਦੀ ਸੀ। ਆਲੇ-ਦੁਆਲੇ ਰੁੱਖ ਹੀ ਰੁੱਖ ਸਨ। ਜਿਵੇਂ-ਜਿਵੇਂ ਅਸੀਂ ਸ੍ਰੀਨਗਰ ਵੱਲ ਵਧ ਰਹੇ ਸਾਂ ਤਿਵੇਂ – ਤਿਵੇਂ ਪਹਾੜ ਉੱਚੇ ਹੁੰਦੇ ਜਾਂਦੇ ਸਨ। ਜਦੋਂ ਅਸੀਂ ਅੱਗੇ ਗਏ ਤਾਂ ਚੀਲ੍ਹਾਂ ਤੇ ਦੇਵਦਾਰ ਦੇ ਵੱਡੇ-ਵੱਡੇ ਰੁੱਖ ਨਜ਼ਰ ਆਉਣ ਲੱਗੇ। ਰਸਤੇ ਵਿੱਚ ਵੇਖਿਆ ਕਿ ਕਈ ਪਹਾੜੀ ਝਰਨਿਆਂ ਵਿੱਚੋਂ ਪਾਣੀ ਡਿੱਗ ਰਿਹਾ ਸੀ। ਸਾਡੀ ਬੱਸ ਉੱਚੀਆਂ-ਨੀਵੀਆਂ ਅਤੇ ਵਲਦਾਰ ਸੜਕਾਂ ਤੋਂ ਲੰਘ ਰਹੀ ਸੀ। ਕਦੇ ਉਚਾਈ ਆ ਜਾਂਦੀ ਸੀ ਅਤੇ ਕਦੀ ਇਕਦਮ ਨਿਵਾਣ ਆ ਜਾਂਦੀ ਸੀ। ਮੈਂ ਆਪਣੀ ਬਾਰੀ ਵਿੱਚੋਂ ਬਾਹਰ ਕੁਦਰਤੀ ਨਜ਼ਾਰਿਆਂ ਦਾ ਅਨੰਦ ਲੈ ਰਿਹਾ ਸਾਂ। ਮੇਰੇ ਸਾਥੀ ਵੀ ਇਸੇ ਕੰਮ ਵਿੱਚ ਰੁੱਝੇ ਹੋਏ ਸਨ। ਜਿਵੇਂ-ਜਿਵੇਂ ਅਸੀਂ ਸ੍ਰੀਨਗਰ ਨੇੜੇ ਪੁੱਜ ਰਹੇ ਸਾਂ, ਠੰਢ ਵਧਦੀ ਜਾ ਰਹੀ ਸੀ। ਰਾਤ ਨੂੰ ਸਾਢੇ ਸੱਤ ਵਜੇ ਅਸੀਂ ਸਾਰੇ ਸ੍ਰੀਨਗਰ ਪੁੱਜ ਗਏ। ਬੱਸ ਤੋਂ ਉਤਰ ਕੇ ਅਸੀਂ ਇੱਕ ਹੋਟਲ ਵਿੱਚ ਰਹਿਣ ਦਾ ਪ੍ਰਬੰਧ ਕੀਤਾ।

ਪ੍ਰਸਿੱਧ ਸਥਾਨਾਂ ਦੀ ਯਾਤਰਾ : ਦੂਜੇ ਦਿਨ ਅਸੀਂ ਸਾਰੇ ਬੱਸ ਵਿੱਚ ਸਵਾਰ ਹੋ ਕੇ ਟਾਂਵਗਮਰਗ ਪੁੱਜੇ। ਇਹ ਸਥਾਨ ਉੱਚੇ-ਉੱਚੇ ਪਹਾੜਾਂ ਦੇ ਪੈਰਾਂ ਵਿੱਚ ਹੈ। ਇਸ ਸਥਾਨ ਤੋਂ ਅਸੀਂ ਪੈਦਲ ਹੀ ਗੁਲਮਰਗ ਦੀ ਸੈਰ ਲਈ ਨਿਕਲ ਪਏ। ਇਸ ਥਾਂ ਤੋਂ ਗੁਲਮਰਗ 4 ਕਿਲੋਮੀਟਰ ਹੈ। ਇਹ ਸਾਰਾ ਸਫ਼ਰ ਬੜਾ ਹੀ ਸੁਹਾਵਣਾ ਅਤੇ ਅਨੰਦ ਭਰਿਆ ਸੀ। ਅਸੀਂ ਸਾਰੇ ਖ਼ੁਸ਼ੀ-ਖ਼ੁਸ਼ੀ, ਹੱਸਦੇ, ਨੱਚਦੇ ਅਤੇ ਗਾਉਂਦੇ ਜਾ ਰਹੇ ਸਾਂ। ਨਾਲ-ਨਾਲ ਅਸੀਂ ਪਹਾੜੀ ਦ੍ਰਿਸ਼ਾਂ ਦੇ ਨਜ਼ਾਰੇ ਵੀ ਵੇਖ ਰਹੇ ਸਾਂ। ਰਸਤੇ ਵਿੱਚ ਅਸੀਂ ਕਈ ਲੋਕਾਂ ਨੂੰ ਘੋੜਿਆਂ ਉੱਪਰ ਸਫ਼ਰ ਕਰਦੇ ਵੀ ਵੇਖਿਆ। ਇਸ ਇਲਾਕੇ ਦੇ ਪਹਾੜ, ਸਾਲ ਦੇ ਰੁੱਖਾਂ, ਚੀਲ੍ਹ ਦੇ ਰੁੱਖਾਂ ਅਤੇ ਦੇਵਦਾਰ ਦੇ ਰੁੱਖਾਂ ਨਾਲ ਭਰੇ ਪਏ ਸਨ। ਇਹ ਰੁੱਖ ਅਸਮਾਨ ਨਾਲ ਗੱਲਾਂ ਕਰਦੇ ਜਾਪਦੇ ਸਨ। ਇੱਕ ਪਾਸੇ ਉੱਚੇ ਪਹਾੜ ਅਤੇ ਦੂਸਰੇ ਪਾਸੇ ਪਤਾਲ ਜਿੱਡੀਆਂ ਡੂੰਘੀਆਂ ਖੱਡਾਂ ਸਨ। ਬੜਾ ਅਜੀਬ ਨਜ਼ਾਰਾ ਸੀ। ਅਸੀਂ ਕੈਮਰਿਆਂ ਨਾਲ ਕੁਝ ਫੋਟੋਆਂ ਵੀ ਖਿੱਚੀਆਂ। ਸਾਡੇ ਅਧਿਆਪਕ ਵੀ ਇਸ ਸੈਰ ਦਾ ਅਨੰਦ ਮਾਣ ਰਹੇ ਸਨ।

ਗੁਲਮਰਗ ਪਹੁੰਚਣਾ : ਕੁਝ ਦੇਰ ਬਾਅਦ ਅਸੀਂ ਗੁਲਮਰਗ ਪੁੱਜ ਗਏ। ਗੁਲਮਰਗ ਵਿੱਚ ਇੱਕ ਫੁੱਲਾਂ ਨਾਲ ਲੱਦਿਆ ਹੋਇਆ ਛੋਟਾ ਜਿਹਾ ਬਾਗ਼ ਹੈ। ਇਸ ਬਾਗ਼ ਵਿੱਚ ਚਸ਼ਮੇ ਵਗਦੇ ਸਨ। ਉੱਚੇ-ਉੱਚੇ ਰੁੱਖ ਸੁੰਦਰ ਕੁਦਰਤੀ ਨਜ਼ਾਰਾ ਬੰਨ੍ਹਦੇ ਹਨ। ਅਸੀਂ ਡੇਢ ਘੰਟਾ ਇੱਥੇ ਠਹਿਰੇ। ਇੱਥੋਂ ਦੇ ਕੁਦਰਤੀ ਦ੍ਰਿਸ਼ ਬਹੁਤ ਹੀ ਸੁੰਦਰ ਹਨ।

ਖਿਲਨਮਰਗ ਪਹੁੰਚਣਾ : ਗੁਲਮਰਗ ਤੋਂ ਖਿਲਨਮਰਗ ਤੱਕ ਅਸੀਂ ਘੋੜਿਆਂ ’ਤੇ ਜਾਣਾ ਸੀ। ਇਹ ਕੱਚਾ ਰਸਤਾ ਸੀ। ਇਹ ਰਸਤਾ ਚਿੱਕੜ ਨਾਲ ਭਰਿਆ ਹੋਇਆ ਸੀ ਅਤੇ ਪੈਦਲ ਤੁਰਨਾ ਕਾਫ਼ੀ ਮੁਸ਼ਕਲ ਸੀ। ਖਿਲਨਮਰਗ ਤੱਕ ਦੀ ਯਾਤਰਾ ਘੋੜਿਆ ‘ਤੇ ਕੀਤੀ। ਫਿਰ ਅਸੀਂ ਖਿਲਨਮਰਗ ਪੁੱਜ ਗਏ। ਇਹ ਥਾਂ 11,000 ਫੁੱਟ ਉੱਚੀ ਹੈ। ਇਸ ਥਾਂ ‘ਤੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ। ਇੱਥੇ ਅਸੀਂ ਬਰਫ਼ ਨਾਲ ਖੇਡਦੇ ਰਹੇ। ਕੁਝ ਦੇਰ ਇੱਥੇ ਰਹਿਣ ਤੋਂ ਬਾਅਦ ਅਸੀਂ ਰਾਤ ਵੇਲੇ ਵਾਪਸ ਸ੍ਰੀਨਗਰ ਪੁੱਜ ਗਏ।

ਸ੍ਰੀਨਗਰ, ਟਾਂਗਮਰਗ, ਖਿਲਨਮਰਗ ਤੇ ਗੁਲਮਰਗ ਤੋਂ ਬਿਨਾਂ ਅਸੀਂ ਅਗਲੇ ਦਿਨ ਡੱਲ ਝੀਲ, ਨਿਸ਼ਾਤ ਇੱਛਾਬਲ, ਬਾਗ਼, ਕੁੱਕੜਨਾਗ, ਅਵਾਂਤੀਪੂਰੇ ਦੇ ਖੰਡਰ, ਸੋਨਮਰਗ ਤੇ ਪਹਿਲਗਾਮ ਆਦਿ ਥਾਵਾਂ ਵੀ ਵੇਖੀਆਂ। ਅਗਲੇ ਦਿਨ ਸਵੇਰੇ ਵਾਪਸੀ ਯਾਤਰਾ ਭਰੇ ਹੋਏ ਮਨ ਨਾਲ ਕੀਤੀ ਤੇ ਸ਼ਾਮੀ ਅਸੀਂ ਪਹਿਲਾਂ ਸਕੂਲ ਤੇ ਫਿਰ ਘਰ ਪਹੁੰਚੇ। ਕਸ਼ਮੀਰ ਦੀ ਇਹ ਸੈਰ ਜ਼ਿੰਦਗੀ ਭਰ ਦੀ ਅਭੁੱਲ ਯਾਦ ਬਣ ਗਈ ਹੈ।

ਸਾਰੰਸ਼ : ਇੰਜ ਸੈਰ ਦਾ ਵਿਦਿਆਰਥੀਆਂ ਲਈ ਬਹੁਤ ਮਹੱਤਵ ਹੁੰਦਾ ਹੈ। ਪਹਾੜੀ ਸਥਾਨਾਂ ਦੀ ਸੈਰ ਹਮੇਸ਼ਾ ਯਾਦ ਰਹਿੰਦੀ ਹੈ। ਵਿਦਿਆਰਥੀਆਂ ਨੂੰ ਅਜਿਹੀ ਸੈਰ ਦੇ ਮੌਕੇ ਕਦੇ ਗੁਆਉਣੇ ਨਹੀਂ ਚਾਹੀਦੇ।