ਲੇਖ – ਦੁਸਹਿਰਾ
ਦੁਸਹਿਰਾ
ਜਾਣ-ਪਛਾਣ : ਭਾਰਤ ਤਿਉਹਾਰਾਂ ਤੇ ਮੇਲਿਆਂ ਦਾ ਦੇਸ਼ ਹੈ। ਇੱਥੇ ਤਿਉਹਾਰਾਂ ਦਾ ਕਾਫ਼ਲਾ ਤੁਰਿਆ ਹੀ ਰਹਿੰਦਾ ਹੈ। ਇਨ੍ਹਾਂ ਦਾ ਸਬੰਧ ਸਾਡੇ ਧਾਰਮਕ, ਇਤਿਹਾਸਕ ਤੇ ਸੱਭਿਆਚਾਰਕ ਵਿਰਸੇ ਨਾਲ ਹੈ। ਦੁਸਹਿਰਾ ਭਾਰਤ ਵਿੱਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ। ਇਹ ਦੀਵਾਲੀ ਤੋਂ ਵੀਹ ਦਿਨ ਪਹਿਲਾਂ ਮਨਾਇਆ ਜਾਂਦਾ ਹੈ।
ਦੁਸਹਿਰੇ ਦਾ ਅਰਥ : ‘ਦੁਸਹਿਰਾ’ ਸ਼ਬਦ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ— ਦਸ ਅਤੇ ਸਿਰ ਭਾਵ ਦਸ ਸਿਰਾਂ ਵਾਲਾ। ਦਸ ਸਿਰਾਂ ਵਾਲੇ ਦਾ ਸਬੰਧ ਰਾਵਣ ਨਾਲ ਹੈ। ਦੁਸਹਿਰੇ ਵਾਲੇ ਦਿਨ ਇਸ ਦੇ ਬੁੱਤ ‘ਤੇ ਦਸ ਸਿਰ ਹੋਰ ਲਾਏ ਜਾਂਦੇ ਹਨ।
ਪਿਛੋਕੜ : ਕਿਹਾ ਜਾਂਦਾ ਹੈ ਕਿ ਲੰਕਾ ਦੇ ਰਾਜੇ ਰਾਵਣ ਦੇ ਦਸ ਸਿਰ ਸਨ। ਭਾਵ ਉਹ ਬੜਾ ਵਿਦਵਾਨ, ਬੁੱਧੀਮਾਨ ਤੇ ਸ਼ਕਤੀਸ਼ਾਲੀ ਸੀ ਪਰ ਉਸ ਨੇ ਇੱਕ ਅਜਿਹੀ ਗ਼ਲਤੀ ਕੀਤੀ ਕਿ ਸੀਤਾ ਮਾਤਾ ਨੂੰ ਚੁਰਾ ਕੇ ਲੈ ਆਇਆ ਤੇ ਆਪਣੇ ਕਬਜ਼ੇ ਵਿੱਚ ਕੈਦ ਕਰ ਕੇ ਰੱਖਿਆ। ਇਹ ਵੀ ਕਿਹਾ ਜਾਂਦਾ ਹੈ ਕਿ ਉਸ ਦੇ ਦਸ ਸਿਰਾਂ ਵਿੱਚੋਂ ਇੱਕ ਗਧੇ ਦਾ ਸਿਰ ਸੀ ਤਾਂ ਹੀ ਉਸ ਨੇ ਇਹ ਮੂਰਖਾਂ ਭਰਿਆ ਕੰਮ ਕੀਤਾ। ਜਦੋਂ ਕਿ ਅਜਿਹਾ ਨਹੀਂ ਹੋ ਸਕਦਾ ਕਿਉਂਕਿ ਵਿਅਕਤੀ ਭਾਵੇਂ ਕਿੰਨਾ ਵੀ ਗੁਣੀ ਗਿਆਨੀ, ਵਿਦਵਾਨ, ਬੁੱਧੀਮਾਨ ਹੀ ਕਿਉਂ ਨਾ ਹੋਵੇ ਪਰ ਕਈ ਵਾਰ ਕਿਸੇ ਵੀ ਮਨੁੱਖ ਵਲੋਂ ਇੱਕ ਅਜਿਹੀ ਗ਼ਲਤੀ ਕਰ ਲਈ ਜਾਂਦੀ ਹੈ ਜਿਹੜੀ ਮੁਆਫ਼ੀ ਦੇ ਯੋਗ ਨਹੀਂ ਹੁੰਦੀ ਤੇ ਉਹ ਗ਼ਲਤੀ ਉਸ ਨੂੰ ਲੈ ਡੁੱਬਦੀ ਹੈ। ਇਹੋ ਹਾਲ ਰਾਵਣ ਵਰਗੇ ਵਿਦਵਾਨ ਦਾ ਹੋਇਆ। ਉਸ ਦੀ ਬਦੀ ਉਸ ਦੇ ਪਤਨ ਦਾ ਕਾਰਨ ਬਣੀ। ਸੀਤਾ ਨੂੰ ਰਾਵਣ ਦੀ ਕੈਦ ‘ਚੋਂ ਛੁਡਾਉਣ ਲਈ ਸ੍ਰੀ ਰਾਮ ਚੰਦਰ ਜੀ ਅਤੇ ਰਾਵਣ ਦੀ ਸੈਨਾ ਵਿੱਚ ਭਿਆਨਕ ਯੁੱਧ ਹੋਇਆ ਜਿਸ ਵਿੱਚ ਰਾਵਣ ਮਾਰਿਆ ਗਿਆ। ਇਸ ਦਿਨ ਦੀ ਯਾਦ ਵਿੱਚ ਹੀ ਅੱਜ ਤੱਕ ਹਰ ਸਾਲ ਰਾਵਣ ਦਾ ਦਸ ਸਿਰਾਂ ਵਾਲਾ ਪੁਤਲਾ ਬਣਾ ਕੇ ਸਾੜਿਆ ਜਾਂਦਾ ਹੈ ਜੋ ਕਿ ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ।
ਰਾਮ-ਲੀਲ੍ਹਾ : ਦੁਸਹਿਰੇ ਤੋਂ ਪਹਿਲਾਂ ਨੌਂ ਨਰਾਤੇ ਹੁੰਦੇ ਹਨ। ਇਹ ਤਿਉਹਾਰ ਅੱਸੂ-ਕੱਤਕ ਦੇ ਮਹੀਨੇ ਵਿੱਚ ਭਾਵ ਅਕਤੂਬਰ ਵਿੱਚ ਆਉਂਦਾ ਹੈ। ਨਰਾਤਿਆਂ ਦੇ ਦਿਨਾਂ ਵਿੱਚ ਸ਼ਹਿਰਾਂ ਵਿੱਚ ਥਾਂ-ਥਾਂ ਰਾਮ-ਲੀਲ੍ਹਾ ਖੇਡੀ ਜਾਂਦੀ ਹੈ। ਨਾਟ-ਮੰਡਲੀਆਂ ਰਾਹੀਂ ਰਮਾਇਣ ਦੀ ਕਥਾ ਨੂੰ ਨਾਟਕੀ ਰੂਪ ਵਿੱਚ ਖੇਡਿਆ ਜਾਂਦਾ ਹੈ। ਲੋਕ ਬੜੇ ਜੋਸ਼ ਨਾਲ ਰਾਮ-ਲੀਲ੍ਹਾ ਵੇਖਣ ਜਾਂਦੇ ਹਨ। ਇਹ ਲੀਲਾਵਾਂ ਅੱਧੀ-ਅੱਧੀ ਰਾਤ ਤੱਕ ਚੱਲਦੀਆਂ ਰਹਿੰਦੀਆਂ ਹਨ। ਲੋਕ ਇਨ੍ਹਾਂ ਵਿੱਚੋਂ ਰਾਮ ਬਨਵਾਸ, ਭਰਤ ਮਿਲਾਪ, ਸੀਤਾ ਹਰਨ, ਹਨੂੰਮਾਨ ਦੇ ਲੰਕਾ ਸਾੜਨ, ਲਛਮਣ ਮੂਰਛਾ ਆਦਿ ਘਟਨਾਵਾਂ ਨੂੰ ਬੜੀ ਉਤਸੁਕਤਾ ਤੇ ਦਿਲਚਸਪੀ ਨਾਲ ਵੇਖਦੇ ਹਨ। ਹਨੂੰਮਾਨ ਦੇ ਲੰਕਾ ਸਾੜਨ, ਲਛਮਣ ਮੂਰਛਾ ਆਦਿ ਘਟਨਾਵਾਂ ਨੂੰ ਬੜੀ ਉਤਸੁਕਤਾ ਤੇ ਦਿਲਚਸਪੀ ਨਾਲ ਵੇਖਦੇ ਹਨ।
ਨਰਾਤਿਆਂ ਦੀ ਪੂਜਾ : ਦੁਸਹਿਰੇ ਤੋਂ ਪਹਿਲਾਂ ਨੌਂ ਨਰਾਤਿਆਂ ਵਿੱਚ ਦੁਰਗਾ ਪੂਜਾ ਵੀ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇੰਦਰ ਨੇ ਵੀ ਦੁਰਗਾ ਦੀ ਸਹਾਇਤਾ ਨਾਲ ਨੌਂ ਦਿਨ ਲਹੂ – ਡੋਲ੍ਹਵੀਂ ਲੜਾਈ ਕਰ ਕੇ ਦਸਵੇਂ ਦਿਨ ਮਹਿਖ਼ਾਸੁਰ ਦੈਂਤ ਨੂੰ ਖ਼ਤਮ ਕੀਤਾ ਸੀ।
ਦੁਸਹਿਰੇ ਵਾਲਾ ਦਿਨ : ਦਸਵੀਂ ਵਾਲੇ ਦਿਨ ਸ਼ਹਿਰ ਦੇ ਕਿਸੇ ਖੁੱਲ੍ਹੇ ਥਾਂ ਵਿੱਚ ਲੰਕਾਪਤੀ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪਟਾਕਿਆਂ ਨਾਲ ਭਰੇ ਪੁਤਲੇ ਖੜ੍ਹੇ ਕਰ ਦਿੱਤੇ ਜਾਂਦੇ ਹਨ। ਆਲੇ-ਦੁਆਲੇ ਬਜ਼ਾਰ ਸੱਜੇ ਹੁੰਦੇ ਹਨ। ਲੋਕ ਦੂਰੋਂ-ਦੂਰੋਂ ਹੁੰਮ-ਹੁਮਾ ਕੇ ਦੁਸਹਿਰੇ ਨੂੰ ਵੇਖਣ ਲਈ ਆਉਂਦੇ ਹਨ। ਸ਼ਾਮੀਂ ਰੱਥਾਂ ਵਿੱਚ ਬੈਠ ਕੇ ਸ੍ਰੀ ਰਾਮ ਚੰਦਰ ਜੀ ਦੀ ਸਵਾਰੀ ਆਪਣੀ ਸੈਨਾ ਸਮੇਤ ਜਲੂਸ (ਝਾਕੀਆਂ) ਦੇ ਰੂਪ ਵਿੱਚ ਉੱਥੇ ਪੁੱਜਦੀ ਹੈ। ਝੂਠੀ-ਮੂਠੀ ਦੀ ਲੜਾਈ ਹੁੰਦੀ ਹੈ ਜਿਸ ਵਿੱਚ ਰਾਵਣ ਤੇ ਉਸ ਦੇ ਸਾਥੀਆਂ ਨੂੰ ਤੀਰ ਮਾਰੇ ਜਾਂਦੇ ਹਨ ਤੇ ਉਹ ਮਰ ਜਾਂਦੇ ਹਨ। ਸੂਰਜ ਛਿਪਣ ਵੇਲੇ ਇਨ੍ਹਾਂ ਪੁਤਲਿਆਂ ਨੂੰ ਅੱਗ ਲਾਈ ਜਾਂਦੀ ਹੈ।ਪੁਤਲਿਆਂ ਅੰਦਰ ਰੱਖੇ ਪਟਾਖੇ ਠਾਹ-ਠਾਹ ਕਰਕੇ ਦਿਲ-ਕੰਬਾਊ ਅਵਾਜ਼ਾਂ ਨਾਲ ਫਟਦੇ ਹਨ। ਪੁਤਲੇ ਸੜ ਕੇ ਸੁਆਹ ਹੋ ਜਾਂਦੇ ਹਨ। ਇਸ ਵਿੱਚ ਲਾਈਆਂ ਗਈਆਂ ਹਵਾਈਆਂ ਅੱਧ-ਅਸਮਾਨੇ ਪਹੁੰਚ ਜਾਂਦੀਆਂ ਹਨ। ਚਾਰੇ ਪਾਸੇ ਦੌੜ-ਭੱਜ ਜਿਹੀ ਪੈ ਜਾਂਦੀ ਹੈ। ਲੋਕਾਂ ਵਿੱਚ ਹਫੜਾ – ਦਫੜੀ ਮੱਚ ਜਾਂਦੀ ਹੈ। ਕਈ ਵਾਰੀ ਇਸ ਸਮੇਂ ਵੱਡੇ ਹਾਦਸੇ ਵੀ ਹੋਏ ਹਨ। ਇਸ ਲਈ ਇਹ ਦਿਨ ਬਹੁਤ ਹੀ ਸੁਰੱਖਿਅਤ ਢੰਗ ਨਾਲ ਹੀ ਮਨਾਉਣਾ ਚਾਹੀਦਾ ਹੈ।
ਲੋਕਾਂ ਦੀ ਘਰ ਵਾਪਸੀ : ਲੋਕ ਮੇਲਾ ਵੇਖ ਕੇ ਖ਼ੁਸ਼ੀ-ਖ਼ੁਸ਼ੀ ਵਿੱਚ ਕਈ ਤਰ੍ਹਾਂ ਦੀਆਂ ਵਸਤਾਂ, ਮਠਿਆਈਆਂ, ਖਿਡੌਣੇ ਆਦਿ ਖ਼ਰੀਦ ਕੇ ਆਪਣੇ-ਆਪਣੇ ਘਰਾਂ ਨੂੰ ਵਾਪਸ ਪਰਤ ਜਾਂਦੇ ਹਨ। ਕਈ ਲੋਕ ਰਾਵਣ ਦੇ ਸੜ ਰਹੇ ਪੁਤਲੇ ਵਿੱਚੋਂ ਬਾਂਸ ਦੀਆਂ ਲੱਕੜਾਂ ਕੱਢ ਕੇ ਲੈ ਜਾਂਦੇ ਹਨ। ਇਸ ਨਾਲ ਇੱਕ ਰਵਾਇਤ ਜਾਂ ਵਹਿਮ ਜੁੜਿਆ ਹੋਇਆ ਹੈ ਕਿ ਇਹ ਬਾਂਸ ਦੀ ਲੱਕੜੀ ਘਰ ਰੱਖਣ ਨਾਲ ਬਦਰੂਹਾਂ ਦਾ ਪ੍ਰਵੇਸ਼ ਨਹੀਂ ਹੁੰਦਾ।
ਸਾਰੰਸ਼ : ਇਸ ਤਰ੍ਹਾਂ ਇਹ ਤਿਉਹਾਰ ਚਹਿਲ-ਪਹਿਲ ਭਰਿਆ ਹੁੰਦਾ ਹੈ। ਇਹ ਨੇਕੀ ਦੀ ਬਦੀ ਉੱਤੇ ਜਿੱਤ ਹੈ। ਇਸ ਨੂੰ ਵਿਜੈ-ਦਸ਼ਮੀ ਵੀ ਕਿਹਾ ਜਾਂਦਾ ਹੈ। ਕਈ ਲੋਕ ਰਾਵਣ ਦੀ ਅਜਿਹੀ ਦੁਰਦਸ਼ਾ ਨੂੰ ਠੀਕ ਨਹੀਂ ਸਮਝਦੇ। ਉਨ੍ਹਾਂ ਦਾ ਵਿਚਾਰ ਹੈ ਕਿ ਕਿਸੇ ਵਿਦਵਾਨ ਨੂੰ ਇੰਜ ਸਾੜਨਾ ਨਹੀਂ ਚਾਹੀਦਾ। ਇਸੇ ਕਾਰਨ ਕਈ ਥਾਵਾਂ ‘ਤੇ ਰਾਵਣ ਦੀ ਪੂਜਾ ਵੀ ਕੀਤੀ ਜਾਂਦੀ ਹੈ ਪਰ ਇਹ ਤਾਂ ਤ੍ਰੇਤੇ ਯੁੱਗ ਤੋਂ ਹੀ ਹੁੰਦਾ ਆ ਰਿਹਾ ਹੈ। ਨੇਕੀ ਅਤੇ ਸਚਾਈ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਬਦੀ ਅਤੇ ਝੂਠ ਉੱਤੇ ਜਿੱਤ ਦੀ ਓੜਕ ਜੈ-ਜੈ ਕਾਰ ਹੋ ਕੇ ਹੀ ਰਹਿੰਦੀ ਹੈ। ਜ਼ਾਲਮ ਦੀ ਹੱਤਿਆ ਪੁਨ ਹੈ, ਪਾਪ ਨਹੀਂ।