ਲੇਖ – ਜੈ ਪ੍ਰਕਾਸ਼ ਨਾਰਾਇਣ


ਜੈ ਪ੍ਰਕਾਸ਼ ਨਾਰਾਇਣ


ਜੈ ਪ੍ਰਕਾਸ਼ ਨਾਰਾਇਣ ਦਾ ਨਾਂ ਜ਼ਬਾਨ ਤੇ ਆਉਂਦਿਆਂ ਹੀ ਸਿਰ ਸ਼ਰਧਾ ਤੇ ਸਤਿਕਾਰ ਨਾਲ ਝੁਕ ਜਾਂਦਾ ਹੈ। ਗਾਂਧੀ ਜੀ ਤੋਂ ਬਾਅਦ ਸਦਾਚਾਰਿਕ ਤੇ ਅਧਿਆਤਮਕ ਮੁੱਲਾਂ ਦਾ ਪਾਲਣ ਕਰਨ ਵਾਲਾ ਉਹ ਇੱਕੋ ਇਕ ਨੇਤਾ ਸਨ। ਉਹ ਇਕ ਨਿਪੁੰਨ ਨੀਤੀਵਾਨ ਸੀ ਪਰ ਆਮ ਨੀਤੀਵਾਨ ਵਾਂਗ ਉਹ ਆਪਣੇ ਸੁਆਰਥ ਦੀ ਪੂਰਤੀ ਜਾਂ ਉਚੀ ਪਦਵੀ ਦੀ ਪ੍ਰਾਪਤੀ ਲਈ ਛਲ, ਕਪਟ, ਝੂਠ ਤੇ ਪਾਖੰਡ ਜਾਂ ਹੋਰ ਕਿਸੇ ਅਯੋਗ ਢੰਗ ਦਾ ਸਹਾਰਾ ਨਹੀਂ ਲੈਂਦੇ ਸਨ। ਸਗੋਂ, ਸਾਰੀ ਉਮਰ ਉਨ੍ਹਾਂ ਨੇ ਕਿਸੇ ਪਦਵੀ ਦੀ ਇੱਛਾ ਹੀ ਨਹੀਂ ਕੀਤੀ। ਉਹ ਨਿਰੋਲ ਸੇਵਾ-ਭਾਵ ਨਾਲ ਸਾਰੀ ਉਮਰ ਦੁਖੀਆਂ ਤੇ ਗਰੀਬਾਂ ਦੀ ਸੇਵਾ ਕਰਦੇ ਰਹੇ। ਆਮ ਵਿਚਾਰ ਹੈ ਕਿ ਬੰਦਾ ਦੂਰ ਦ੍ਰਿਸ਼ਟਤਾ ਤੇ ਸਿਆਣਪ ਨਾਲ ਨੀਤੀਵਾਨ ਬਣਦਾ ਹੈ, ਅੰਤਰ-ਦ੍ਰਿਸ਼ਟੀ ਤੇ ਸੁਰਤ ਨਾਲ ਗਿਆਨੀ ਜਾਂ ਦਰਸ਼ਨ-ਵੇਤਾ ਬਣਦਾ ਹੈ ਅਤੇ ਨਿਸ਼ਕਾਮ ਸੇਵਾ ਨਾਲ ਸੰਤ ਬਣਦਾ ਹੈ। ਜੈ ਪ੍ਰਕਾਸ਼ ਵਿਚ ਇਹ ਸਾਰੇ ਗੁਣ ਕਾਫੀ ਮਾਤਰਾ ਵਿਚ ਮੌਜੂਦ ਸਨ। ਉਨ੍ਹਾਂ ਦੇ ਇਨ੍ਹਾਂ ਗੁਣਾਂ ਦੇ ਕਾਰਨ ਹੀ ਲੋਕਾਂ ਨੇ ਉਨ੍ਹਾਂ ਨੂੰ ‘ਲੋਕ ਨਾਇਕ’ ਦੀ ਉਪਾਧੀ ਦੇ ਕੇ ਸਤਕਾਰਿਆ। ਉਹ ਕੇਵਲ ਲੋਕ-ਨਾਇਕ ਹੀ ਨਹੀਂ ਸੀ, ਬਲਕਿ ਇਕ ਯੁਗ-ਪੁਰਸ਼ ਵੀ ਸੀ।

ਜੈ ਪ੍ਰਕਾਸ਼ ਦਾ ਜਨਮ ਉੱਤਰ ਪ੍ਰਦੇਸ਼ ਦੇ ਇਕ ਛੋਟੇ ਜਿਹੇ ਪਿੰਡ ਸਿਤਾਬ ਡਿਆਰਾ ਵਿਚ 11 ਅਕਤੂਬਰ, 1902 ਨੂੰ ਹੋਇਆ। ਇਹ ਪਿੰਡ ਅੱਜ ਕੱਲ੍ਹ ਬਿਹਾਰ ਪ੍ਰਾਂਤ ਵਿਚ ਹੈ। ਪਿਤਾ ਦਾ ਨਾਂ ਸ਼੍ਰੀ ਹਰਸੂ ਦਿਆਲ ਤੇ ਮਾਤਾ ਦਾ ਨਾਂ ਸ਼੍ਰੀਮਤੀ ਫੂਲ ਰਾਨੀ ਸੀ। 1919 ਵਿਚ ਮੈਟ੍ਰਿਕ ਪਾਸ ਕਰਕੇ ਉਹ ਪਟਨਾ ਯੂਨੀਵਰਸਿਟੀ ਵਿਚ ਦਾਖਲ ਹੋ ਗਏ, ਪਰ ਛੇਤੀ ਹੀ ਉਨ੍ਹਾਂ ਨੇ ਨਾ-ਮਿਲਵਰਤਣ ਲਹਿਰ ਦੇ ਅਸਰ ਹੇਠ ਪੜ੍ਹਾਈ ਛਡ ਦਿੱਤੀ। 1922 ਵਿਚ ਕਲਕੱਤਾ ਐਸੋਸੀਏਸ਼ਨ ਨੇ ਉਨ੍ਹਾਂ ਨੂੰ ਵਜ਼ੀਫਾ ਦੇ ਕੇ ਪੜ੍ਹਾਈ ਲਈ ਅਮਰੀਕਾ ਭੇਜਿਆ। ਉਥੇ ਆਪਣਾ ਖਰਚ ਪੂਰਾ ਕਰਨ ਲਈ ਉਹ ਖੇਤਾਂ ਫੈਕਟਰੀਆਂ ਤੇ ਹੋਟਲਾਂ ਵਿਚ ਮਜ਼ਦੂਰੀ ਵੀ ਕਰਦੇ ਰਹੇ। ਬੜੀ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਕੇ ਉਨ੍ਹਾਂ ਨੇ ਓਹੀਓ ਯੂਨੀਵਰਸਿਟੀ ਤੋਂ ਸਮਾਜ-ਵਿਗਿਆਨ ਦੀ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ।

ਸੰਨ 1930 ਵਿਚ ਉਹ ਵਾਪਸ ਆਏ ਤਾਂ ਸੁਤੰਤਰਤਾ ਅੰਦੋਲਨ ਪੂਰੇ ਜ਼ੋਰਾਂ ਤੇ ਸੀ ਅਤੇ ਉਨ੍ਹਾਂ ਦੀ ਪਤਨੀ ਪ੍ਰਭਾਵਤੀ ਦੇਸ਼-ਸੇਵਾ ਦਾ ਪ੍ਰਣ ਲੈ ਕੇ ਗਾਂਧੀ ਜੀ ਦੇ ਨਾਲ ਕੰਮ ਕਰ ਰਹੀ ਸੀ। ਕਾਂਗਰਸ ਦੇ ਲਾਹੌਰ ਸਮਾਗਮ ਵਿਚ ਜਵਾਹਰ ਲਾਲ ਨਹਿਰੂ ਦੇ ਭਾਸ਼ਨ ਨੇ ਉਨ੍ਹਾਂ ਨੂੰ ਬੜਾ ਪ੍ਰਭਾਵਿਤ ਕੀਤਾ ਤੇ ਨਹਿਰੂ ਜੀ ਦੇ ਕਹਿਣ ਤੇ ਉਨ੍ਹਾਂ ਨੇ ਕਾਂਗਰਸ ਦੇ ਟਰੇਡ ਯੂਨੀਅਨ ਵਿਭਾਗ ਦਾ ਕਾਰਜ ਸੰਭਾਲ ਲਿਆ। ਕਈ ਸਾਲ ਉਹ ਰੇਲ, ਡਾਕ-ਤਾਰ ਤੇ ਵੱਖ-ਵੱਖ ਫੈਕਟਰੀਆਂ ਦੇ ਕਰਮਚਾਰੀਆਂ ਦੀਆਂ ਯੂਨੀਅਨਾਂ ਦਾ ਪ੍ਰਧਾਨ ਬਣ ਕੇ ਕੰਮ ਕਰਦੇ ਰਹੇ।

ਅਮਰੀਕਾ ਵਿਚ ਪੜ੍ਹਾਈ ਦੇ ਸਮੇਂ ਜੈ ਪ੍ਰਕਾਸ਼ ਨੇ ਮਾਰਕਸ ਦੀਆਂ ਲਿਖਤਾਂ ਦਾ ਅਧਿਐਨ ਕੀਤਾ ਸੀ ਤੇ ਉਹਨਾਂ ‘ਤੇ ਸਮਾਜਵਾਦੀ ਵਿਚਾਰਾਂ ਦਾ ਚੋਖਾ ਪ੍ਰਭਾਵ ਸੀ। ਸਿਵਲ ਨਾ-ਫਰਮਾਨੀ ਲਹਿਰ ਵਿਚ ਉਹ ਕਈ ਵਾਰੀ ਕੈਦ ਹੋਏ। ਜੇਲ੍ਹ ਵਿਚ ਉਹ ਅਚਯੁਤ ਪਟਵਰਧਨ ਤੇ ਅਚਾਰੀਆਂ ਨਰਿੰਦਰ ਦੇਵ ਵਰਗੇ ਸਮਾਜਵਾਦੀ ਨੇਤਾਵਾਂ ਦੇ ਸੰਪਰਕ ਵਿਚ ਆਏ ਤੇ ਸੋਸ਼ਲਿਸਟ ਪਾਰਟੀ ਵਿਚ ਸ਼ਾਮਲ ਹੋ ਗਏ। ਆਪਣੀ ਪਤਨੀ ਦੇ ਅਸਰ ਹੇਠ ਉਹਨਾਂ ‘ਤੇ ਗਾਂਧੀ ਜੀ ਦੇ ਸ਼ਾਂਤਮਈ ਅੰਦੋਲਨ ਦਾ ਵੀ ਪ੍ਰਭਾਵ ਪਿਆ, ਪਰ ਛੇਤੀ ਹੀ ਉਨ੍ਹਾਂ ਨੇ ਵੇਖ ਲਿਆ ਕਿ ਅੰਗਰੇਜ਼ਾਂ ਤੋਂ ਛੁਟਕਾਰਾ ਪਾਉਣ ਲਈ ਇਹ ਹਥਿਆਰ ਨਕਾਰਾ ਹੈ। ਜਦ 1942 ਦੀ ‘ਭਾਰਤ ਛੱਡੋ’ ਲਹਿਰ ਵਿਚ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ, ਤਾਂ ਉਹ ਹਜ਼ਾਰੀ ਬਾਗ ਜੇਲ੍ਹ ਵਿੱਚੋਂ ਭਜ ਨਿਕਲੇ ਤੇ ਗੁਪਤ ਰਹਿ ਕੇ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਹਿੰਸਕ ਕਾਰਵਾਈਆਂ ਦੀ ਅਗਵਾਈ ਕਰਦੇ ਰਹੇ।

ਸੁਤੰਤਰਤਾ ਤੋਂ ਬਾਅਦ ਨਹਿਰੂ ਜੀ ਨੇ ਉਨ੍ਹਾਂ ਨੂੰ ਮੰਤਰੀ-ਮੰਡਲ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ, ਪ੍ਰੰਤੂ ਜੈ ਪ੍ਰਕਾਸ਼ ਜੀ ਨੇ ਸ਼ਰਤ ਲਾਈ ਕਿ ਪਹਿਲਾਂ ਦੇਸ਼ ਦੇ ਵਿਕਾਸ ਤੇ ਉੱਨਤੀ ਦੇ ਨਿਸ਼ਾਨੇ ਤੇ ਪ੍ਰੋਗਰਾਮ ਮਿਥ ਲਏ ਜਾਣ। ਉਨ੍ਹਾਂ ਦਾ ਖਿਆਲ ਸੀ ਕਿ ਉਸ ਵੇਲੇ ਦੀ ਰਾਜਨੀਤੀ ਨਾ ਤਾਂ ਦੇਸ਼ ਦਾ ਉਧਾਰ ਹੀ ਕਰ ਸਕਦੀ ਸੀ ਅਤੇ ਨਾ ਹੀ ਗਰੀਬਾਂ ਤੇ ਪੀੜਤਾਂ ਨੂੰ ਉੱਚਾ ਚੁੱਕਣ ਦੇ ਸਮਰਥ ਸੀ। ਸੋ, ਉਹ ਰਾਜਨੀਤੀ ਨੂੰ ਤਿਆਗ ਕੇ ਆਚਾਰੀਆ ਵਿਨੋਬਾ ਭਾਵੇ ਦੀ ਸਰਵੋਦੇ ਤੇ ਭੂ ਦਾਨ ਲਹਿਰ ਵਿਚ ਸ਼ਾਮਿਲ ਹੋ ਗਏ ਤੇ ਉਨ੍ਹਾਂ ਨੇ ਇਹਦੇ ਵਿਚ ਮਹੱਤਵਪੂਰਨ ਭਾਗ ਲੈ ਕੇ ਹਜ਼ਾਰਾਂ ਬੇਜ਼ਮੀਨੇ ਕਿਸਾਨਾਂ ਨੂੰ ਭੁਇੰ ਦੇ ਮਾਲਕ ਬਣਾਇਆ।

1971 ਦੀਆਂ ਚੋਣਾਂ ਵਿਚ ਕਾਂਗਰਸ ਨੂੰ ਲੋਕ ਸਭਾ ਵਿਚ ਭਾਰੀ ਬਹੁ-ਸੰਮਤੀ ਪ੍ਰਾਪਤ ਹੋਈ। ਆਪ ਨੇ ਵੇਖਿਆ ਕਿ ਸੱਤਾਧਾਰੀ ਪਾਰਟੀ ਵਿਚ ਲੋਕ-ਰਾਜ ਦੀ ਥਾਂ ਤਾਨਾਸ਼ਾਹੀ ਪਰਵਿਰਤੀਆਂ ਜ਼ੋਰ ਫੜ ਰਹੀਆਂ ਹਨ ਅਤੇ ਧਨ, ਝੂਠ, ਭ੍ਰਿਸ਼ਟਾਚਾਰ ਤੇ ਤਾਕਤ ਦੇ ਜ਼ੋਰ ਨਾਲ ਲੋਕਰਾਜ ਨੂੰ ਖਤਮ ਕੀਤਾ ਜਾ ਰਿਹਾ ਹੈ। ਆਪ ਨੇ ਪੂਰੇ ਜ਼ੋਰ ਨਾਲ ਇਸ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ। ਅਖੀਰ ਉਨ੍ਹਾਂ ਦੀ ‘ਸੰਪੂਰਨ ਕਰਾਂਤੀ’ ਦੀ ਲਹਿਰ ਇੰਨਾ ਜ਼ੋਰ ਫੜ ਗਈ ਕਿ ਸ਼੍ਰੀਮਤੀ ਇੰਦਰਾ ਗਾਂਧੀ ਨੇ 25 ਜੂਨ, 1975 ਨੂੰ ਦੇਸ਼ ਵਿਚ ਐਮਰਜੈਂਸੀ (ਅਪਾਤ ਸਥਿਤੀ) ਲਾ ਦਿੱਤੀ ਤੇ ਜੈ ਪ੍ਰਕਾਸ਼ ਸਮੇਤ ਸਭ ਆਗੂਆਂ ਤੇ ਵਿਰੋਧੀ ਪਾਰਟੀ ਦੇ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ। ਐਮਰਜੈਂਸੀ ਖਤਮ ਹੋਣ ਤੋਂ ਬਾਅਦ ਜੈ ਪ੍ਰਕਾਸ਼ ਜੀ ਨੇ ਸਭ ਵਿਰੋਧੀ ਪਾਰਟੀਆਂ ਨੂੰ ਮਿਲਾ ਕੇ ਜਨਤਾ ਪਾਰਟੀ ਦਾ ਗਠਨ ਕੀਤਾ, ਜਿਸ ਨੂੰ ਮਾਰਚ, 1977 ਦੀਆਂ ਚੋਣਾਂ ਵਿਚ ਅਦੁੱਤੀ ਸਫਲਤਾ ਪ੍ਰਾਪਤ ਹੋਈ।

ਅਫ਼ਸੋਸ ਕਿ ਜਨਤਾ ਪਾਰਟੀ ਦੇ ਆਗੂਆਂ ਦੀ ਆਪਸੀ ਫੁਟ, ਸੁਆਰਥ, ਲਾਲਚ ਤੇ ਅਹੁਦਿਆਂ ਦੀ ਲਾਲਸਾ ਦੇ ਕਾਰਨ ਇਹ ਪਾਰਟੀ ਆਪਣੇ ਸ਼ਾਸਨ ਕਾਲ ਵਿਚ ਜਨਤਾ ਦਾ ਕੁਝ ਨਾ ਸੁਆਰ ਸਕੀ ਤੇ ਇਕ ਤਰ੍ਹਾਂ ਨਾਲ ਜੈ ਪ੍ਰਕਾਸ਼ ਜੀ ਦੇ ਜੀਉਂਦੀਆਂ ਹੀ ਖਤਮ ਹੋ ਗਈ। ਉਨ੍ਹਾਂ ਦਾ ਸੰਪੂਰਣ ਕਰਾਂਤੀ ਦਾ ਸੁਪਨਾ, ਸੁਪਨਾ ਹੀ ਰਹਿ ਗਿਆ। ਜੇਲ੍ਹ ਵਿਚ ਜੈ ਪ੍ਰਕਾਸ਼ ਜੀ ਦੇ ਗੁਰਦਿਆਂ ਨੂੰ ਅਜਿਹੀ ਬੱਜ ਲੱਗੀ ਸੀ ਕਿ ਇਸ ਤੋਂ ਉਹ ਕਦੀ ਵੀ ਛੁਟਕਾਰਾ ਨਾ ਪਾ ਸਕੇ। ਚਾਰ ਸਾਲ ਉਹ ਲਗਾਤਾਰ ਬੰਬਈ ਦੇ ਜਸਲੋਕ ਹਸਪਤਾਲ ਵਿਚ ਡਾਇਲੇਸਿਸ ਦੇ ਰਾਹੀਂ ਖੂਨ ਸਾਫ ਕਰਾਉਂਦੇ ਰਹੇ, ਅਤੇ ਇਸ ਆਸਰੇ ਸਾਰਾ ਜੀਵਨ ਜੀਉਂਦੇ ਰਹੇ। ਅੰਤ ਆਪਣੇ ਜਨਮ ਦਿਨ ਤੋਂ ਤਿੰਨ ਦਿਨ ਪਹਿਲੇ 8 ਅਕਤੂਬਰ, 1979 ਨੂੰ ਕੌਮ ਨੂੰ ਸਦੀਵੀ ਵਿਛੋੜਾ ਦੇ ਗਏ।

ਜੈ ਪ੍ਰਕਾਸ਼ ਨਾਰਾਇਣ ਇਕ ਨੀਤੀਵਾਨ ਤੋਂ ਅੱਗੇ ਵੱਧ ਕੇ ਮਨੁੱਖਤਾਵਾਦੀ ਕ੍ਰਾਂਤੀਕਾਰੀ ਮਹਾਂਪੁਰਸ਼ ਸੀ। ਉਹ ਨਿਆਂ ਤੇ ਸੱਚ ਦੇ ਫੱਟੜ ਹਾਮੀ ਸਨ। ਦੁਨੀਆਂ ਦੇ ਸਭ ਦੱਬੇ- ਲਿਤਾੜੇ ਮਨੁੱਖਾਂ ਲਈ ਉਨ੍ਹਾਂ ਦੇ ਦਿਲ ਵਿਚ ਦਰਦ ਸੀ। ਬੰਗਲਾ ਦੇਸ਼ ਦੇ ਸੁਤੰਤਰਤਾ ਘੋਲ ਵਿਚ ਉਨ੍ਹਾਂ ਨੇ ਕਈ ਦੇਸ਼ਾਂ ਦਾ ਦੌਰਾ ਕਰਕੇ ਉਨ੍ਹਾਂ ਦੇ ਹੱਕ ਵਿਚ ਆਵਾਜ਼ ਉਠਾਈ। ਉਨ੍ਹਾਂ ਨੇ ਆਪਣੀ ਸਰਕਾਰ ਨੂੰ ਪਾਕਿਸਤਾਨ ਤੇ ਸ਼ੇਖ ਅਬਦੁੱਲਾ ਨਾਲ ਟਾਕਰੇ ਦਾ ਰਾਹ ਛਡ ਕੇ ਸੁਲ੍ਹਾ-ਸਫਾਈ ਵਾਲਾ ਵਤੀਰਾ ਧਾਰਨ ਕਰਨ ਵੱਲ ਪ੍ਰੇਰਿਆ। ਉਨ੍ਹਾਂ ਨੇ ਨਾਗਾਲੈਂਡ ਵਿਚ ਸ਼ਾਂਤੀ ਸਥਾਪਿਤ ਕਰਨ ਲਈ ਭਾਰੀ ਯੋਗਦਾਨ ਦਿੱਤਾ। ਉਹਨਾਂ ਦਾ ਖਿਆਲ ਸੀ ਕਿ ਚੋਰਾਂ, ਡਾਕੂਆਂ ਤੇ ਹੋਰ ਸਮਾਜ-ਵਿਰੋਧੀ ਮਨੁੱਖਾਂ ਨੂੰ ਸਖਤੀ ਨਾਲ ਨਹੀਂ, ਸਗੋਂ ਉਨ੍ਹਾਂ ਦੀ ਮਾੜੀ ਵਿਰਤੀ ਦੇ ਕਾਰਨ ਲੱਭ ਕੇ ਪਿਆਰ ਨਾਲ ਹੀ ਠੀਕ ਰਾਹ ਤੇ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਦੀ ਪ੍ਰੇਰਨਾ ਨਾਲ ਚੰਬਲ ਵਾਦੀ ਦੇ ਪੰਜ ਸੌ ਡਾਕੂਆਂ ਤੇ ਕਈ ਸਮੱਗਲਰਾਂ ਨੇ ਇਹ ਨਖਿੱਧ ਕੰਮ ਛਡ ਕੇ ਆਤਮ-ਸਮਰਪਨ ਕੀਤਾ।

ਜੈ ਪ੍ਰਕਾਸ਼ ਜੀ ਮਾਨਵਵਾਦ ਤੋਂ ਬਿਨਾਂ ਹੋਰ ਕਿਸੇ ‘ਵਾਦ’ ਵਿਚ ਯਕੀਨ ਨਹੀਂ ਰਖਦੇ ਸਨ। ਆਪਣੇ ਚਲਾਣੇ ਤੋਂ ਸਤਾਰਾਂ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ 77ਵੇਂ ਜਨਮ-ਦਿਨ ਲਈ ਜੋ ਸੰਦੇਸ ਟੇਪ ਕਰਾਇਆ ਸੀ, ਉਹ ਇਕ ਇਤਿਹਾਸਿਕ ਲਿਖਤ ਬਣ ਗਿਆ ਹੈ। ਇਹਦੇ ਵਿਚ ਉਨ੍ਹਾਂ ਨੇ ਅਖਿਆ ਸੀ,

“ਮੈਂ ਬਚਪਨ ਤੋਂ ਲੈ ਕੇ ਹੁਣ ਤਕ ਆਮ ਆਦਮੀ ਨੂੰ ਉੱਚਾ ਚੁੱਕਣ ਲਈ, ਉਸ ਨੂੰ ਸੁਤੰਤਰਤਾ ਦਿਵਾਉਣ, ਜਾਗ੍ਰਿਤ ਕਰਨ ਤੇ ਦੋ ਵੇਲੇ ਦੀ ਰਜਵੀਂ ਰੋਟੀ ਦਿਵਾ ਕੇ ਉਸ ਦੇ ਜੀਵਨ ਵਿਚ ਖੇੜਾ ਲਿਆਉਣ ਦਾ ਜਤਨ ਕਰਦਾ ਰਿਹਾ ਹਾਂ। ਇਹਦੇ ਲਈ ਹੱਲ ਦੀ ਖੋਜ ਲਈ ਮੈਂ ਮਾਰਕਸਵਾਦ ਵੱਲ ਗਿਆ; ਜਿਨ੍ਹਾਂ ਦੇਸ਼ਾਂ ਵਿਚ ਸਮਾਜਵਾਦ ਪ੍ਰਚਲਿਤ ਹੈ, ਉਥੋਂ ਦੇ ਜੀਵਨ ਦੀ ਘੋਖ ਕੀਤੀ, ਪਰ ਉਥੇ ਵੀ ਮੈਨੂੰ ਕਈ ਊਣਤਾਈਆਂ ਦਿੱਸੀਆਂ। ਅਖੀਰ ਮੈਂ ਇਸ ਨਤੀਜੇ ਉਤੇ ਪੁੱਜਾ ਕਿ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਹੀ ਦੱਬੀ-ਲਿਤਾੜੀ ਜਨਤਾ ਦੇ ਦੁੱਖਾਂ ਦਾ ਇਲਾਜ ਹੈ। ਆਪਣਾ ਨਿਮਾਣਾ ਜਤਨ ਇਸ ਰਾਹ ਤੇ ਚੱਲਣ ਲਈ ਲਾ ਰਿਹਾ ਹਾਂ। ਪਰ ਇਹ ਰਾਹ ਬੜਾ ਲੰਮਾ ਤੇ ਬਿਖੜਾ ਹੈ ਤੇ ਇਸ ਵਿਚਾਰਧਾਰਾ ਨੂੰ ਅਮਲੀ ਰੂਪ ਦੇਣ ਤੋਂ ਬਿਨਾਂ ਹੀ ਮੇਰਾ ਜੀਵਨ-ਸਫਰ ਹੁਣ ਮੁੱਕਣ ਵਾਲਾ ਹੈ। ਇਸ ਦਾ ਮੈਨੂੰ ਦੁੱਖ ਨਹੀਂ, ਅਫਸੋਸ ਜ਼ਰੂਰ ਹੈ ਕਿ ਮੈਂ ਆਪਣੀ ਵਿਚਾਰਧਾਰਾ ਨੂੰ ਅਮਲੀ ਜਾਮਾ ਨਹੀਂ ਪਹਿਨਾ ਸਕਿਆ।”