ਲੇਖ : ਗੁਰਬਖਸ਼ ਸਿੰਘ ਪ੍ਰੀਤਲੜੀ


ਗੁਰਬਖਸ਼ ਸਿੰਘ ਪ੍ਰੀਤਲੜੀ (1895-1970)


ਗੁਰਬਖਸ਼ ਸਿੰਘ ਆਧੁਨਿਕ ਪੰਜਾਬੀ ਸਾਹਿਤ ਵਿੱਚ ਬਹੁਤ ਉੱਚਾ ਸਥਾਨ ਰੱਖਦੇ ਹਨ। ਭਾਈ ਵੀਰ ਸਿੰਘ ਦਾ ਸਥਾਨ ਧਾਰਮਿਕ ਰਹੱਸਵਾਦੀ ਸਦਾਚਾਰਕ ਵਿਸ਼ਿਆਂ ਨੂੰ ਉਪਜਾਉਣ ਕਰਕੇ ਵਿਸ਼ੇਸ਼ ਸਮਝਿਆ ਜਾਂਦਾ ਹੈ, ਪਰੰਤੂ ਗੁਰਬਖਸ਼ ਸਿੰਘ ਨੇ ਸਮਾਜਕ ਚੇਤੰਨਤਾ ਅਤੇ ਆਧੁਨਿਕ ਵਿਗਿਆਨਕ ਭਾਵਾਂ ਨਾਲ ਸਾਹਿਤ ਰਚਨਾ ਕਰਕੇ ਪੰਜਾਬੀ ਸਾਹਿਤ ਦੀ ਦਸ਼ਾ ਹੀ ਬਦਲ ਦਿੱਤੀ ਹੈ। ਉਨ੍ਹਾਂ ਨੇ ਹਰ ਪ੍ਰਕਾਰ ਦਾ ਸਾਹਿਤ ਲਿਖਿਆ ਹੈ। ਵਿਸ਼ੇਸ਼ ਕਰਕੇ ਨਿਬੰਧ ਅਤੇ ਕਹਾਣੀ ਦੇ ਖੇਤਰ ਵਿੱਚ ਉਨ੍ਹਾਂ ਦਾ ਮੁਕਾਬਲਾ ਕਰਨ ਵਾਲੇ ਬੜੇ ਘੱਟ ਲੋਕ ਹਨ। ਉਹ ਪੁਰਾਣੀ ਪੀੜ੍ਹੀ ਅਤੇ ਨਵੀਂ ਪੀੜ੍ਹੀ ਦੇ ਵਿਚਕਾਰ ਇਕ ਪੁੱਲ ਦੀ ਤਰ੍ਹਾਂ ਕੰਮ ਕਰਦੇ ਹਨ।

ਗੁਰਬਖਸ਼ ਸਿੰਘ ਦਾ ਜਨਮ 20 ਅਪ੍ਰੈਲ 1895 ਨੂੰ ਪੂਰਨ ਭਗਤ ਦੇ ਸ਼ਹਿਰ ਸਿਆਲਕੋਟ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਪਸ਼ੇਰਾ ਸਿੰਘ ਸੀ। ਉਨ੍ਹਾਂ ਨੇ ਦਸਵੀਂ ਆਪਣੇ ਪਿੰਡ ਵਿੱਚ ਕੀਤੀ ਤੇ ਐਫ.ਸੀ. ਕਾਲਜ ਲਾਹੌਰ ਵਿੱਚ ਦਾਖਲ ਹੋਏ। ਆਰਥਕ ਮਜਬੂਰੀ ਕਰਕੇ ਉਹ ਟ੍ਰਾਂਸਪੋਰਟ ਵਿਭਾਗ ਵਿੱਚ ਕਲਰਕ ਲੱਗ ਗਏ। ਫਿਰ ਰੁੜਕੀ ਵਿੱਚ ਜਾਕੇ, ਇੰਜਨੀਅਰਿੰਗ ਕੀਤੀ। 1917 ਵਿੱਚ ਉਨ੍ਹਾਂ ਨੇ ਓਵਰਸਿਅਰ ਇਮਤਿਹਾਨ ਪਾਸ ਕੀਤਾ ਤੇ ਫ਼ੌਜ ਵਿੱਚ ਭਰਤੀ ਹੋ ਗਏ। ਉਨ੍ਹਾਂ ਵਿੱਚ ਅੱਗੇ ਵਧਣ ਦੀ ਤਾਂਘ ਹਮੇਸ਼ਾ ਬੱਲਦੀ ਰਹੀ। ਅਮਰੀਕਾ ਜਾ ਕੇ ਉਨ੍ਹਾਂ ਨੇ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ। ਪਹਿਲਾਂ ਉਹ ਰੇਲਵੇ ਵਿੱਚ ਇੰਜੀਨੀਅਰ ਰਹੇ। 1933 ਵਿੱਚ ਉਨ੍ਹਾਂ ਨੇ ਪ੍ਰੀਤਲੜੀ ਸ਼ੁਰੂ ਕੀਤੀ। ਅੰਮ੍ਰਿਤਸਰ ਸਰਹੱਦੀ ਇਲਾਕੇ ਤੇ ਉਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਸਾਕਾਰ ਕੀਤਾ। ਪ੍ਰੀਤ ਨਗਰ ਵਸਾਇਆ ਤੇ 20 ਅਗਸਤ 1970 ਨੂੰ ਉਨ੍ਹਾਂ ਦੀ ਮੌਤ ਹੋ ਗਈ।

ਗੁਰਬਖਸ਼ ਸਿੰਘ ਨੇ ਸਾਰੇ ਵਿਸ਼ਵ ਵਿੱਚ ਬਹੁਤ ਸਾਰੀ ਥਾਂਵਾਂ ਤੇ ਭ੍ਰਮਣ ਕੀਤਾ। ਖਾਸ ਤੌਰ ਤੇ ਉਹ ਅਮਰੀਕਾ ਦੀ ਸਭਿਅਤਾਂ ਤੋਂ ਬਹੁਤ ਪ੍ਰਭਾਵਤ ਹੋਏ। ਇੱਕ ਵਾਰੀ ਜਦੋਂ ਉਹ ਅਮਰੀਕਾ ਵਿੱਚ ਥਿਏਟਰ ਵਿੱਚ ਬੈਠੇ ਸੀ ਤਾਂ ਉਨ੍ਹਾਂ ਨੂੰ ਦਸਤਾਰ ਲਾਹੁਣ ਲਈ ਕਿਹਾ ਗਿਆ। ਪਰ ਗੁਰਬਖਸ਼ ਸਿੰਘ ਰੋਸ ਵਿੱਚ ਥਿਏਟਰ ਨੂੰ ਛੱਡ ਕੇ ਆ ਗਏ ਤੇ ਅਖ਼ਬਾਰਾਂ ਦੇ ਨਾਂ ਤੇ ਪੱਤਰ ਲਿਖਿਆ, “ਇੱਕ ਪਰਦੇਸੀ ਤੁਹਾਡੇ ਦਰ ਤੇ” ਇਸ ਪੱਤਰ ਵਿੱਚ ਉਨ੍ਹਾਂ ਨੇ ਕਿਹਾ ਕਿ ਦਸਤਾਰ ਬੰਨਣਾ ਉਨ੍ਹਾਂ ਦੇ ਧਰਮ ਅਤੇ ਸਭਿਅਤਾ ਦੇ ਅਨੁਕੂਲ ਹੈ। ਉਨ੍ਹਾਂ ਦੀ ਪੱਗ ਇਜ਼ਤ ਦੀ ਨਿਸ਼ਾਨੀ ਸਮਝੀ ਜਾਂਦੀ ਹੈ। ਇਸ ਪੱਤਰ ਲਿਖਣ ਨਾਲ ਥਿਏਟਰ ਵਾਲੇ ਨੇ ਉਨ੍ਹਾਂ ਤੋਂ ਮੁਆਫੀ ਮੰਗੀ ਤੇ ਉਨ੍ਹਾਂ ਨੂੰ ਥਿਏਟਰ ਦੁਬਾਰਾ ਬੁਲਾਇਆ ਗਿਆ। ਅਮਰੀਕਾ ਵਿੱਚ ਰਹਿੰਦੇ ਹੋਏ ਉਨ੍ਹਾਂ ਦਾ ਸੰਬੰਧ ਕਈ ਲੇਖਕਾਂ ਨਾਲ ਹੋਇਆ। ਉਹਨਾਂ ਵਿੱਚ ਇੱਕ Mrs. ਮਕੈਟਰੀ ਦਾ ਨਾਂ ਵਿਸ਼ੇਸ਼ ਤੌਰ ਤੇ ਉਹ ਲੈਂਦੇ ਹਨ। ਅਮਰੀਕਾ ਵਿੱਚ ਰਹਿੰਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਦੇਸ਼ ਦੀ ਸਭਿਅਤਾ ਨੂੰ ਨਾ ਭੁਲਾਇਆ ਤੇ ਪੂਰਨ ਭਗਤ ਦੀ ਕਹਾਣੀ ਨੂੰ ਪਬਲਿਕ ਸਕੂਲ ਵਿੱਚ ਜਾ ਕੇ ਸੁਣਾਇਆ ਜਿੱਥੇ ਉਨ੍ਹਾਂ ਦੀ ਇੱਕ ਨੰਨ੍ਹੀ ਦੋਸਤ ਇਲਾਹ ਪੜ੍ਹਦੀ ਸੀ। ਇਸ ਯਾਦ ਨੂੰ ਉਨ੍ਹਾਂ ਨੇ ਆਪਣੀ ਕਿਤਾਬ ਵਿੱਚ ਅੰਕਿਤ ਕੀਤਾ।

ਗੁਰਬਖਸ਼ ਸਿੰਘ ਨੇ ਹਰ ਇੱਕ ਪ੍ਰਕਾਰ ਦਾ ਸਾਹਿਤ ਲਿਖਿਆ। ਮੇਰੀ ਦਾਦੀ ਜੀ ਤੇ ਰਾਜਕੁਮਾਰੀ ਲਤਿਕਾ ਅਮਰੀਕਾ ਵਿੱਚ ਛੱਪ ਗਏ ਸਨ। ਪ੍ਰੀਤਲੜੀ ਦੇ ਆਰੰਭ ਹੋਣ ਨਾਲ ਉਨ੍ਹਾਂ ਨੇ ਬਹੁਤ ਸਾਰੀ ਸਾਹਿਤ ਰਚਨਾ ਸ਼ੁਰੂ ਕੀਤੀ। ਗੁਰਬਖਸ਼ ਸਿੰਘ ਦੀਆਂ ਕਹਾਣੀਆਂ ਦੀਆਂ ਪੁਸਤਕਾਂ ਵਿੱਚ ਵੀਨਾ ਵਿਨੋਦ, ਭਾਬੀ ਮੈਨਾ ਅਨੋਖੇ ਤੇ ਇਕੱਲੇ, ਸ਼ਬਨਮ, ਇਸ਼ਕ ਜਿਨ੍ਹਾਂ ਦੀ ਹੱਡੀ ਰੱਚਿਆ ਆਦਿ ਵਿਸ਼ੇਸ਼ ਹਨ। ਨਾਟਕਾਂ ਵਿੱਚੋਂ ਗੁਰਬਖਸ਼ ਸਿੰਘ ਦੀ ਰਾਜ ਕੁਮਾਰੀ ਲਤਿਕਾ, ਪ੍ਰੀਤ ਮੁਕਟ ਆਦਿ ਪ੍ਰਸਿੱਧ ਨਾਟਕ ਹੋਏ ਹਨ।

ਪ੍ਰਮੁੱਖ ਤੌਰ ਤੇ ਗੁਰਬਖਸ਼ ਸਿੰਘ ਇੱਕ ਨਿਬੰਧਕਾਰ ਹੋਏ ਹਨ। ਨਿਬੰਧਾਂ ਦੀਆਂ ਪੁਸਤਕਾਂ ਵਿੱਚ ਉਨ੍ਹਾਂ ਦੀਆਂ ਮੇਰੀਆਂ ਅਭੁੱਲ ਯਾਦਾਂ, ਸਾਵੀਂ ਪੱਧਰੀ ਜ਼ਿੰਦਗੀ, ਪ੍ਰਸੰਨ ਲੰਮੀ ਉਮਰ, ਨਵਾਂ ਸ਼ਵਾਲਾ, ਖੁਲਾ ਦਰ ਪ੍ਰਮੁੱਖ ਹਨ। ਪਰਮ ਮਨੁੱਖ ਉਨ੍ਹਾਂ ਨੇ 10 ਗੁਰਾਂ ਬਾਰੇ ਲਿਖੀ ਹੈ। ਉਸ ਵਿੱਚ ਕੁੱਝ ਗੱਲਾਂ ਅਜਿਹੀਆਂ ਲਿਖੀਆਂ ਗਈਆਂ ਹਨ ਜਿਨ੍ਹਾਂ ਨੂੰ ਕੱਟੜਪੰਥੀਆਂ ਨੇ ਸਵੀਕਾਰ ਨਾ ਕੀਤਾ। ਗੁਰਬਖਸ਼ ਸਿੰਘ ਦਾ ਬਹੁਤ ਵਿਰੋਧ ਵੀ ਹੋਇਆ ਪਰ ਸਮੇਂ ਦੇ ਗੁਜ਼ਰਨ ਨਾਲ ਗੁਰਬਖਸ਼ ਸਿੰਘ ਦੇ ਵਿਚਾਰਾਂ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਅਪਣਾਇਆ।

ਗੁਰਬਖਸ਼ ਸਿੰਘ ਇੱਕ ਆਸ਼ਾਵਾਦੀ ਸੁਪਨੇ ਦੇਖਣ ਵਾਲੇ ਸਨ। ਉਹ ਆਰਥਿਕ ਭਾਈਚਾਰੇ ਵਿੱਚ ਵਿਸ਼ਵਾਸ ਰੱਖਦੇ ਸਨ। ਪ੍ਰਸਿੱਧ ਅਮਰੀਕੀ ਲੇਖਕ ਰਸੱਲ ਦੀ ਤਰ੍ਹਾਂ ਉਹ ਵੀ ਸਾਰੀ ਦੁਨੀਆਂ ਨੂੰ ਇੱਕ ਹੋਇਆ ਦੇਖਣਾ ਚਾਹੁੰਦੇ ਸਨ।

ਉਨ੍ਹਾਂ ਨੇ ਸਮਾਜਿਕ ਬਰਾਬਰੀ ਦੀ ਗੱਲ ਕੀਤੀ। ਲੋਕਾਂ ਨੂੰ ਜ਼ਾਤ-ਪਾਤ, ਰੰਗ ਨਸਲ ਦੇ ਫਰਕ ਤੋਂ ਉੱਚਾ ਉਠ ਕੇ ਜੀਵਨ ਬਤੀਤ ਕਰਨ ਲਈ ਕਿਹਾ। ਗੁਰਬਖਸ਼ ਸਿੰਘ ਰੂਸੀ ਵਿਚਾਰਧਾਰਾ ਨਾਲ ਬਹੁਤ ਨੇੜਤਾ ਰੱਖਦੇ ਸਨ।1971 ਵਿੱਚ ਉਨ੍ਹਾਂ ਨੂੰ ਸੋਵੀਅਤ ਨਹਿਰੂ ਪੁਰਸਕਾਰ ਪ੍ਰਾਪਤ ਹੋਇਆ।

ਗੁਰਬਖਸ਼ ਸਿੰਘ ਨੇ ਇੱਕ ਨਵੀਂ ਵਿਚਾਰਧਾਰਾ ਪੇਸ਼ ਕੀਤੀ ਜਿਸਨੂੰ ਪਿਆਰ, “ਕਬਜ਼ਾ ਨਹੀਂ ਪਹਿਚਾਣ ਹੈ’ ਦਾ ਨਾਂ ਦਿੱਤਾ ਜਿਸ ਤਰ੍ਹਾਂ ਪਲੇਟੋ ਨੇ ਪਲੈਟੋਨਿਕ ਲਵ (Platonic Love) ਦੀ ਗੱਲ ਕੀਤੀ ਸੀ ਤੇ ਪਿਆਰ ਨੂੰ ਕਬਜ਼ੇ ਦੀ ਰੁਚੀ ਤੋਂ ਉੱਚਾ ਦੱਸਿਆ ਤੇ ਕਿਹਾ ਕਿ ਸ਼ਰੀਰਕ ਪਿਆਰ ਕੋਈ ਪਿਆਰ ਨਹੀਂ ਹੈ। ਇਹ ਵਿਚਾਰਧਾਰਾ ਗੁਰਬਖਸ਼ ਸਿੰਘ ਨੇ ਸਹਿਜ ਪਿਆਰ ਦੇ ਰੂਪ ਵਿੱਚ ਪੇਸ਼ ਕੀਤੀ ਹੈ। ਇਹ ਉਨ੍ਹਾਂ ਦੀ ਰਚਨਾ ਦਾ ਪ੍ਰਮੁੱਖ ਸਿਧਾਂਤ ਹੈ। ਉਨ੍ਹਾਂ ਦੀਆਂ ਸਾਰੀਆਂ ਕਹਾਣੀਆਂ ਨਿਬੰਧ ਤੇ ਸਵੈ-ਜੀਵਨੀ ਨਾਵਲ ਇਸ ਸਿਧਾਂਤ ਦੇ ਮੁਤਾਬਕ ਹੀ ਲਿਖੀਆਂ ਹੋਇਆ ਹਨ।

ਗੁਰਬਖਸ਼ ਸਿੰਘ ਨੂੰ ਸ਼ਬਦਾਂ ਦਾ ਜਾਦੂਗਰ ਕਿਹਾ ਜਾਂਦਾ ਹੈ। ਉਨ੍ਹਾਂ ਦੀ ਵਾਕ-ਬਣਤਰ ਬੜੀ ਛੋਟੀ ਹੈ ਅਤੇ ਉਸ ਵਿੱਚ ਸੰਗੀਤ ਭਰਿਆ ਹੋਇਆ ਹੈ। ਮੇਰਾ ਨਿਸਫਲ ਪਿਆਰ ਵਿੱਚ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਬਾਰੇ ਬੜੇ ਕਲਾਮਈ ਢੰਗ ਨਾਲ ਇੱਕ ਮਿਲਣੀ ਦਾ ਜ਼ਿਕਰ ਕੀਤਾ ਹੈ। ਇਸੇ ਤਰ੍ਹਾਂ ਮੇਰੀ ਦਾਦੀ ਜੀ ਬਾਰੇ ਉਨ੍ਹਾਂ ਦੇ ਆਰੰਭਿਕ ਸ਼ਬਦ ਬੜੇ ਕਲਾਮਈ ਹਨ। ਉਹ ਲਿਖਦੇ ਹਨ:

“ਮੇਰੀ ਦਾਦੀ ਜੀ ਛੋਟੇ ਹਨ, ਬਹੁਤ ਛੋਟੇ ਹਨ

ਮਸਾ ਚਾਰ ਤੇ ਅੱਧਾ ਫੁੱਟ

ਇਹ ਨਿੱਕੇ ਹਨ ਬਹੁਤ ਨਿੱਕੇ ਹਨ

ਉਸ ਨਿੱਕੀ ਨਦੀ ਵਾਂਗ ਜੋ ਸਾਡੇ ਬਾਗ

ਨੂੰ ਛੁਹੰਦਿਆਂ ਵਗਦੀ ਹੈ”।

ਇਸ ਤਰ੍ਹਾਂ ਦੀਆਂ ਸੈਂਕੜੇ ਸੋਹਣੀਆਂ ਸਤਰਾਂ ਗੁਰਬਖਸ਼ ਸਿੰਘ ਵਿੱਚ ਮਿਲਦੀਆਂ ਹਨ। ਉਹ ਪਾਠਕਾਂ ਨੂੰ ਇਕਦਮ ਆਪਣਾ ਬਣਾ ਲੈਂਦਾ ਹੈ ਤੇ ਉਹਨਾਂ ਨਾਲ ਦੋਸਤੀ ਵਾਲਾ ਰਿਸ਼ਤਾ ਸਥਾਪਿਤ ਕਰ ਲੈਂਦਾ ਹੈ। ਉਹ ਸਾਰੇ ਧਰਮ ਭੁਲੇਖਿਆਂ ਤੋਂ ਉੱਚਾ ਸੀ ਅਤੇ ਸਭਨਾਂ ਨੂੰ ਆਸ਼ਾਵਾਦੀ ਬਣਨ ਲਈ ਕਹਿੰਦਾ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਬਖਸ਼ ਸਿੰਘ ਪ੍ਰੀਤ ਲੜੀ ਆਧੁਨਿਕ ਯੁਗ ਦਾ ਇੱਕ ਬਹੁਤ ਵੱਡਾ ਥੰਮ੍ਹ ਸੀ।

ਗੁਰਬਖਸ਼ ਸਿੰਘ ਪ੍ਰੀਤਲੜੀ ਆਧੁਨਿਕ ਪੰਜਾਬੀ ਵਾਰਤਕ ਦੇ ਖੇਤਰ ਵਿੱਚ ਇੱਕ ਸ਼੍ਰੋਮਣੀ ਨਾਂ ਹੈ। ਵਾਰਤਕ ਦੇ ਹਰ ਰੂਪ ਵਿੱਚ ਗੁਰਬਖਸ਼ ਸਿੰਘ ਨੇ ਰਚਨਾ ਲਿਖੀ ਹੈ, ਜਿਵੇਂ ਇੱਕ ਨਿਬੰਧਕਾਰ ਦੇ ਰੂਪ ਵਿੱਚ ਉਨ੍ਹਾਂ ਨੇ ਨਵੀਨ ਵਿਚਾਰਾਂ ਨੂੰ ਲਿਆਂਦਾ ਹੈ। ਇੱਕ ਕਹਾਣੀਕਾਰ ਦੇ ਰੂਪ ਵਿੱਚ ਸਹਿਜ ਪਿਆਰ ਦਾ ਫਲਸਫਾ ਦਿੱਤਾ ਹੈ ਅਤੇ ਇਸੇ ਤਰ੍ਹਾਂ ਆਪਣੀ ਸਵੈ ਜੀਵਨੀ ਅਤੇ ਕਈ ਸਫਰਨਾਮੇ ਵੀ ਲਿਖੇ ਹਨ। ਇਸ ਤਰ੍ਹਾਂ ਵਾਰਤਕ ਦੀ ਹਰ ਕਿਸਮ ਉਸ ਦੀ ਲਿਖਤ ਵਿੱਚ ਰੂਪਮਾਨ ਹੈ। ਇੱਥੋਂ ਤੱਕ ਰਾਜ ਕੁਮਾਰੀ ਲਤਿਕਾ ਨਾਂ ਦਾ ਨਾਟਕ ਵੀ ਉਨ੍ਹਾਂ ਨੇ ਵਾਰਤਕ ਵਿੱਚ ਲਿਖਿਆ ਹੈ। ਪ੍ਰਮੁੱਖ ਤੌਰ ਤੇ ਉਹ ਇੱਕ ਪੱਤਰਕਾਰ ਰਹੇ ਹਨ ਤੇ ਪ੍ਰੀਤ ਲੜੀ ਲਈ ਉਨ੍ਹਾਂ ਨੇ ਪੰਜਾਬ ਦੇ ਪਿਛਲੇ ਪੰਜਾਹ ਸਾਲਾਂ ਦੇ ਹਾਲਾਤ ਆਪਣੇ ਨਿਬੰਧਾਂ ਵਿੱਚ ਪੇਸ਼ ਕੀਤੇ ਹਨ। ਗੁਰਬਖਸ਼ ਸਿੰਘ ਦੀ ਲਿਖਤ, ਆਕਾਰ ਤੇ ਗੁਣਾਂ ਦੇ ਪੱਖ ਤੋਂ ਇੰਨੀ ਭਰਪੂਰ ਹੈ ਕਿ ਭਾਈ ਵੀਰ ਸਿੰਘ ਤੋਂ ਬਾਅਦ ਪੰਜਾਬੀ ਪਾਠਕਾਂ ਉੱਤੇ ਸਭ ਤੋਂ ਵੱਧ ਪ੍ਰਭਾਵ ਪਾਉਣ ਵਾਲਾ ਇਹ ਲੇਖਕ ਕਿਹਾ ਜਾ ਸਕਦਾ ਹੈ। ਉਨ੍ਹਾਂ ਦੀ ਪਦਵੀ ਇੰਨੀ ਸ੍ਰੇਸ਼ਟ ਹੈ ਕਿ ਅਸੀਂ ਉਨ੍ਹਾਂ ਪੱਖਾਂ ਦਾ ਵਿਸ਼ਲੇਸ਼ਣ ਕਰਨਾ ਯੋਗ ਸਮਝਾਂਗੇ, ਜਿਸ ਕਰਕੇ ਗੁਰਬਖਸ਼ ਸਿੰਘ ਨੂੰ ਇੱਕ ਸਰਵ ਸ੍ਰੇਸ਼ਟ ਵਾਰਤਕਕਾਰ ਕਿਹਾ ਜਾ ਸਕਦਾ ਹੈ।

1. ਸਫਲ ਨਿਬੰਧਕਾਰ

2. ਸੁਯੋਗ ਕਹਾਣੀਕਾਰ

3. ਸਫਲ ਜੀਵਨੀਕਾਰ

4. ਵਿਗਿਆਨਕ ਵਿਚਾਰ

5. ਅਲੰਕ੍ਰਿਤ ਸ਼ੈਲੀ

6. ਸੁੰਦਰ ਸ਼ਬਦ ਚੋਣ

7. ਸਹਿਜ ਪਿਆਰ ਦਾ ਫਲਸਫਾ

8. ਇੱਕ ਉੱਤਮ ਪੱਤਰਕਾਰ

9. ਇੱਕ ਸਮਾਜ ਸੁਧਾਰਕ

10. ਮਨੋਰਥ ਭਰਪੂਰ ਰਚਨਾ

1. ਸਫਲ ਨਿਬੰਧਕਾਰ : ਗੁਰਬਖਸ਼ ਸਿੰਘ ਦੀ ਵਾਰਤਕ ਕਲਾ ਦਾ ਸ਼੍ਰੋਮਣੀ ਪੱਖ ਨਿਬੰਧਕਾਰ ਹੋਣਾ ਹੈ। ਪ੍ਰਮੁੱਖ ਤੌਰ ਤੇ ਤਾਂ ਉਹ ਇੱਕ ਨਿਬੰਧਕਾਰ ਹੈ। ਪਰ ਗੌਣ ਰੂਪ ਵਿੱਚ ਉਹ ਇੱਕ ਗੱਲਪਕਾਰ ਹੈ। ਕਿਉਂਕਿ ਨਿਬੰਧ ਦੀ ਰਚਨਾ ਉਨ੍ਹਾਂ ਨੇ ਸਭ ਤੋਂ ਪਹਿਲਾਂ ਕੀਤੀ।

ਲੇਖਨ ਦੀ ਸ਼ੁਰੂਆਤ ਇੱਕ ਨਿਬੰਧਕਾਰ ਦੇ ਤੌਰ ਤੇ ਹੋਈ ਤੇ ਹਮੇਸ਼ਾਂ ਹੀ ਉਹ ਸਮਾਜਿਕ ਨਿਆਂ ਦੀ ਗੱਲ ਕਰਦੇ ਰਹੇ ਹਨ ਤੇ ਪਾਠਕਾਂ ਨੂੰ ਨਵੇਂ ਵਿਚਾਰਾਂ ਦੀ ਸੇਧ ਦਿੰਦੇ ਰਹੇ ਹਨ। ਗੁਰਬਖਸ਼ ਸਿੰਘ ਨੇ ਪ੍ਰੀਤਲੜੀ ਦੀ ਸੰਪਾਦਨਾ ਸ਼ੁਰੂ ਕੀਤੀ ਤੇ ਲਗਭਗ ਚਾਲੀ ਸਾਲ ਅਨੇਕਾਂ ਹੀ ਨਿਬੰਧ ਪ੍ਰੀਤਲੜੀ ਵਿੱਚ ਛੱਪਦੇ ਰਹੇ ਤੇ ਬਾਅਦ ਵਿੱਚ ਪੁਸਤਕ ਰੂਪ ਵਿਚ ਸਾਡੇ ਸਾਹਮਣੇ ਆਏ। ਇੱਕ ਨਿਬੰਧਕਾਰ ਦੇ ਤੌਰ ਤੇ ਉਨ੍ਹਾਂ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ—

(ੳ) ਗੁਰਬਖਸ਼ ਸਿੰਘ ਨੇ ਦੂਸਰੇ ਲੇਖਕਾਂ ਦੇ ਮੁਕਾਬਲੇ ਤੇ ਬਹੁਤ ਜ਼ਿਆਦਾ ਪ੍ਰਦੇਸ਼ ਯਾਤਰਾ ਕੀਤੀ ਹੈ, ਖਾਸ ਤੌਰ ਤੇ ਰੂਸ, ਅਮਰੀਕਾ, ਚੀਨ ਉਹ ਬਹੁਤ ਵਾਰੀ ਗਏ। ਉਥੋਂ ਦੀ ਸਭਿਅਤਾ ਦਾ ਉਨ੍ਹਾਂ ਤੇ ਬਹੁਤ ਅਸਰ ਹੋਇਆ ਤੇ ਵਾਪਸ ਭਾਰਤ ਪਰਤ ਕੇ ਉਹ ਇੱਥੋਂ ਦੇ ਲੋਕਾਂ ਨੂੰ ਵੀ ਉਹਨਾਂ ਦੀ ਤਰ੍ਹਾਂ ਬਨਣ ਲਈ ਕਹਿੰਦੇ ਹਨ। ਉਨ੍ਹਾਂ ਦੇ ਨਿਬੰਧਾਂ ਵਿੱਚ ਪੁਰਾਣੇ ਵਹਿਮ ਭਰਮ, ਰੀਤੀ ਰਿਵਾਜ, ਧਰਮਾਂ ਵਿਚਲਾ ਪਖੰਡ, ਜਾਤ-ਪਾਤ ਦੇ ਬੰਧਨ ਅਤੇ ਸਮਾਜਿਕ ਵਿਤਕਰੇ ਦੂਰ ਕਰਨ ਲਈ ਪ੍ਰੇਰਨਾ ਕੀਤੀ ਹੁੰਦੀ ਹੈ। ਉਹ ਬਾਹਰਲੇ ਦੇਸ਼ਾਂ ਦੀ ਇਸਤਰੀਆਂ ਨੂੰ ਜਦੋਂ ਖੁੱਲ ਮਿਲਦੀ ਹੋਈ ਵੇਖਦੇ ਹਨ ਤਾਂ ਉਹ ਇੱਥੋਂ ਦੀ ‘ਇਸਤਰੀਆਂ ਨੂੰ ਵੀ ਉਹੋ ਜਿਹਾ ਜੀਵਨ ਜੀਉਣ ਦੀ ਪ੍ਰੇਰਨਾ ਕਰਦੇ ਹਨ। ਇਸ ਤਰ੍ਹਾਂ ਇੱਕ ਨਿਬੰਧਕਾਰ ਦੇ ਤੌਰ ਤੇ ਉਨ੍ਹਾਂ ਦੀ ਰਚਨਾ ਦਾ ਸਮਾਜਿਕ ਪੱਖ ਬੜਾ ਮਹਾਨ ਹੈ।

(ਅ) ਗੁਰਬਖਸ਼ ਸਿੰਘ ਆਪਣੇ ਵਿਚਾਰਾਂ ਕਰਕੇ ਲੋਕਤੰਤਰ ਦੀ ਪਾਲਣਾ ਕਰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿੱਚ ਜਾਗੀਰਦਾਰੀ ਜੀਵਨ ਦੀਆਂ ਕੀਮਤਾਂ ਨੂੰ ਵੰਗਾਰਿਆ ਹੈ। ਪ੍ਰਮਾਤਮਾ, ਕਿਸਮਤ, ਹੋਣੀ, ਸ੍ਰਿਸਟੀ ਇਨ੍ਹਾਂ ਬਾਰੇ ਜੋ ਜਾਗੀਰਦਾਰੀ ਨੁਕਤੇ ਤੋਂ ਸੰਕਲਪ ਬਣੇ ਹੋਏ ਹਨ, ਉਨ੍ਹਾਂ ਨੂੰ ਸੁਤੰਤਰ ਸੋਚ ਰਾਹੀਂ ਸਮਝਣ ਲਈ ਕਿਹਾ ਗਿਆ ਹੈ। ਕਈ ਵਾਰੀ ਤਾਂ ਗੁਰਬਖਸ਼ ਦੀ ਲਿਖਤ ਤਾਂ ਇੰਨੀ ਜ਼ੋਰਦਾਰ ਹੁੰਦੀ ਹੈ ਕਿ ਉਹ ਜਾਗੀਰਦਾਰੀ ਕੀਮਤਾਂ ਨੂੰ ਬਲਪੂਰਵਕ ਹੱਥਾਂ ਨਾਲ ਉਸ ਦੀਆਂ ਜੜ੍ਹਾਂ ਨੂੰ ਹੀ ਹਲਾ ਕੇ ਰੱਖ ਦਿੰਦੇ ਹਨ। ਇਸ ਤਰ੍ਹਾਂ ਇੱਕ ਨਿਬੰਧਕਾਰ ਦੇ ਤੌਰ ਤੇ ਉਨ੍ਹਾਂ ਦੇ ਵਿਚਾਰਾਂ ਵਿੱਚੋਂ ਸਾਨੂੰ ਸਮਾਜਿਕ ਬਰਾਬਰੀ ਦੀ ਸੋਚ ਪ੍ਰਾਪਤ ਹੁੰਦੀ ਹੈ।

(ੲ) ਗੁਰਬਖਸ਼ ਦੇ ਨਿਬੰਧਾਂ ਦੀ ਇੱਕ ਇਹ ਵਿਸ਼ੇਸ਼ਤਾ ਹੈ ਕਿ ਉਨ੍ਹਾਂ ਦੀ ਦ੍ਰਿਸ਼ਟੀ ਮੱਧ ਸ਼੍ਰੇਣੀ ਵਰਗੇ ਲੋਕਾਂ ਵਰਗੀ ਹੈ। ਇੱਕ ਵਿਚਕਾਰਲੀ ਸ਼੍ਰੇਣੀ ਦੀ ਜੋ ਸੁਤੰਤਰ ਸੋਚ ਹੈ। ਉਸ ਨਾਲ ਉਨ੍ਹਾਂ ਨੇ ਸਮਾਜ ਵਿੱਚ ਆਉਂਦੀਆਂ ਸਮੱਸਿਆਵਾਂ ਬਾਰੇ ਵਿਚਾਰ ਕੀਤਾ ਹੈ।

2. ਸੁਯੋਗ ਕਹਾਣੀਕਾਰ : ਗੁਰਬਖਸ਼ ਸਿੰਘ ਕੇਵਲ ਇੱਕ ਨਿਬੰਧਕਾਰ ਹੀ ਨਹੀਂ ਸੀ ਸਗੋਂ ਇੱਕ ਸਫਲ ਕਹਾਣੀਕਾਰ ਸਵੀਕਾਰ ਕੀਤੇ ਜਾਂਦੇ ਹਨ। ਸਹਿਜ ਪਿਆਰ ਦੇ ਸੰਕਲਪ ਦੇ ਆਲੇ ਦੁਆਲੇ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਹਨ। ਕਹਾਣੀਆਂ ਦੀਆਂ ਪ੍ਰਸਿੱਧ ਪੁਸਤਕਾਂ ਵਿੱਚੋਂ ਪ੍ਰੀਤਾਂ ਦੇ ਪਹਿਰੇਦਾਰ, ਸ਼ਬਨਮ, ਵੀਣਾ ਵਿਨੋਦ, ਅਨੌਖੇ ਤੇ ਇਕੱਲੇ, ਪ੍ਰੀਤ ਕਹਾਣੀਆਂ, ‘ਇਸ਼ਕ ਜਿਨ੍ਹਾਂ ਦੀ ਹੱਡੀ ਰਚਿਆ’ ਆਦਿ ਵਿਸ਼ੇਸ਼ ਕਹੀਆਂ ਜਾ ਸਕਦੀਆਂ ਹਨ। ਸਮੁੱਚੇ ਤੌਰ ਤੇ ਇਨ੍ਹਾਂ ਕਹਾਣੀਆਂ ਵਿੱਚ ਪ੍ਰੇਮ ਦਾ ਵਿਸ਼ਾ ਅਪਣਾਇਆ ਗਿਆ ਹੈ। ਪ੍ਰੰਤੂ ਇਹ ਪ੍ਰੇਮ ਦਾ ਇੱਕ ਸਾਧਿਆ ਹੋਇਆ ਰੂਪ ਹੈ ਜਿਸਨੂੰ ਉਹ ਪਹਿਚਾਣ ਦਾ ਨਾਂ ਦਿੰਦੇ ਹਨ। ਲੇਖਕ ਵਿੱਚ ਪਿਆਰ ਨੂੰ ਕਬਜ਼ਾ ਨਹੀਂ ਸਗੋਂ ਪਹਿਚਾਣ ਦੇ ਰੂਪ ਵਿੱਚ ਪੇਸ਼ ਕਰਨ
ਦੀ ਰੁਚੀ ਦੇਖਣ ਨੂੰ ਮਿਲਦੀ ਹੈ।

3. ਸਫਲ ਜੀਵਨੀਕਾਰ : ਗੁਰਬਖਸ਼ ਸਿੰਘ ਦੀ ਵਾਰਤਕ ਦਾ ਇੱਕ ਅਹਿਮ ਪੱਖ ਜੀਵਨੀਕਾਰ ਹੋਣਾ ਹੈ। ਉਨ੍ਹਾਂ ਨੇ ਆਪਣੇ ਜੀਵਨ ਨੂੰ ਦੋ ਪੁਸਤਕਾਂ ਵਿੱਚ ਪੇਸ਼ ਕੀਤਾ ਹੈ ਜਿਨ੍ਹਾਂ ਦਾ ਨਾਂ ਹੈ ‘ਮੰਜ਼ਿਲ ਦਿਸ ਪਈ’। ਇਹ ਦੋ ਭਾਗਾਂ ਵਿੱਚ ਹਨ ਤੇ ਇਸ ਤੋਂ ਬਿਨਾਂ ਉਨ੍ਹਾਂ ਨੇ ਆਪਣੇ ਜੀਵਨ ਦੀਆਂ ਅਭੁੱਲ ਯਾਦਾਂ ਨੂੰ ਇੱਕ ਪੁਸਤਕ ਦੇ ਰੂਪ ਵਿੱਚ ਪੇਸ਼ ਕੀਤਾ, ਜਿਸ ਦਾ ਨਾਂ ਹੈ ‘ਮੇਰੀਆਂ ਅਭੁੱਲ ਯਾਦਾਂ’। ਇਹ ਤਿੰਨੇ ਪੁਸਤਕਾਂ ਵਿੱਚੋਂ ਉਨ੍ਹਾਂ ਨੇ ਆਪਣੇ ਜੀਵਨ ਦੇ ਅਨੇਕਾਂ ਪੱਖਾਂ ਤੇ ਰੋਸ਼ਨੀ ਪਾਈ ਹੈ। ‘ਮੇਰੀਆਂ ਅਭੁੱਲ ਯਾਦਾਂ’ ਵਿੱਚ ਉਨ੍ਹਾਂ ਨੇ ਆਪਣੇ ਬਚਪਨ ਵਿੱਚ ਕੀਤੇ ਪਿਆਰ ਨੂੰ ਇੱਕ ਕਾਂਡ ‘ਮੇਰਾ ਨਿਸਫਲ ਪਿਆਰ’ ਵਿੱਚ ਪੇਸ਼ ਕੀਤਾ ਹੈ। ਲੇਖਕ ਨੇ ‘ਮੱਖਣੀ’ ਨਾਂ ਦੀ ਇੱਕ ਲੜਕੀ ਦਾ ਜ਼ਿਕਰ ਕੀਤਾ ਹੈ ਜਿਸ ਦੇ ਪਿਆਰ ਬਾਰੇ ਉਹ ਇਵੇਂ ਮਹਿਸੂਸ ਕਰਦਾ ਹੈ ਕਿ ਉਹ ਉਸ ਦੇ ਸਾਰੇ ਜੀਵਨ ਵਿੱਚ, ਇਸ ਤਰ੍ਹਾਂ ਰਚ ਮਿੱਚ ਗਿਆ ਹੈ ਜਿਵੇਂ ‘ਬ੍ਰਿੱਛ ਵਿੱਚ ਰਸ’। ਮੱਖਣੀ ਇੱਕ ਵਿਆਹੀ ਹੋਈ ਲੜਕੀ ਸੀ। ਗੁਰਬਖਸ਼ ਸਿੰਘ ਉਸ ਸਮੇਂ ਲੱਗਭੱਗ 16-17 ਸਾਲ ਦੀ ਉਮਰ ਦਾ ਲੜਕਾ ਸੀ। ਉਹ ਆਪਣੇ ਨਾਨਕੇ ਪਿੰਡ ਜਾਂਦਾ ਹੈ। ਇਥੇ ਗੁਆਂਢ ਵਿੱਚ ਉਸਨੂੰ ਮੱਖਣੀ ਮਿਲਦੀ ਹੈ। ਲੇਖਕ ਇਹ ਗੱਲ ਕਹਿੰਦਾ ਹੈ ਕਿ ਉਹ ਹਮੇਸ਼ਾ ਉਸਦੇ ਕਿਸੇ ਕੰਮ ਆਉਣ ਲਈ ਤਿਆਰ ਰਹਿੰਦਾ ਹੈ ਤੇ ਇੱਕ ਵਾਰੀ ਉਹ ਉਸਨੂੰ ਇੱਕ ਪੋਸਟ ਕਾਰਡ ਦਿੰਦੀ ਹੈ ਤਾਂ ਜੋ ਉਹ ਉਸਨੂੰ ਡਾਕ ਵਿੱਚ ਪਾ ਦੇਵੇ ਪਰ ਲੇਖਕ ਉਸਦੀ ਲਿਖਤ ਨੂੰ ਆਪਣੇ ਕੋਲ ਰੱਖ ਲੈਂਦਾ ਹੈ ਤੇ ਨਵਾਂ ਪੋਸਟ ਕਾਰਡ ਲਿਖ ਕੇ ਉਸ ਨੂੰ ਡਾਕ ਵਿੱਚ ਪਾ ਦਿੰਦਾ ਹੈ। ਇਹ ਕਾਰਡ ਉਸਨੇ ਸਾਰੀ ਉਮਰ ਸੰਭਾਲ ਕੇ ਰੱਖਿਆ। ਇੱਕ ਵਾਰੀ ਮੱਖਣੀ ਨੇ ਉਸਨੂੰ ਠੰਡਾ ਪਾਣੀ ਪੀਣ ਲਈ ਕਿਹਾ ਜਿਸ ਦਾ ਬਿਆਨ ਲੇਖਕ ਨੇ ਬੜੇ ਸੋਹਣੇ ਢੰਗ ਨਾਲ ਕੀਤਾ ਹੈ, ਜੋ ਉਸਦੀ ਸੁੰਦਰ ਵਾਕ ਬਣਤਰ ਤੇ ਕਾਵਿਕ ਸ਼ੈਲੀ ਦੀ ਇੱਕ ਸੁੰਦਰ ਉਦਾਹਰਣ ਹੈ। ਉਹ ਸਤਰਾਂ ਇਸ ਤਰ੍ਹਾਂ ਹਨ-

ਮੈਂ ਉਸਦੀ ਆਵਾਜ਼ ਪਹਿਲੀ ਵਾਰੀ ਸੁਣੀ, ਸੁਣੀ ਤਾਂ ਅੱਗੇ ਵੀ ਹੋਵੇਗੀ ਪਰ ਉਸਦੇ ਸ਼ਬਦ ਮੇਰੀ ਮਲਕੀਅਤ ਸਨ। ਮੈਨੂੰ ਹੱਥ ਪੈਰ ਪੈ ਗਏ, ਸੁੱਝੇ ਨਾ ਪਾਣੀ ਪਵਾਂਵਾ ਕਾਹਦੇ ਵਿੱਚ ਮੈਂ ਰਸੋਈ ਵਿੱਚ ਗਿਆ, ਕੋਈ ਜਾਗ ਪਵੇਗਾ, ਅੱਗੇ ਜੂਠੇ ਭਾਂਡਿਆਂ ਦਾ ਢੇਰ ਲੱਗਿਆ ਹੋਇਆ ਸੀ। ਉਨ੍ਹਾਂ ਵਿੱਚ ਮੈਂ ਇੱਕ ਗਲਾਸ ਚੁੱਕ ਲਿਆ ਤੇ ਪਾਣੀ ਭਰਵਾ ਲਿਆ। ਸ਼ੁੱਕਰੀਆ ਕਰਨਾ ਵੀ ਮੈਨੂੰ ਨਾ ਆਇਆ। ਮੈਂ ਜੂਠੇ ਗਲਾਸ ਵਿੱਚ ਸੁੱਚਾ ਪਾਣੀ ਘੁੱਟ-ਘੁੱਟ ਕਰਕੇ ਪੀ ਗਿਆ।”

ਇਸ ਤਰ੍ਹਾਂ ਮੇਰੀਆਂ ਅਭੁੱਲ ਯਾਦਾਂ ਵਿੱਚ ਹੋਰ ਕਈ ਅਨੇਕਾਂ ਪ੍ਰਸੰਗ ਹਨ, ਜਿਨ੍ਹਾਂ ਵਿੱਚ ਗੁਰਬਖਸ਼ ਸਿੰਘ ਦੀ ਗੱਦ ਸ਼ੈਲੀ ਦੇ ਸੁੰਦਰ ਨਮੂਨੇ ਦੇਖਣ ਨੂੰ ਮਿਲਦੇ ਹਨ।

4. ਵਿਗਿਆਨਿਕ ਵਿਚਾਰ : ਗੁਰਬਖਸ਼ ਸਿੰਘ ਪੇਸ਼ੇ ਵਜੋਂ ਇੱਕ ਇੰਜੀਨੀਅਰ ਸੀ। ਪਹਿਲਾਂ ਉਸ ਨੇ ਇੰਜਨੀਅਰਿੰਗ ਦੀ ਡਿਗਰੀ ਰੁੜਕੀ ਤੋਂ ਪ੍ਰਾਪਤ ਕੀਤੀ ਅਤੇ ਬਾਦ ਵਿੱਚ ਅਮਰੀਕਾ ਜਾ ਕੇ ਮਿਸ਼ੀਗਨ ਯੂਨੀਵਰਸਟੀ ਤੇ ਇੰਜਨੀਅਰਿੰਗ ਦੀ ਡਿਗਰੀ ਲਈ। ਉਸਨੇ ਕਈ ਪੁੱਲ ਬਣਾਏ ਪਰ ਆਪਣੇ ਮਨ ਵਿੱਚ ਹਮੇਸ਼ਾਂ ਹੀ ਇਹ ਸੋਚ ਰੱਖੀ ਕਿ ਉਸਨੇ ਆਪਣੀ ਮਾਂ ਬੋਲੀ ਵਿੱਚ ਆਪਣੇ ਵਿਚਾਰਾਂ ਨੂੰ ਪੇਸ਼ ਕਰਨਾ ਹੈ। ਪ੍ਰੀਤਲੜੀ ਦਾ ਮੈਗਜ਼ੀਨ ਚਲਾ ਕੇ ਗੁਰਬਖਸ਼ ਸਿੰਘ ਨੇ ਆਪਣੇ ਵਿਗਿਆਨਿਕ ਵਿਚਾਰਾਂ ਨੂੰ ਲੋਕਾਂ ਸਾਹਮਣੇ ਲਿਆਦਾ ਅਤੇ ਹਮੇਸ਼ਾ ਉਹ ਗੱਲ ਕਹੀ ਜੋ ਵਿਗਿਆਨਿਕ ਸੱਚ ਤੇ ਆਧਾਰਿਤ ਹੈ। ਆਪਣੇ ਨਿਵੇਕਲੇ ਤੇ ਆਜ਼ਾਦ ਖਿਆਲਾਂ ਕਰਕੇ ਗੁਰਬਖਸ਼ ਸਿੰਘ ਨੂੰ ਨਾਸਤਿਕ ਵੀ ਕਿਹਾ ਜਾਂਦਾ ਰਿਹਾ ਹੈ ਅਤੇ ਪਹਿਲਾਂ ਪਹਿਲ ਉਸਦੇ ਵਿਚਾਰਾਂ ਦਾ ਵਿਰੋਧ ਵੀ ਹੁੰਦਾ ਰਿਹਾ ਹੈ। ਜਦੋਂ ਉਸਨੇ ਸਿਰਫ ਗੁਰੂਆਂ ਦੇ ਜੀਵਨ ਨੂੰ ਪਰਮ ਮਨੁੱਖ ਪੁਸਤਕ ਵਿੱਚ ਪੇਸ਼ ਕੀਤਾ ਤਾਂ ਲੋਕਾਂ ਨੇ ਇਸ ਗੱਲ ਦਾ ਵੀ ਇਤਰਾਜ ਕੀਤਾ ਕਿ ਗੁਰੂਆਂ ਨੂੰ ਪਰਮ ਮਨੁੱਖ ਕਿਉਂ ਕਿਹਾ ਗਿਆ ਹੈ, ਬਾਅਦ ਵਿੱਚ ਉਨ੍ਹਾਂ ਦੇ ਵਿਚਾਰਾਂ ਨੂੰ ਅਪਣਾ ਲਿਆ ਗਿਆ। ਇਸ ਦਾ ਸਪੱਸ਼ਟ ਕਾਰਨ ਇਹ ਹੈ ਕਿ ਲੇਖਕ ਦੇ ਵਿਚਾਰ ਵਿਗਿਆਨਿਕ ਦ੍ਰਿਸ਼ਟੀ ਵਾਲੇ ਸਨ।

5. ਅਲੰਕ੍ਰਿਤ ਸ਼ੈਲੀ : ਗੁਰਬਖਸ਼ ਸਿੰਘ ਦੀ ਵਾਰਤਿਕ ਸ਼ੈਲੀ ਨੂੰ ਅਲੰਕ੍ਰਿਤ ਸ਼ੈਲੀ ਦਾ ਨਾਂ ਦਿੱਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਵਾਰਤਕ ਉੱਤੇ ਉਪਮਾ ਤੇ ਅਲੰਕਾਰ ਦਾ ਬਹੁਤ ਪ੍ਰਭਾਵ ਹੈ। ਕੁਝ ਲੋਕ ਇਸਨੂੰ ਕਾਵਿਕ ਸ਼ੈਲੀ ਵੀ ਕਹਿੰਦੇ ਹਨ ਕਿਉਂਕਿ ਉਪਮਾ ਤੇ ਅਲੰਕਾਰ ਕਵਿਤਾ ਦੇ ਗਹਿਣੇ ਸਮਝੇ ਜਾਂਦੇ ਹਨ। ਗੁਰਬਖਸ਼ ਸਿੰਘ ਵਾਕ ਬਣਤਰ ਬੜੀ ਛੋਟੀ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਕਈ ਵਾਕ ਆਪਣੇ ਆਪ ਵਿੱਚ ਇੱਕ ਅਜਿਹਾ ਵਜ਼ਨ ਰੱਖਦੇ ਹਨ ਜੋ ਬਰਾਬਰ ਹੁੰਦਾ ਹੈ, ਜਿਸ ਨਾਲ ਕਾਵਿਕ ਰੰਗ ਪੈਦਾ ਹੁੰਦਾ ਹੈ। ਗੁਰਬਖਸ਼ ਸਿੰਘ ਦੀ ਅਲੰਕ੍ਰਿਤ ਸ਼ੈਲੀ ਦੇ ਅਨੇਕਾਂ ਨਮੂਨੇ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਮਿਲਦੇ ਹਨ, ਪ੍ਰੰਤੂ ਸਭ ਤੋਂ ਵੱਧ ਉਨ੍ਹਾਂ ਦੀ ਖੂਬਸੂਰਤ ਵਾਰਤਕ ਉਨ੍ਹਾਂ ਦੀ ਪੁਸਤਕ ‘ਮੇਰੀਆਂ ਅਭੁੱਲ ਯਾਦਾਂ’ ਪਰਮ ਮਨੁੱਖ, ਪ੍ਰੀਤਾਂ ਦੀ ਪਹਿਰੇਦਾਰ ਆਦਿ ਵਿੱਚ ਦੇਖੀ ਜਾ ਸਕਦੀ ਹੈ। ਗੁਰਬਖਸ਼ ਸਿੰਘ ਦਾ ਲਿਖਿਆ ਹੋਇਆ ‘ਮੇਰੀ ਦਾਦੀ ਜੀ’ ਵਾਲਾ ਨਿਬੰਧ ਉਨ੍ਹਾਂ ਦੀ ਗੱਦ-ਸ਼ੈਲੀ ਦਾ ਇੱਕ ਸੁੰਦਰ ਨਿਬੰਧ ਹੈ। ਜਿਸ ਦੀਆਂ ਮੁੱਢਲੀਆਂ ਸਤਰਾਂ ਹਨ :

(ੳ) “ਮੇਰੇ ਦਾਦੀ ਜੀ ਛੋਟੇ ਹਨ, ਬਹੁਤ ਛੋਟੇ ਮਸਾਂ ਚਾਰ ਅਤੇ ਅੱਧ ਫੁੱਟ। ਉਹ ਕੋਮਲ ਹਨ, ਬਹੁਤ ਕੋਮਲ, ਉਸ ਨਿੱਕੀ ਨਦੀ ਵਾਂਗ, ਜੋ ਸਾਡੇ ਬਾਗ ਨੂੰ ਸਿੰਜਦੀ ਹੋਈ, ਮਹਿਕਦੀ ਵਗਦੀ ਹੈ”।

(ਅ) “ਮੇਰੇ ਦਾਦੀ ਜੀ ਇਨਸਾਨੀ ਦਿਲਾਂ ਦਾ ਰਿਜਰਵ ਬੈਂਕ ਸਨ”।

(ੲ) “ਮੇਰੇ ਆਕਾਸ਼ ਉੱਤੇ ਤਾਰੇ ਤਾਂ ਬਹੁਤ ਹਨ, ਪਰ ਮੇਰਾ ਚੰਨ ਇਹ ਅਤਿ ਸੋਹਣੀ ਇਸਤਰੀ ਸੀ”।

ਇਸੇ ਤਰ੍ਹਾਂ ਹੀ ‘ਮੇਰੀ ਨੱਨੀ-ਲਿੱਲ੍ਹਾ’ ਨਾਂ ਦੀ ਕਹਾਣੀ ਦਾ ਅੰਤ ਇਸ ਪ੍ਰਕਾਰ ਕੀਤਾ ਹੈ— “ਉਹ ਪ੍ਰੀਤ-ਤੂੰ ਉਮਰ ਨਹੀਂ ਦੇਖਦੀ, ਕੌਮ ਨਹੀਂ ਦੇਖਦੀ ਜਾਤ ਨਹੀਂ ਦੇਖਦੀ, ਧਰਮ ਨਹੀਂ ਦੇਖਦੀ, ਜਿਥੇ ਜੀਅ ਆਵੇ ਜਿਹਦੀ ਜੀਅ ਆਵੇ ਆਪਣੀ ਪੁਸ਼ਪ ਕੜੀਆਂ ਨਾਲ ਤੂੰ ਜਕੜ ਲੈਣੀ ਹੈ”।

ਇਸੇ ਤਰ੍ਹਾਂ ਜੋ ਚਿੱਠੀਆਂ ਉਨ੍ਹਾਂ ਨੇ ਆਪਣੀ ਪਤਨੀ ਨੂੰ ਲਿਖੀਆਂ, ਉਸ ਵਿੱਚ ਵੀ ਗੁਰਬਖਸ਼ ਸਿੰਘ ਦੀ ਸੁੰਦਰ ਭਾਸ਼ਾ ਦੇ ਨਮੂਨੇ ਮਿਲਦੇ ਹਨ, ਜਿਸ ਦੀ ਇੱਕ ਮਿਸਾਲ ਇਸ ਪ੍ਰਕਾਰ ਹੈ-

ਕੁਦਰਤ ਨੇ ਵੀ ਮੇਰੀ ਹਰ ਖਾਹਿਸ਼ ਪੂਰੀ ਕਰਨ ਵਿੱਚ ਬੜੀ ਛੇਤੀ ਕੀਤੀ ਤਾਂ ਕਿ ਜੋ ਸਿਖਣਾ ਹੈ ਛੇਤੀ ਸਿੱਖ ਜਾਵਾਂ। ਜਿਸ ਕੁੜੀ ਦੇ ਗੱਲ ਬਾਹਵਾਂ ਪਾਣ ਨੂੰ ਮੈਂ ਰੀਝਿਆ ਹਾਂ। ਕੁਦਰਤ ਨੇ ਉਸਦੀਆਂ ਬਾਹਵਾਂ ਮੇਰੇ ਗੱਲ ਚ ਪਾਈਆਂ ਹਨ। ਜਿਸ ਕਿਸੇ ਨੂੰ ਮੇਰੇ ਦਿਲ ਨੇ ਮੰਗਿਆ ਹੈ, ਕੁਦਰਤ ਨੇ ਝੱਟ ਉਹਨੂੰ ਮੇਰੇ ਦਿਲ ਨਾਲ ਲਾਇਆ ਹੈ।”

‘ਮੰਜਿਲ ਦਿਸ ਪਈ’

6. ਸੁੰਦਰ ਸ਼ਬਦ ਚੌਣ : ਗੁਰਬਖਸ਼ ਸਿੰਘ ਦੀ ਲਿਖਤ ਦਾ ਇੱਕ ਸਾਰਥਕ ਪੱਖ ਇਹ ਹੈ ਕਿ ਭਾਸ਼ਾ ਦੇ ਪੱਖ ਤੋਂ ਉਸ ਦਾ ਬੜਾ ਅਹਿਮ ਯੋਗਦਾਨ ਹੈ। ਲੇਖਕ ਨੇ ਪੰਜਾਬੀ ਭਾਸ਼ਾ ਨੂੰ ਭਾਵੇਂ ਕਿਸੇ ਸਕੂਲ ਕਾਲਿਜ ਵਿੱਚ ਨਹੀਂ ਸਿੱਖਿਆ ਪਰ ਅਚੇਤ ਤੌਰ ਤੇ ਉਸਦੀ ਸ਼ੈਲੀ ਵਿੱਚ ਬਹੁਤ ਸੋਹਣੇ ਸ਼ਬਦ ਸ਼ਾਮਿਲ ਹੋ ਜਾਂਦੇ ਹਨ। ਪ੍ਰਸਿੱਧ ਵਿਦਵਾਨ ਹਡਸਨ ਦਾ ਇੱਕ ਕਥਨ ਹੈ “ਜਿਸ ਲੇਖਕ ਕੋਲ ਕਹਿਣ ਨੂੰ ਕੁਝ ਹੋਵੇ ਉਸਨੂੰ ਲਿਖਣ ਦਾ ਢੰਗ ਵੀ ਆਪੇ ਆ ਜਾਂਦਾ ਹੈ ਅਤੇ ਸ਼ਬਦ ਵੀ ਔੜਦੇ ਹਨ”। ਗੁਰਬਖਸ਼ ਸਿੰਘ ਦੀ ਭਾਸ਼ਾ ਵਿੱਚ ਕਈ ਅਜਿਹੇ ਸ਼ਬਦ ਮਿਲਦੇ ਹਨ ਜਿਨ੍ਹਾਂ ਤੇ ਉਸਦੀ ਮੋਹਰ ਲੱਗੀ ਹੋਈ ਹੈ ਤੇ ਅਸੀਂ ਇਹ ਸਹਿਜੇ ਹੀ ਪਹਿਚਾਣ ਜਾਂਦੇ ਹਾਂ ਕਿ ਇਹ ਜ਼ਰੂਰ ਗੁਰਬਖਸ਼ ਸਿੰਘ ਦੀ ਲਿਖਤ ਹੋਣੀ ਹੈ। ਕੁਝ ਸ਼ਬਦ ਇਸ ਪ੍ਰਕਾਰ ਹਨ :

ਸ਼ਖਸ਼ੀਅਤ, ਸਵੈਵਿਸ਼ਵਾਸ਼, ਸਵੈ ਪੂਰਨਤਾ, ਪਹਿਚਾਣ, ਸਹਿਜ ਪਿਆਰ (Platonic Love) ਸ਼ਬਦਾਂ ਤੋਂ ਇਲਾਵਾ ਆਪਣੀ ਪੁਸਤਕਾਂ ਦੇ ਨਾਂ ਵੀ ਇਤਨੇ ਦਿਲਚਸਪ ਤੇ ਸੋਹਣੇ ਸ਼ਬਦਾਂ ਵਾਲੇ ਬਣਾਏ ਹਨ ਜਿਨ੍ਹਾਂ ਤੋਂ ਸਾਨੂੰ ਗੁਰਬਖਸ ਸਿੰਘ ਦਾ ਭਾਸ਼ਾ ਉੱਤੇ ਅਧਿਕਾਰ ਦਾ ਪਤਾ ਲੱਗਦਾ ਹੈ।

ਜ਼ਿੰਦਗੀ ਦਾ ਰਾਸ, ਸਵੈ ਪੂਰਨਤਾ ਦੀ ਲਗਨ, ਮੇਰੇ ਝਰੋਖੇ ਚੋਂ, ਇਸ ਦੁਨੀਆਂ ਦੇ ਤੇਰਾਂ ਸੁਪਨੇ, ਪਰਮ ਮਨੁੱਖ, ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆਂ, ਪ੍ਰੀਤਾਂ ਦੀ ਪਹਿਰੇਦਾਰ, ਅਨੋਖੇ ਤੇ ਇਕੱਲੇ। ਭਾਸ਼ਾ ਦੇ ਪੱਖ ਤੋਂ ਹੀ ਗੁਰਬਖਸ਼ ਸਿੰਘ ਨੇ ਕਈ ਸਮਾਸ ਸ਼ਬਦ ਬਣਾਏ ਹਨ ਜੋ ਉਸਦੀ ਭਾਸ਼ਾ ਦੀ ਮੌਲਿਕਤਾ ਨੂੰ ਪ੍ਰਗਟ ਕਰਦੇ ਹਨ। ਮਿਸਾਲ ਵਜੋਂ-ਸ੍ਵੈ-ਪੂਰਨਤਾ, ਬੇਕਰਾਰੀ, ਸਵੈ-ਵਿਸ਼ਵਾਸ ਦਿਲ-ਰੰਝਾਣੀ ਆਦਿ ਸ਼ਬਦ।

ਗੁਰਬਖਸ਼ ਸਿੰਘ ਨੂੰ ਸ਼ਬਦਾਂ ਦਾ ਜਾਦੂਗਰ ਵੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਾਦੂ ਉਹ ਜੋ ਸਿਰ ਚੜ੍ਹ ਕੇ ਬੋਲੇ। ਗੁਰਬਖਸ਼ ਸਿੰਘ ਦੇ ਸ਼ਬਦਾਂ ਦਾ ਜਾਦੂ ਸੱਚ ਮੁੱਚ ਹੀ ਸਿਰ ਚੜ੍ਹ ਕੇ ਬੋਲਦਾ ਹੈ, ਉਸ ਵਿੱਚ ਸਾਨੂੰ ਨਵੇਂ ਚਿੱਤਰ, ਨਵੇਂ ਬਿੰਬ ਅਤੇ ਰਵਾਨੀ ਮਿਲਦੀ ਹੈ। ਸ਼ਬਦਾਂ ਨਾਲ ਉਨ੍ਹਾਂ ਨੂੰ ਖਾਸ ਤੌਰ ਤੇ ਪਿਆਰ ਹੈ ਤੇ ਇਸ ਬਾਰੇ ਕਹਿੰਦੇ ਹਨ— ਸੁਹਣੇ ਸ਼ਬਦਾਂ ਦਾ ਮੈਨੂੰ ਠਰਕ ਹੈ, ਉਹਨਾਂ ਸ਼ਬਦਾਂ ਦਾ ਜਿਹੜੇ ਸਾਦੇ ਤੇ ਲਯ ਭਰੇ ਹੋਣ। ਉਹੀ ਸ਼ਬਦ ਮੇਰਾ ਦਿਲ ਹਲੂਣਦੇ ਹਨ, ਜਿਨ੍ਹਾਂ ਉੱਤੇ ਵਿਦਵਤਾ ਦਾ ਸੁਨਹਿਰੀ ਭਾਰ ਨਾ ਹੋਵੇ, ਨਾ ਜਿਨ੍ਹਾਂ ਵਿੱਚ ਧਾਰਮਕ ਪਵਿਤਰਤਾ ਦੀ ਗੰਭੀਰਤਾ ਹੋਵੇ… ਇਹੋ ਜਿਹੇ ਸ਼ਬਦਾਂ ਸੰਬੰਧੀ ਮੈਨੂੰ ਕੋਈ ਨਸਲੀ ਜਾਂ ਮੁਲਕੀ ਤਅੱਸੁਬ ਵੀ ਨਹੀਂ ….।

7. ਸਹਿਜ ਪਿਆਰ ਦਾ ਫਲਸਫਾ : ਗੁਰਬਖਸ਼ ਸਿੰਘ ਦੀ ਲਿਖਤ ਦਾ ਇੱਕ ਅਹਿਮ ਪੱਖ ਉਸਦੇ ਸਹਿਜ ਪਿਆਰ ਦਾ ਫਲਸਫਾ ਹੈ। ਜਿਸ ਦੀ ਬੁਨਿਆਦ ਤਾਂ ਭਾਵੇ ਪਲੈਟੋ ਦੇ ਫਲਸਫੇ ਤੇ ਆਧਾਰਿਤ ਹੈ, ਪਰ ਲੇਖਕ ਨੇ ਆਪਣੇ ਨਿਬੰਧਾਂ ਤੇ ਕਹਾਣੀਆਂ ਵਿੱਚ ਉਸ ਫਲਸਫੇ ਦੇ ਮੁਤਾਬਿਕ ਰਚਨਾ ਲਿਖ ਕੇ ਉਸਨੂੰ ਵਿਸਥਾਰ ਸਾਹਿਤ ਪੇਸ਼ ਕੀਤਾ ਹੈ। ਲੇਖਕ ਦਾ ਮੱਤ ਹੈ ਪਿਆਰ ਕਬਜ਼ਾ ਨਹੀਂ ਸਗੋਂ ਪਹਿਚਾਣ ਹੈ। ਇਹ ਵਿਸ਼ਾ ਵਾਸਨਾ ਤੋਂ ਬਿਲਕੁਲ ਉੱਚਾ ਤੇ ਸਰੀਰਕ ਖਿੱਚ ਦਾ ਕੋਈ ਨਿਸ਼ਾਨਾ ਨਹੀਂ ਹੁੰਦਾ। ਆਪਣੇ ਨਿਸਫਲ ਪਿਆਰ ਵਿੱਚ ਜਦੋਂ ਮੱਖਣੀ ਸਬੰਧੀ ਗੱਲ ਕਰਦਾ ਹੈ ਤਾਂ ਲਿਖਦਾ ਹੈ :

“ਜਦੋਂ ਵੀ ਮੈਂ ਉਸਨੂੰ ਦੇਖਣ ਦਾ ਯਤਨ ਕੀਤਾ ਉਸਦੀ ਸਮੁੱਚੀ ਰੂਹ ਮੇਰਾ ਧਿਆਨ ਮਲ ਲੈਂਦੀ ਹੈ ਤੇ ਮੈਂ ਕਦੇ ਜਾਂਚਣ ਦੀ ਕੋਸ਼ਿਸ਼ ਨਾ ਕੀਤੀ ਕਿ ਉਸਦੇ ਨਕਸ਼ ਕਿਹੋ ਜਿਹੇ ਹਨ ਅਤੇ ਉਸਦਾ ਕੱਦ ਕੇਡਾ ਹੈ।”

ਇਸ ਤਰ੍ਹਾਂ ‘ਰਾਜ ਕੁਮਾਰੀ ਲਤਿਕਾ’ ਵਿੱਚ ਗੁਰਬਖਸ਼ ਸਿੰਘ ਨੇ ਸੰਪੂਰਨ ਤੌਰ ਤੇ ਸਹਿਜ ਪਿਆਰ ਦੇ ਫਲਸਫੇ ਨੂੰ ਸਾਡੇ ਸਾਹਮਣੇ ਲਿਆਂਦਾ। ਜ਼ਿੰਦਗੀ ਦੀ ਰਾਸ ਪੁਸਤਕ ਵਿੱਚ ‘ਪਿਆਰ’ ਨਾਂ ਦੇ ਨਿਬੰਧ ਵਿੱਚ ਉਸਨੇ ਸਹਿਜ ਪਿਆਰ ਦੀ ਵਿਆਖਿਆ ਕੀਤੀ ਹੈ। ਇਸ ਪ੍ਰਕਾਰ ਵਿਚਾਰਾਂ ਦੇ ਪੱਖ ਤੋਂ ਗੁਰਬਖਸ਼ ਦੇ ਇਸ ਫਲਸਫੇ ਕਾਰਨ ਬੜੀ ਨਿਗਰ ਦੇਣ ਹੈ।

8. ਇੱਕ ਉੱਤਮ ਪੱਤਰਕਾਰ : ਗੁਰਬਖਸ਼ ਸਿੰਘ ਪੇਸ਼ੇ ਵਜੋਂ ਇੱਕ ਪੱਤਰਕਾਰ ਸੀ ਅਤੇ ਪ੍ਰੀਤਲੜੀ ਉਸਦੀ ਸੰਪਾਦਨ ਕਲਾ ਦਾ ਇੱਕ ਮਹੱਤਵਪੂਰਨ ਹਿੱਸਾ ਕਿਹਾ ਜਾ ਸਕਦਾ ਹੈ। ਜੋ ਕੁੱਝ ਵੀ ਉਸਨੇ ਲਿਖਿਆ, ਪ੍ਰੀਤਲੜੀ ਲਈ ਲਿਖਿਆ।

ਪ੍ਰੀਤਲੜੀ ਨੂੰ ਪਿੱਛਲੇ ਪੰਜਾਹ ਸਾਲ ਦੇ ਇਤਿਹਾਸ ਦਾ ਦਰਪਨ ਕਿਹਾ ਜਾ ਸਕਦਾ ਹੈ। ਪ੍ਰੀਤ ਲੜੀ ਨੇ ਅਨੇਕਾਂ ਲੇਖਕ ਪੈਦਾ ਕੀਤੇ ਜਿਨ੍ਹਾਂ ਵਿੱਚੋਂ ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਬਲਰਾਜ ਸਾਹਨੀ, ਸੰਤੋਖ ਸਿੰਘ ਧੀਰ, ਅਤੇ ਸਾਹਿਰ ਲੁਧਿਆਣਵੀ ਆਦਿ ਦੇ ਨਾਂ ਵਿਸ਼ੇਸ਼ ਹਨ। ਪ੍ਰੀਤ ਲੜੀ ਦੇ ਚਲਣ ਨਾਲ ਹੋਰ ਅਨੇਕਾਂ ਮੈਗਜ਼ੀਨ ਵੀ ਉਸਦੀ ਰੀਸ ਕਰਨ ਲਈ ਪੰਜਾਬ ਵਿੱਚ ਸ਼ੁਰੂ ਹੋਏ ਜਿਨ੍ਹਾਂ ਵਿੱਚ ਨਾਗਮਨੀ, ਆਰਸੀ ਆਦਿ ਵਿਸ਼ੇਸ਼ ਕਹੇ ਜਾ ਸਕਦੇ ਹਨ। ਗੁਰਬਖਸ਼ ਸਿੰਘ ਦੀ ਸਮੁੱਚੀ ਦੇਣ ਵਿੱਚੋਂ ਪ੍ਰੀਤਲੜੀ ਦੇ ਯੋਗਦਾਨ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ।

9. ਇੱਕ ਸਮਾਜ ਸੁਧਾਰਕ : ਗੁਰਬਖਸ਼ ਸਿੰਘ ਨੂੰ ਪ੍ਰਮੁੱਖ ਤੌਰ ਤੇ ਸਮਾਜਵਾਦੀ ਲੇਖਕ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਆਪਣੇ ਨਿਬੰਧਾਂ ਵਿੱਚ ਸਮਾਜ ਨਾਲ ਸੰਬੰਧਿਤ ਅਨੇਕਾਂ ਵਿਸ਼ਿਆਂ ਨੂੰ ਲੋਕਾਂ ਸਾਮ੍ਹਣੇ ਪੇਸ਼ ਕੀਤਾ। ਜੀਵਨ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਬੜਾ ਵਿਸ਼ਾਲ ਹੈ। ਪੰਜਾਬੀ ਜਗਤ ਵਿੱਚ ਇਸਤਰੀ ਮਰਦ ਦੀ ਬਰਾਬਰੀ ਦੀ ਗੱਲ ਸਭ ਤੋਂ ਪਹਿਲਾਂ ਗੁਰਬਖਸ਼ ਸਿੰਘ ਨੇ ਕੀਤੀ। ਵਿਧਵਾ ਵਿਆਹ ਜਿਸਨੂੰ ਸਾਡੇ ਸਮਾਜ ਵਿੱਚ ਬੁਰਾ ਸਮਝਿਆ ਜਾਂਦਾ ਸੀ, ਲੇਖਕ ਨੇ ਖੁੱਲ੍ਹ ਕੇ ਇਸ ਦੇ ਹੱਕ ਵਿੱਚ ਲਿਖਿਆ ਤੇ ਉਨ੍ਹਾਂ ਲੋਕਾਂ ਦੀ ਮਦਦ ਕੀਤੀ ਜਿਨ੍ਹਾਂ ਨੇ ਆਪਣੀ ਜਾਤ ਨੂੰ ਛੱਡ ਕੇ ਦੂਸਰੀ ਜਾਤ ਵਿੱਚ ਆਪਣੇ ਜੀਵਨ ਸਾਥੀ ਚੁਣ ਕੇ ਸ਼ਾਦੀ ਕੀਤੀ। ਛੂਤ ਛਾਤ, ਵਹਿਮ ਭਰਮ, ਆਰਥਿਕ ਤੌਰ ਤੇ ਬਰਾਬਰੀ ਅਤੇ ਧਰਮ ਨੂੰ ਆਪਣੇ ਵਿਸ਼ਵਾਸ਼ ਦੇ ਮੁਤਾਬਿਕ ਲੋੜ ਅਨੁਸਾਰ ਵਰਤਣ ਲਈ ਕਿਹਾ ਹੈ। ਜਿਹੜੇ ਲੋਕ ਝੂਠੇ, ਪਖੰਡੀ ਅਤੇ ਆਲਸੀ ਹੁੰਦੇ ਹਨ, ਗੁਰਬਖਸ਼ ਸਿੰਘ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਦਾ। ਉਹ ਹਮੇਸ਼ਾਂ ਆਸ਼ਾਵਾਦੀ ਪੱਖ ਅਪਣਾਉਣ ਦੀ ਗੱਲ ਕਰਦਾ ਹੈ ਅਤੇ ਜੀਵਨ ਪ੍ਰਤੀ ਉਸਦਾ ਨਜ਼ਰੀਆ ਬੜਾ ਉਸਾਰੂ ਹੈ।

10. ਮਨੋਰਥ ਭਰਪੂਰ ਕਰਨਾ : ਗੁਰਬਖਸ਼ ਸਿੰਘ ਦੀ ਸਾਰੀ ਰਚਨਾ ਮਨੋਰਥ ਭਰਪੂਰ ਹੈ ਅਤੇ ਇਸ ਵਿੱਚ ਕੋਈ-ਨਾ ਕੋਈ ਮਕਸਦ ਜ਼ਰੂਰ ਹੁੰਦਾ ਹੈ। ਉਹ ਰੰਚਿਕਤਾ ਨੂੰ ਦੇਖ ਕੇ ਲਿਖਦਾ ਰਿਹਾ ਅਤੇ ਕਿਤੇ ਵੀ ਉਸਦੀ ਲਿਖਤ ਵਿੱਚ ਨਿਰਾਸ਼ਾਵਾਦੀ ਪੱਖ ਦੇਖਣ ਨੂੰ ਨਹੀਂ ਮਿਲਦਾ, ਪੰਜਾਬੀ ਵਿੱਚ ਸਭ ਤੋਂ ਜਿਆਦਾ ਰਚਨਾ ਕਰਨ ਵਾਲਾ ਅਤੇ ਸਭ ਤੋਂ ਵੱਧ ਪ੍ਰਭਾਵਸ਼ੀਲ ਲੇਖਕ ਗੁਰਬਖਸ਼ ਸਿੰਘ ਨੂੰ ਸਵੀਕਾਰ ਕੀਤਾ ਗਿਆ ਹੈ ਜੇ ਅੱਜ ਦੇ ਸਮੇਂ ਨੂੰ ਗੁਰਬਖਸ਼ ਸਿੰਘ ਦਾ ਯੁੱਗ ਕਹਿ ਦਈਏ ਤਾਂ ਇਸ ਗੱਲ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।