ਲੇਖ – ਅਜਾਇਬ ਘਰ


ਅਜਾਇਬ ਘਰ – ਅੰਮ੍ਰਿਤਸਰ


ਭਾਵੇਂ ਪਿਛਲੇ ਸਮੇਂ ਦੇ ਲੋਕਾਂ ਬਾਰੇ ਸਾਨੂੰ ਇਤਿਹਾਸ ਤੋਂ ਵੀ ਜਾਣਕਾਰੀ ਮਿਲਦੀ ਹੈ ਪਰ ਇਹਦੀ ਜੀਉਂਦੀ ਜਾਗਦੀ ਨੁਹਾਰ ਸਾਨੂੰ ਅਜਾਇਬ ਘਰ ਵਿੱਚੋਂ ਹੀ ਦਿਸ ਸਕਦੀ ਹੈ, ਜਿੱਥੇ ਪੁਰਾਣੇ ਸਮੇਂ ਦੀ ਹਰੇਕ ਚੀਜ਼-ਕਪੜੇ, ਭਾਂਡੇ, ਹਥਿਆਰ ਤੇ ਸੰਦ ਆਦਿ-ਇਕੱਤਰ ਕਰਕੇ ਰੱਖੀ ਜਾਂਦੀ ਹੈ। ਅਜਾਇਬ ਘਰ ਕੌਮਾਂ ਦੀ ਸੰਸਕ੍ਰਿਤੀ ਦਾ ਖਜ਼ਾਨਾ ਹੁੰਦੇ ਹਨ, ਇਸ ਲਈ ਸਭਿਆ ਕੌਮਾਂ ਆਪਣੇ ਵੱਡੇ – ਵਡੇਰਿਆਂ ਦੀਆਂ ਵਸਤਾਂ ਨੂੰ ਸਾਂਭ ਕੇ ਰਖ ਲੈਂਦੀਆਂ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦੇਂਦੀਆਂ ਹਨ। ਅਜਾਇਬ ਘਰਾਂ ਦੀ ਵਿਦਿਅਕ ਮਹੱਤਤਾ ਵੀ ਬਹੁਤ ਹੈ। ਇਨ੍ਹਾਂ ਨੂੰ ਵੇਖਿਆਂ ਮਨੁੱਖ ਦਾ ਗਿਆਨ ਤੇ ਵਾਕਫ਼ੀ ਵਧਦੀ ਹੈ।

ਐਂਤਕੀ ਜਦ ਮੈਂ ਆਪਣੇ ਪਰਿਵਾਰ ਨਾਲ ਦੀਵਾਲੀ ਦੇ ਮੌਕੇ ਉਤੇ ਅੰਮ੍ਰਿਤਸਰ ਗਿਆ, ਤਾਂ ਘੰਟਾ ਘਰ ਵਾਲੀ ਡਿਓਢੀ ਤੋਂ ਲੰਘਦਿਆਂ ਹੀ ਮੇਰੀ ਨਜ਼ਰ ਇਕ ਬੋਰਡ ‘ਤੇ ਪਈ, ਜਿਸ ਉਤੇ ਲਿਖਿਆ ਸੀ, ‘ਕੇਂਦਰੀ ਸਿੱਖ ਅਜਾਇਬ ਘਰ‘। ਮੈਂ ਝਟ ਪਿਤਾ ਸ੍ਰੀ ਨੂੰ ਫੁਰਮਾਇਸ਼ ਕੀਤੀ ਕਿ ਅੱਜ ਸਾਨੂੰ ਇਹ ਅਜਾਇਬ ਘਰ ਵੀ ਵਿਖਾਓ। ਉਹ ਮੰਨ ਗਏ ਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਪਿੱਛੋਂ ਅਸੀਂ ਅਜਾਇਬ ਘਰ ਵੇਖਿਆ, ਜੋ ਢਿਉਢੀ ਦੀ ਦੂਜੀ ਮੰਜ਼ਿਲ ਤੇ ਸੀ। ਸਬੱਬ ਨਾਲ ਅਜਾਇਬ ਘਰ ਦੇ ਪ੍ਰਬੰਧਕ ਮੇਰੇ ਪਿਤਾ ਜੀ ਦੇ ਮਿੱਤਰ ਨਿਕਲੇ ਤੇ ਉਨ੍ਹਾਂ ਨੇ ਨਾਲ ਹੋ ਕੇ ਸਾਨੂੰ ਸਭ ਕੁਝ ਵਿਖਾਇਆ।

ਦੀਵਾਲੀ ਹੋਣ ਕਰਕੇ ਅੱਜ ਦਰਸ਼ਕਾਂ ਦੀ ਬੜੀ ਭੀੜ ਸੀ। ਅਸੀਂ ਵੀ ਇਸ ਭੀੜ ਵਿਚ ਜਾ ਰਲੇ। ਕੰਧਾਂ ਉਤੇ ਛੋਟੇ ਵੱਡੇ ਹੱਥ-ਚਿੱਤਰ, ਤਸਵੀਰਾਂ, ਫੋਟੋਆਂ ਤੇ ਹੋਰ ਵਸਤਾਂ ਲਟਕ ਰਹੀਆਂ ਸਨ ਤੇ ਸ਼ੀਸ਼ੇ ਦੇ ਵੱਡੇ-ਵੱਡੇ ਬਕਸਿਆਂ ਵਿਚ ਕਈ ਚੀਜ਼ਾਂ ਸੁਰੱਖਿਅਤ ਪਈਆਂ ਸਨ। ਕਈ ਚੀਜ਼ਾਂ ਮੇਜ਼ਾਂ ਉਤੇ ਖੁਲ੍ਹੀਆਂ ਵੀ ਰੱਖੀਆਂ ਸਨ, ਪਰ ਉਨ੍ਹਾਂ ਦੇ ਕੋਲ ‘ਹੱਥ ਨਾ ਲਾਓ ਜੀ’ ਦੇ ਬੋਰਡ ਵੀ ਪਏ ਸਨ।

ਕੰਧਾਂ ਉਤੇ ਕਲਾਕਾਰਾਂ ਦੀਆਂ ਕਿਰਤਾਂ ਨੇ ਸਾਨੂੰ ਬੜਾ ਪ੍ਰਭਾਵਿਤ ਕੀਤਾ। ਇਨ੍ਹਾਂ ਵਿਚ ਸਿੱਖਾਂ ਦੀਆਂ ਸ਼ਹੀਦੀਆਂ ਦੇ ਸਾਕਿਆਂ ਨੂੰ ਚਿਤਰਿਆ ਗਿਆ ਸੀ। ਕਿਤੇ ਤਾਂ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕਟੀਂਦੇ ਵਿਖਾਏ ਹੋਏ ਸਨ, ਕਿਤੇ ਆਰਿਆਂ ਨਾਲ ਚੀਰੇ ਜਾ ਰਹੇ ਤੇ ਕਿਤੇ ਚਰੱਖੜੀਆਂ ‘ਤੇ ਚੜ੍ਹਾਏ ਜਾ ਰਹੇ ਸਿੱਖਾਂ ਦੇ ਚਿੱਤਰ ਸਨ। ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਜੀ ਤੇ ਦਸਮ ਪਿਤਾ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦ੍ਰਿਸ਼ਾਂ ਨੇ ਸਾਡੀਆਂ ਅੱਖਾਂ ਵਿਚ ਹੰਝੂ ਲੈ ਆਂਦੇ। ਅੱਗੇ ਮੀਰ ਮਨੂੰ ਦੀ ਕੈਦ ਵਿਚ ਪਈਆਂ ਹੋਈਆਂ ਇਸਤਰੀਆਂ ਦੇ ਬੱਚੇ ਉਛਾਲ ਕੇ ਬਰਛਿਆਂ ਉਤੇ ਟੰਗੇ ਹੋਏ ਸਨ। ਕਿੰਨੇ ਕੋਮਲ ਤੇ ਮਾਸੂਮ ਬੱਚੇ ਤੇ ਉਨ੍ਹਾਂ ਉਤੇ ਕਿੰਨਾ ਕਹਿਰ ਢਾਇਆ ਗਿਆ ਸੀ। ਮੇਰੇ ਮਾਤਾ ਜੀ ਦੀਆਂ ਅੱਖਾਂ ਫਿਰ ਤਰ ਹੋ ਗਈਆਂ। ਰੋਜ਼ ਅਰਦਾਸ ਵਿਚ ਸੁਣੀਆਂ ਇਹ ਸਾਰੀਆਂ ਘਟਨਾਵਾਂ ਸਾਕਾਰ ਹੋ ਆਈਆਂ। ਇਨ੍ਹਾਂ ਤੋਂ ਬਿਨਾਂ ਇਥੇ ਅੰਗਰੇਜ਼ੀ ਰਾਜ ਦੇ ਸਮੇਂ ਦੇ ਸ਼ਹੀਦ ਭਗਤ ਸਿੰਘ, ਸ਼ਹੀਦ ਓਦਮ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਆਦਿ ਦੇ ਚਿੱਤਰ ਵੀ ਸਨ।

ਫਿਰ ਅਸਾਂ ਸਾਰੇ ਸਿੱਖ ਗੁਰੂਆਂ ਦੇ ਚਿੱਤਰ ਵੇਖੇ। ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਦਾ ਜਲਾਲ ਤੇ ਗੁਰੂ ਨਾਨਕ ਸਾਹਿਬ ਦੀ ਤਸਵੀਰ ‘ਨਾਮ ਖੁਮਾਰੀ’ ਬਹੁਤ ਪ੍ਰਭਾਵਿਤ ਕਰਨ ਵਾਲੀ ਸੀ। ਇਨ੍ਹਾਂ ਤੋਂ ਛੁੱਟ ਇਸ ਅਜਾਇਬ ਘਰ ਵਿਚ ਪੁਰਾਣੇ ਤੇ ਇਸ ਸਮੇਂ ਦੇ ਸਿੱਖ ਵਿਦਵਾਨਾਂ, ਸਾਹਿਤਕਾਰਾਂ, ਸੰਤਾਂ-ਮਹੰਤਾਂ ਤੇ ਭਗਤਾਂ, ਲੀਡਰਾਂ ਤੇ ਜੋਧਿਆਂ ਦੇ ਚਿੱਤਰ ਵੀ ਸਨ, ਜਿਹਾ ਕਿ ਭਾਈ ਗੁਰਦਾਸ, ਭਾਈ ਕਾਨ੍ਹ ਸਿੰਘ ਨਾਭਾ, ਭਾਈ ਦਿਤ ਸਿੰਘ, ਭਾਈ ਵੀਰ ਸਿੰਘ, ਏਅਰ ਚੀਫ ਮਾਰਸ਼ਲ ਅਰਜਨ ਸਿੰਘ, ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ, ਫਲਾਇੰਗ ਅਫ਼ਸਰ ਨਿਰਮਲ ਸਿੰਘ ਸੇਖੋਂ, ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਆਦਿ।

ਇਸ ਤੋਂ ਬਾਅਦ ਅਸਾਂ ਅਜਾਇਬ ਘਰ ਵਿਚ ਪਏ ਜੰਗੀ ਹਥਿਆਰ ਵੇਖੇ। ਪੁਰਾਣੇ ਸਮੇਂ ਦੀਆਂ ਢਾਲਾਂ, ਕਿਰਪਾਨਾਂ, ਬਰਛੇ, ਨੇਜ਼ੇ, ਕਟਾਰਾਂ ਤੇ ਦੁਧਾਰੇ ਆਦਿ ਸ਼ਸਤਰ ਵੇਖ ਕੇ ਸਾਨੂੰ ਪਿਛਲਾ ਕਾਲ ਯਾਦ ਆ ਗਿਆ। ਨਿੱਕੀਆਂ ਤੋਪਾਂ ਤੇ ਵੱਡੀਆਂ ਬੰਦੂਕਾਂ ਵੇਖ ਕੇ ਸਾਨੂੰ ਖਿਆਲ ਆਇਆ ਕਿ ਇਨ੍ਹਾਂ ਨੂੰ ਚੁਕਣ ਤੇ ਚਲਾਉਣ ਵਾਲੇ ਰਿਸ਼ਟ-ਪੁਸ਼ਟ ਤੇ ਉਚੇ ਲੰਮੇ ਗਭਰੂ ਹੁੰਦੇ ਹੋਣਗੇ। ਇਨ੍ਹਾਂ ਸ਼ਸਤਰਾਂ ਵਿਚ ਪੁਰਾਣੇ ਜ਼ਮਾਨੇ ਵਿਚ ਵਰਤੇ ਜਾਂਦੇ ਸੰਜੋਅ, ਲੋਹ-ਟੋਪ ਤੇ ਖੋਦ ਵੀ ਸਨ।

ਇਨ੍ਹਾਂ ਸ਼ਸਤਰਾਂ ਦੇ ਨਾਲ ਹੀ ਇਕ ਪਾਸੇ ਤੱਤੀ ਸਾਜ਼ ਪਏ ਸਨ। ਸਿੱਖਾਂ ਵਿਚ ਕੀਰਤਨ ਨੂੰ ‘ਨਿਰਮੋਲਕ ਹੀਰਾ’ ਸਮਝਿਆਂ ਜਾਂਦਾ ਹੈ ਅਤੇ ਇਨ੍ਹਾਂ ਸਾਜ਼ਾਂ ਨਾਲ ਰੱਬੀ ਜਸ ਗਾਇਆ ਜਾਂਦਾ ਹੈ। ਅਸੀਂ ਆਮ ਤੌਰ ਤੇ ਵਾਜਾ-ਜੋੜੀ ਜਾਂ ਢੋਲਕ ਹੀ ਵੇਖਦੇ ਹਾਂ, ਪਰ ਇੱਥੇ ਅਸਾਂ ਸਿਤਾਰ, ਰਬਾਬ, ਤਾਨਪੂਰਾ, ਮਿਰਦੰਗ, ਆਦਿ ਕਈ ਸਾਜ਼ ਵੇਖੇ। ਇਸ ਤੋਂ ਪਿਛੋਂ ਪ੍ਰਬੰਧਕ ਸਾਹਿਬ ਨੇ ਸਾਨੂੰ ਪੁਰਾਣੀਆਂ ਹੱਥ-ਲਿਖਤਾਂ ਵਿਖਾਈਆਂ। ਇਥੇ ਵੱਖ-ਵੱਖ ਲਿਖਾਈ ਦੇ ਰੂਪਾਂ ਵਾਲੀਆਂ ਕੁਝ ਹੱਥ-ਲਿਖਤਾਂ ਸੰਭਾਲੀਆਂ ਹੋਈਆਂ ਹਨ। ਗੁਰੂ ਗ੍ਰੰਥ ਸਾਹਿਬ ਦੀ ਇਕ ਬੀੜ ਬੜੇ ਨਿੱਕੇ ਆਕਾਰ ਦੀ ਹੈ ਤੇ ਮਹੀਨ ਅੱਖਰਾਂ ਵਿਚ ਲਿਖੀ ਹੋਈ ਹੈ। ਉਨ੍ਹਾਂ ਨੇ ਸਾਨੂੰ ਗੁਰੂ ਸਾਹਿਬਾਨ ਦੇ ਹਸਤਾਖਰਾਂ ਵਾਲੀਆਂ ਕੁਝ ਲਿਖਤਾਂ ਵੀ ਵਿਖਾਈਆਂ।

ਇਸ ਤੋਂ ਅੱਗੇ ਵੱਡਾ ਸਾਰਾ ਬਕਸਾ ਪਿਆ ਸੀ, ਜਿਸ ਵਿਚ ਵੱਖ-ਵੱਖ ਕਾਲਾਂ ਦੇ ਸਿੱਕੇ ਪਏ ਸਨ। ਇਨ੍ਹਾਂ ਵਿਚ ਸਿੱਖ ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਕਾਲ ਦੇ ਸਿੱਕੇ ਵੀ ਸਨ ਤੇ ਅੰਗਰੇਜ਼ੀ ਰਾਜ ਦੇ ਵੱਖ-ਵੱਖ ਤਰ੍ਹਾਂ ਦੇ ਸਿੱਕੇ ਤੇ ਨੋਟ ਵੀ। ਇਸ ਦੇ ਨਾਲ ਬਕਸਿਆਂ ਵਿਚ ਪੁਰਾਣੇ ਸਮੇਂ ਦੀਆਂ ਪੁਸਤਕਾਂ ਸਨ, ਜੋ ਬਹੁਤਾ ਕਰਕੇ ਗੁਰੂ ਸਾਹਿਬਾਨ ਦੇ ਸਮੇਂ ਅਤੇ ਮਹਾਰਾਜਾ ਰਣਜੀਤ ਸਿੰਘ ਤੇ ਹੋਰ ਸਿੱਖ ਰਾਜਿਆਂ-ਮਹਾਰਾਜਿਆਂ ਦੇ ਪਰਿਵਾਰਾਂ ਨਾਲ ਸੰਬੰਧ ਰਖਦੀਆਂ ਹਨ। ਪ੍ਰਬੰਧਕ ਸਾਹਿਬ ਨੇ ਸਾਨੂੰ ਦੱਸਿਆ ਕਿ ਬਹੁਤ ਸਾਰੀਆਂ ਕੀਮਤੀ ਵਸਤਾਂ, ਜਿਹਾ ਕੇ ਦਰਬਾਰ ਸਾਹਿਬ ਦੀ ਚਾਂਦਨੀ, ਚੌਕ ਤੇ ਸੋਨੇ ਦੇ ਕਾਬੜੇ ਤੇ ਕਹੀਆਂ ਆਦਿ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਵਿਚ ਸੰਭਾਲੀਆਂ ਪਈਆਂ ਹਨ ਅਤੇ ਵਿਸਾਖੀ, ਦੀਵਾਲੀ ਆਦਿ ਤਿਉਹਾਰਾਂ ਦੇ ਮੌਕੇ ਤੇ ਕੱਢੀਆਂ ਜਾਂਦੀਆਂ ਹਨ।

ਸਿੱਖ ਅਜਾਇਬ ਘਰ‘ ਵਿਚ ਰਾਜ ਦੀਆਂ ਕਈ ਨਿਸ਼ਾਨੀਆਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਦੇ ਸ਼ਹਿਜ਼ਾਦਿਆਂ, ਮਹਾਰਾਣੀ ਜਿੰਦਾਂ ਤੇ ਕੰਵਰ ਦਲੀਪ ਸਿੰਘ ਦੇ ਚਿੱਤਰ ਵੀ ਸਨ, ਜੋ ਬਾਰ-ਬਾਰ ਵੇਖਣ ਤੇ ਜੀਅ ਕਰਦਾ ਸੀ। ਸਭਰਾਓਂ ਦੀ ਲੜਾਈ ਦੇ, ਜੋ ਅੰਗਰੇਜ਼ਾਂ ਨੂੰ ਪੰਜਾਬ ਵਿੱਚੋਂ ਕੱਢਣ ਲਈ ਲੜੀ ਗਈ ਸੀ, ਕਈ ਦ੍ਰਿਸ਼ ਵਿਖਾਏ ਗਏ ਸਨ। ਪ੍ਰਬੰਧਕ ਸਾਹਿਬ ਨੇ ਸਾਨੂੰ ਦੱਸਿਆ ਕਿ ਇਸ ਅਜਾਇਬ ਘਰ ਨੂੰ ਬਹੁਤ ਵੱਡਾ ਬਣਾਉਣ ਦੀ ਤਜਵੀਜ਼ ਹੈ। ਇਸ ਵਿਚ ਸਿੱਖ ਧਰਮ, ਸਿੱਖ ਸਭਿਆਚਾਰ, ਸਿੱਖ ਸਾਹਿਤ ਤੇ ਸਿੱਖ ਰਾਜ ਨਾਲ ਸੰਬੰਧਿਤ ਹੋਰ ਬਹੁਤ ਸਾਰੀਆਂ ਪੁਰਾਤਨ ਤੇ ਨਵੀਆਂ ਵਸਤਾਂ ਰੱਖੀਆਂ ਜਾਣਗੀਆਂ ਤੇ ਇਹ ਅਜਾਇਬ ਘਰ ਸਿੱਖਾਂ ਨੂੰ ਸਿੱਖੀ ਦਾ ਗੌਰਵ ਤੇ ਵੱਡਿਤਣ ਦਸ ਕੇ ਚਾਨਣ-ਮੁਨਾਰੇ ਦੇ ਕੰਮ ਦੇਵੇਗਾ। ਅਸੀਂ ਇਹ ਸਭ ਕੁਝ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਸਾਨੂੰ ਆਪਣੇ ਪੂਰਵਜ਼ ਪੰਜਾਬੀਆਂ ਉਤੇ ਮਾਣ ਹੋ ਰਿਹਾ ਸੀ, ਜਿਨ੍ਹਾਂ ਦਾ ਸਾਰਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਸੀ। ਅੱਜ ਦੀ ਫੇਰੀ ਨੇ ਜਿਥੇ ਗਿਆਨ ਦੀ ਭੁਖ ਮਿਟਾਈ ਸੀ, ਉਥੇ ਫਿਰ-ਫਿਰ ਕੇ ਸਾਡੀ ਭੁੱਖ ਹੋਰ ਵੀ ਚਮਕ ਪਈ ਸੀ। ਸੋ, ਅਸੀਂ ਪ੍ਰਬੰਧਕ ਸਾਹਿਬ ਦਾ ਧੰਨਵਾਦ ਕਰਕੇ ਉਨ੍ਹਾਂ ਤੋਂ ਛੁੱਟੀ ਲਈ ਤੇ ਲੰਗਰ ਛਕਣ ਤੋਂ ਬਾਅਦ ‘ਗੁਰੂ ਰਾਮ ਦਾਸ ਨਿਵਾਸ’ ਵਿਚ ਆ ਗਏ, ਜਿੱਥੇ ਰਹਿਣ ਲਈ ਸਾਨੂੰ ਇਕ ਕਮਰਾ ਮਿਲਿਆ ਹੋਇਆ ਸੀ।