ਰਾਜਾ ਰਸਾਲੂ : ਸੰਖੇਪ ਉੱਤਰਾਂ ਵਾਲੇ ਪ੍ਰਸ਼ਨ


25-30 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ/ਸੰਖੇਪ ਉੱਤਰਾਂ ਵਾਲੇ ਪ੍ਰਸ਼ਨ


ਪ੍ਰਸ਼ਨ 1. ਰਸਾਲੂ ਦਾ ਜਨਮ ਕਿਸ ਦੇ ਘਰ ਅਤੇ ਕਿਸ ਦੇ ਅਸ਼ੀਰਵਾਦ ਨਾਲ ਹੋਇਆ ਸੀ?

ਉੱਤਰ : ਲੋਕ-ਬੀਰ ਰਸਾਲੂ ਦਾ ਜਨਮ ਪੂਰਨ ਭਗਤ ਦੇ ਅਸ਼ੀਰਵਾਦ ਨਾਲ ਸਿਆਲਕੋਟ ਦੇ ਰਾਜੇ ਸਲਵਾਨ ਦੇ ਘਰ ਹੋਇਆ ਸੀ। ਉਸ ਦੀ ਮਾਂ ਰਾਣੀ ਲੂਣਾ ਸੀ। ਰਾਣੀ ਲੂਣਾ ਰਾਜੇ ਸਲਵਾਨ ਦੀ ਦੂਜੀ ਰਾਣੀ ਸੀ।

ਪ੍ਰਸ਼ਨ 2. ਰਾਜੇ ਸਲਵਾਨ ਨੇ ਰਸਾਲੂ ਨੂੰ ਬਾਰਾਂ ਸਾਲ ਭੋਰੇ ਵਿੱਚ ਕਿਉਂ ਪਾਈ ਰੱਖਿਆ ਸੀ?

ਉੱਤਰ: ਸਿਆਲਕੋਟ ਦੇ ਰਾਜੇ ਸਲਵਾਨ ਨੂੰ ਜੋਤਸ਼ੀਆਂ ਨੇ ਦੱਸਿਆ ਸੀ ਕਿ ਸਲਵਾਨ ਲਈ ਬਾਰਾਂ ਸਾਲ ਤੱਕ ਪੁੱਤਰ ਰਸਾਲੂ ਦਾ ਮੂੰਹ ਵੇਖਣਾ ਅਸ਼ੁੱਭ ਹੈ। ਇਸ ਲਈ ਰਾਜੇ ਨੇ ਜੋਤਸ਼ੀਆਂ ਦਾ ਕਹਿਣਾ ਮੰਨ ਕੇ ਰਸਾਲੂ ਨੂੰ ਬਾਰਾਂ ਸਾਲ ਭੋਰੇ ਵਿੱਚ ਪਾਈ ਰੱਖਿਆ ਸੀ।

ਪ੍ਰਸ਼ਨ 3. ਰਸਾਲੂ ਭੋਰੇ ਵਿਚੋਂ ਕਦੋਂ ਤੇ ਕਿਉਂ ਬਾਹਰ ਆ ਗਿਆ ਸੀ?

ਉੱਤਰ : ਰਸਾਲੂ ਨੂੰ ਉਸ ਦੇ ਪਿਤਾ ਰਾਜੇ ਸਲਵਾਨ ਨੇ ਜੋਤਸ਼ੀਆਂ ਦੇ ਕਹਿਣ ‘ਤੇ ਬਾਰਾਂ ਸਾਲਾਂ ਲਈ ਭੋਰੇ ਵਿੱਚ ਪਾਇਆ ਸੀ। ਪਰ ਰਸਾਲ੍ਹ ਸ਼ੁਰੂ ਤੋਂ ਹੀ ਅਜ਼ਾਦ ਸੁਭਾਅ ਦਾ ਮਾਲਕ ਹੋਣ ਕਾਰਨ ਗਿਆਰ੍ਹਵੇਂ ਸਾਲ ਹੀ ਭੋਰੇ ਵਿੱਚੋਂ ਬਾਹਰ ਆ ਗਿਆ ਸੀ।

ਪ੍ਰਸ਼ਨ 4. ਰਸਾਲੂ ਦੀ ਦਿੱਖ ਕਿਸ ਤਰ੍ਹਾਂ ਦੀ ਸੀ?

ਉੱਤਰ : ਸਿਆਲਕੋਟ ਦੇ ਰਾਜੇ ਸਲਵਾਨ ਦਾ ਪੁੱਤਰ ਰਸਾਲੂ ਬਹੁਤ ਹੀ ਸੁੰਦਰ ਤੇ ਜਵਾਨ ਸੀ। ਉਸ ਦੀ ਇੱਕ ਤੱਕਣੀ ਤੋਂ ਹੀ ਵੇਖਣ ਵਾਲਾ ਕੀਲਿਆ ਜਾਂਦਾ ਸੀ। ਚੰਦਨ ਦੇਈ ਨਾਂ ਦੀ ਇੱਕ ਰਾਜਕੁਮਾਰੀ ਉਸ ਵੱਲ ਖਿੱਚੀ ਗਈ ਸੀ।

ਪ੍ਰਸ਼ਨ 5. ਕਿਹੜੀ ਰਾਜਕੁਮਾਰੀ ਰਸਾਲੂ ‘ਤੇ ਮੋਹਿਤ ਹੋ ਗਈ ਸੀ?

ਉੱਤਰ : ਰਾਜੇ ਸਲਵਾਨ ਦਾ ਪੁੱਤਰ ਰਸਾਲੂ ਬਹੁਤ ਜਵਾਨ ਤੇ ਸੁੰਦਰ ਸੀ। ਭੋਰੇ ‘ਚੋਂ ਬਾਹਰ ਆਉਣ ਮਗਰੋਂ ਜਦੋਂ ਉਹ ਪਹਿਲੇ ਹੀ ਦਿਨ ਅੰਕ ਨਦੀ ਵਿੱਚ ਇਸ਼ਨਾਨ ਕਰਨ ਗਿਆ ਤਾਂ ਚੰਦਨ ਦੇਈ ਨਾਂ ਦੀ ਰਾਜਕੁਮਾਰੀ ਉਸ ਨੂੰ ਵੇਖਦਿਆਂ ਹੀ ਉਸ ‘ਤੇ ਮੋਹਿਤ ਹੋ ਗਈ ਸੀ।

ਪ੍ਰਸ਼ਨ 6. ਰਸਾਲੂ ਨੂੰ ਦੇਸ-ਨਿਕਾਲਾ ਕਿਉਂ ਮਿਲਿਆ ਸੀ?

ਉੱਤਰ : ਜਦੋਂ ਰਸਾਲੂ ਨੇ ਕੁੜੀਆਂ ਦੇ ਕੱਚੇ ਘੜੇ ਗੁਲੇਲ ਨਾਲ ਤੋੜਨੇ ਤੇ ਫਿਰ ਪਿੱਤਲ ਦੀਆਂ ਗਾਗਰਾਂ ਤੀਰਾਂ ਨਾਲ ਵਿੰਨ੍ਹਣੀਆਂ ਸ਼ੁਰੂ ਕੀਤੀਆਂ ਤਾਂ ਰਾਜੇ ਸਲਵਾਨ ਨੇ ਇਹ ਸਹਿਣ ਨਾ ਕੀਤਾ। ਰਾਜੇ ਨੇ ਰਸਾਲੂ ਨੂੰ ਦਰਬਾਰ ਵਿੱਚ ਸੱਦ ਕੇ ਸਜ਼ਾ ਵਜੋਂ ਦੇਸ-ਨਿਕਾਲਾ ਦੇ ਦਿੱਤਾ।

ਪ੍ਰਸ਼ਨ 7. ਬਾਸ਼ਕ ਨਾਗ ਨੇ ਰਸਾਲੂ ਨੂੰ ਕੀ ਦਿੱਤਾ ਸੀ?

ਉੱਤਰ : ਜਦੋਂ ਬਾਸ਼ਕ ਨਾਗ ਦੀਆਂ ਅੱਖਾਂ ਵਿੱਚੋਂ ਰਸਾਲੂ ਨੇ ਰੇਤ ਕੱਢੀ ਸੀ ਤਾਂ ਉਹ ਦੋਵੇਂ ਮਿੱਤਰ ਬਣ ਗਏ ਸਨ। ਉਸ ਨਾਗ ਨੇ ਹੀ ਰਸਾਲੂ ਨੂੰ ਇੱਕ ਮਣੀ ਦਿੱਤੀ ਸੀ ਜਿਹੜੀ ਹਰ ਤਰ੍ਹਾਂ ਦਾ ਜ਼ਹਿਰ ਚੂਸ ਲੈਂਦੀ ਸੀ।

ਪ੍ਰਸ਼ਨ 8. ਰਸਾਲੂ ਦੀ ਪ੍ਰਸਿੱਧੀ ਚਾਰੇ ਪਾਸੇ ਕਿਉਂ ਫੈਲ ਗਈ ਸੀ?

ਉੱਤਰ : ਰਸਾਲੂ ਨੂੰ ਜਦੋਂ ਕਿਤੇ ਵੀ ਜ਼ੁਲਮ ਹੋਣ ਬਾਰੇ ਖ਼ਬਰ ਮਿਲਦੀ ਤਾਂ ਉਹ ਉੱਥੇ ਪਹੁੰਚ ਕੇ ਜ਼ੁਲਮ ਕਰਨ ਵਾਲ਼ੇ ਨੂੰ ਮਾਰ ਮੁਕਾਉਂਦਾ ਸੀ। ਇਸੇ ਸਦਕਾ ਹੀ ਉਸ ਦੀ ਪ੍ਰਸਿੱਧੀ ਚਾਰੇ ਪਾਸੇ ਫੈਲ ਗਈ ਸੀ।

ਪ੍ਰਸ਼ਨ 9. ਰਸਾਲੂ ਸੁਆਂ ਦੇ ਇਲਾਕੇ ਵਿੱਚ ਕਿਸ ‘ਤੇ ਮੋਹਿਤ ਹੋ ਗਿਆ ਸੀ?

ਉੱਤਰ : ਸੂਆਂ ਦਾ ਇਲਾਕਾ ਬਹੁਤ ਸੁੰਦਰ ਸੀ। ਉੱਥੇ ਰਾਜੇ ਹਰੀ ਚੰਦ ਦਾ ਰਾਜ ਸੀ। ਇਸੇ ਇਲਾਕੇ ਵਿੱਚ ਜਦੋਂ ਇੱਕ ਦਿਨ ਰਸਾਲੂ ਨੇ ਹਰੀ ਚੰਦ ਦੀ ਲੜਕੀ ਸਰੂਪਾਂ ਨੂੰ ਆਪਣੀਆਂ ਸਹੇਲੀਆਂ ਨਾਲ ਬਾਗ਼ ਵਿੱਚ ਖੇਡਦਿਆਂ ਵੇਖਿਆ ਤਾਂ ਉਹ ਉਸ ‘ਤੇ ਮੋਹਿਤ ਹੋ ਗਿਆ।

ਪ੍ਰਸ਼ਨ 10. ਰਸਾਲੂ ਨੇ ਸਰੂਪਾਂ ਨਾਲ ਚਾਹੁੰਦੇ ਹੋਏ ਵੀ ਵਿਆਹ ਕਿਉਂ ਨਹੀਂ ਕਰਵਾਇਆ ਸੀ?

ਉੱਤਰ : ਰਸਾਲੂ ਦੀ ਸਰੂਪਾਂ ਨਾਲ ਮੰਗਣੀ ਹੋ ਚੁੱਕੀ ਸੀ ਪਰ ਜਦੋਂ ਰਸਾਲੂ ਨੂੰ ਪਤਾ ਲੱਗਾ ਕਿ ਸਰੂਪਾਂ ਇੱਕ ਸੁਨਿਆਰੇ ਦੇ ਮੁੰਡੇ ਨੂੰ ਪਿਆਰ ਕਰਦੀ ਹੈ ਤਾਂ ਉਸ ਨੇ ਰਾਜੇ ਹਰੀ ਚੰਦ ਨੂੰ ਸਮਝਾ ਕੇ ਖ਼ੁਸ਼ੀ-ਖ਼ੁਸ਼ੀ ਸਰੂਪਾਂ ਦਾ ਵਿਆਹ ਉਸੇ ਲੜਕੇ ਨਾਲ ਕਰਵਾ ਦਿੱਤਾ ਸੀ।

ਪ੍ਰਸ਼ਨ 11. ਸਿਰਮੁੱਖ ਕੌਣ ਸੀ?

ਉੱਤਰ : ਸਿਰਮੁੱਖ ਇੱਕ ਬਹੁਤ ਹੀ ਕਪਟੀ ਰਾਜੇ ਸਿਰਕੱਪ ਦਾ ਭਰਾ ਸੀ। ਸਿਰਕੱਪ ਨੇ ਆਪਣੇ ਭਰਾ ਨੂੰ ਵੀ ਕਪਟ ਨਾਲ ਚੋਪੜ ਵਿੱਚ ਹਰਾ ਕੇ ਮਾਰ ਮੁਕਾਇਆ ਸੀ ਅਤੇ ਆਪ ਉਸ ਦਾ ਰਾਜ ਹੜੱਪ ਕਰ ਲਿਆ ਸੀ।

ਪ੍ਰਸ਼ਨ 12. ਸਿਰਕੱਪ ਜਦੋਂ ਚੌਪੜ ਖੇਡਦਾ ਸੀ ਤਾਂ ਉਸ ਦੀ ਸਹਾਇਤਾ ਕੌਣ ਕਰਦਾ ਸੀ?

ਉੱਤਰ : ਸਿਰਮੁੱਖ ਦੀ ਲਾਸ਼ ਨੇ ਰਸਾਲੂ ਨੂੰ ਦੱਸਿਆ ਸੀ ਕਿ ਕਪਟੀ ਰਾਜੇ ਸਿਰਕੱਪ ਕੋਲ ਇੱਕ ਚੂਹਾ ਹੈ ਜਿਹੜਾ ਚੌਪੜ ਖੇਡਣ ਸਮੇਂ ਉਸ ਦੀ ਸਹਾਇਤਾ ਕਰਦਾ ਸੀ।

ਪ੍ਰਸ਼ਨ 13. ਸਿਰਮੁੱਖ ਨੇ ਰਸਾਲੂ ਨੂੰ ਸਿਰਕੱਪ ਨਾਲ ਚੌਪੜ ਖੇਡਣ ਸਮੇਂ ਕੀ ਕਰਨ ਲਈ ਕਿਹਾ ਸੀ?

ਉੱਤਰ : ਸਿਰਮੁੱਖ ਦੀ ਲਾਸ਼ ਨੇ ਰਾਜੇ ਰਸਾਲੂ ਨੂੰ ਸਿਰਕੱਪ ਨਾਲ ਚੌਪੜ ਖੇਡਣ ਸਮੇਂ ਆਪਣੇ ਨਾਲ ਬਿੱਲੀ ਲੈ ਜਾਣ ਲਈ ਕਿਹਾ ਸੀ ਤਾਂ ਜੋ ਚੂਹਾ ਸਿਰਕੱਪ ਦੀ ਸਹਾਇਤਾ ਕਰਨ ਨਾ ਆਵੇ। ਇਸੇ ਤਰ੍ਹਾਂ ਉਸ ਨੇ ਰਸਾਲੂ ਨੂੰ ਚੌਪੜ ਖੇਡਣ ਸਮੇਂ ਪਾਸਾ ਆਪਣਾ ਵਰਤਣ ਲਈ ਕਿਹਾ ਸੀ।

ਪ੍ਰਸ਼ਨ 14. ਰਸਾਲੂ ਰਾਜੇ ਸਿਰਕੱਪ ਨੂੰ ਕਿਉਂ ਮਾਰਨਾ ਚਾਹੁੰਦਾ ਸੀ?

ਉੱਤਰ : ਰਸਾਲੂ ਪਹਿਲਾਂ ਵੀ ਜ਼ੁਲਮ ਕਰਨ ਵਾਲਿਆਂ ਨੂੰ ਮਾਰ ਮੁਕਾਉਂਦਾ ਸੀ। ਜਦੋਂ ਉਸ ਨੂੰ ਸਿਰਮੁੱਖ ਕੋਲੋਂ ਪਤਾ ਲੱਗਾ ਕਿ ਸਿਰਕੱਪ ਕਪਟ ਨਾਲ ਦੂਸਰਿਆਂ ਨੂੰ ਮਾਰ ਮੁਕਾਉਂਦਾ ਹੈ ਤਾਂ ਉਹ ਉਸ ਨੂੰ ਮਾਰਨ ਲਈ ਉਸ ਦੇ ਸ਼ਹਿਰ ਵੱਲ ਚੱਲ ਪਿਆ ਸੀ।

ਪ੍ਰਸ਼ਨ 15. ਰਸਾਲੂ ਨੇ ਘੁਮਿਆਰ ਦੇ ਆਵੇ ਦੀ ਅੱਗ ਕਿਉਂ ਬੁਝਵਾਈ ਸੀ?

ਉੱਤਰ : ਜਦੋਂ ਰਸਾਲੂ ਰਾਜੇ ਸਿਰਕੱਪ ਦੇ ਸ਼ਹਿਰ ਪੁੱਜਾ ਤਾਂ ਉਸ ਨੇ ਸ਼ਹਿਰ ਦੇ ਬਾਹਰ ਘੁਮਿਆਰ ਦੇ ਬਲਦੇ ਆਵੇ ਕੋਲ ਰੋਂਦੀ ਬਿੱਲੀ ਵੇਖੀ। ਬਿੱਲੀ ਦੇ ਬਲੂੰਗੜੇ ਆਵੇ ਵਿੱਚ ਸਨ ਜੋ ਸੜ ਹੀ ਜਾਣੇ ਸਨ। ਰਸਾਲੂ ਨੇ ਘੁਮਿਆਰ ਨੂੰ ਸਾਰੇ ਭਾਂਡਿਆਂ ਦੀ ਕੀਮਤ ਦੇ ਕੇ ਅੱਗ ਬੁਝਵਾਈ ਸੀ ਤੇ ਬਲੂੰਗੜੇ ਬਚ ਗਏ ਸਨ।

ਪ੍ਰਸ਼ਨ 16. ਰਸਾਲੂ ਨੇ ਰਾਜੇ ਸਿਰਕੱਪ ਦੀ ਜਾਨ ਕਿਉਂ ਨਹੀਂ ਲਈ ਸੀ?

ਉੱਤਰ : ਰਸਾਲੂ ਨੇ ਸਿਰਕੱਪ ਨੂੰ ਚੌਪੜ ਵਿੱਚ ਹਰਾ ਦਿੱਤਾ ਸੀ । ਜਦੋਂ ਉਹ ਸਿਰਕੱਪ ਨੂੰ ਮਾਰਨ ਲੱਗਾ ਤਾਂ ਉਸ ਨੇ ਉਸੇ ਦਿਨ ਆਪਣੇ ਘਰ ਪੈਦਾ ਹੋਈ ਧੀ ਦਾ ਵਾਸਤਾ ਪਾ ਕੇ ਆਪਣੀ ਜਾਨ ਦੀ ਖ਼ੈਰ ਮੰਗੀ। ਇਸ ਲਈ ਰਸਾਲੂ ਨੇ ਸਿਰਕੱਪ ਨੂੰ ਮੁਆਫ਼ ਕਰ ਦਿੱਤਾ।

ਪ੍ਰਸ਼ਨ 17. ਸਿਰਕੱਪ ਨੇ ਰਸਾਲੂ ਕੋਲ ਕੀ ਪ੍ਰਣ ਕੀਤਾ ਸੀ?

ਉੱਤਰ : ਜਦੋਂ ਰਸਾਲੂ ਨੇ ਸਿਰਕੱਪ ਨੂੰ ਚੌਪੜ ‘ਚ ਹਰਾਉਣ ਮਗਰੋਂ ਵੀ ਤਰਲੇ ਕਰਨ ਕਾਰਨ ਉਸ ਦੀ ਜਾਨ ਬਖ਼ਸ਼ ਦਿੱਤੀ ਤਾਂ ਸਿਰਕੱਪ ਨੇ ਵੀ ਅੱਗੇ ਤੋਂ ਨੇਕੀ ਨਾਲ ਰਾਜ ਕਰਨ ਦਾ ਪ੍ਰਣ ਕੀਤਾ ਸੀ।