ਮੰਜੀ ਵਿਵਸਥਾ


ਪ੍ਰਸ਼ਨ. ਮੰਜੀ ਵਿਵਸਥਾ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ : ਸਿੱਖ ਧਰਮ ਦੇ ਵਿਕਾਸ ਵਿੱਚ ਮੰਜੀ ਪ੍ਰਥਾ ਨੇ ਸ਼ਲਾਘਾਯੋਗ ਭੂਮਿਕਾ ਨਿਭਾਈ। ਇਸ ਮਹੱਤਵਪੂਰਨ ਸੰਸਥਾ ਦੇ ਮੋਢੀ ਗੁਰੂ ਅਮਰਦਾਸ ਜੀ ਸਨ। ਮੰਜੀ ਪ੍ਰਥਾ ਦੇ ਆਰੰਭ ਅਤੇ ਵਿਕਾਸ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ :

1. ਲੋੜ : ਗੁਰੂ ਅਮਰਦਾਸ ਜੀ ਦੇ ਨਿਰੰਤਰ ਯਤਨਾਂ ਅਤੇ ਉਨ੍ਹਾਂ ਦੀ ਜਾਦੂਈ ਸ਼ਖ਼ਸੀਅਤ ਦੇ ਕਾਰਨ ਵੱਡੀ ਸੰਖਿਆ ਵਿੱਚ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋ ਗਏ ਸਨ। ਕਿਉਂਕਿ ਸਿੱਖਾਂ ਦੀ ਸੰਖਿਆ ਬਹੁਤ ਵੱਧ ਗਈ ਸੀ ਅਤੇ ਉਹ ਪੰਜਾਬ ਤੇ ਪੰਜਾਬ ਤੋਂ ਬਾਹਰ ਦੇ ਪ੍ਰਦੇਸ਼ਾਂ ਵਿੱਚ ਫੈਲੇ ਹੋਏ ਸਨ ਇਸ ਲਈ ਗੁਰੂ ਸਾਹਿਬ ਲਈ ਨਿੱਜੀ ਰੂਪ ਵਿੱਚ ਇਨ੍ਹਾਂ ਤਕ ਪਹੁੰਚਣਾ ਮੁਸ਼ਕਿਲ ਹੋ ਗਿਆ ਸੀ।

ਦੂਸਰਾ, ਇਸ ਸਮੇਂ ਗੁਰੂ ਅਮਰਦਾਸ ਜੀ ਬਹੁਤ ਬਿਰਧ ਹੋ ਗਏ ਸਨ। ਇਸ ਲਈ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਨੂੰ ਸ਼ੁਰੂ ਕਰਨ ਦੀ ਲੋੜ ਮਹਿਸੂਸ ਕੀਤੀ।

2. ਮੰਜੀ ਪ੍ਰਥਾ ਤੋਂ ਭਾਵ : ਗੁਰੂ ਅਮਰਦਾਸ ਜੀ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦੇ ਸਮੇਂ ਇੱਕ ਵਿਸ਼ਾਲ ਮੰਜੀ ਉੱਤੇ ਬੈਠਦੇ ਸਨ। ਇਸ ਨੂੰ ਮੰਜਾ ਕਿਹਾ ਜਾਂਦਾ ਸੀ। ਬਾਕੀ ਸਿੱਖ ਜ਼ਮੀਨ ਜਾਂ ਦਰੀ ਉੱਤੇ ਬੈਠ ਕੇ ਉਨ੍ਹਾਂ ਦੇ ਉਪਦੇਸ਼ ਸੁਣਦੇ ਸਨ। ਗੁਰੂ ਜੀ ਨੇ ਆਪਣੇ ਜੀਵਨ ਕਾਲ ਵਿੱਚ 22 ਮੰਜੀਆਂ ਦੀ ਸਥਾਪਨਾ ਕੀਤੀ ਸੀ। ਇਨ੍ਹਾਂ ਦੇ ਮੁਖੀ ਮੰਜੀਦਾਰ ਕਹਾਉਂਦੇ ਸਨ। ਇਹ ਮੰਜੀਦਾਰ ਗੁਰੂ ਜੀ ਪ੍ਰਤੀ ਆਪਣਾ ਸਨਮਾਨ ਪ੍ਰਗਟ ਕਰਨ ਲਈ ਇੱਕ ਛੋਟੀ ਮੰਜੀ ਉੱਤੇ ਬੈਠਦੇ ਸਨ। ਇਸ ਕਾਰਨ ਇਹ ਸੰਸਥਾ ਮੰਜੀ ਪ੍ਰਥਾ ਕਹਾਉਣ ਲੱਗੀ।

3. ਮੰਜੀਦਾਰ ਦੇ ਕੰਮ : ਮੰਜੀਦਾਰ ਆਪਣੇ ਅਧੀਨ ਪ੍ਰਦੇਸ਼ ਵਿੱਚ ਗੁਰੂ ਸਾਹਿਬ ਦੀ ਪ੍ਰਤੀਨਿਧਤਾ ਕਰਦਾ ਸੀ। ਉਹ ਅਨੇਕਾਂ ਤਰ੍ਹਾਂ ਦੇ ਕੰਮਾਂ ਲਈ ਜ਼ਿੰਮੇਵਾਰ ਸੀ।

(i) ਉਹ ਸਿੱਖ ਧਰਮ ਦੇ ਪ੍ਰਚਾਰ ਲਈ ਅਣਥੱਕ ਯਤਨ ਕਰਦਾ ਸੀ।

(ii) ਉਹ ਗੁਰੂ ਸਾਹਿਬ ਦੇ ਹੁਕਮਾਂ ਨੂੰ ਸਿੱਖ ਸੰਗਤ ਤਕ ਪਹੁੰਚਾਉਂਦਾ ਸੀ।

(iii) ਉਹ ਲੋਕਾਂ ਨੂੰ ਧਾਰਮਿਕ ਸਿੱਖਿਆ ਦਿੰਦਾ ਸੀ।

(iv) ਉਹ ਲੋਕਾਂ ਨੂੰ ਗੁਰਮੁੱਖੀ ਭਾਸ਼ਾ ਪੜ੍ਹਾਉਂਦਾ ਸੀ।

(v) ਉਹ ਆਪਣੇ ਪ੍ਰਦੇਸ਼ ਦੀਆਂ ਸੰਗਤਾਂ ਨਾਲ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਗੁਰੂ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਆਉਂਦੇ ਸਨ।

4. ਮੰਜੀ ਪ੍ਰਥਾ ਦਾ ਮਹੱਤਵ : ਸਿੱਖ ਧਰਮ ਦੇ ਵਿਕਾਸ ਅਤੇ ਸੰਗਠਨ ਵਿੱਚ ਮੰਜੀ ਪ੍ਰਥਾ ਨੇ ਬਹੁਮੁੱਲਾ ਯੋਗਦਾਨ ਦਿੱਤਾ। ਮੰਜੀਦਾਰਾਂ ਦੇ ਪ੍ਰਭਾਵ ਨਾਲ ਵੱਡੀ ਸੰਖਿਆ ਵਿੱਚ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਣ ਲੱਗੇ। ਇਸ ਦੇ ਦੂਰਦਰਸੀ ਪ੍ਰਭਾਵ ਪਏ। ਮੰਜੀਦਾਰ ਧਰਮ ਪ੍ਰਚਾਰ ਤੋਂ ਇਲਾਵਾ ਸੰਗਤ ਕੋਲੋਂ ਲੰਗਰ ਅਤੇ ਹੋਰ ਕਾਰਜਾਂ ਲਈ ਮਾਇਆ ਵੀ ਇਕੱਠੀ ਕਰਦੇ ਸਨ। ਗੁਰੂ ਅਮਰਦਾਸ ਜੀ ਨੇ ਇਹ ਮਾਇਆ ਸਿੱਖ ਧਰਮ ਦੇ ਵਿਕਾਸ ਕਾਰਜਾਂ ਉੱਤੇ ਖ਼ਰਚ ਕੀਤੀ। ਇਸ ਨਾਲ ਸਿੱਖ ਧਰਮ ਦੀ ਲੋਕਪ੍ਰਿਅਤਾ ਵਿੱਚ ਕਾਫ਼ੀ ਵਾਧਾ ਹੋਇਆ।