ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ
ਇਕਾਂਗੀ – ਭਾਗ (ਜਮਾਤ ਨੌਵੀਂ)
ਮੌਨਧਾਰੀ – ਈਸ਼ਵਰ ਚੰਦਰ ਨੰਦਾ
ਪਾਤਰ ਦਾ ਚਰਿੱਤਰ ਚਿਤਰਨ
ਜਾਣ – ਪਛਾਣ : ਈਸ਼ਵਰ ਚੰਦਰ ਨੰਦਾ ਦੁਆਰਾ ਲਿਖੀ ਹੋਈ ਇਕਾਂਗੀ ‘ਮੌਨਧਾਰੀ’ ਵਿੱਚ ਹਰੀ ਚੰਦ ਇੱਕ ਪ੍ਰਮੁੱਖ ਪਾਤਰ ਹੈ ਜੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਕਾਂਗੀ ਦੇ ਵਿੱਚ ਵਿਚਰਦਾ ਹੈ।
ਉਹ ਰਾਮ ਪਿਆਰੀ ਦਾ ਪਤੀ ਅਤੇ ਕਿਸ਼ੋਰ ਚੰਦ ਦਾ ਪਿਤਾ ਹੈ। ਉਸ ਦੀ ਉਮਰ ਲਗਭੱਗ ਸੱਠ ਸਾਲ ਦੀ ਹੈ ਅਤੇ ਉਸ ਦੀ ਸਿਹਤ ਖ਼ਰਾਬ ਹੀ ਰਹਿੰਦੀ ਹੈ। ਉਸ ਦੇ ਸੁਭਾਓ ਦੀਆਂ ਕੁੱਝ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ : –
ਬਿਮਾਰੀਆਂ ਨਾਲ ਘਿਰਿਆ ਹੋਇਆ : ਇਸ ਇਕਾਂਗੀ ਵਿੱਚ ਹਰੀ ਚੰਦ ਇੱਕ ਬੀਮਾਰ ਪਾਤਰ ਵਜੋਂ ਪੇਸ਼ ਹੋਇਆ ਹੈ। ਉਹ ਇਕਾਂਗੀ ਦੇ ਸ਼ੁਰੂ ਵਿੱਚ ਹੀ ਖੰਘਦਾ ਹੋਇਆ ਮੰਚ ਉੱਤੇ ਆਉਂਦਾ ਹੈ। ਉਸ ਦੇ ਇੱਕ ਹੱਥ ਵਿੱਚ ਦਵਾਈ ਦੀ ਸ਼ੀਸ਼ੀ ਅਤੇ ਦੂਸਰੇ ਹੱਥ ਵਿੱਚ ਮੋਟੀ ਜਿਹੀ ਮੁੱਠ ਵਾਲੀ ਸੋਟੀ ਹੈ। ਉਹ ਡਾਕਟਰ ਕੋਲੋਂ ਦਵਾਈ ਲੈਣ ਲਈ ਜਾਂਦਾ ਹੈ।
ਸ਼ੌਕੀਨ ਆਦਮੀ : ਹਰੀ ਚੰਦ ਆਪਣੇ ਆਪ ਨੂੰ ਬਣਾ – ਸੁਆਰ ਕੇ ਰੱਖਦਾ ਹੈ। ਉਹ ਕੱਪੜੇ ਪਹਿਨਣ ਦਾ ਵੀ ਸ਼ੌਕੀਨ ਹੈ। ਉਸ ਨੇ ਸਿਰ ਉੱਪਰ ਸਾਫ਼ਾ ਬੰਨ੍ਹ ਕੇ ਉਸ ਦਾ ਤੁੱਰ੍ਹਾ ਛੱਡਿਆ ਹੋਇਆ ਹੈ ਤੇ ਸ਼ਮਲਾ ਪਿੱਛੇ ਲਟਕਦਾ ਹੈ। ਉਸ ਦੇ ਸਰੀਰ ਉੱਤੇ ਖੁੱਲ੍ਹਾ ਪਜਾਮਾ, ਲੰਮਾ ਕੋਟ ਅਤੇ ਪੈਰੀਂ ਗੁਰਗਾਬੀ ਦੀ ਸ਼ਕਲ ਦੇ ਸਲੀਪਰ ਪਾਏ ਹੋਏ ਹਨ।
ਰੋਅਬ ਰੱਖਣ ਵਾਲਾ : ਹਰੀ ਚੰਦ ਆਪਣੀ ਘਰ ਵਾਲੀ ਰਾਮ ਪਿਆਰੀ ਉੱਪਰ ਪੂਰਾ ਰੋਅਬ ਰੱਖਦਾ ਹੈ। ਉਹ ਜਦੋਂ ਦਵਾਈ ਲਿਆਉਣ ਲਈ ਘਰੋਂ ਬਾਹਰ ਨਿਕਲਣ ਲੱਗਦਾ ਹੈ ਤਾਂ ਰਾਮ ਪਿਆਰੀ ਦੁਆਰਾ ਪਿੱਛਿਓਂ ਹਾਕ ਮਾਰਨ ‘ਤੇ ਉਹ ਭੜਕ ਉੱਠਦਾ ਹੈ। ਉਹ ਆਪਣੀ ਘਰ ਵਾਲੀ ਨੂੰ ਖਿੱਝ ਕੇ ਪੈਂਦਾ ਹੈ ਕਿ ਉਸਨੇ ਪਿੱਛਿਓਂ ਹਾਕ ਕਿਉਂ ਮਾਰੀ ਹੈ।
ਕਾਹਲਾ ਪੈਣ ਵਾਲਾ : ਹਰੀ ਚੰਦ ਇੱਕ ਸ਼ੱਕੀ ਕਿਸਮ ਦਾ ਵਿਅਕਤੀ ਹੈ। ਜਦੋਂ ਉਹ ਦਵਾਈ ਲੈ ਕੇ ਆਪਣੇ ਘਰ ਵਾਪਸ ਪਰਤਦਾ ਹੈ ਤਾਂ ਦਰਵਾਜ਼ੇ ਨੂੰ ਕੁੰਡੀ ਲੱਗੀ ਦੇਖ ਕੇ ਉਹ ਜ਼ੋਰ – ਜ਼ੋਰ ਦੀ ਦਰਵਾਜ਼ਾ ਖੜਕਾਉਂਦਾ ਹੈ।
ਉਹ ਬਹੁਤ ਹੀ ਕਾਹਲਾ ਪੈ ਜਾਂਦਾ ਹੈ। ਉਸ ਦੁਆਰਾ ਇਸ ਤਰ੍ਹਾਂ ਦਰਵਾਜ਼ਾ ਖੜਕਾਉਣ ਨਾਲ ਰਾਮ ਪਿਆਰੀ ਡਰ ਜਾਂਦੀ ਹੈ, ਉਸਨੂੰ ਲੱਗਦਾ ਹੈ ਕਿ ਜਿਵੇਂ ਪੁਲਿਸ ਨੇ ਆ ਕੇ ਉਸ ਦੇ ਘਰ ਦਾ ਦਰਵਾਜ਼ਾ ਭੰਨਿਆ ਹੋਵੇ। ਉਹ ਰਾਮ ਪਿਆਰੀ ਨੂੰ ਕਹਿੰਦਾ ਹੈ ਕਿ ਉਹ ਦਰਵਾਜ਼ਾ ਖੋਲ੍ਹੇ ਅਤੇ ਉਸ ਨੇ ਕੁੰਡੀ ਕਿਉਂ ਲਗਾ ਰੱਖੀ ਹੈ।
ਮਜ਼ਾਕੀਆ : ਹਰੀ ਚੰਦ ਮਜ਼ਾਕੀਆ ਕਿਸਮ ਦਾ ਵਿਅਕਤੀ ਵੀ ਹੈ। ਉਹ ਇਕਾਂਗੀ ਵਿੱਚ ਬਹੁਤ ਵਾਰੀ ਮਜ਼ਾਕ ਦੇ ਲਹਿਜੇ ਵਿੱਚ ਗੱਲ ਕਰਦਾ ਹੈ। ਉਹ ਰਾਮ ਪਿਆਰੀ ਨੂੰ ਕਹਿੰਦਾ ਹੈ ਕਿ ਜੇਕਰ ਗੋਲ਼ੀਆਂ ਅਤੇ ਟੀਕੇ ਲਗਵਾਉਣ ਨਾਲ਼ ਅਰਾਮ ਨਾ ਆਇਆ ਤਾਂ ਫਿਰ ਖੂਨ ਦੀ ਟੈਸਟ, ਥੁੱਕ ਦੀ ਤੇ ਜਿਨ੍ਹਾਂ ਚੀਜ਼ਾਂ ਦਾ ਨਹੀਂ ਲੈਣਾ ਉਹਨਾਂ ਦਾ ਵੀ।
ਫੇਰ ਜਿਗਰ ਦੀ ਫੋਟੋ, ਛਾਤੀ ਦੀ ਫੋਟੋ, ਅੱਖਾਂ ਵਿਖਾਓ, ਦੰਦ ਕਢਾਓ। ਰਾਮ ਪਿਆਰੀ ਦੇ ਇਹ ਕਹਿਣ ਤੇ ਕਿ ਬਾਕੀ ਕੀ ਰਹਿ ਗਿਆ ?
ਇਸ ਦੇ ਉੱਤਰ ਵਿੱਚ ਉਹ ਕਹਿੰਦਾ ਹੈ ਕਿ ਬਾਕੀ ਰਹਿ ਗਿਆ, ਪੋਸਟ ਮਾਰਟਮ। ਉਹ ਘਰ ਆਏ ਸਾਧੂ ਨਾਲ ਵੀ ਮਖੌਲ ਕਰਦਾ ਹੈ।
ਗੁੱਸੇਖੋਰ ਵਿਅਕਤੀ : ਹਰੀ ਚੰਦ ਇੱਕ ਗੁੱਸੇਖੋਰ ਵਿਅਕਤੀ ਹੈ। ਜਦੋਂ ਰਾਮ ਪਿਆਰੀ ਉਸ ਨੂੰ ਆਪਣੇ ਭਾਣਜੇ ਮਦਨ ਬਾਰੇ ਸਭ ਕੁੱਝ ਦੱਸਦੀ ਹੈ ਤਾਂ ਉਹ ਰਾਮ ਪਿਆਰੀਨੂੰ ਦਬਕੇ ਮਾਰਦਾ ਹੈ ਕਿ ਜੇਕਰ ਉਨ੍ਹਾਂ ਦੇ ਮਗਰ ਪੁਲਿਸ ਵੀ ਲੱਗ ਗਈ ਤਾਂ ਉਹ ਉੱਕਾ ਹੀ ਸਫਾਇਆ ਸਮਝੇ।
ਡਾਕਟਰਾਂ ਅਤੇ ਵੈਦਾਂ ਪ੍ਰਤੀ ਅਲੱਗ ਸੋਚ ਰੱਖਣ ਵਾਲਾ : ਹਰੀ ਚੰਦ ਦੀ ਡਾਕਟਰਾਂ ਅਤੇ ਵੈਦਾਂ ਪ੍ਰਤੀ ਅਲੱਗ ਸੋਚ ਹੈ। ਜਦੋਂ ਰਾਮ ਪਿਆਰੀ ਕਹਿੰਦੀ ਹੈ ਕਿ ਡਾਕਟਰਾਂ ਵੀ ਕਹੀ ਅੱਤ ਚੁੱਕੀ ਐ ਨਵੇਂ ਤੋਂ ਨਵਾਂ ਭਰਮ ਪਾਉਂਦੇ ਹਨ ਤਾਂ ਇਸ ਦੇ ਜਵਾਬ ਵਿੱਚ ਹਰੀ ਚੰਦ ਕਹਿੰਦਾ ਹੈ ਕਿ ਵੈਦਾਂ ਦੀ ਵੀ ਗੱਲ ਰਹਿਣ ਦੇ, ਸਾਰੇ ਇੱਕੋ ਰੱਸੇ ਫਾਹੇ ਦੇਣ ਵਾਲੇ ਹਨ। ਇਹ ਤਾਂ ਰੋਲ਼ – ਰੋਲ਼ ਕੇ ਮਾਰਦੇ ਹਨ। ਇਹਦੇ ਨਾਲ਼ੋਂ ਤਾਂ ਬੰਦਾ ਸ਼ਰਾਫਤ ਨਾਲ ਮਰ ਜਾਵੇ ਤਾਂ ਚੰਗਾ।
ਦਵਾਈਆਂ ਖਾਣ ਤੋਂ ਦੁਖੀ : ਹਰੀ ਚੰਦ ਬੀਮਾਰ ਰਹਿੰਦਾ ਹੈ ਅਤੇ ਉਹ ਦਵਾਈਆਂ ਖਾਣ ਕਰਕੇ ਪਰੇਸ਼ਾਨ ਹੈ। ਜਦੋਂ ਸਾਧੂ ਉਸਨੂੰ ਤਾਕਤ ਦੀ ਦਵਾਈ ਦੇਣ ਦੀ ਗੱਲ ਕਰਦਾ ਹੈ ਤਾਂ ਉਹ ਉਸਨੂੰ ਕਹਿੰਦਾ ਹੈ ਕਿ ਉਹ ਦਵਾਈਆਂ ਖਾ – ਖਾ ਕੇ ਅੱਕ ਚੁੱਕਾ ਹੈ। ਕੌੜੀਆਂ ਅਤੇ ਬੇਸੁਆਦੀ ਦਵਾਈਆਂ ਖਾ ਕੇ ਉਹ ਦੁਖੀ ਹੋ ਗਿਆ ਹੈ।
ਸੰਤਾਂ ਸਾਧੂਆਂ ਦੇ ਮਗਰ ਲੱਗਣ ਵਾਲਾ : ਹਰੀ ਚੰਦ, ਸੰਤਾਂ ਸਾਧੂਆਂ ਦੇ ਮਗਰ ਲੱਗਣ ਵਾਲਾ ਵਿਅਕਤੀ ਹੈ। ਕਿਸ਼ੋਰ ਦੁਆਰਾ ਸਾਧੂਆਂ ਨੂੰ ਦਬਕਾ ਮਾਰਨ ‘ਤੇ ਉਸ ਨੂੰ ਕਿਸ਼ੋਰ ਕੋਲੋਂ ਵੀ ਦਬਕੇ ਖਾਣੇ ਪੈਂਦੇ ਹਨ। ਇਸਦੇ ਬਾਵਜੂਦ ਉਹ ਸਾਧੂਆਂ ਨੂੰ ਕਹਿੰਦਾ ਹੈ ਕਿ ਉਹ ਰੁੱਕ ਕੇ ਭੋਜਨ ਕਰਕੇ ਜਾਣ।
ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਹਰੀ ਚੰਦ ਇਸ ਇਕਾਂਗੀ ਦਾ ਇੱਕ ਅਜਿਹਾ ਪਾਤਰ ਹੈ ਜੋ ਸਾਰੀ ਹੀ ਇਕਾਂਗੀ ਵਿੱਚ ਰੌਚਕਤਾ ਅਤੇ ਹਾਸਰਸ ਨੂੰ ਕਾਇਮ ਰੱਖਣ ਵਿੱਚ ਸਫ਼ਲ ਹੁੰਦਾ ਹੈ। ਬੀਮਾਰੀਆਂ ਨਾਲ਼ ਘਿਰਿਆ ਹੋਣ ਦੇ ਬਾਵਜੂਦ ਵੀ ਉਹ ਇੱਕ ਵਧੀਆ ਪਾਤਰ ਵਜੋਂ ਪੇਸ਼ ਹੋਇਆ ਹੈ।