ਮੇਰਾ ਸ਼ੌਂਕ – ਪੈਰਾ ਰਚਨਾ

ਸ਼ੌਂਕ ਇਕ ਅਜਿਹੀ ਚੀਜ਼ ਹੈ, ਜਿਸ ਨੂੰ ਵਿਹਲੇ ਸਮੇਂ ਵਿਚ ਆਪਣਾ ਕੇ ਅਸੀਂ ਖੁਸ਼ੀ ਪ੍ਰਾਪਤ ਕਰਦੇ ਹਾਂ। ਅਸੀਂ ਕਾਰਖਾਨਿਆਂ ਜਾਂ ਦਫ਼ਤਰਾਂ ਵਿਚ ਰੋਟੀ ਕਮਾਉਣ ਲਈ ਕੰਮ ਕਰਦੇ ਹਾਂ। ਇਹ ਸਾਡਾ ਕਿੱਤਾ ਅਖਵਾਉਂਦਾ ਹੈ, ਜੋ ਕਿ ਆਮ ਕਰਕੇ ਅਕਾਊ – ਥਕਾਊ ਨਿਤਨੇਮ ਜਿਹਾ ਹੁੰਦਾ ਹੈ : ਪਰੰਤੂ ਸ਼ੌਕ ਦਾ ਕੰਮ ਇਸ ਨਾਲ਼ੋਂ ਵੱਖਰੀ ਚੀਜ਼ ਹੈ। ਇਹ ਸਾਡੇ ਲਈ ਆਨੰਦ ਦਾ ਸੋਮਾ ਹੁੰਦਾ ਹੈ ਤੇ ਸਾਡੇ ਮਨ ਨੂੰ ਤਾਜ਼ਗੀ ਬਖਸ਼ਦਾ ਹੈ। ਇਸ ਮੰਤਵ ਲਈ ਅਪਣਾਏ ਵੱਖ – ਵੱਖ ਲੋਕਾਂ ਦੇ ਆਪਣੀ – ਆਪਣੀ ਰੁਚੀ ਅਨੁਸਾਰ ਸ਼ੌਕ ਵੀ ਵੱਖ – ਵੱਖ ਹੁੰਦੇ ਹਨ। ਕਿਸੇ ਦਾ ਸ਼ੌਕ ਟਿਕਟਾਂ ਇਕੱਠੀਆਂ ਕਰਨਾ, ਕਿਸੇ ਦਾ ਫੋਟੋਗ੍ਰਾਫੀ, ਕਿਸੇ ਦਾ ਸੈਰ – ਸਪਾਟਾ, ਕਿਸੇ ਦਾ ਪੁਸਤਕਾਂ ਪੜ੍ਹਨਾ, ਕਿਸੇ ਦਾ ਬਾਗ਼ਬਾਨੀ ਤੇ ਕਿਸੇ ਦਾ ਰਾਗ ਸੁਣਨਾ ਹੁੰਦਾ ਹੈ। ਮੈਂ ਭਾਵੇਂ ਇਕ ਵਿਦਿਆਰਥੀ ਹਾਂ, ਪਰ ਮੈਂ ਟਿਕਟਾਂ ਇਕੱਠੀਆਂ ਕਰਨ ਦਾ ਸ਼ੌਕ ਰੱਖਿਆ ਹੋਇਆ ਹੈ। ਇਹ ਦੁਨੀਆ ਭਰ ਵਿਚ ਹਰਮਨ – ਪਿਆਰਾ ਸ਼ੌਕ ਹੈ ਅਤੇ ਇਸ ਉੱਪਰ ਬਹੁਤ ਸਾਰੀਆਂ ਪੁਸਤਕਾਂ ਵੀ ਲਿਖੀਆਂ ਗਈਆਂ ਹਨ। ਬਹੁਤ ਸਾਰੇ ਦੇਸ਼ਾਂ ਵਿਚ ਟਿਕਟਾਂ ਇਕੱਠੀਆਂ ਕਰਨ ਵਾਲਿਆਂ ਦੀਆਂ ਸੁਸਾਇਟੀਆਂ ਵੀ ਹਨ। ਮੇਰੇ ਮਨ ਵਿਚ ਇਹ ਸ਼ੌਕ ਅੱਜ ਤੋਂ ਤਿੰਨ ਕੁ ਸਾਲ ਪਹਿਲਾਂ ਮੇਰੇ ਚਾਚਾ ਜੀ ਤੋਂ ਪੈਦਾ ਹੋਇਆ ਸੀ। ਮੈਂ ਉਸ ਸਮੇਂ ਉਨ੍ਹਾਂ ਤੋਂ ਦਸ ਟਿਕਟਾਂ ਲਈਆਂ ਸਨ, ਪਰ ਇਸ ਵੇਲੇ ਮੇਰੇ ਕੋਲ ਟਿਕਟਾਂ ਦੀ ਇਕ ਹੈਰਾਨ ਕਰਨ ਵਾਲੀ ਐਲਬਮ ਹੈ। ਇਸ ਵਿਚ 20 ਵੱਖ – ਵੱਖ ਦੇਸ਼ਾਂ ਦੀਆਂ ਕੋਈ ਇਕ ਹਜ਼ਾਰ ਟਿਕਟਾਂ ਹਨ। ਮੈਂ ਜਦੋਂ ਇਨ੍ਹਾਂ ਨੂੰ ਦੇਖਦਾ ਹਾਂ ਤਾਂ ਮੇਰੇ ਮਨ ਵਿਚ ਸੁਹਜਮਈ ਤੇ ਰੁਮਾਂਟਿਕ ਭਾਵ ਜਾਗਦੇ ਹਨ। ਇਨ੍ਹਾਂ ਤੋਂ ਮੈਨੂੰ ਵੱਖ – ਵੱਖ ਰੰਗਾਂ ਤੇ ਡਿਜ਼ਾਈਨਾਂ ਦਾ ਅਦਭੁਤ ਸੁਆਦ ਪ੍ਰਾਪਤ ਹੁੰਦਾ ਹੈ। ਮੇਰੇ ਰਿਸ਼ਤੇਦਾਰ ਤੇ ਦੋਸਤ ਮੇਰੇ ਇਸ ਸ਼ੌਕ ਬਾਰੇ ਜਾਣਦੇ ਹਨ ਤੇ ਉਹ ਮੈਨੂੰ ਆਪਣੇ ਕੋਲ ਪੁੱਜੀਆਂ ਵੱਖ – ਵੱਖ ਦੇਸ਼ਾਂ ਦੀਆਂ ਬਹੁਰੰਗੀਆਂ ਤੇ ਨਵੇਂ ਡੀਜ਼ਾਈਨਾਂ ਦੀਆਂ ਟਿਕਟਾਂ ਤੋਹਫ਼ੇ ਦੇ ਤੌਰ ਤੇ ਭੇਜਦੇ ਰਹਿੰਦੇ ਹਨ, ਜੋ ਕਿ ਮੇਰੇ ਲਈ ਦੁਰਲੱਭ ਹੁੰਦੀਆਂ ਹਨ। ਕਈ ਵਾਰੀ ਮੈਨੂੰ ਵੱਖ – ਵੱਖ ਦੇਸ਼ਾਂ ਦੀਆਂ ਟਿਕਟਾਂ ਖਰੀਦਣ ਲਈ ਪੈਸੇ ਵੀ ਖਰਚਣੇ ਪੈਂਦੇ ਹਨ। ਕੁੱਝ ਦੇਸ਼ਾਂ ਵਿਚ ਮੇਰੇ ਕਲਮੀ – ਦੋਸਤ ਵੀ ਹਨ, ਜੋ ਮੇਰੇ ਨਾਲ ਟਿਕਟਾਂ ਦਾ ਆਦਾਨ – ਪ੍ਰਦਾਨ ਕਰਦੇ ਰਹਿੰਦੇ ਹਨ। ਮੇਰਾ ਇਹ ਸ਼ੌਕ ਬੜਾ ਸਾਰਥਕ ਹੈ। ਪੁਰਾਣੀਆਂ ਟਿਕਟਾਂ ਦੀ ਬੜੀ ਇਤਿਹਾਸਕ ਤੇ ਵਿੱਦਿਅਕ ਮਹਾਨਤਾ ਹੁੰਦਾ ਹੈ। ਕਈ ਟਿਕਟਾਂ ਉੱਘੇ ਵਿਅਕਤੀਆਂ, ਨਵੀਆਂ ਵਿਗਿਆਨਕ ਖੋਜਾਂ ਤੇ ਭੂਗੋਲਿਕ ਜਾਣਕਾਰੀ ਨਾਲ ਵੀ ਸੰਬੰਧਿਤ ਹੁੰਦੀਆਂ ਹਨ। ਮੈਨੂੰ ਆਪਣੇ ਇਸ ਸ਼ੌਕ ਉੱਪਰ ਬੜਾ ਮਾਣ ਹੈ। ਇਹ ਮੈਨੂੰ ਆਨੰਦ ਤੇ ਲਾਭ ਦੋਵੇਂ ਦਿੰਦਾ ਹੈ।