ਮੁਹਾਵਰੇ


ਢ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਢਹਿ ਢੇਰੀ ਹੋ ਜਾਣਾ : (ਪੂਰਾ ਤਬਾਹ ਹੋ ਜਾਣਾ) ਕੇਰਲਾ ਵਿੱਚ ਹੜ੍ਹਾਂ ਕਾਰਨ ਪਿੰਡਾਂ ਦੇ ਪਿੰਡ ਢਹਿ ਢੇਰੀ ਹੋ ਗਏ।

2. ਢਿੱਡ ਵਿੱਚ ਵੜਣਾ : (ਵਿਸ਼ਵਾਸ ਜਿੱਤ ਲੈਣਾ) ਨੀਰਜ ਆਪਣੇ ਸੱਸ-ਸਹੁਰੇ ਦੇ ਐਸਾ ਢਿੱਡ ਵਿੱਚ ਵੜੀ ਹੈ ਕਿ ਉਹ ਉਸ ਨੂੰ ਕਿਸੇ ਚੀਜ਼ ਦੀ ਥੁੜ ਨਹੀਂ ਆਉਣ ਦਿੰਦੇ।

3. ਢਿੱਡ ਪਾਲਣਾ : (ਗੁਜ਼ਾਰਾ ਕਰਨਾ) ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਪਰਿਵਾਰ ਦਾ ਢਿੱਡ ਪਾਲਣਾ ਬਹੁਤ ਔਖਾ ਹੋਇਆ ਪਿਆ ਹੈ।

4. ਢਿੱਡ ਵਿੱਚ ਰੱਖਣਾ : (ਕਿਸੇ ਗੱਲ ਦਾ ਭੇਦ ਰੱਖਣਾ) ਪਰਿਵਾਰ ਵਿੱਚ ਸੁਖ-ਸ਼ਾਂਤੀ ਬਣਾਈ ਰੱਖਣ ਲਈ ਕਈ ਵਾਰੀ ਕੁਝ ਗੱਲਾਂ ਨੂੰ ਢਿੱਡ ਵਿੱਚ ਵੀ ਰੱਖਣਾ ਪੈਂਦਾ ਹੈ।

5. ਢਹਿੰਦੀਆਂ ਕਲਾਂ ਵਿੱਚ ਜਾਣਾ : (ਨਿਘਰਦੇ ਜਾਣਾ) ਯੋਗ ਪ੍ਰਬੰਧ ਦੀ ਘਾਟ ਕਾਰਨ ਇਸ ਕਾਰਖ਼ਾਨੇ ਦਾ ਕੰਮ ਦਿਨੋਂ ਦਿਨ ਢਹਿੰਦੀਆਂ ਕਲਾਂ ਵਿੱਚ ਜਾ ਰਿਹਾ ਹੈ।

6. ਢਾਕੇ ਚੜ੍ਹਨਾ : (ਅੜਿੱਕੇ ਆਉਣਾ) ਦਰਸ਼ਨ ਮੇਰੀ ਤਬਾਹੀ ਲਈ ਯਤਨ ਕਰ ਰਿਹਾ ਹੈ ਪਰ ਜਦ ਉਹ ਮੇਰੇ ਢਾਕੇ ਚੜ੍ਹਿਆ ਤਾਂ ਮੈਂ ਮਜ਼ਾ ਚਖ਼ਾ ਦਿਆਂਗਾ।

7. ਢਿੱਗੀ ਜਾਂ ਢੇਰੀ ਢਾਉਣੀ : (ਹਿੰਮਤ ਹਾਰਨੀ) ਤੁਸੀਂ ਤਾਂ ਦੋ ਸੌ ਰੁਪਏ ਦਾ ਘਾਟਾ ਵੇਖ ਕੇ ਹੀ ਢਿੱਗੀ ਢਾਹ ਬੈਠੇ ਹੋ, ਕਾਰਖ਼ਾਨਿਆਂ ਵਿੱਚ ਤਾਂ ਇਵੇਂ ਹੀ ਹੁੰਦਾ ਹੈ, ਕਦੀ ਘਾਟਾ ਕਦੀ ਵਾਧਾ।

8. ਢਿੱਡ ਵਿੱਚ ਚੂਹੇ ਨੱਚਣੇ : (ਡਾਢੀ ਭੁੱਖ ਲਗਣੀ) ਆਓ ਰੋਟੀ ਖਾਈਏ, ਹੁਣ ਤਾਂ ਢਿੱਡ ਵਿੱਚ ਚੂਹੇ ਨੱਚਣ ਲੱਗ ਪਏ ਹਨ।

9. ਢਿੱਡ ਵਿੱਚ ਝੁਲਕਾ ਪਾਉਣਾ : ਰੋਟੀ ਖਾਣੀ, ਕੁਝ ਖਾਣਾ।

10. ਢਿੱਡੀਂ ਪੀੜਾਂ ਪੈਣੀਆਂ : ਬਹੁਤ ਹੱਸਣਾ।

11. ਦੋ ਢੁਕਣਾ : ਮੌਕਾ ਹੱਥ ਆਉਣਾ।

12. ਢੋਲ ਦਾ ਪੋਲ ਖੁੱਲ੍ਹਣਾ : ਵਿਚਲੀ ਕਮਜ਼ੋਰੀ ਦਾ ਪਤਾ ਲੱਗ ਜਾਣਾ।

13. ਢੋਲ ਵਜਾਉਣਾ : ਢੰਡੋਰਾ ਪਿੱਟਣਾ।