ਮੁਹਾਵਰੇ


ਤ, ਥ, ਦ, ਧ, ਨ


58. ਤਰਲੋ-ਮੱਛੀ ਹੋਣਾ (ਬਹੁਤ ਕਾਹਲੇ ਪੈਣਾ/ਉਤਾਵਲੇ ਹੋਣਾ) : ਲੰਮੇ ਵਿਛੋੜੇ ਪਿੱਛੋਂ ਪੁੱਤਰ ਨੂੰ ਮਿਲਣ ਲਈ ਮਾਂ ਤਰਲੋ- ਮੱਛੀ ਹੋ ਰਹੀ ਸੀ।

59. ਤੱਤੀ ‘ਵਾ ਨਾ ਲੱਗਣੀ (ਜ਼ਰਾ ਵੀ ਤਕਲੀਫ਼ ਨਾ ਹੋਣ ਦੇਣਾ) : ਜਿਹੜੇ ਪਰਮਾਤਮਾ ਦਾ ਨਾਂ ਜਪਦੇ ਹਨ, ਉਸ ਵਿੱਚ ਵਿਸ਼ਵਾਸ ਰੱਖਦੇ ਹਨ; ਉਨ੍ਹਾਂ ਨੂੰ ਤੱਤੀ ‘ਵਾ ਨਹੀਂ ਲੱਗ ਸਕਦੀ।

60. ਤਿਲ ਧਰਨ ਨੂੰ ਥਾਂ ਨਾ ਹੋਣਾ (ਬਹੁਤ ਭੀੜ ਹੋਣੀ) : ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ‘ਤੇ ਹਰਿਮੰਦਰ ਸਾਹਿਬ ਵਿਖੇ ਤਿਲ ਧਰਨ ਨੂੰ ਥਾਂ ਨਹੀਂ ਹੁੰਦੀ।


61. ਥਰ-ਥਰ ਕੰਬਣਾ (ਬਹੁਤ ਡਰ ਜਾਣਾ) : ਪੁਲਿਸ ਨੂੰ ਵੇਖ ਕੇ ਜੁਆਰੀਏ ਥਰ-ਥਰ ਕੰਬਣ ਲੱਗ ਪਏ।


62. ਦਸਾਂ ਨਹੁੰਆਂ ਦੀ ਕਿਰਤ ਕਰਨਾ (ਮਿਹਨਤ ਨਾਲ ਕਮਾਈ ਕਰਨਾ/ਹੱਕ ਦੀ ਕਮਾਈ ਕਰਨਾ) : ਮਨੁੱਖ ਨੂੰ ਹਮੇਸ਼ਾ ਦਸਾਂ ਨਹੁੰਆਂ ਦੀ ਕਿਰਤ ਹੀ ਆਤਮਕ ਸ਼ਾਂਤੀ ਦਿੰਦੀ ਹੈ।

63. ਦੰਦਾਂ ਹੇਠਾਂ ਜੀਭ ਦੇਣਾ (ਸਬਰ ਕਰਨਾ/ਚੁੱਪ-ਚਾਪ ਦੁੱਖ ਸਹਾਰਨਾ) : ਐਬੀ ਤੇ ਨਿਖੱਟੂ ਪਤੀ ਕਾਰਨ ਨਹੀਂ ਦੰਦਾਂ ਹੇਠਾਂ ਜੀਭ ਦੇ ਕੇ ਸੱਸ-ਸਹੁਰੇ ਅਤੇ ਜੇਠ ਦੀਆਂ ਗੱਲਾਂ ਸਹਿਣ ਕਰਦੀ ਹੋਈ ਜ਼ਿੰਦਗੀ ਕੱਟ ਰਹੀ ਹੈ।

64. ਦਿਲ ‘ਤੇ ਲਾਉਣਾ (ਅਸਰ ਹੋਣਾ ਬਹੁਤ ਫਿਕਰ ਕਰਨਾ) : ਹੰਕਾਰੀ ਅਫ਼ਸਰ/ਬੰਦੇ ਦੀਆਂ ਗੱਲਾਂ ਚੁੱਪ-ਚਾਪ ਸੁਣ ਲੈਣੀਆਂ ਚਾਹੀਦੀਆਂ ਹਨ, ਪਰ ਦਿਲ ‘ਤੇ ਨਹੀਂ ਲਗਾਉਣੀਆਂ ਚਾਹੀਦੀਆਂ, ਨਹੀਂ ਤਾਂ ਕਦੇ ਖ਼ੁਸ਼ ਨਹੀਂ ਰਹਿ ਸਕੋਗੇ।


65. ਧੁੜਕੂ ਲੱਗਣਾ (ਚਿੰਤਾ ਰਹਿਣੀ) : ਗ਼ਰੀਬ ਨੂੰ ਤਾਂ ਇਹੋ ਧੁੜਕੂ ਲੱਗਾ ਰਹਿੰਦਾ ਹੈ ਕਿ ਕਿਤੇ ਮੁੜ ਤੋਂ ਤਾਲਾਬੰਦੀ ਨਾ ਹੋ ਜਾਏ।

66. ਧੌਲਿਆਂ ਦੀ ਲਾਜ ਰੱਖਣਾ (ਵੱਡਿਆਂ ਦੀ ਇੱਜ਼ਤ ਕਰਨਾ) : ਧੀਆਂ-ਪੁੱਤਰਾਂ ਨੂੰ ਆਪਣੇ ਮਾਪਿਆਂ ਦੇ ਧੌਲਿਆਂ ਦੀ ਲਾਜ ਰੱਖਣੀ ਚਾਹੀਦੀ ਹੈ, ਉਨ੍ਹਾਂ ਨੂੰ ਅਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਵੱਡਿਆਂ ਦੀ ਬਦਨਾਮੀ ਹੋਵੇ।


67. ਨਹੁੰ-ਮਾਸ ਦਾ ਰਿਸ਼ਤਾ ਹੋਣਾ (ਗੂੜਾ ਸੰਬੰਧ ਹੋਣਾ) : ਮਾਪਿਆਂ ਦਾ ਆਪਣੇ ਬੱਚਿਆਂ ਨਾਲ ਨਹੁੰ-ਮਾਸ ਦਾ ਰਿਸ਼ਤਾ ਹੁੰਦਾ ਹੈ, ਜੋ ਕਦੇ ਵੀ ਨਹੀਂ ਟੁੱਟਦਾ।

68. ਨੱਕ ਥੱਲੇ ਨਾ ਆਉਣਾ (ਬਿਲਕੁਲ ਪਸੰਦ ਨਾ ਹੋਣਾ) : ਸੱਸ ਦੁਆਰਾ ਖ਼ਰੀਦਿਆ ਹੋਇਆ ਮਹਿੰਗਾ ਸੂਟ ਵੀ ਸਿਮਰਨ ਦੇ ਨੱਕ ਥੱਲੇ ਨਾ ਆਇਆ।