CBSEEducationHistoryHistory of Punjab

ਮੀਰੀ ਅਤੇ ਪੀਰੀ ਨੀਤੀ


ਪ੍ਰਸ਼ਨ. ਗੁਰੂ ਹਰਿਗੋਬਿੰਦ ਜੀ ਨੇ ਨਵੀਂ ਨੀਤੀ ਜਾਂ ‘ਮੀਰੀ ਅਤੇ ਪੀਰੀ’ ਨੀਤੀ ਨੂੰ ਕਿਉਂ ਧਾਰਨ ਕੀਤਾ?

ਉੱਤਰ : ਗੁਰੂ ਹਰਿਗੋਬਿੰਦ ਜੀ ਨੂੰ ਹੇਠ ਲਿਖੇ ਕਾਰਨਾਂ ਕਰਕੇ ਨਵੀਂ ਨੀਤੀ ਜਾਂ ਮੀਰੀ ਅਤੇ ਪੀਰੀ ਨੀਤੀ ਨੂੰ ਅਪਣਾਉਣਾ ਪਿਆ-

1. ਮੁਗ਼ਲਾਂ ਦੀ ਧਾਰਮਿਕ ਨੀਤੀ ਵਿੱਚ ਤਬਦੀਲੀ : ਜਹਾਂਗੀਰ ਤੋਂ ਪਹਿਲਾਂ ਦੇ ਮੁਗ਼ਲ ਸ਼ਾਸਕਾਂ ਨਾਲ ਸਿੱਖਾਂ ਦੇ ਸੰਬੰਧ ਸੁਹਿਰਦ ਸਨ। ਪਰ 1605 ਈ. ਵਿੱਚ ਬਣਿਆ ਬਾਦਸ਼ਾਹ, ਜਹਾਂਗੀਰ ਬਹੁਤ ਕੱਟੜ ਸੁੰਨੀ ਮੁਸਲਮਾਨ ਸੀ। ਉਹ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਨੂੰ ਪ੍ਰਫੁੱਲਿਤ ਹੁੰਦੇ ਨਹੀਂ ਵੇਖ ਸਕਦਾ ਸੀ। ਇਸ ਤਰ੍ਹਾਂ ਇਸ ਬਦਲੇ ਹੋਏ ਹਾਲਾਤ ਵਿੱਚ ਗੁਰੂ ਸਾਹਿਬ ਨੂੰ ਵੀ ਨਵੀਂ ਨੀਤੀ ਅਪਣਾਉਣੀ ਪਈ।

2. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ : ਜਹਾਂਗੀਰ ਲਈ ਸਿੱਖਾਂ ਦੀ ਵੱਧ ਰਹੀ ਲੋਕਪ੍ਰਿਯਤਾ ਅਸਹਿ ਸੀ। ਸਿੱਖ ਲਹਿਰ ਨੂੰ ਕੁਚਲਣ ਲਈ ਉਸ ਨੇ 1606 ਈ. ਵਿੱਚ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ। ਗੁਰੂ ਸਾਹਿਬ ਦੀ ਇਸ ਸ਼ਹਾਦਤ ਨੇ ਸਿੱਖਾਂ ਨੂੰ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਜੇ ਉਹ ਜਿਊਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸ਼ਸਤਰਧਾਰੀ ਹੋ ਕੇ ਮੁਗ਼ਲਾਂ ਨਾਲ ਟੱਕਰ ਲੈਣੀ ਪਵੇਗੀ। ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਗੁਰੂ ਹਰਿਗੋਬਿੰਦ ਜੀ ਦੁਆਰਾ ਨਵੀਂ ਨੀਤੀ ਅਪਣਾਉਣ ਲਈ ਕਾਫ਼ੀ ਹੱਦ ਤਕ ਜ਼ਿੰਮੇਵਾਰ ਸੀ।

3. ਗੁਰੂ ਅਰਜਨ ਦੇਵ ਜੀ ਦਾ ਆਖ਼ਰੀ ਸੁਨੇਹਾ : ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਆਪਣੇ ਪੁੱਤਰ ਹਰਿਗੋਬਿੰਦ ਜੀ ਲਈ ਇਹ ਸੁਨੇਹਾ ਭੇਜਿਆ, “ਉਸ ਨੂੰ ਪੂਰੀ ਤਰ੍ਹਾਂ ਸ਼ਸਤਰਾਂ ਨਾਲ ਸੁਸ਼ੋਭਤ ਹੋ ਕੇ ਗੱਦੀ ‘ਤੇ ਬੈਠਣਾ ਚਾਹੀਦਾ ਹੈ ਅਤੇ ਆਪਣੀ ਪੂਰੀ ਯੋਗਤਾ ਅਨੁਸਾਰ ਸੈਨਾ ਰੱਖਣੀ ਚਾਹੀਦੀ ਹੈ।” ਇਸ ਤਰ੍ਹਾਂ ਗੁਰੂ ਸਾਹਿਬ ਦੇ ਇਨ੍ਹਾਂ ਸ਼ਬਦਾਂ ਨੂੰ ਵਿਹਾਰਕ ਰੂਪ ਦੇਣ ਦਾ ਗੁਰੂ ਹਰਿਗੋਬਿੰਦ ਜੀ ਨੇ ਨਿਸ਼ਚਾ ਕੀਤਾ।