ਮੀਮ ਮਿਲਣ ਆਈ………ਫ਼ਕੀਰ ਮੁਰਾਦ ਕੋਈ।


ਕਿੱਸਾ ਪੂਰਨ ਭਗਤ : ਕਾਦਰਯਾਰ


ਕਾਵਿ ਟੁਕੜੀ : ਮਾਂ-ਪੁੱਤਰ ਦਾ ਮੇਲ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਮੀਮ ਮਿਲਣ ਆਈ ਮਾਤਾ ਇਛਰਾਂ ਏ, ਦੱਸੋ ਮੈਨੂੰ ਲੋਕੋ ਆਇਆ ਸਾਧ ਕੋਈ ।

ਮੇਰੇ ਪੁੱਤਰ ਦਾ ਬਾਗ਼ ਵੈਰਾਨ ਪਇਆ, ਫੇਰ ਲੱਗਾ ਹੈ ਕਰਨ ਆਬਾਦ ਕੋਈ ।

ਮੈਂ ਭੀ ਲੈ ਆਵਾਂ ਦਾਰੂ ਅੱਖੀਆਂ ਦਾ, ਪੂਰਨ ਛਡ ਨਾ ਗਿਆ ਸੁਆਦ ਕੋਈ ।

ਕਾਦਰਯਾਰ ਮੈਂ ਤਾਂ ਲੱਖ ਵਟਨੀ ਹਾਂ, ਦਾਰੂ ਦੇਇ ਫ਼ਕੀਰ ਮੁਰਾਦ ਕੋਈ ।


ਪ੍ਰਸੰਗ : ਇਹ ਕਾਵਿ-ਟੋਟਾ ਕਾਦਰਯਾਰ ਦੇ ਕਿੱਸੇ ‘ਪੂਰਨ ਭਗਤ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਮਾਂ-ਪੁੱਤਰ ਦਾ ਮੇਲ’ ਸਿਰਲੇਖ ਹੇਠ ਦਰਜ ਹੈ। ਇਸ ਕਿੱਸੇ ਵਿੱਚ ਕਵੀ ਨੇ ਪੂਰਨ ਭਗਤ ਦੀ ਜੀਵਨ-ਕਥਾ ਬਿਆਨ ਕੀਤੀ ਹੈ। ਇਸ ਕਾਵਿ-ਟੋਟੇ ਦਾ ਸੰਬੰਧ ਉਸ ਘਟਨਾ ਨਾਲ ਹੈ ਜਦੋਂ ਜੋਗੀ ਬਣਿਆ ਪੂਰਨ ਸਿਆਲਕੋਟ ਵਿਖੇ ਆਪਣੇ ਬਾਗ਼ ਵਿੱਚ ਆਉਂਦਾ ਹੈ ਤੇ ਉਸ ਦੀ ਮਹਿਮਾ ਸੁਣ ਕੇ ਪੁੱਤਰ-ਵਿਛੋੜੇ ਵਿੱਚ ਰੋ-ਰੋ ਕੇ ਅੰਨ੍ਹੀ ਹੋਈ ਮਾਂ ਇੱਛਰਾਂ ਉਸ ਨੂੰ ਮਿਲਣ ਲਈ ਆਉਂਦੀ ਹੈ।

ਵਿਆਖਿਆ : ਕਾਦਰਯਾਰ ਲਿਖਦਾ ਹੈ ਕਿ ਪੂਰਨ ਭਗਤ ਦੀ ਮਾਂ ਇੱਛਰਾਂ ਲੋਕਾਂ ਨੂੰ ਕਹਿ ਰਹੀ ਸੀ ਕਿ ਉਹ ਉਸ ਨੂੰ ਦੱਸਣ ਕਿ ਕੀ ਇਹ ਗੱਲ ਠੀਕ ਹੈ ਕਿ ਇੱਥੇ ਕੋਈ ਸਾਧੂ ਆਇਆ ਹੈ? ਕੀ ਉਹ ਹੀ ਉਸ ਦੇ ਪੁੱਤਰ ਦੇ ਉੱਜੜੇ ਤੇ ਵੀਰਾਨ ਪਏ ਬਾਗ਼ ਨੂੰ ਮੁੜ ਆਬਾਦ ਕਰਨ ਲੱਗਾ ਹੈ? ਉਹ ਵੀ ਉਸ ਨੂੰ ਮਿਲਣ ਲਈ ਜਾਣਾ ਚਾਹੁੰਦੀ ਹੈ, ਤਾਂ ਜੋ ਉਹ ਵੀ ਉਸ ਤੋਂ ਆਪਣੀਆਂ ਅੰਨ੍ਹੀਆਂ ਅੱਖਾਂ ਦਾ ਕੋਈ ਦਾਰੂ ਲੈ ਆਵੇ। ਉਸ ਦੇ ਪੁੱਤਰ ਪੂਰਨ ਨੇ ਆਪਣੇ ਵਿਛੋੜੇ ਨਾਲ ਉਸ ਦੇ ਜੀਉਣ ਦਾ ਕੋਈ ਸਵਾਦ ਹੀ ਨਹੀਂ ਰਹਿਣ ਦਿੱਤਾ। ਉਹ ਕਹਿ ਰਹੀ ਸੀ ਕਿ ਉਹ ਸਮਝੇਗੀ ਕਿ ਉਸ ਨੂੰ ਜੀਵਨ ਵਿੱਚ ਸਭ ਕੁੱਝ ਪ੍ਰਾਪਤ ਹੋ ਗਿਆ ਹੈ, ਜੇਕਰ ਕੋਈ ਉਸ ਨੂੰ ਦਾਰੂ ਦੇ ਕੇ ਉਸ ਦੀਆਂ ਅੰਨ੍ਹੀਆਂ ਅੱਖਾਂ ਨੂੰ ਠੀਕ ਕਰਨ ਦੀ ਮੁਰਾਦ ਨੂੰ ਪੂਰੀ ਕਰ ਦੇਵੇ।