ਮਿੱਤਰਤਾ – ਪੈਰਾ ਰਚਨਾ

ਮਨੁੱਖ ਇਕ ਸਮਾਜਿਕ ਜੀਵ ਹੈ। ਉਹ ਇਕੱਲਾ ਨਹੀਂ ਰਹਿ ਸਕਦਾ। ਉਸ ਦਾ ਜੀਵਨ ਦੂਜਿਆਂ ਉੱਪਰ ਨਿਰਭਰ ਕਰਦਾ ਹੈ, ਇਸ ਕਰਕੇ ਉਹ ਜ਼ਿੰਦਗੀ ਵਿਚ ਕੁੱਝ ਸੱਜਣਾਂ – ਮਿੱਤਰਾਂ ਦੀ ਲੋੜ ਅਨੁਭਵ ਕਰਦਾ ਹੈ, ਜਿਨ੍ਹਾਂ ਨਾਲ ਉਹ ਆਪਣੇ ਦੁੱਖ – ਸੁੱਖ ਵੰਡ ਸਕੇ। ਜਦੋਂ ਅਸੀਂ ਮਿੱਤਰ ਨਾਲ ਖੁਸ਼ੀ ਵੰਡਦੇ ਹਾਂ ਤਾਂ ਉਹ ਦੁੱਗਣੀ ਹੋ ਜਾਂਦੀ ਹੈ, ਪਰ ਜਦੋਂ ਦੁੱਖ ਨੂੰ ਵੰਡਦੇ ਹਾਂ ਤਾਂ ਉਹ ਅੱਧਾ ਰਹਿ ਜਾਂਦਾ ਹੈ। ਬੇਕਨ ਦਾ ਕਥਨ ਹੈ ਕਿ ਜਿਹੜਾ ਆਦਮੀ ਇਹ ਕਹਿੰਦਾ ਹੈ ਕਿ ਉਹ ਇਕੱਲਾ ਰਹਿ ਕੇ ਵੀ ਖੁਸ਼ੀ ਅਨੁਭਵ ਕਰ ਸਕਦਾ ਹੈ, ਉਹ ਜਾਂ ਤਾਂ ਜੰਗਲੀ ਜਾਨਵਰ ਹੈ ਜਾਂ ਦੇਵਤਾ। ਅਸਲ ਵਿਚ ਸੱਚੇ ਮਿੱਤਰ ਦੀ ਅਣਹੋਂਦ ਵਿਚ ਆਦਮੀ ਭਰੇ ਮੇਲੇ ਵਿਚ ਵੀ ਇਕੱਲਾ ਮਹਿਸੂਸ ਕਰਦਾ ਹੈ, ਪਰ ਇਸ ਵਿਚ ਵੀ ਕੋਈ ਸੰਦੇਹ ਨਹੀਂ ਕਿ ਸੱਚੇ ਤੇ ਵਫ਼ਾਦਾਰ ਮਿੱਤਰ ਬਹੁਤ ਘੱਟ ਹੁੰਦੇ ਹਨ। ਸੱਚੀ ਮਿੱਤਰਤਾ ਵਿਚ ਦੋ ਰੂਹਾਂ ਦਾ ਪੂਰਾ ਗੰਢ – ਚਿਤਰਾਵਾ ਹੁੰਦਾ ਹੈ। ਸੱਚੇ ਮਿੱਤਰਾਂ ਵਿਚਕਾਰ ਕੋਈ ਲੁਕਾ – ਛਿਪਾ, ਭਰਮ – ਭੁਲੇਖਾ ਜਾਂ ਅਵਿਸ਼ਵਾਸ ਨਹੀਂ ਹੁੰਦਾ। ਜਦੋਂ ਦੋ ਰਲਦੇ – ਮਿਲਦੇ ਵਿਚਾਰਾਂ, ਸੁਭਾਵਾਂ ਤੇ ਰੁਚੀਆਂ ਦੇ ਵਿਅਕਤੀ ਮਿਲਦੇ ਹਨ ਤਾਂ ਉਨ੍ਹਾਂ ਵਿਚ ਮਿੱਤਰਤਾ ਦੀ ਗੰਢ ਪੈ ਜਾਂਦੀ ਹੈ। ਅਮੀਰੀ, ਗ਼ਰੀਬੀ ਤੇ ਸਮਾਜਿਕ ਪੱਧਰ ਸੱਚੇ ਮਿੱਤਰ ਦੀ ਮਿੱਤਰਤਾ ਨੂੰ ਤੋੜ ਨਹੀਂ ਸਕਦੇ। ਉਨ੍ਹਾਂ ਦੀ ਸਥਿਤੀ ਕ੍ਰਿਸ਼ਨ – ਸੁਦਾਮੇ ਦੀ ਦੋਸਤੀ ਵਰਗੀ ਹੁੰਦੀ ਹੈ। ਮਿੱਤਰਤਾ ਦਾ ਆਧਾਰ ਸਵਾਰਥ ਨਹੀਂ ਹੁੰਦਾ, ਸਗੋਂ ਦੁੱਖ – ਸੁੱਖ, ਵਿਚਾਰਾਂ ਤੇ ਭਾਵਾਂ ਦੀ ਸਾਂਝ ਹੁੰਦੀ ਹੈ। ਮਿੱਤਰਤਾ ਸਾਡੇ ਦੁੱਖ ਨੂੰ ਘਟਾਉਣ, ਸਾਰੀਆਂ ਉਲਝਣਾਂ, ਭੁਲੇਖਿਆਂ, ਵਿਚਾਰਾਂ ਦੀ ਅਸਥਿਰਤਾ ਨੂੰ ਦੂਰ ਕਰਨ, ਕਈ ਪ੍ਰਕਾਰ ਦੇ ਸਮਾਜਿਕ ਕੰਮਾ – ਕਾਰਾਂ ਤੇ ਯੋਜਨਾਵਾਂ ਨੂੰ ਨੇਪਰੇ ਚੜ੍ਹਾਉਣ ਵਿਚ ਸਹਾਇਕ ਸਿੱਧ ਹੁੰਦੀ ਹੈ। ਇਸ ਪ੍ਰਕਾਰ ਸੱਚਾ ਮਿੱਤਰ ਸਦੀਵੀ ਪ੍ਰਸੰਨਤਾ ਤੇ ਪ੍ਰੇਰਨਾ ਦਾ ਸੋਮਾ ਹੁੰਦਾ ਹੈ, ਪਰ ਅਜਿਹਾ ਮਿੱਤਰ ਮਿਲਣਾ ਬਹੁਤ ਔਖਾ ਹੈ, ਇਸੇ ਕਰਕੇ ਫ਼ਰੀਦ ਜੀ ਨੇ ਕਿਹਾ ਹੈ –

ਫ਼ਰੀਦਾ ਗਲੀਂ ਸੁ ਸਜਣ ਵੀਹ ਇਕੂ ਢੂੰਢੇਹੀ ਨ ਲਹਾ।
ਧੁਖਾਂ ਜਿਉਂ ਮਾਲੀਂਹ ਕਾਰਣ ਤਿੰਨਾ ਮਾ ਪਿਰੀ।