ਮਾਲਿਕ ਮਕਾਨ ਨੂੰ ਪੱਤਰ
ਕਿਰਾਏਦਾਰ ਵੱਲੋਂ ਮਾਲਿਕ ਮਕਾਨ ਨੂੰ ਮਕਾਨ ਵਿਚ ਮੁਰੰਮਤਾਂ ਕਰਾਉਣ ਵਾਸਤੇ ਪੱਤਰ।
ਸ਼ਾਂਤੀ ਭਵਨ,
ਸਦਰ ਬਾਜ਼ਾਰ,
ਬਠਿੰਡਾ।
12 ਸਤੰਬਰ, 2023
ਸ੍ਰੀਮਾਨ ਡਾਕਟਰ ਕੁਲਵੰਤ ਸਿੰਘ ਜੀ,
ਆਪ ਦਾ ਮਕਾਨ ਕਿਰਾਏ ਉਤੇ ਲੈਣ ਵੇਲੇ ਮੈਂ ਆਪ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਸੀ ਕਿ ਇਹਦੇ ਵਿਚ ਕਈ ਤਰ੍ਹਾਂ ਦੀ ਮੁਰੰਮਤ ਦੀ ਲੋੜ ਹੈ। ਤੁਸੀਂ ਵਚਨ ਦਿੱਤਾ ਸੀ ਕਿ ਛੇਤੀ ਹੀ ਸਾਰਾ ਕੰਮ ਠੀਕ ਕਰਾ ਦਿੱਤਾ ਜਾਏਗਾ। ਪਰੰਤੂ ਚਾਰ ਮਹੀਨੇ ਲੰਘ ਜਾਣ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਾਪਦਾ ਹੈ ਕਿ ਆਪਣੇ ਅਨੇਕ ਰੁਝੇਵਿਆਂ ਵਿਚ ਤੁਹਾਨੂੰ ਇਸ ਗੱਲ ਦਾ ਖਿਆਲ ਹੀ ਨਹੀਂ ਰਿਹਾ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਸੌਣ ਕਮਰੇ ਦੀ ਛੱਤ ਬੁਰੀ ਤਰ੍ਹਾਂ ਚੌਂਦੀ ਹੈ ਅਤੇ ਕਿਉਂ ਜੁ ਬਰਸਾਤ ਦਾ ਮੌਸਮ ਨੇੜੇ ਹੈ, ਇਸ ਲਈ ਜੇ ਵੇਲੇ ਸਿਰ ਇਹਦੀ ਮੁਰੰਮਤ ਨਾ ਕਰਾਈ ਗਈ, ਤਾਂ ਸਾਨੂੰ ਬਹੁਤ ਤਕਲੀਫ ਹੋਵੇਗੀ। ਵਿਹੜੇ ਦਾ ਨਲਕਾ ਠੀਕ ਕੰਮ ਨਹੀਂ ਕਰ ਰਿਹਾ, ਅਤੇ ਗੁਸਲਖਾਨੇ ਤੇ ਟੁੱਟੀ ਦਾ ਪਾਣੀ ਬਾਹਰ ਲਿਜਾਣ ਵਾਲੀ ਨਾਲੀ ਟੁੱਟੀ ਹੋਈ ਹੈ। ਇਸ ਨਾਲ ਗੰਦਾ ਤੇ ਫਾਲਤੂ ਪਾਣੀ ਠੀਕ ਤਰ੍ਹਾਂ ਬਾਹਰ ਨਹੀਂ ਜਾਂਦਾ। ਰਸੋਈ ਵਿਚ ਫਰਸ਼ ਤੇ ਕੰਧਾਂ ਦਾ ਪਲੱਸਤਰ ਉਖੜ ਗਿਆ ਹੈ। ਇਹ ਨਵੇਂ ਸਿਰਿਓਂ ਹੋਣ ਵਾਲਾ ਹੈ। ਇਸ ਤੋਂ ਛੁੱਟ ਸਾਰੇ ਮਕਾਨ ਵਿਚ ਸਫੈਦੀਆਂ ਹੋਣ ਵਾਲੀਆਂ ਹਨ। ਜੇ ਲੱਗਦੇ ਹੱਥ ਰਸੋਈ ਵਿਚ ਧੁੰ-ਕਸ਼ ਕਢਾ ਦਿਓ, ਤਾਂ ਧੂੰਏਂ ਤੋਂ ਸਾਡੀ ਖੁਲਾਸੀ ਹੋ ਜਾਏਗੀ।
ਜੇ ਤੁਸੀਂ ਖੁਦ ਆ ਕੇ ਤੇ ਸਾਰੀਆਂ ਚੀਜ਼ਾਂ ਵੇਖ ਕੇ ਲੋੜੀਂਦੀ ਕਾਰਵਾਈ ਦਾ ਪ੍ਰਬੰਧ ਕਰ ਜਾਓ, ਤਾਂ ਬਹੁਤ ਮਿਹਰਬਾਨੀ ਹੋਵੇਗੀ। ਪਰ ਜੇ ਇਹ ਸੰਭਵ ਨਾ ਹੋਵੇ, ਤਾਂ ਆਪਣਾ ਕੋਈ ਆਦਮੀ ਭੇਜ ਕੇ ਉਪਰੋਕਤ ਮੁਰੰਮਤਾਂ ਕਰਾਉਣ ਦੀ ਕਿਰਪਾ ਕਰੋ।
ਧੰਨਵਾਦ ਸਹਿਤ,
ਆਪ ਦਾ ਹਿਤੂ,
ਕਿਰਪਾਲ ਸਿੰਘ ਢਿੱਲੋਂ।
ਸ਼੍ਰੀਮਾਨ ਡਾਕਟਰ ਕੁਲਵੰਤ ਸਿੰਘ ਜੀ,
ਰਜਿਸਟਰਾਰ ਮੈਡੀਕਲ ਵਿਭਾਗ,
ਰਾਜਿੰਦਰਾ ਹਸਪਤਾਲ, ਪਟਿਆਲਾ।