ਭਾਰਤ ਸੰਚਾਰ ਨਿਗਮ ਲਿਮਟਿਡ ਨੂੰ ਪੱਤਰ
ਤੁਹਾਡਾ ਕਾਰੋਬਾਰ ਸ਼ੇਅਰ-ਬਜ਼ਾਰ ਨਾਲ ਜੁੜਿਆ ਹੋਇਆ ਹੈ ਅਤੇ ਕਾਰੋਬਾਰ ਲਈ ਤੁਹਾਨੂੰ ਰੋਜ਼ਾਨਾ ਮੋਬਾਈਲ ਦੀ ਵਰਤੋਂ ਕਰਨੀ ਪੈ ਰਹੀ ਹੈ। ਪਰ ਤੁਸੀਂ ਭਾਰਤ ਸੰਚਾਰ ਨਿਗਮ ਲਿਮਟਿਡ ਦੀ ਨੈੱਟਵਰਕ ਸੇਵਾ ਕਰਕੇ ਦਿੱਕਤ ਮਹਿਸੂਸ ਕਰ ਰਹੇ ਹੋ। ਹਾਲਾਤ ਤੋਂ ਜਾਣੂ ਕਰਵਾਉਂਦੇ ਹੋਏ ਆਪਣੇ ਇਲਾਕੇ ਦੇ ਸੰਬੰਧਿਤ ਅਧਿਕਾਰੀ ਨੂੰ ਪੱਤਰ ਲਿਖ ਕੇ ਇਸ ਪਾਸੇ ਸੁਧਾਰ ਕਰਨ ਲਈ ਆਖੋ।
625 ਆਰ, ਮਾਡਲ ਟਾਊਨ,
……………………ਸ਼ਹਿਰ।
ਮਿਤੀ : 15 ਮਾਰਚ, 20…….
ਸੇਵਾ ਵਿਖੇ
ਸਰਕਲ ਅਫ਼ਸਰ,
ਭਾਰਤ ਸੰਚਾਰ ਨਿਗਮ ਲਿਮਟਿਡ,
……………………ਸ਼ਹਿਰ।
ਵਿਸ਼ਾ: ਮੋਬਾਈਲ ਸੇਵਾ ਦੇ ਨੈੱਟਵਰਕ ਵਿੱਚ ਸੁਧਾਰ ਕਰਨ ਸੰਬੰਧੀ।
ਸ੍ਰੀਮਾਨ ਜੀ,
ਮੇਰਾ ਕਾਰੋਬਾਰ ਸ਼ੇਅਰ-ਬਜ਼ਾਰ ਨਾਲ ਸੰਬੰਧਿਤ ਹੈ ਅਤੇ ਮੈਨੂੰ ਰੋਜ਼ਾਨਾ ਮੋਬਾਈਲ ਦੀ ਵਰਤੋਂ ਕਰਨੀ ਪੈਂਦੀ ਹੈ। ਪਰ ਭਾਰਤ ਸੰਚਾਰ ਨਿਗਮ ਲਿਮਟਿਡ ਦੀ ਨੈੱਟਵਰਕ ਸੇਵਾ ਕਾਰਨ ਮੈਨੂੰ ਬਹੁਤ ਦਿੱਕਤ ਮਹਿਸੂਸ ਹੋ ਰਹੀ ਹੈ। ਜਿਸ ਨੰਬਰ ‘ਤੇ ਵੀ ਸੰਪਰਕ ਕਰਨ ਦੀ ਕੋਸ਼ਸ਼ ਕੀਤੀ ਜਾਂਦੀ ਹੈ ਬਹੁਤੀ ਵਾਰ ਸਾਰੀਆਂ ਲਾਈਨਾਂ ਵਿਅਸਤ ਹੋਣ ਕਾਰਨ ਉੱਥੇ ਸੰਪਰਕ ਸਥਾਪਿਤ ਨਹੀਂ ਹੁੰਦਾ। ਜੇਕਰ ਸੰਪਰਕ ਹੋ ਵੀ ਜਾਵੇ ਤਾਂ ਨੈੱਟਵਰਕ ਵਿੱਚ ਕਿਸੇ ਨਾ ਕਿਸੇ ਖ਼ਾਮੀ ਹੋਣ ਕਾਰਨ ਗੱਲ ਠੀਕ ਤਰ੍ਹਾਂ ਸੁਣਾਈ ਨਹੀਂ ਦਿੰਦੀ ਅਤੇ ਗੱਲ-ਬਾਤ ਪੂਰੀ ਹੋਣ ਤੋਂ ਪਹਿਲਾਂ ਹੀ ਸੰਪਰਕ ਟੁੱਟ ਜਾਂਦਾ ਹੈ। ਸ਼ਾਮ ਸਮੇਂ ਨੈੱਟਵਰਕ ਹੋਰ ਵੀ ਜ਼ਿਆਦਾ ਪ੍ਰੇਸ਼ਾਨ ਕਰਦਾ ਹੈ। ਬਹੁਤੀ ਵਾਰ ਗੱਲ-ਬਾਤ ਕਰਨੀ ਏਨੀ ਜ਼ਰੂਰੀ ਹੁੰਦੀ ਹੈ ਕਿ ਅਜਿਹਾ ਨਾ ਹੋਣ ‘ ਸਾਡੇ ਕਾਰੋਬਾਰ ਦਾ ਬਹੁਤ ਨੁਕਸਾਨ ਹੁੰਦਾ ਹੈ। ਮੇਰੇ ਬਹੁਤ ਸਾਰੇ ਸਾਥੀਆਂ ਨੇ ਤਾਂ ਭਾਰਤ ਸੰਚਾਰ ਨਿਗਮ ਲਿਮਟਿਡ ਦੀ ਥਾਂ ਹੋਰ ਕੰਪਨੀਆਂ ਦੀ ਸੇਵਾ ਪ੍ਰਾਪਤ ਕਰ ਲਈ ਹੈ ਪਰ ਮੈਂ ਅਜੇ ਤੁਹਾਡੇ ਨੈੱਟਵਰਕ ਵਿੱਚ ਸੁਧਾਰ ਹੋਣ ਦਾ ਇੰਤਜ਼ਾਰ ਕਰ ਰਿਹਾ ਹਾਂ।
ਸਨਿਮਰ ਬੇਨਤੀ ਹੈ ਕਿ ਤੁਸੀਂ ਆਪਣੇ ਨੈੱਟਵਰਕ ਵਿੱਚ ਲੋੜੀਂਦੇ ਸੁਧਾਰ ਕਰੋ ਤਾਂ ਜੋ ਤੁਹਾਡੇ ਗਾਹਕਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਨੈੱਟਵਰਕ ਵਿੱਚ ਸੁਧਾਰ ਦੀ ਤਕਨੀਕੀ ਜਾਣਕਾਰੀ ਰੱਖਣ ਵਾਲ਼ੇ ਤੁਹਾਡੇ ਗਾਹਕ ਇਹ ਚਾਹੁੰਦੇ ਹਨ ਕਿ ਤੁਸੀਂ ਕੁਝ ਹੋਰ ਲੋੜੀਂਦੀਆਂ ਥਾਂਵਾਂ ‘ਤੇ ਟਾਵਰ ਲਗਵਾਓ ਤਾਂ ਜੋ ਨੈੱਟਵਰਕ ਵਿੱਚ ਸੁਧਾਰ ਹੋ ਸਕੇ। ਆਸ ਹੈ ਤੁਸੀਂ ਇਸ ਪਾਸੇ ਤੁਰੰਤ ਧਿਆਨ ਦਿਓਗੇ। ਅਜਿਹਾ ਕਰਨਾ ਤੁਹਾਡੇ ਗਾਹਕਾਂ ਦੀ ਲਗਾਤਾਰ ਘਟ ਰਹੀ ਗਿਣਤੀ ਨੂੰ ਰੋਕਣ ਲਈ ਵੀ ਜ਼ਰੂਰੀ ਹੈ।
ਤੁਹਾਡਾ ਵਿਸ਼ਵਾਸਪਾਤਰ,
ਸੁਰਿੰਦਰ ਗੁਪਤਾ