ਬੱਸ ਕੰਡਕਟਰ – ਸਾਰ
ਪ੍ਰਸ਼ਨ . ‘ਬੱਸ ਕੰਡਕਟਰ’ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ – ‘ਬੱਸ ਕੰਡਕਟਰ’ ਡਾ. ਦਲੀਪ ਕੌਰ ਟਿਵਾਣਾ ਦੀ ਲਿਖੀ ਹੋਈ ਇੱਕ ਮਨੋਵਿਗਿਆਨਕ ਕਹਾਣੀ ਹੈ। ਇਸ ਕਹਾਣੀ ਵਿੱਚ ਉਸ ਨੇ ਇੱਕ ਸੱਚੇ ਅਤੇ ਪਵਿੱਤਰ ਪਿਆਰ ਦਾ ਪ੍ਰਗਟਾਵਾ ਕੀਤਾ ਹੈ।
ਇਸ ਕਹਾਣੀ ਵਿੱਚ ਬੱਸ ਕੰਡਕਟਰ ਆਪਣੀ ਮਰੀ ਹੋਈ ਭੈਣ ਦੀ ਯਾਦ ਨੂੰ ਆਪਣੇ ਮਨ ਵਿੱਚ ਲੈ ਕੇ, ਉਸ ਨੂੰ ਲੇਡੀ ਡਾਕਟਰ ਵਿੱਚੋਂ ਲੱਭਣ ਦਾ ਯਤਨ ਕਰਦਾ ਹੈ।
ਲੇਡੀ ਡਾਕਟਰ ਦੀ ਬਦਲੀ ਨਾਭੇ ਤੋਂ ਪਟਿਆਲੇ ਹੋ ਜਾਣ ਕਰਕੇ ਉਹ ਇਸ ਕੋਸ਼ਿਸ਼ ਵਿੱਚ ਸੀ ਕਿ ਕਿਸੇ ਵੀ ਤਰ੍ਹਾਂ ਉਸ ਦੀ ਇਹ ਬਦਲੀ ਰੁੱਕ ਜਾਵੇ। ਪਾਲੀ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਕੋਲੋਂ ਇਜਾਜ਼ਤ ਲੈ ਕੇ ਹਰ ਰੋਜ਼ ਬੱਸ ‘ਤੇ ਸਵੇਰੇ ਨਾਭੇ ਤੋਂ ਪਟਿਆਲੇ ਚਲੀ ਜਾਂਦੀ ਅਤੇ ਸ਼ਾਮ ਨੂੰ ਘਰ ਵਾਪਸ ਪਰਤਦੀ।
ਬੱਸਾਂ ਦੀ ਖੜ – ਖੜ ਅਤੇ ਸ਼ੋਰ ਸ਼ਰਾਬੇ ਤੋਂ ਪਾਲੀ ਦਾ ਦਿਲ ਕਾਹਲਾ ਪੈਂਦਾ, ਪਰ ਉਹ ਥੌੜ੍ਹੇ ਕੁ ਦਿਨਾਂ ਦੀ ਗੱਲ ਸੋਚ ਕੇ ਸਹਿਣ ਕਰ ਲੈਂਦੀ। ਜਿਸ ਦਿਨ ਜੀਤ ਬੱਸ ਕੰਡਕਟਰ ਡਿਊਟੀ ‘ਤੇ ਹੁੰਦਾ, ਉਸ ਦਿਨ ਉਹ ਥੋੜ੍ਹੀ ਸੌਖੀ ਰਹਿੰਦੀ। ਉਸ ਨੂੰ ਜੀਤ ਬੜਾ ਹੀ ਸਾਊ ਜਿਹਾ ਲੱਗਦਾ।
ਇੱਕ ਦਿਨ ਜਦੋਂ ਕਿਸੇ ਨੇ ਜੀਤ ਪਾਸੋਂ ਪਾਲੀ ਬਾਰੇ ਪੁੱਛਿਆ ਤਾਂ ਉਸ ਨੇ ਬੜੇ ਹੀ ਰੋਅਬ ਨਾਲ਼ ਉਸ ਨੂੰ ਉੱਤਰ ਦਿੱਤਾ ਸੀ ਕਿ ਉਹ ਡਾਕਟਰਨੀ ਹੈ ਅਤੇ ਪੂਰੇ ਤਿੰਨ ਸੌ ਰੁਪਏ ਕਮਾਉਂਦੀ ਹੈ। ਪਰ ਜਦੋਂ ਕੋਈ ਘਟੀਆ ਜਿਹਾ ਆਦਮੀ ਪਾਲੀ ਬਾਰੇ ਕੋਈ ਟਿੱਚਰ ਜਿਹੀ ਕਰਦਾ ਤਾਂ ਉਹ ਉਸ ਨੂੰ ਝੱਟ ਦਬਕਾ ਮਾਰ ਦਿੰਦਾ।
ਜੀਤ ਕੰਡਕਟਰ, ਪਾਲੀ ਦਾ ਬੱਸ ਵਿੱਚ ਬੈਠੀ ਦਾ ਹਰ ਤਰ੍ਹਾਂ ਨਾਲ਼ ਖ਼ਿਆਲ ਰੱਖਦਾ। ਜੇਕਰ ਉਸ ਕੋਲ਼ ਛੁੱਟੇ ਪੈਸੇ ਨਹੀਂ ਹੁੰਦੇ ਤਾਂ ਉਹ ਪਾਲੀ ਕੋਲੋਂ ਅਗਲੇ ਦਿਨ ਪੈਸੇ ਲੈਣ ਦਾ ਕਹਿ ਕੇ ਅਗਾਂਹ ਲੰਘ ਜਾਂਦਾ। ਉਹ ਪਾਲੀ ਨੂੰ ਹਸਪਤਾਲ ਮੂਹਰੇ ਛੱਡਣ ਲਈ ਬੱਸ ਡਰਾਈਵਰ ਨੂੰ ਬੱਸ ਰੂਟ ਤੋਂ ਥੋੜ੍ਹੀ ਅਲੱਗ ਘੁਮਾਉਣ ਲਈ ਵੀ ਕਹਿ ਦਿੰਦਾ। ਪਾਲੀ ਦੇ ਮਨ ਵਿੱਚ ਆਉਂਦਾ ਕਿ ਇਹ ਬੱਸ ਕੰਡਕਟਰ ਕਿੰਨਾ ਚੰਗਾ ਹੈ, ਜੋ ਉਹ ਉਸ ਦਾ ਏਨਾਂ ਖ਼ਿਆਲ ਰੱਖਦਾ ਹੈ।
ਉਸੇ ਦਿਨ ਸ਼ਾਮ ਨੂੰ ਜਦੋਂ ਉਹ ਬੱਸ ਸਟੈਂਡ ‘ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ। ਅਗਲੀ ਬੱਸ ਵਿੱਚ ਜਾਣ ਲਈ ਉਸ ਨੂੰ ਪੌਣਾ ਘੰਟਾ ਉਡੀਕ ਕਰਨੀ ਪਈ। ਲੋਕ ਉਸ ਵੱਲ ਅੱਖਾਂ ਪਾੜ – ਪਾੜ ਕੇ ਵੇਖ ਰਹੇ ਸਨ। ਬੱਸ ਦਾ ਕੰਡਕਟਰ ਵੀ ਕਮੀਜ਼ ਦੇ ਬਟਨ ਖੋਲ੍ਹੀ ਅਵਾਰਾ ਫ਼ਿਲਮ ਦਾ ਗਾਣਾ ਗਾਉਂਦਾ ਹੋਇਆ ਉਸ ਮੂਹਰਿਓਂ ਦੋ – ਤਿੰਨ ਵਾਰੀ ਲੰਘਿਆ।
ਅਗਲੇ ਦਿਨ ਵੀ ਜਦੋਂ ਪਾਲੀ ਬੱਸ ਅੱਡੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ। ਜੀਤ ਬਿਨਾਂ ਟਿਕਟੋਂ ਸਵਾਰੀਆਂ ਨੂੰ ਫੜ੍ਹ – ਫੜ੍ਹ ਕੇ ਉਤਾਰ ਰਿਹਾ ਸੀ। ਇੱਕ ਪਲ ਲਈ ਜੀਤ ਨੇ ਪਾਲੀ ਕੋਲ਼ ਆ ਕੇ ਕਿਹਾ ਕਿ ਉਹ ਅਗਲੀ ਸੀਟ ਉੱਤੇ ਝੋਲਾ ਚੁੱਕ ਕੇ ਬੈਠ ਜਾਵੇ, ਉਸਨੇ ਉਹ ਸੀਟ ਉਸ ਦੀ ਖ਼ਾਤਿਰ ਹੀ ਰੱਖੀ ਹੈ।
ਪਾਲੀ ਸੀਟ ਉੱਤੇ ਜਾ ਕੇ ਬੈਠ ਗਈ ਅਤੇ ਬੱਸ ਚੱਲ ਪਈ। ਬੱਸ ਦੀ ਖੜ – ਖੜ, ਬੱਸ ਨਿਕਲ ਜਾਣ ਦਾ ਹਰਦਮ ਡਰ, ਮੋਟੀਆਂ ਸਵਾਰੀਆਂ ਨਾਲ਼ ਬੈਠਣ ਨਾਲ਼ ਵਧੀਆ ਕੱਪੜਿਆਂ ਉੱਤੇ ਵੱਟ ਅਤੇ ਕਿਸੇ ਕੋਲੋਂ ਪਸੀਨੇ ਦੀ ਬਦਬੂ, ਪਾਲੀ ਨੂੰ ਬਹੁਤ ਦੁਖੀ ਕਰਦੇ।
ਇੱਕ ਦਿਨ ਜਦੋਂ ਪਾਲੀ ਪੈਸੇ ਦੇਣ ਲੱਗੀ, ਜੀਤ ਇਹ ਕਹਿ ਕੇ ਅੱਗੇ ਲੰਘ ਗਿਆ, ਨਹੀਂ ਬੀਬੀ ਰਹਿਣ ਦਿਓ। ਪਾਲੀ ਦੇ ਜ਼ੋਰ ਆਉਣ ‘ਤੇ ਵੀ ਉਸ ਨੇ ਟਿਕਟ ਨਹੀਂ ਸੀ ਦਿੱਤੀ। ਉਹ ਸਾਰੇ ਰਸਤੇ ਹੈਰਾਨ ਰਹੀ ਕਿ ਕੰਡਕਟਰ ਨੇ ਉਸ ਕੋਲੋਂ ਪੈਸੇ ਕਿਉਂ ਨਹੀਂ ਲਏ। ਤਿੰਨ ਸੌ ਰੁਪਏ ਕਮਾਉਣ ਵਾਲੀ ਡਾਕਟਰ ਕੁੜੀ ਲਈ ਸਾਡੇ ਦਸ ਆਨਿਆਂ ਦੀ ਕੋਈ ਕੀਮਤ ਨਹੀਂ ਸੀ।
ਅਗਲੇ ਦਿਨ ਪਾਲੀ ਜਾਣ ਬੁੱਝ ਕੇ ਦੇਰੀ ਨਾਲ਼ ਗਈ, ਪਰ ਜੀਤ ਸ਼ਾਇਦ ਪਾਲੀ ਨੂੰ ਹੀ ਉਡੀਕ ਰਿਹਾ ਸੀ। ਰੋਜ਼ਾਨਾ ਜਾਣ ਵਾਲੇ ਇੱਕ ਕਰਮਚਾਰੀ ਨੇ ਟਿੱਚਰ ਕੀਤੀ ਪਰ ਜਦੋਂ ਜੀਤ ਨੇ ਉਸ ਵੱਲ੍ਹ ਘੂਰ ਕੇ ਦੇਖਿਆ ਤਾਂ ਸਾਰੇ ਚੁੱਪ ਕਰ ਗਏ।
ਐਤਕੀਂ ਵੀ ਪਾਲੀ ਨੇ ਜਦੋਂ ਟਿਕਟ ਲੈਣ ਲਈ ਪੈਸੇ ਦੇਣੇ ਚਾਹੇ ਤਾਂ ਜੀਤ ਨੇ ਨਾਂਹ ਕਰ ਦਿੱਤੀ। ਪਾਲੀ ਨੂੰ ਬਹੁਤ ਗੁੱਸਾ ਆਇਆ। ਉਹ ਸੋਚਦੀ ਕਿ ਕਿਹੜੀ ਇਸ ਬੇਈਮਾਨੀ ਵਿੱਚ ਉਹ, ਉਸਨੂੰ ਵੀ ਹਿੱਸੇਦਾਰ ਬਣਾ ਰਿਹਾ ਹੈ।
ਪਾਲੀ ਅਜੇ ਇਹ ਸੱਭ ਕੁੱਝ ਸੋਚ ਹੀ ਰਹੀ ਸੀ ਕਿ ਬੱਸ ਵਿੱਚ ਇੱਕ ਚੈਕਰ ਚੜ੍ਹ ਆਇਆ। ਜਦੋਂ ਉਹ ਲੋਕਾਂ ਦੀਆਂ ਟਿਕਟਾਂ ਚੈੱਕ ਕਰ ਰਿਹਾ ਸੀ ਤਾਂ ਪਾਲੀ ਤ੍ਰੇਲੀਓ – ਤ੍ਰੇਲੀ ਹੁੰਦੀ ਜਾ ਰਹੀ ਸੀ। ਉਸਨੇ ਸੋਚਿਆ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਉਸ ਕੋਲ਼ ਟਿਕਟ ਹੀ ਨਹੀਂ।
ਜਦੋਂ ਚੈਕਰ ਉਸਦੇ ਕੋਲ਼ ਪਹੁੰਚਿਆ ਤਾਂ ਉਸ ਨੇ ਪਾਲੀ ਕੋਲੋਂ ਟਿਕਟ ਮੰਗੀ। ਚੈਕਰ ਨੇ ਅਜੇ ਕਿਹਾ ਹੀ ਸੀ ਕਿ ਜੀਤ ਨੇ ਆਪਣੀ ਜੇਬ ਵਿੱਚੋਂ ਟਿਕਟ ਕੱਢ ਕੇ ਕਿਹਾ ਕਿ ਬੀਬੀ ਉਸ ਦੀ ਭੈਣ ਹੈ ਅਤੇ ਉਸ ਦਾ ਟਿਕਟ ਉਸ ਦੇ ਕੋਲ਼ ਹੈ।
ਟਿਕਟ ਚੈਕਰ ਨੇ ਜੀਤ ਦੇ ਫਟੇ ਹੋਇਆਂ ਕੱਪੜਿਆਂ ਵੱਲ ਦੇਖਿਆ ਅਤੇ ਫਿਰ ਕੀਮਤੀ ਸਾੜ੍ਹੀ ਵਾਲੀ ਡਾਕਟਰਨੀ ਵੱਲ੍ਹ ਅਤੇ ਮੁਸਕੁਰਾਇਆ ਅਤੇ ਚਲਾ ਗਿਆ।
ਪਾਲੀ ਹੈਰਾਨ ਹੋਈ ਸੋਚ ਰਹੀ ਸੀ ਕਿ ਸੱਠ ਰੁਪਈਆਂ ਵਿੱਚ ਗੁਜ਼ਾਰਾ ਕਰਨ ਵਾਲਾ ਖ਼ਬਰੇ ਕਿਸੇ ਦਿਨ ਰੋਟੀ ਖੁਣੋਂ ਵੀ ਐਵੇਂ ਰਹਿ ਕੇ ਮੇਰੀ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇਗਾ। ਹਸਪਤਾਲ ਵਿੱਚ ਵੀ ਪਾਲੀ ਸਾਰਾ ਦਿਨ ਬੇਚੈਨ ਰਹੀ।
ਸ਼ਾਮ ਨੂੰ ਜਦੋਂ ਪਾਲੀ ਅੱਡੇ ਪਹੁੰਚੀ ਤਾਂ ਜੀਤ ਉਦਾਸ ਜਿਹਾ ਹੋਇਆ ਹੌਲ਼ੀ – ਹੌਲ਼ੀ ਤੁਰਦਾ ਉਸ ਕੋਲ਼ ਪਹੁੰਚਿਆ। ਉਸਨੇ ਪਾਲੀ ਨੂੰ ਦੱਸਿਆ ਕਿ ਉਸ ਦੀ ਵੀ ਵੱਡੀ ਭੈਣ ਅਮਰਜੀਤ ਲਾਹੌਰ ਡਾਕਟਰੀ ਪੜ੍ਹਦੀ ਸੀ।
1947 ਦੀ ਵੰਡ ਵੇਲੇ ਹੋਏ ਦੰਗਿਆਂ ਵਿੱਚ ਘਰਦਿਆਂ ਸਮੇਤ ਉਹ ਉੱਥੇ ਹੀ ਮਾਰੀ ਗਈ ਅਤੇ ਉਹ ਰੁਲ਼ਦਾ – ਖੁਲ਼ਦਾ ਇਧਰ ਆ ਗਿਆ। ਬੜੀ ਹੀ ਤੰਗੀ ਤੋਂ ਬਾਅਦ ਉਸ ਨੂੰ ਕੰਡਕਟਰੀ ਦੀ ਨੌਕਰੀ ਮਿਲ਼ੀ। ਉਸ ਨੂੰ ਦੇਖ ਕੇ ਭੈਣ ਦੀ ਯਾਦ ਆ ਗਈ ਅਤੇ ਉਸ ਦਾ ਗਲ਼ਾ ਭਰ ਆਇਆ।
ਪਾਲੀ ਬਹੁਤ ਬੇਚੈਨ ਹੋਈ, ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਹੇ। ਬੱਸ ਆ ਚੁੱਕੀ ਸੀ ਅਤੇ ਜੀਤ ਬੱਸ ਵੱਲ੍ਹ ਨੂੰ ਤੁਰ ਪਿਆ ਅਤੇ ਪਾਲੀ ਮੋਹ ਭਰੀਆਂ ਭਿੱਜੀਆਂ ਅੱਖਾਂ ਨਾਲ਼ ਉਸ ਨੂੰ ਤੱਕ ਰਹੀ ਸੀ।