ਬਿਨੈ – ਪੱਤਰ : ਨਗਰ ਨਿਗਮ ਦੇ ਪ੍ਰਧਾਨ ਨੂੰ ਇਲਾਕੇ ਦੀ ਸਫ਼ਾਈ ਅਤੇ ਬਿਜਲੀ ਦੀ ਮਾੜੀ ਹਾਲਤ ਬਾਰੇ ਪੱਤਰ
ਨਗਰ ਨਿਗਮ ਦੇ ਪ੍ਰਧਾਨ ਨੂੰ ਇਲਾਕੇ ਦੀ ਸਫ਼ਾਈ ਅਤੇ ਬਿਜਲੀ ਦੀ ਮਾੜੀ ਹਾਲਤ ਬਾਰੇ ਦੱਸਦੇ ਹੋਏ ਬਿਨੈ – ਪੱਤਰ ਲਿਖੋ।
ਪਰੀਖਿਆ ਭਵਨ
…………………….. ਸ਼ਹਿਰ
ਮਿਤੀ : 22 ਮਈ, 20……
ਸੇਵਾ ਵਿਖੇ
ਪ੍ਰਧਾਨ ਸਾਹਿਬ
ਨਗਰ ਨਿਗਮ
…………………….. ਸ਼ਹਿਰ
ਵਿਸ਼ਾ : ਇਲਾਕਾ ਮਾਡਰਨ ਕਲੋਨੀ ਦੀ ਮਾੜੀ ਹਾਲਤ ਤੋਂ ਜਾਣੂ ਕਰਵਾਉਣ ਬਾਰੇ ਅਰਜ਼ੀ
ਸ੍ਰੀਮਾਨ ਜੀ
ਬੇਨਤੀ ਇਹ ਹੈ ਕਿ ਮੈਂ ਤੁਹਾਡੇ ਸ਼ਹਿਰ ਦੇ ਇਲਾਕੇ ਮਾਡਰਨ ਕਲੋਨੀ ਦਾ ਰਹਿਣ ਵਾਲਾ ਹਾਂ ਅਤੇ ਇਸ ਪੱਤਰ ਰਾਹੀਂ ਮੈਂ ਆਪ ਜੀ ਦਾ ਧਿਆਨ ਆਪਣੇ ਇਲਾਕੇ ਦੀ ਸਫ਼ਾਈ ਅਤੇ ਬਿਜਲੀ ਦੀ ਮਾੜੀ ਹਾਲਤ ਵੱਲ ਦਿਵਾਉਣਾ ਚਾਹੁੰਦਾ ਹਾਂ। ਇਹ ਇਲਾਕਾ ਪਿਛਲੇ ਦਸਾਂ ਸਾਲਾਂ ਤੋਂ ਅਬਾਦ ਹੈ, ਪਰ ਹਾਲੇ ਤੱਕ ਇੱਥੇ ਸਾਫ਼ ਸਫ਼ਾਈ ਅਤੇ ਬਿਜਲੀ ਦੀ ਲੋੜ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇੱਥੇ ਅੱਧੇ ਪਾਸੇ ਸੜਕਾਂ ਬਣੀਆਂ ਹੋਈਆਂ ਹਨ ਅਤੇ ਅੱਧੇ ਪਾਸੇ ਨਹੀਂ ਬਣੀਆਂ ਜਿਸ ਕਾਰਨ ਕੱਚੀਆਂ ਸੜਕਾਂ ਹੋਣ ਕਾਰਨ ਨਾਲੀਆਂ ਦਾ ਅਤੇ ਬਰਸਾਤੀ ਪਾਣੀ ਖੜ੍ਹਾ ਹੀ ਰਹਿੰਦਾ ਹੈ, ਜਿੱਥੇ ਹਰ ਵੇਲੇ ਮੁੱਖੀਆਂ-ਮੱਛਰ ਭਿੰਨਭਿਨਾਉਂਦੇ ਰਹਿੰਦੇ ਹਨ। ਕੋਈ ਸਫ਼ਾਈ ਕਰਮਚਾਰੀ ਵੀ ਡਿਊਟੀ ਉੱਤੇ ਤੈਨਾਤ ਨਹੀਂ ਹੈ, ਜਿਸ ਕਾਰਨ ਕੂੜੇ ਦੇ ਢੇਰ ਵੀ ਲੱਗੇ ਰਹਿੰਦੇ ਹਨ। ਇਸ ਵਿੱਚੋਂ ਸਾਰਾ ਦਿਨ ਬਦਬੂ ਆਉਂਦੀ ਰਹਿੰਦੀ ਹੈ। ਬਿਜਲੀ ਦੇ ਬਲਬ ਵੀ ਟੁੱਟੇ ਪਏ ਹਨ ਅਤੇ ਰਾਤ ਨੂੰ ਹਨ੍ਹੇਰਾ ਪਸਰਿਆ ਰਹਿੰਦਾ ਹੈ। ਆਉਣ-ਜਾਣ ਵਾਲੇ ਠੇਡੇ ਖਾਂਦੇ ਰਹਿੰਦੇ ਹਨ ਅਤੇ ਬੱਚਿਆਂ ਨੂੰ ਸੱਟਾਂ ਲੱਗਦੀਆਂ ਰਹਿੰਦੀਆਂ ਹਨ। ਹਨ੍ਹੇਰੇ ਦਾ ਚੋਰ ਵੀ ਫਾਇਦਾ ਉਠਾਉਂਦੇ ਹਨ ਅਤੇ ਕਈ ਘਰਾਂ ਵਿੱਚ ਚੋਰੀਆਂ ਹੋ ਜਾਂਦੀਆਂ ਹਨ।
ਇਸ ਲਈ ਅਸੀਂ ਇਲਾਕਾ ਨਿਵਾਸੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਇਲਾਕੇ ਦੀ ਸਫ਼ਾਈ ਅਤੇ ਰੋਸ਼ਨੀ ਵੱਲ ਉਚੇਚਾ ਧਿਆਨ ਦਿਓ। ਚੰਗਾ ਜਿਹਾ ਸਫ਼ਾਈ ਕਰਮਚਾਰੀ ਲਗਾ ਦਿਓ। ਸੜਕਾਂ-ਨਾਲੀਆਂ ਦੀ ਮੁਰੰਮਤ ਤੇ ਰੋਸ਼ਨੀ ਦੇ ਪ੍ਰਬੰਧ ਲਈ ਕੁਝ ਖ਼ਰਚਾ ਕਰੋ ਤਾਂ ਜੋ ਇਲਾਕੇ ਦੀ ਹਾਲਤ ਸੁਧਰ ਸਕੇ ਤੇ ਲੋਕ ਚੰਗੀ ਤਰ੍ਹਾਂ ਜਿਊ ਸਕਣ। ਅਸੀਂ ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ।
ਆਪ ਜੀ ਦਾ ਵਿਸ਼ਵਾਸ ਪਾਤਰ
ਰਾਮ ਮੋਹਨ ਅਤੇ ਇਲਾਕਾ ਨਿਵਾਸੀ