ਬਹੁ ਅਰਥਕ ਸ਼ਬਦ
ਟ, ਠ, ਡ, ਢ, ਤ, ਦ, ਧ, ਨ, ਪ, ਫ, ਬ
43. ਟਿੱਕਾ
(ੳ) ਤਿਲਕ : ਪੰਡਿਤ ਨੇ ਮੱਥੇ ਉੱਪਰ ਕੇਸਰ ਦਾ ਟਿੱਕਾ ਲਾਇਆ।
(ਅ) ਮੱਥੇ ਦਾ ਗਹਿਣਾ : ਨਵੀਂ ਵਿਆਹੀ ਵਹੁਟੀ ਦੇ ਮੱਥੇ ਉੱਪਰ ਸੋਨੇ ਦਾ ਟਿੱਕਾ ਸੋਭ ਰਿਹਾ ਸੀ।
(ੲ) ਰਾਜ ਕੁਮਾਰ : ਕਲ੍ਹ ਮਹਾਰਾਜੇ ਦੇ ਵੱਡੇ ਸਪੁੱਤਰ ਟਿੱਕਾ ਜਸਜੀਤ ਸਿੰਘ ਦਾ ਵਿਆਹ ਹੋਇਆ।
44. ਟੋਟਾ
(ੳ) ਟੁਕੜਾ : ਮੈਂ ਗੰਨੇ ਦਾ ਇਕ ਟੋਟਾ ਚੂਪਿਆ ।
(ਅ) ਟੁੱਟੇ ਹੋਏ ਚਾਵਲ : ਮੈਂ ਬਾਜ਼ਾਰੋਂ ਬਾਸਮਤੀ ਦਾ ਟੋਟਾ ਖ਼ਰੀਦਿਆ ।
(ੲ) ਘਾਟਾ : ਮੈਨੂੰ ਇਸ ਕੰਮ ਵਿੱਚ ਨਫ਼ਾ ਨਹੀਂ, ਸਗੋਂ ਟੋਟਾ ਹੀ ਨਜ਼ਰ ਆਉਂਦਾ ਹੈ।
45. ਟਿੱਕੀ
(ੳ) ਗੋਲੀ : ਮੈਂ ਦਵਾਈ ਦੀ ਟਿੱਕੀ ਖਾ ਲਈ ਹੈ।
(ਅ) ਸੂਰਜ : ਸੂਰਜ ਦੀ ਟਿੱਕੀ ਚੜ੍ਹ ਪਈ ਹੈ।
(ੲ) ਰੋਟੀ : ਤੂੰ ਜ਼ਰਾ ਵੱਡੀ ਰੋਟੀ ਪਕਾ, ਇਹ ਕੀ ਟਿੱਕੀਆਂ ਜਿਹੀਆਂ ਪਕਾ ਰਹੀ ਹੈਂ?
(ਸ) ਦੁੱਖ : ਇਹ ਕੁੜੀ ਭਾਵੇਂ ਥੋੜ੍ਹਾ ਲੰਝ ਮਾਰਦੀ ਹੈ, ਪਰੰਤੂ ਇਸ ਦੇ ਮੁਖੜੇ ਦੀ ਟਿੱਕੀ ਸੋਹਣੀ ਹੈ?
46. ਡੰਡੀ
(ੳ) ਤੰਗ ਰਸਤਾ : ਮੈਂ ਖੇਤਾਂ ਵਿਚਲੀ ਡੰਡੀ ਪੈ ਕੇ ਖੂਹ ‘ਤੇ ਪੁੱਜਾ।
(ਅ) ਕੰਨ ਵਿੱਚ ਪਾਉਣ ਵਾਲਾ ਗਹਿਣਾ : ਮੇਰੀ ਸੋਨੇ ਦੀ ਇਕ ਡੰਡੀ ਕਿਤੇ ਡਿਗ ਪਈ ਹੈ।
(ੲ) ਤੱਕੜੀ ਦੀ ਡੰਡੀ : ਤੱਕੜੀ ਦੀ ਡੰਡੀ ਟੁੱਟ ਗਈ ਹੈ।
(ਸ) ਪੂਰਨ ਵਿਸਰਾਮ : ਹਰ ਸਧਾਰਨ ਵਾਕ ਦੇ ਅੰਤ ਵਿੱਚ ਡੰਡੀ ਜ਼ਰੂਰ ਪਾਓ।
47. ਡੰਗ
(ੳ) ਵਕਤ : ਅੱਜ ਮੈਂ ਇਕ ਡੰਗ ਦਾ ਵਰਤ ਰੱਖਿਆ ਹੈ।
(ਅ) ਡੱਸਣਾ : ਸੱਪ ਡੰਗ ਮਾਰਨ ਦਾ ਸੁਭਾਅ ਨਹੀਂ ਛੱਡਦਾ।
(ੲ) ਜ਼ੋਰ : ਮੀਂਹ ਪੈਣ ਨਾਲ ਸੀਤ ਦਾ ਡੰਗ ਮੱਠਾ ਪੈ ਗਿਆ ਹੈ।
48. ਡੋਲ
(ੳ) ਹਿੱਲਣਾ : ਰੱਸੀ ਉੱਪਰ ਟੰਗਿਆ ਮੇਰਾ ਦੁਪੱਟਾ ਡੋਲ ਰਿਹਾ ਹੈ।
(ਅ) ਡਰਨਾ : ਵਾਹਿਗੁਰੂ ਬੋਲ ਤੇ ਰਤਾ ਨਾ ਡੋਲ।
(ੲ) ਖੂਹ ਵਿੱਚੋ ਪਾਣੀ ਕੱਢਣ ਵਾਲਾ ਭਾਂਡਾ : ਡੋਲ ਨਾਲ ਖੂਹ ਵਿੱਚੋਂ ਪਾਣੀ ਕੱਢੋ।
49. ਢਾਲ
(ੳ) ਢਲਵਾਨ : ਇਸ ਇਲਾਕੇ ਵਿੱਚ ਪਾਣੀ ਦੀ ਢਾਲ ਪੱਛਮ ਵਲ ਨੂੰ ਹੈ।
(ਅ) ਇਕ ਹਥਿਆਰ : ਨਿਹੰਗ ਨੇ ਦੁਸ਼ਮਣ ਦੇ ਤਲਵਾਰ ਦੇ ਵਾਰ ਨੂੰ ਢਾਲ ‘ਤੇ ਰੋਕ ਲਿਆ।
(ੲ) ਗਾਲਣਾ : ਸੁਹਾਗਾ ਸੋਨੇ ਨੂੰ ਢਾਲ ਦਿੰਦਾ ਹੈ।
(ਸ) ਅਨੁਕੂਲ ਬਣਾਉਣਾ : ਪਤਨੀ ਨੇ ਪਤੀ ਦੇ ਸੁਭਾ ਨੂੰ ਆਪਣੇ ਮੁਤਾਬਕ ਢਾਲ ਲਿਆ।
50. ਤਪ
(ੳ) ਗਰਮ ਹੋਣਾ : ਤਵਾ ਤਪ ਗਿਆ ਹੈ।
(ਅ) ਕਠੋਰ ਭਗਤੀ : ਮਹਾਤਮਾ ਬੁੱਧ ਜੰਗਲਾ ਵਿਚ ਤਪ ਕਰਨ ਚਲੇ ਗਏ।
(ੲ) ਗੁੱਸੇ ਵਿਚ ਆਉਣਾ : ਮੈਂ ਉਸਨੂੰ ਕਿਹਾ ਤਾਂ ਕੁੱਝ ਨਹੀਂ ਪਰ ਉਹ ਐਵੇਂ ਹੀ ਤਪ ਪਿਆ।
51. ਤਰ
(ੳ) ਤਰਨਾ : ਮੈਂ ਦਰਿਆ ਨੂੰ ਤਰ ਕੇ ਪਾਰ ਕੀਤਾ।
(ਅ) ਇਕ ਫਲ : ਮੈਂ ਤਰ ਲੂਣ ਲਾ ਕੇ ਖਾਧੀ।
(ੲ) ਮੁਕਤ ਹੋਣਾ : ਨੇਕ ਕੰਮ ਕਰਨ ਵਾਲੇ ਆਦਮੀ ਤਰ ਜਾਂਦੇ ਹਨ।
(ਸ) ਖ਼ੁਸ਼ਕੀ ਰਹਿਤ : ਬਸੰਤ ਰੁੱਤ ਵਿੱਚ ਮੌਸਮ ਤਰ ਹੁੰਦਾ ਹੈ।
52. ਤਾਰ
(ੳ) ਲੋਹੇ ਦੀ ਤਾਰ : ਖੇਤ ਨੂੰ ਕੰਡੇਦਾਰ ਤਾਰ ਲਾ ਦਿਓ।
(ਅ) ਟੈਲੀਗ੍ਰਾਮ : ਮੈਂ ਉਸ ਨੂੰ ਤਾਰ ਰਾਹੀਂ ਉਸ ਦੇ ਵਿਆਹ ਦੀ ਵਧਾਈ ਭੇਜੀ।
(ੲ) ਤਾਰਨਾ : ਉਹ ਆਪਣੀ ਮਾਂ ਦੇ ਫੁੱਲ ਗੰਗਾ ਵਿੱਚ ਤਾਰ ਆਇਆ ਹੈ।
(ਸ) ਮੁਕਤ ਕਰਨਾ : ਗੁਰਮੁਖ ਆਪ ਵੀ ਤਰ ਜਾਂਦੇ ਹਨ ਤੇ ਦੂਜਿਆਂ ਨੂੰ ਵੀ ਤਾਰ ਦਿੰਦੇ ਹਨ।
53. ਤਿਲਕ
(ੳ) ਟਿੱਕਾ : ਪੰਡਿਤ ਨੇ ਮੱਥੇ ਉੱਪਰ ਤਿਲਕ ਲਾਇਆ ਹੋਇਆ ਹੈ।
(ਅ) ਫਿਸਲਣਾ : ਚਿੱਕੜ ਵਿੱਚ ਮੇਰਾ ਪੈਰ ਤਿਲਕ ਗਿਆ।
(ੲ) ਨਿਕਲਣਾ : ਉਹ ਸਾਬਣ ਦੀ ਗਾਚੀ ਵਾਂਗ ਹੱਥਾਂ ਵਿੱਚੋਂ ਤਿਲਕ ਗਿਆ।
(ਸ) ਇਕ ਗੋਤ : ਲੋਕਮਾਨਯ ਤਿਲਕ ਜੀ ਉੱਘੇ ਦੇਸ਼-ਭਗਤ ਹੋਏ ਹਨ ।
54. ਦੌਰਾ
(ੳ) ਇਕ ਵੱਡਾ ਭਾਂਡਾ : ਲਲਾਰੀ ਦੌਰੇ ਵਿੱਚ ਰੰਗ ਘੋਲ ਰਿਹਾ ਸੀ।
(ਅ) ਬਿਮਾਰੀ ਦਾ ਹਮਲਾ : ਉਸਨੂੰ ਮਿਰਗੀ ਦੇ ਦੌਰੇ ਪੈਂਦੇ ਹਨ।
(ੲ) ਸੈਰ : ਰਾਸ਼ਟਰਪਤੀ ਵਿਦੇਸ਼ੀ ਦੌਰਾ ਕਰ ਰਹੇ ਹਨ।
55. ਦਾਰੂ
(ੳ) ਦਵਾਈ : ਹਕੀਮ ਦੇ ਦੁਆ-ਦਾਰੂ ਨਾਲ ਉਹ ਅਰੋਗ ਹੋ ਗਿਆ।
(ਅ) ਸ਼ਰਾਬ : ਬਲਜੀਤ ਰਾਤ ਦਿਨ ਦਾਰੂ ਪੀ ਕੇ ਆਪਣੇ ਹੋਸ਼-ਹਵਾਸ ਗਵਾਈ ਰੱਖਦਾ ਹੈ।
(ੲ) ਇਲਾਜ : ਇਸ ਚੋਰ-ਉਚੱਕੇ ਦਾ ਕੋਈ ਦਾਰੂ ਕਰਨਾ ਹੀ ਪਵੇਗਾ।
(ਸ) ਬਾਰੂਦ : ਦਾਰੂ-ਸਿੱਕਾ ਤਿਆਰ ਰੱਖੋ, ਪਤਾ ਨਹੀਂ ਵੈਰੀ ਕਦੋਂ ਹਮਲਾ ਕਰ ਦੇਵੇ।
56. ਧਾਰ
(ੳ) ਮੱਝ ਦੀ ਧਾਰ-ਉਸ ਨੇ ਮੱਝ ਦੀ ਧਾਰ ਕੱਢੀ ਤੇ ਦੁੱਧ ਦੀ ਬਾਲਟੀ ਭਰ ਲਈ।
(ਅ) ਪਾਣੀ ਦੀ ਧਾਰ-ਪਰਨਾਲੇ ਵਿੱਚੋਂ ਪਾਣੀ ਦੀ ਧਾਰ ਡਿਗ ਰਹੀ ਸੀ।
(ੲ) ਤਲਵਾਰ ਆਦਿ ਦਾ ਮੂੰਹ : ਤਲਵਾਰ ਦੀ ਧਾਰ ਬਹੁਤ ਤਿੱਖੀ ਹੈ।
(ਸ) ਲਿਆਉਣਾ : ਮੈਂ ਕਿਹਾ, ਤੂੰ ਜੋ ਕੁੱਝ ਮਨ ਵਿੱਚ ਧਾਰਨਾ ਹੈ, ਧਾਰ ਲੈ।
57. ਨੱਥ
(ੳ) ਬਲਦ ਦੀ ਨੱਥ : ਬਲਦ ਨੂੰ ਸਣ ਦੀ ਰੱਸੀ ਦੀ ਨੱਥ ਪਾਈ ਹੈ।
(ਅ) ਨੱਕ ਵਿੱਚ ਪਾਉਣ ਵਾਲਾ ਗਹਿਣਾ : ਮਾਮਿਆਂ ਨੇ ਦੋਹਤੀ ਦੇ ਵਿਆਹ ‘ਤੇ ਉਸ ਨੂੰ ਸੋਨੇ ਦੀ ਨੱਥ ਪਾਈ।
(ੲ) ਕਾਬੂ ਕਰਨਾ : ਜਿੰਨਾ ਚਿਰ ਤੁਸੀਂ ਇਸ ਦੁਸ਼ਟ ਨੂੰ ਨੱਥ ਨਹੀਂ ਪਾਓਗੇ, ਓਨਾ ਚਿਰ ਤੁਸੀਂ ਸੁਖ ਦੀ ਨੀਂਦ ਨਹੀਂ ਸੌਂ ਸਕਦੇ।
58. ਪੱਕਾ
(ੳ) ਕੱਚੇ ਦਾ ਉਲਟ : ਇਹ ਅੰਬ ਪੱਕਾ ਹੈ।
(ਅ) ਤਜਰਬੇਕਾਰ ਹੋਣਾ : ਸ਼ਾਮ ਨੂੰ ਇਹ ਕੰਮ ਕਰਦਿਆਂ ਕਈ ਸਾਲ ਹੋ ਗਏ ਹਨ, ਇਸੇ ਕਰਕੇ ਹੀ ਉਹ ਇਸ ਵਿੱਚ ਚੰਗੀ ਤਰ੍ਹਾਂ ਪੱਕਾ ਹੋਇਆ ਹੈ।
(ੲ) ਲਾਲੀ, ਸੋਜ ਤੇ ਪਾਕ ਦਾ ਬਣਨਾ : ਮੇਰੀ ਉਂਗਲ ਦਾ ਪੋਟਾ ਪੱਕਾ ਹੋਇਆ ਹੈ। ਮੈਂ ਇਹ ਡਾਕਟਰ ਨੂੰ ਦਿਖਾਉਣ ਲਈ ਜਾ ਰਿਹਾ ਹਾਂ।
(ਸ) ਵੱਡੀ ਉਮਰ ਦਾ : ਮੁੰਡਾ ਦੇਖਣ ਨੂੰ ਛੋਟਾ ਲਗਦਾ ਹੈ, ਪਰ ਹੈ ਉਮਰ ਦਾ ਪੱਕਾ।
59. ਪੱਟੀ
(ੳ) ਤਖ਼ਤੀ : ਮਾਸਟਰ ਜੀ ਨੇ ਮੈਨੂੰ ਪੱਟੀ ਉੱਪਰ ਕਲਮ ਨਾਲ ਲਿਖਣ ਲਈ ਕਿਹਾ।
(ਅ) ਬਰਬਾਦ ਕੀਤੀ : ਮੁਸ਼ਟੰਡਿਆ ਦੀ ਪੱਟੀ ਸ਼ੀਲਾ ਕਿਸੇ ਪਾਸੇ ਜੋਗੀ ਨਾ ਰਹੀ।
(ੲ) ਲੀਰ : ਮੈਂ ਜ਼ਖ਼ਮ ਉੱਪਰ ਪੱਟੀ ਬੰਨ੍ਹੀ।
(ਸ) ਵਾਲ ਸੁਆਰਨਾ : ਉਸ ਨੇ ਵਾਲ ਵਾਹ ਕੇ ਪੱਟੀਆਂ ਗੁੰਦ ਲਈਆਂ।
60. ਫੁੱਟ
(ੳ) ਫਲ : ਫੁੱਟ ਦਾ ਸੁਆਦ ਫਿੱਕਾ ਹੁੰਦਾ ਹੈ।
(ਅ) ਅਜੋੜਤਾ : ਹਿੰਦੂ-ਮੁਸਲਮਾਨਾਂ ਦੀ ਫੁੱਟ ਭਾਰਤ ਦੇ ਟੋਟੇ ਕਰਨ ਦਾ ਕਾਰਨ ਬਣੀ।
(ੲ) ਉੱਗਣਾ : ਖੇਤ ਵਿੱਚ ਬੀਜੇ ਕਣਕ ਦੇ ਦਾਣੇ ਫੁੱਟ ਪਏ ਹਨ।
(ਸ) ਨਿਕਲਣਾ : ਇੱਛਾਬਲ ਚਸ਼ਮਾ ਪਹਾੜਾਂ ਦੇ ਪੈਰਾਂ ਵਿੱਚੋਂ ਫੁੱਟ ਕੇ ਵਗਦਾ ਹੈ।
61. ਫੁੱਲ
(ੳ) ਹੱਡੀਆਂ : ਉਸ ਨੇ ਆਪਣੀ ਮਾਂ ਦੇ ਫੁੱਲ ਗੰਗਾ ਵਿੱਚ ਪਾਏ।
(ਅ) ਖ਼ੁਸ਼ ਹੋਣਾ : ਮੈਂ ਉਸ ਦੀ ਜ਼ਰਾ ਕੁ ਖ਼ੁਸ਼ਾਮਦ ਕੀਤੀ ਤੇ ਉਹ ਫੁੱਲ ਗਿਆ।
(ੲ) ਪੌਦੇ ਦਾ ਸੁੰਦਰ ਭਾਗ : ਇਹ ਗੁਲਾਬ ਦਾ ਫੁੱਲ ਹੈ ।
(ਸ) ਆਫਰਨਾ : ਹਵਾ ਪੈਦਾ ਹੋਣ ਨਾਲ ਮੇਰਾ ਪੇਟ ਫੁੱਲ ਗਿਆ।
62. ਫੂਕ
(ੳ) ਖ਼ੁਸ਼ਾਮਦ : ਉਸ ਨੂੰ ਜ਼ਰਾ ਫੂਕ ਦਿਓ। ਉਹ ਖ਼ੁਸ਼ ਹੋ ਕੇ ਤੁਹਾਡਾ ਕੰਮ ਇੱਕ ਦਮ ਕਰ ਦੇਵੇਗਾ।
(ਅ) ਮੂੰਹ ਰਾਹੀਂ ਜ਼ੋਰ ਨਾਲ ਸਾਹ ਕੱਢਣਾ : ਫੂਕ ਮਾਰ ਕੇ ਅੱਗ ਬਾਲ ਦਿਓ।
(ੲ) ਸਾੜਨਾ : ਦੁਸ਼ਮਣਾਂ ਨੇ ਅੱਗ ਲਾ ਕੇ ਉਸ ਦਾ ਸਾਰਾ ਖਲਵਾੜਾ ਫੂਕ ਦਿੱਤਾ।
(ਸ) ਹਵਾ : ਸਕੂਟਰ ਦੇ ਪਿਛਲੇ ਪਹੀਏ ਵਿੱਚ ਫੂਕ ਜ਼ਰਾ ਘੱਟ ਹੈ ।
ਪ੍ਰਸ਼ਨ. ‘ਹਰ ਇਕ ਨੂੰ ਆਪਣੀ ਮਾਂ-ਬੋਲੀ ਪਿਆਰੀ ਲਗਦੀ ਹੈ। ਇਸ ਵਾਕ ਵਿਚਲੇ ਸ਼ਬਦ ‘ਬੋਲੀ’ ਦਾ ਹੋਰ ਅਰਥ ਦਰਸਾਉਣ ਲਈ ਇੱਕ ਵੱਖਰਾ ਵਾਕ ਬਣਾਓ।
ਉੱਤਰ : ਗਿੱਧੇ ਵਿਚ ਮੈਂ ਵੀ ਇਕ ਬੋਲੀ ਪਾਈ।
63. ਬੋਲੀ
(ੳ) ਭਾਸ਼ਾ : ਸਾਡੀ ਬੋਲੀ ਪੰਜਾਬੀ ਹੈ।
(ਅ) ਕਹਿਣ ਲੱਗੀ : ਹਰਪ੍ਰੀਤ ਬੋਲੀ, ”ਮੈਂ ਅੱਜ ਸਕੂਲ ਨਹੀਂ ਜਾਵਾਂਗੀ।”
(ੲ) ਤਾਅਨਾ : ਉਸ ਦੀ ਬੋਲੀ ਮੇਰਾ ਸੀਨਾ ਚੀਰ ਗਈ।
(ਸ) ਕਵਿਤਾ ਦਾ ਇਕ ਰੂਪ : ਭੰਗੜੇ ਵਿਚ ਮੈਂ ਵੀ ਇਕ ਬੋਲੀ ਪਾਈ।