ਬਸੰਤ ਪੰਚਮੀ


ਮਾਘ ਸ਼ੁਕਲ ਪੰਚਮੀ ਦੇ ਦਿਨ ਬਸੰਤ ਦਾ ਜਨਮ ਹੋਇਆ।

ਬਸੰਤ ਪੰਚਮੀ ਦੇ ਦਿਨ ਕਲਾ ਅਤੇ ਸੰਗੀਤ ਦੀ ਦੇਵੀ ਸਰਸਵਤੀ ਦੀ ਪੂਜਾ ਹੁੰਦੀ ਹੈ। ਇਹ ਤਿਉਹਾਰ ਅਸਲ ਵਿੱਚ ਰੁੱਤਾਂ ਦੀ ਰਾਣੀ ਬਸੰਤ ਦੀ ਆਮਦ ਦੀ ਸੂਚਨਾ ਦਿੰਦਾ ਹੈ। ਕਿਹਾ ਜਾਂਦਾ ਹੈ :

ਆਇਆ ਬਸੰਤ ਪਾਲਾ ਉਡੰਤ

ਮਹਾਂਭਾਰਤ ਕਾਲ ਵਿੱਚ ਸ੍ਰੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਕਿਹਾ ਸੀ, “ਮੈਂ ਰੁੱਤਾਂ ਵਿੱਚੋਂ ਬਸੰਤ ਹਾਂ।”

ਇਸ ਦਿਨ ਬੰਗਾਲ, ਅਸਾਮ ਅਤੇ ਬੰਗਲਾਦੇਸ਼ ਵਿਚ ਪੀਲੇ ਅਤੇ ਗੁਲਾਬੀ ਰੰਗ ਨਾਲ਼ ਹੋਲੀ ਖੇਡੀ ਜਾਂਦੀ ਹੈ।

ਬਸੰਤ ਬਾਰੇ ਗੁਰੂ ਅਮਰਦਾਸ ਜੀ ਨੇ ਫਰਮਾਇਆ ਹੈ :

ਬਨਸਪਤਿ ਮਉਲੀ ਚੜ੍ਹਿਆ ਬਸੰਤ।

ਇਹੁ ਮਨੁ ਮਉਲਿਆ ਸਤਿਗੁਰੂ ਸੰਗ।

ਤੁਮ ਸਾਚੁ ਧਿਆਵਹੁ ਮੁਗਧ ਮਨਾ।

ਤਾ ਸੁਖ ਪਾਵਹੁ ਮੇਰੇ ਮਨਾ।

ਗੁਰੂ ਅਮਰਦਾਸ ਜੀ

ਗੁਰਬਾਣੀ ਦੀਆਂ ਇਹ ਤੁਕਾਂ ਜੀਵਨ ਦੇ ਸੁਖਦ ਪਲਾਂ ਨੂੰ ਬਿਆਨ ਕਰਦੀਆਂ ਹਨ। ਬਨਸਪਤੀ ਆਣ ‘ਤੇ ਬਸੰਤ ਦੀ ਆਮਦ ਅਤੇ ਸੁੱਖ ਦੀ ਪ੍ਰਾਪਤੀ ਸਤਿਗੁਰੂ ਦੀ ਉਪਾਸਨਾ ਨਾਲ ਹੀ ਹੈ।


ਭਗਤ ਕਬੀਰ ਜੀ ਆਪਣੀ ਬਾਣੀ ਵਿਚ ਲਿਖਦੇ ਹਨ:

ਮਉਲੀ ਧਰਤੀ ਮਉਲਿਆ ਆਕਾਸੁ।

ਘਟਿ ਘਟਿ ਮਉਲਿਆ ਆਤਮ ਪ੍ਰਗਾਸੁ। ਆਦਿ

ਭਗਤ ਕਬੀਰ ਜੀ

ਗੁਰੂ ਅਰਜਨ ਦੇਵ ਜੀ ਆਪਣੀ ਬਾਣੀ ਵਿਚ ਆਖਦੇ ਹਨ:

ਤਿਸੁ ਬਸੰਤ ਜਿਸੁ ਪ੍ਰਭੁ ਕ੍ਰਿਪਾਲ।।

ਤਿਸ ਬਸੰਤ ਜਿਸੁ ਗੁਰੁ ਦਇਆਲ।

ਮੰਗਲ ਤਿਸਕੈ ਜਿਸੁ ਏਕੁ ਨਾਮ।।

ਤਿਸੁ ਸਦ ਬਸੰਤੁ ਜਿਸੁ ਰਿਦੈ ਨਾਮ।।੧।। ਆਦਿ।

ਗੁਰੂ ਅਰਜਨ ਦੇਵ ਜੀ

ਗੁਰੂ ਅਮਰਦਾਸ ਜੀ ਲਿਖਦੇ ਹਨ:

ਬਸੰਤ ਚੜ੍ਹਆਿ ਫੂਲੀ ਬਨਰਾਇ॥

ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ।।

ਗੁਰੂ ਅਮਰਦਾਸ ਜੀ

ਗੁਰੂ ਸਾਹਿਬਾਨ ਨੇ ਬਸੰਤ ਦੀ ਉਸਤਤ ਵਿਚ ਖ਼ੂਬ ਲਿਖਿਆ ਅਤੇ ਸੁੰਦਰ ਮਾਨਵਤਾਵਾਦੀ ਤਸ਼ਬੀਹਾਂ ਦਿੱਤੀਆਂ ਹਨ।

ਇਸ ਦਿਨ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਵੀ ਆਉਂਦਾ ਹੈ। ਖ਼ਾਸ ਕਰਕੇ ਵੀਰ ਹਕੀਕਤ ਰਾਇ ਦੀ ਸ਼ਹਾਦਤ, ਨਾਮਧਾਰੀ ਕੂਕਿਆਂ ਦੀ ਬਹਾਦਰੀ, ਜਰਨੈਲ ਸ਼ਾਮ ਸਿੰਘ ਅਟਾਰੀ ਦੀ ਸ਼ਹੀਦੀ ਆਦਿ ਘਟਨਾਵਾਂ ਅਤੇ ਸ਼ੁੱਭ ਕਾਰਜਾਂ ਦਾ ਜ਼ਿਕਰ ਆਉਂਦਾ ਹੈ। ਵੀਰ ਹਕੀਕਤ ਰਾਇ ਦਾ ਬਟਾਲਾ (ਗੁਰਦਾਸਪੁਰ) ਪੰਜਾਬ ਵਿਖੇ ਭਾਰੀ ਮੇਲਾ ਲਗਦਾ ਹੈ।

ਇਸ ਦਿਨ ਸ੍ਰੀ ਦਰਬਾਰ ਸਾਹਿਬ (ਹਰਿਮੰਦਰ ਸਾਹਿਬ) ਅੰਮ੍ਰਿਤਸਰ ਵਿਖੇ ਸਾਰਾ ਦਿਨ ਬਸੰਤ ਦੀ ਉਸਤਤ ਵਿਚ ਸ਼ਬਦ ਗਾਇਨ ਕੀਤੇ ਜਾਂਦੇ ਹਨ।

ਬਸੰਤ ਰੁੱਤ ਸੱਭ ਰੁੱਤਾਂ ਦੀ ਸਰਵੋਤਮ ਰਾਣੀ ਹੈ।