ਬਚਾਓ ਵਿਚ ਹੀ ਬਚਾਓ ਹੈ – ਪੈਰਾ ਰਚਨਾ

ਵੱਡੀਆਂ ਸੜਕਾਂ ਉੱਤੇ ਹਰ ਪੰਜ – ਸੱਤ ਕਿਲੋਮੀਟਰ ਤੋਂ ਬਾਅਦ ‘ਬਚਾਓ ਵਿਚ ਹੀ ਬਚਾਓ ਹੈ’ ਦਾ ਬੋਰਡ ਲੱਗਾ ਹੁੰਦਾ ਹੈ, ਜਿਸ ਨੂੰ ਪੜ੍ਹ ਕੇ ਸੜਕ ਉੱਪਰ ਚਲ ਰਿਹਾ ਹਰ ਬੰਦਾ, ਚਾਹੇ ਉਹ ਪੈਦਲ ਜਾ ਰਿਹਾ ਹੋਵੇ, ਸਕੂਟਰ ਜਾਂ ਮੋਟਰ ਸਾਈਕਲ ਉੱਤੇ ਹੋਵੇ ਜਾਂ ਕਾਰ ਚਲਾ ਰਿਹਾ ਹੋਵੇ, ਜ਼ਰਾ ਸਾਵਧਾਨ ਹੋ ਕੇ ਆਪਣੀ ਗੱਡੀ ਚਲਾਉਣ ਲੱਗਦਾ ਹੈ। ਅਜਿਹੀ ਸਾਵਧਾਨੀ ਬੱਸਾਂ ਤੇ ਟਰੱਕਾਂ ਦੇ ਡਰਾਈਵਰਾਂ ਦੇ ਮਨਾਂ ਵਿਚ ਵੀ ਜ਼ਰੂਰ ਉੱਸਲਵੱਟੇ ਲੈਣ ਲੱਗਦੀ ਹੋਵੇਗੀ, ਪਰ ਬਹੁਤੀ ਚਿੰਤਾ ਛੋਟਾ ਦੋ – ਪਹੀਆਂ ਜਾਂ ਚਾਰ – ਪਹੀਆਂ ਵਾਹਨ ਚਲਾਉਣ ਵਾਲੇ ਦੇ ਮਨ ਨੂੰ ਵਧੇਰੇ ਖੁਰਚਦੀ ਹੈ। ਇੰਨ੍ਹਾਂ ਸ਼ਬਦਾਂ ਦਾ ਅਰਥ ਹੈ ਕਿ ਸੜਕ ਉੱਪਰ ਜੇਕਰ ਅਸੀਂ ਆਪਣਾ ਬਚਾਅ ਆਪ ਕਰੀਏ। ਆਪਣਾ ਬਚਾ ਆਪ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਸਾਵਧਾਨ ਹੋ ਕੇ ਤੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣਾ ਵਾਹਨ ਚਲਾਈਏ। ਸਭ ਤੋਂ ਪਹਿਲਾਂ ਸੜਕ ਉੱਤੇ ਚੜ੍ਹਨ ਤੋਂ ਪਹਿਲਾਂ ਸਾਨੂੰ ਆਪਣੇ ਵਾਹਨ ਦਾ ਤੇਲ, ਬ੍ਰੇਕ ਤੇ ਟਾਇਰਾਂ ਦੀ ਹਵਾ ਤੇ ਹਾਲਤ ਆਦਿ ਸਭ ਦੀ ਜਾਂਚ ਕਰ ਲੈਣੀ ਚਾਹੀਦੀ ਹੈ। ਦੂਜੀ ਗੱਲ ਇਹ ਹੈ ਕਿ ਸਾਨੂੰ ਆਪਣੇ ਵਾਹਨ ਦੀ ਸਪੀਡ ਓਨੀ ਹੀ ਰੱਖਣੀ ਚਾਹੀਦੀ ਹੈ, ਜਿੰਨੀ ਕਿਸੇ ਸੜਕ ਉੱਤੇ ਚਲਣ ਲਈ ਮਿੱਥੀ ਗਈ ਹੋਵੇ। ਤੀਸਰੀ ਸਾਨੂੰ ਕਿਸੇ ਤੋਂ ਅੱਗੇ ਲੰਘਣ ਸਮੇਂ ਸਾਈਡ ਦਾ ਪੂਰਾ – ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ ਤੇ ਅਗਲੇ ਨੂੰ ਹਾਰਨ ਦੇ ਕੇ ਅੱਗੇ ਲੰਘਣਾ ਚਾਹੀਦਾ ਹੈ। ਚੌਥੇ ਰਾਤੀਂ ਸਾਨੂੰ ਡਿੱਪਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਪੰਜਵੇਂ ਸੜਕ ਉੱਤੇ ਥਾਂ – ਥਾਂ ਲੱਗੇ ਨਿਸ਼ਾਨਾਂ, ਸਪੀਡ ਬਰੇਕਰਾਂ ਤੇ ਇਸ਼ਾਰਿਆਂ ਦਾ ਪੂਰਾ – ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ। ਜੇਕਰ ਕੋਈ ਵਾਹਨ ਅੱਗੇ ਲੰਘਣਾ ਚਾਹੇ ਤਾਂ ਆਪਣੀ ਸਪੀਡ ਘਟਾ ਕੇ ਉਸ ਨੂੰ ਸਾਈਡ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪਿਛਲੀ ਸੜਕ ਤੇ ਵਾਹਨ ਦੇਖਣ ਲਈ ਸਾਹਮਣੇ ਸ਼ੀਸ਼ੇ ਵਲ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਚੌਂਕਾਂ ਨੂੰ ਕਰਾਸ ਕਰਦੇ ਸਮੇਂ ਸਿਪਾਹੀ ਦੇ ਇਸ਼ਾਰੇ ਜਾਂ ਲਾਲ ਤੇ ਹਰੀ ਬੱਤੀ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਅਸੀਂ ਦੁਰਘਟਨਾ ਦੇ ਸ਼ਿਕਾਰ ਹੋ ਜਾਵਾਂਗੇ ਤੇ ਸਾਡਾ ਬਚਾਅ ਨਹੀਂ ਹੋ ਸਕੇਗਾ।