ਜਾਂ ਮੈਂ ਰਮਜ਼ ਇਸ਼ਕ …..ਇਸ਼ਕ ਦੀ ਨਵੀਉਂ ਨਵੀਂ ਬਹਾਰ।


ਇਸ਼ਕ ਦੀ ਨਵੀਉਂ ਨਵੀਂ ਬਹਾਰ : ਬੁੱਲ੍ਹੇ ਸ਼ਾਹ

ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਜਾਂ ਮੈਂ ਰਮਜ਼ ਇਸ਼ਕ ਦੀ ਪਾਈ

ਮੈਨਾ ਤੂਤੀ ਮਾਰ ਗਵਾਈ ।

ਅੰਦਰ ਬਾਹਰ ਹੋਈ ਸਫ਼ਾਈ ।

ਜਿੱਤ ਵਲ ਵੇਖਾਂ ਯਾਰੋ ਯਾਰ ।

ਇਸ਼ਕ ਦੀ ਨਵੀਉਂ ਨਵੀਂ ਬਹਾਰ ।


ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਰਚੀ ਹੋਈ ਕਾਫ਼ੀ ‘ਇਸ਼ਕ ਦੀ ਨਵੀਉਂ ਨਵੀਂ ਬਹਾਰ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਨੇ ਆਪਣੇ ਸੂਫ਼ੀ ਵਿਚਾਰਾਂ ਅਨੁਸਾਰ ਮਜ਼ਹਬੀ ਕਰਮ-ਕਾਂਡ ਦਾ ਖੰਡਨ ਕੀਤਾ ਹੈ ਅਤੇ ਇਸ਼ਕ ਦੁਆਰਾ ਪ੍ਰਾਪਤ ਹੋਣ ਵਾਲੀ ਰੂਹਾਨੀ ਅਵਸਥਾ ਦੀ ਮਹਿਮਾ ਗਾਈ ਹੈ।

ਵਿਆਖਿਆ : ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਜਦੋਂ ਮੈਂ ਆਪਣੇ ਮੁਰਸ਼ਦ ਦੀ ਸਿੱਖਿਆ ਨਾਲ ਰੱਬੀ ਇਸ਼ਕ ਦਾ ਭੇਤ ਪਾ ਲਿਆ ਤਾਂ ਮੇਰੇ ਅੰਦਰੋਂ ਹਉਮੈਂ ਖ਼ਤਮ ਹੋ ਗਈ ਤੇ ਮੇਰੇ ਵਿੱਚ ਅਤੇ ਪਰਮਾਤਮਾ ਵਿੱਚ ‘ਮੇਰਾ-ਤੇਰਾ’ ਦਾ ਫ਼ਰਕ ਨਾ ਰਿਹਾ, ਅਰਥਾਤ ਉਹ ਤੇ ਮੈਂ ਇਕ-ਮਿਕ ਹੋ ਗਏ। ਮੇਰੇ ਅੰਦਰ-ਬਾਹਰ ਦੀ ਸਫ਼ਾਈ ਹੋ ਗਈ। ਮੇਰੇ ਸਾਰੇ ਭੁਲੇਖੇ ਨਿਕਲ ਗਏ। ਹੁਣ ਮੈਂ ਜਿਧਰ ਵੀ ਦੇਖਦਾ ਹਾਂ, ਮੈਨੂੰ ਹਰ ਪਾਸੇ ਵਲ ਹੀ ਆਪਣਾ ਯਾਰ ਰੱਬ ਦਿਖਾਈ ਦਿੰਦਾ ਹੈ। ਇਸ ਪ੍ਰਕਾਰ ਰੱਬੀ ਇਸ਼ਕ ਦੀ ਬਹਾਰ ਨਵੀਓਂ ਨਵੀਂ ਹੈ। ਇਸ ਨੂੰ ਧਾਰਨ ਕਰ ਕੇ ਰੱਬੀ ਆਸ਼ਕ ਅਦਵੈਤਵਾਦ ਦੇ ਦਰਜੇ ‘ਤੇ ਪਹੁੰਚ ਜਾਂਦਾ ਹੈ।