ਫੂਕ ਮੁਸੱਲਾ………….. ਨਵੀਂ ਬਹਾਰ।
ਇਸ਼ਕ ਦੀ ਨਵੀਉਂ ਨਵੀਂ ਬਹਾਰ : ਬੁੱਲ੍ਹੇ ਸ਼ਾਹ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਫੂਕ ਮੁਸੱਲਾ ਭੰਨ ਸਿੱਟ ਲੋਟਾ,
ਨਾ ਫੜ ਤਸਬੀ ਕਾਸਾ ਸੋਟਾ,
ਆਲਿਮ ਕਹਿੰਦਾ ਦੇ ਦੇ ਹੋਕਾ,
ਤਰਕ ਹਲਾਲੋਂ ਖਾ ਮੁਰਦਾਰ,
ਇਸ਼ਕ ਦੀ ਨਵੀਉਂ ਨਵੀਂ ਬਹਾਰ ।
ਪ੍ਰਸੰਗ : ਇਹ ਕਾਵਿ-ਟੋਟਾ ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਰਚੀ ਹੋਈ ਕਾਫ਼ੀ ‘ਇਸ਼ਕ ਦੀ ਨਵੀਉਂ ਨਵੀਂ ਬਹਾਰ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਨੇ ਆਪਣੇ ਸੂਫ਼ੀ ਵਿਚਾਰਾਂ ਅਨੁਸਾਰ ਮਜ਼ਹਬੀ ਕਰਮ-ਕਾਂਡ ਦਾ ਖੰਡਨ ਕੀਤਾ ਹੈ ਅਤੇ ਇਸ਼ਕ ਦੁਆਰਾ ਪ੍ਰਾਪਤ ਹੋਣ ਵਾਲੀ ਰੂਹਾਨੀ ਅਵਸਥਾ ਦੀ ਮਹਿਮਾ ਗਾਈ ਹੈ।
ਵਿਆਖਿਆ : ਬੁੱਲ੍ਹੇ ਸ਼ਾਹ ਆਖਦਾ ਹੈ ਕਿ ਸਫ਼ ਨੂੰ ਫੂਕ ਦਿਓ ਅਤੇ ਲੋਟੇ ਨੂੰ ਭੰਨ ਦਿਓ। ਫ਼ਕੀਰੀ ਦੇ ਚਿੰਨ੍ਹਾਂ ਮਾਲਾ, ਕਚਕੌਲ ਤੇ ਸੋਟਾ ਆਦਿ ਫੜਨ ਦੀ ਵੀ ਜ਼ਰੂਰਤ ਨਹੀਂ। ਰੱਬੀ ਗਿਆਨ ਦਾ ਜਾਣਕਾਰ ਆਖਦਾ ਹੈ ਕਿ ਸਾਰੇ ਸੰਸਾਰ ਵਿੱਚ ਇਨ੍ਹਾਂ ਵਿਚਾਰਾਂ ਦਾ ਹੋਕਾ ਦੇ ਦੇਵੋ ਕਿ ਹਲਾਲ ਜਾਂ ਹਰਾਮ ਦੇ ਝਗੜੇ ਵਿਚ ਨਾ ਪਵੋ । ਰੱਬੀ ਇਸ਼ਕ ਦੀ ਬਹਾਰ ਨਵੀਓਂ ਨਵੀਂ ਹੈ ਅਰਥਾਤ ਰੱਬ ਦੇ ਆਸ਼ਕ ਮਜ਼ਹਬੀ ਬੰਧਨਾਂ ਦੀ ਪਰਵਾਹ ਨਹੀਂ ਕਰਦੇ ਤੇ ਉਹ ਉੱਚੀ ਅਵਸਥਾ ਵਿੱਚ ਵਿਚਰਦੇ ਹਨ।