ਪੰਜਾਬ ਦੇ ਲੋਕ ਨਾਚ : 25-30 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ਲੋਕ-ਨਾਚਾਂ ਬਾਰੇ ਪਰਿਭਾਸ਼ਿਕ ਜਾਣਕਾਰੀ ਦਿਓ।
ਉੱਤਰ : ਲੋਕ-ਨਾਚ ਇੱਕ ਤਰ੍ਹਾਂ ਦੀ ਲੋਕ-ਕਲਾ ਹੈ। ਇਹ ਮਨੋਰੰਜਨ ਦਾ ਸਾਧਨ ਹੋਣ ਤੋਂ ਬਿਨਾਂ ਕਿਸੇ ਖਿੱਤੇ ਦੇ ਲੋਕਾਂ ਦੀ ਸਮਾਜਿਕ, ਸੱਭਿਆਚਾਰਿਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਿਹਾਸਿਕ ਜੀਵਨ-ਤੋਰ ਦੀਆਂ ਵੱਖ-ਵੱਖ ਪਰਤਾਂ ਹਨ। ਇਹ ਸਰੀਰਿਕ ਮੁਦਰਾਵਾਂ ਰਾਹੀਂ ਸਾਡੀਆਂ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਹੈ।
ਪ੍ਰਸ਼ਨ 2. ਪੰਜਾਬ ਦੀ ਲੋਕ-ਨਾਚ ਪਰੰਪਰਾ ਅਤੇ ਇਸ ਦੀ ਪ੍ਰਾਚੀਨਤਾ ਤੋਂ ਜਾਣੂ ਕਰਵਾਓ।
ਉੱਤਰ : ਪੰਜਾਬ ਵਿੱਚ ਪੰਜ ਹਜ਼ਾਰ ਪੂਰਵ ਈਸਵੀ ਦੇ ਸਮੇਂ ਤੋਂ ਲੋਕ-ਨਾਚ ਨੱਚਣ ਦੀ ਪਰੰਪਰਾ ਦੇ ਸਬੂਤ ਮਿਲਦੇ ਹਨ। ਪੂਰਵ ਈਸਵੀ ਤੋਂ ਲੈ ਕੇ ਹੁਣ ਤੱਕ ਇਸ ਵਿੱਚ ਕਈ ਭੂਗੋਲਿਕ, ਸਮਾਜਿਕ ਅਤੇ ਵਿਸ਼ੇਸ਼ ਤੌਰ ‘ਤੇ ਇਤਿਹਾਸਿਕ ਤਬਦੀਲੀਆਂ ਆ ਚੁੱਕੀਆਂ ਹਨ। ਅਨੇਕਾਂ ਤਰ੍ਹਾਂ ਦੀ ਉਥਲ-ਪੁਥਲ ਦੇ ਹੁੰਦਿਆਂ ਵੀ ਪੰਜਾਬ ਦੀ ਧਰਤੀ ‘ਤੇ ਨੱਚੇ ਜਾਂਦੇ ਲੋਕ-ਨਾਚਾਂ ਨੇ ਇੱਥੋਂ ਦੇ ਲੋਕਾਂ ਦੇ ਜੀਵਨ ਵਿੱਚ ਇੱਕ ਖ਼ਾਸ ਤਰ੍ਹਾਂ ਦੀ ਧੜਕਣ ਕਾਇਮ ਰੱਖੀ ਹੈ।
ਪ੍ਰਸ਼ਨ 3. ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਕਿਵੇਂ ਕੀਤਾ ਜਾ ਸਕਦਾ ਹੈ?
ਉੱਤਰ : ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ‘ਤੇ ਕੀਤਾ ਜਾ ਸਕਦਾ ਹੈ; ਜਿਵੇਂ:
(ੳ) ਇਸਤਰੀਆਂ ਦੇ ਲੋਕ-ਨਾਚ ਅਤੇ
(ਅ) ਮਰਦਾਵੇਂ ਲੋਕ-ਨਾਚ।
ਪੰਜਾਬ ਵਿੱਚ ਪ੍ਰਾਚੀਨ ਕਾਲ ਵਿੱਚ ਇਸਤਰੀਆਂ ਅਤੇ ਮਰਦਾਂ ਦੁਆਰਾ ਸਾਂਝੇ ਰੂਪ ਵਿੱਚ ਲੋਕ-ਨਾਚ ਨੱਚਣ ਦੀ ਪਰੰਪਰਾ ਪ੍ਰਚਲਿਤ ਨਹੀਂ ਸੀ ਭਾਵੇਂ ਕਿ ਅਜੋਕੇ ਸਮੇਂ ਵਿੱਚ ਅਜਿਹੀ ਕੋਈ ਪਾਬੰਦੀ ਨਹੀਂ।
ਪ੍ਰਸ਼ਨ 4. ਪੰਜਾਬ ਦੇ ਇਸਤਰੀ ਲੋਕ-ਨਾਚਾਂ ਦੀਆਂ ਵਿਸ਼ੇਸ਼ਤਾਵਾਂ ਅਥਵਾ ਇਹਨਾਂ ਦੇ ਮਹੱਤਵ ਤੋਂ ਜਾਣੂ ਕਰਵਾਓ।
ਉੱਤਰ : ਪੰਜਾਬ ਦੇ ਇਸਤਰੀ ਲੋਕ-ਨਾਚ ਕੋਮਲਤਾ, ਸੁਹਜ, ਸਾਦਗੀ, ਰਵਾਨਗੀ ਅਤੇ ਲਚਕਤਾ ਨਾਲ ਭਰਪੂਰ ਹਨ। ਕੋਈ ਵੀ ਸ਼ੁੱਭ ਕਾਰਜ ਇਸਤਰੀਆਂ ਦੇ ਲੋਕ-ਨਾਚਾਂ ਦੀ ਪੇਸ਼ਕਾਰੀ ਤੋਂ ਸੱਖਣਾ ਨਹੀਂ ਰਹਿੰਦਾ। ਇਹ ਲੋਕ-ਨਾਚ ਸਧਾਰਨ ਲੋਕ-ਸਾਜ਼ਾਂ, ਸਧਾਰਨ ਪਹਿਰਾਵੇ ਅਤੇ ਜੀਵਨ ਦੇ ਸਰਬਪੱਖੀ ਵਿਸ਼ਲੇਸ਼ਣ ਨੂੰ ਪੇਸ਼ ਕਰਨ ਵਾਲੇ ਲੋਕ-ਗੀਤਾਂ ਰਾਹੀਂ ਬਿਨਾਂ ਸਖ਼ਤ ਨਿਯਮਾਵਲੀ ਨੂੰ ਅਪਣਾਇਆ ਸਰਬ-ਸਾਂਝੀ ਥਾਂ ਤੋਂ ਪੇਸ਼ ਕੀਤੇ ਜਾਂਦੇ ਹਨ।
ਪ੍ਰਸ਼ਨ 5. ਪੰਜਾਬ ਦੇ ਇਸਤਰੀ ਲੋਕ-ਨਾਚ ਕਿਹੜੇ ਹਨ?
ਉੱਤਰ : ਗਿੱਧਾ, ਸੰਮੀ ਤੇ ਕਿੱਕਲੀ ਪੰਜਾਬ ਦੇ ਪ੍ਰਸਿੱਧ ਇਸਤਰੀ ਲੋਕ-ਨਾਚ ਹਨ। ਕੁਝ ਹੋਰ ਲੋਕ-ਨਾਚ ਖ਼ਾਸ-ਖ਼ਾਸ ਅਤੇ ਇਕਹਿਰੇ ਖਿੱਤਾ ਵਿੱਚ ਨੱਚੇ ਜਾਣ ਕਾਰਨ ਇਹਨਾਂ ਨੂੰ ਸਮੂਹ ਲੋਕ-ਪ੍ਰਵਾਨਗੀ ਨਹੀਂ ਮਿਲ ਸਕੀ। ਸਮੇਂ ਦੀਆਂ ਪੈੜਾਂ ਤੋਂ ਇਹਨਾਂ ਦਾ ਖੁਰਾ ਮਿਟ ਚੁੱਕਾ ਹੈ ਜਾਂ ਮਿਟ ਰਿਹਾ ਹੈ। ਅਜਿਹੇ ਲੋਕ-ਨਾਚਾਂ ਵਿੱਚ ਹੁੱਲੇ-ਹੁਲਾਰੇ, ਲੁੱਡੀ ਤੇ ਧਮਾਲ ਵਰਨਣਯੋਗ ਹਨ। ਟਿੱਪਰੀ ਜਾਂ ਡੰਡਾਸ, ਫਹਾ, ਘੁੰਮਰ ਅਤੇ ਸਪੇਰਾ ਨਾਂ ਦੇ ਲੋਕ-ਨਾਚਾਂ ਦੀ ਅਸਲ ਪ੍ਰਕਿਰਤੀ ਨੂੰ ਸਮੇਂ ਦੇ ਮਾਰੂ ਝੱਖੜਾਂ ਨੇ ਖਿੰਡਾ ਦਿੱਤਾ ਹੈ।
ਪ੍ਰਸ਼ਨ 6. ਇਸਤਰੀ ਲੋਕ-ਨਾਚ ‘ਗਿੱਧੇ’ ਬਾਰੇ ਜਾਣਕਾਰੀ ਦਿਓ।
ਉੱਤਰ : ਗਿੱਧਾ ਪੰਜਾਬ ਦੀਆਂ ਇਸਤਰੀਆਂ ਦੇ ਚਾਵਾਂ, ਉਮੰਗਾਂ ਤੇ ਵਲਵਲਿਆਂ ਨੂੰ ਪ੍ਰਗਟਾਉਣ ਵਾਲ਼ਾ ਹਰਮਨ-ਪਿਆਰਾ ਲੋਕ-ਨਾਚ ਹੈ। ਇਹ ਤਾਲੀ-ਨਾਚ ਹੈ। ਨੱਚਣ ਵਾਲੀਆਂ ਅਤੇ ਘੇਰੇ ਵਿੱਚ ਖੜ੍ਹੀਆਂ ਮੁਟਿਆਰਾਂ/ਇਸਤਰੀਆਂ ਤਾਲੀ ਮਾਰਦੀਆਂ ਹਨ। ਇੱਕ ਕੁੜੀ ਬੋਲੀ ਪਾਉਂਦੀ ਹੈ ਤੇ ਬਾਕੀ ਉਸ ਦੇ ਸਾਥ ਵਿੱਚ ਨਾਲ ਹੀ ਅਵਾਜ਼ ਚੁੱਕਦੀਆਂ ਹਨ। ਦੋ ਮੁਟਿਆਰਾਂ ਦਾ ਜੁੱਟ ਘੇਰੇ ਦੇ ਵਿਚਕਾਰ ਬੋਲੀ ਦੇ ਹਾਵਾਂ- ਭਾਵਾਂ ਨੂੰ ਪ੍ਰਗਟਾਉਣ ਵਾਲੀਆਂ ਮੁਦਰਾਵਾਂ ਦਾ ਪ੍ਰਦਰਸ਼ਨ ਕਰਦਾ ਹੈ। ਗਿੱਧਾ ਪੰਜਾਬ ਦਾ ਸਰਤਾਜ ਲੋਕ-ਨਾਚ ਹੈ।
ਪ੍ਰਸ਼ਨ 7. ਪੰਜਾਬ ਦੇ ਇਸਤਰੀ ਲੋਕ-ਨਾਚ ‘ਸੰਮੀ’ ਤੋਂ ਜਾਣੂ ਕਰਵਾਓ।
ਉੱਤਰ : ਲੋਕ-ਨਾਚ ‘ਸੰਮੀ’ ਸਾਂਝੇ ਪੰਜਾਬ ਦੇ ਪੱਛਮੀ ਭਾਗ ਦੀਆਂ ਬਾਰਾਂ ਦੇ ਇਲਾਕਿਆਂ ਵਿੱਚ ਪ੍ਰਚਲਿਤ ਰਿਹਾ ਹੈ। ਇਹ ਨਾਚ ਗਿੱਧੇ ਵਾਂਗ ਘੇਰਾ ਬਣਾ ਕੇ ਨੱਚਿਆ ਜਾਂਦਾ ਹੈ ਪਰ ਇਸ ਦੀਆਂ ਮੁਦਰਾਵਾਂ ਗਿੱਧੇ ਤੋਂ ਅਲੱਗ ਹਨ। ਇਹ ਨਾਚ ਨੱਚਦੀਆਂ ਕੁਝ ਇਸਤਰੀਆਂ ਘੇਰੇ ਵਿੱਚੋਂ ਖਲੋ ਕੇ ਹੱਥ ਤੇ ਬਾਹਾਂ ਉੱਪਰ ਵੱਲ ਕਰਦੀਆਂ ਹਨ ਅਤੇ ਕਿਸੇ ਪੰਛੀ ਨੂੰ ਅਵਾਜ਼ ਮਾਰਨ ਦਾ ਸੰਕੇਤ ਕਰਦੀਆਂ ਸੁਰੀਲੀ ਅਵਾਜ਼ ਵਿੱਚ ਗੀਤ ਦੇ ਬੋਲ ਅਲਾਪਦੀਆਂ ਹਨ। ਉਹ ਹੱਥਾਂ ਦੀਆਂ ਤਾੜੀਆਂ (ਬਾਹਾਂ ਨੂੰ ਉੱਪਰ ਤੇ ਹੇਠਾਂ ਕਰ ਕੇ) ਤੋਂ ਬਿਨਾਂ ਚੁਟਕੀਆਂ ਤੇ ਪੈਰਾਂ ਦੀ ਥਾਪ ਨਾਲ ਤਾਲ ਸਿਰਜ ਲੈਂਦੀਆਂ ਹਨ।
ਪ੍ਰਸ਼ਨ 8. ਕਿੱਕਲੀ ਨਾਂ ਦੇ ਲੋਕ-ਨਾਚ ਬਾਰੇ ਜਾਣਕਾਰੀ ਦਿਓ।
ਉੱਤਰ : ਲੋਕ-ਨਾਚ ਕਿੱਕਲੀ ਛੋਟੀਆਂ ਕੁੜੀਆਂ ਦਾ ਲੋਕ-ਨਾਚ ਹੈ। ਨਿੱਕੀਆਂ ਕੁੜੀਆਂ ਇਹ ਨਾਚ ਦੋ-ਦੋ ਦੇ ਜੋਟੇ ਬਣਾ ਕੇ ਨਿੱਕੇ-ਨਿੱਕੇ ਲੋਕ-ਗੀਤਾਂ ਨਾਲ ਨੱਚ ਲੈਂਦੀਆਂ ਹਨ। ਜੋਟੇ ਵਿਚਲੀ ਇੱਕ ਕੁੜੀ ਦੂਜੀ ਦਾ ਸੱਜਾ ਹੱਥ ਆਪਣੇ ਸੱਜੇ ਹੱਥ ਵਿੱਚ ਅਤੇ ਉਹਦਾ ਖੱਬਾ ਹੱਥ ਆਪਣੇ ਖੱਬੇ ਹੱਥ ਵਿੱਚ ਘੁੱਟ ਕੇ ਫੜ ਲੈਂਦੀ ਹੈ। ਫਿਰ ਕੁੜੀਆਂ ਆਪਣੇ ਪੈਰਾਂ ਦਾ ਭਾਰ ਪੱਬਾਂ ‘ਤੇ ਪਾਉਂਦੀਆਂ ਹਨ ਅਤੇ ਬਾਕੀ ਸਰੀਰ ਦਾ ਭਾਰ ਪਿਛਾਂਹ ਵੱਲ ਉਲਾਰਦੀਆਂ ਹਨ। ਇਸ ਤਰ੍ਹਾਂ ਉਹ ਤੇਜ਼ੀ ਨਾਲ ਘੁੰਮਦੀਆਂ ਹਨ। ਕਿੱਕਲੀ ਅਸਲ ਵਿੱਚ ਗਿੱਧੇ ਦੀ ਨਰਸਰੀ ਹੈ।
ਪ੍ਰਸ਼ਨ 9. ਹੁੱਲੇ-ਹੁਲਾਰੇ ਨਾਂ ਦੇ ਇਸਤਰੀ-ਨਾਚ ਤੋਂ ਜਾਣੂ ਕਰਵਾਓ।
ਉੱਤਰ : ਪੰਜਾਬ ਦੇ ਜਿਨ੍ਹਾਂ ਇਸਤਰੀ ਲੋਕ-ਨਾਚਾਂ ਦਾ ਖੁਰਾ ਸਮੇਂ ਦੀਆਂ ਪੈੜਾਂ ਤੋਂ ਹੌਲੀ-ਹੌਲੀ ਮਿਟ ਚੁੱਕਾ ਹੈ ਜਾਂ ਮਿਟ ਰਿਹਾ ਹੈ ਉਹਨਾਂ ਵਿੱਚ ਮੁਦਰਾਵਾਂ ਹੁੱਲੇ-ਹੁਲਾਰੇ ਦਾ ਨਾਂ ਵਰਨਣਯੋਗ ਹੈ। ਇਹ ਲੋਕ-ਨਾਚ ਸਾਂਝੇ ਪੰਜਾਬ ਦੇ ਸਮੇਂ ਵੱਖ-ਵੱਖ ਧਰਮਾਂ ਦੀਆਂ ਇਸਤਰੀਆਂ ‘ਹੋਲੀ’ ਤੇ ‘ਲੋਹੜੀ’ ਦੇ ਤਿਉਹਾਰਾਂ ‘ਤੇ ਘੇਰੇ ਦੇ ਰੂਪ ਵਿੱਚ ਬਹੁਤ ਚਾਵਾਂ ਤੇ ਉਮੰਗਾਂ ਨਾਲ ਨੱਚਦੀਆਂ ਸਨ। ਦੱਸਿਆ ਜਾਂਦਾ ਹੈ ਕਿ ਇਸ ਲੋਕ-ਨਾਚ ਦੀ ਪਰੰਪਰਾ ਦੇਵਦਾਸੀਆਂ ਦੀ ਨਾਚ-ਪ੍ਰਥਾ ਨਾਲ ਵੀ ਜੁੜੀ ਹੋਈ ਦੱਸੀ ਜਾਂਦੀ ਹੈ।
ਪ੍ਰਸ਼ਨ 10. ਪੰਜਾਬ ਦੇ ਮਰਦਾਵੇਂ ਲੋਕ-ਨਾਚਾਂ ਬਾਰੇ ਸੰਖੇਪ ਜਾਣਕਾਰੀ ਦਿਓ।
ਉੱਤਰ : ਪੰਜਾਬ ਦੇ ਮਰਦਾਵੇਂ ਲੋਕ-ਨਾਚਾਂ ਵਿੱਚ ਸਭ ਤੋਂ ਪ੍ਰਸਿੱਧ ਲੋਕ-ਨਾਚ ‘ਭੰਗੜੇ’ ਤੋਂ ਬਿਨਾਂ ‘ਝੂੰਮਰ’ ਅਤੇ ‘ਲੁੱਡੀ’ ਵੀ ਵਰਨਣਯੋਗ ਹਨ। ਮਾਲਵੇ ਵਿੱਚ ‘ਮਰਦਾਂ ਦਾ ਗਿੱਧਾ’ ਵੀ ਪ੍ਰਚਲਿਤ ਹੈ। ਮਰਦਾਂ ਦੇ ਜਿਹੜੇ ਲੋਕ-ਨਾਚ ਲਗਪਗ ਖ਼ਤਮ/ਲੁਪਤ ਹੋ ਗਏ ਹਨ ਉਹਨਾਂ ਵਿੱਚ ਧਮਾਲ, ਖਲੀ, ਹੇਮੜੀ, ਡੰਡਾਸ, ਅਖਾੜਾ, ਗਤਕਾ, ਪਠਾਣੀਆਂ, ਫੁੰਮਣੀਆਂ, ਭਗਤ-ਨਾਚ, ਜੰਗਮ-ਨਾਚ, ਨਾਮਧਾਰੀ-ਨਾਚ, ਸੁਥਰਾ-ਨਾਚ, ਮਰਕਤ-ਨਾਚ, ਗੁੱਗਾ-ਨਾਚ ਆਦਿ ਨਾਂ ਵਰਨਣਯੋਗ ਹਨ।
ਪ੍ਰਸ਼ਨ 11. ਲੋਕ-ਨਾਚ ਭੰਗੜੇ ਤੋਂ ਜਾਣੂ ਕਰਵਾਓ।
ਉੱਤਰ : ਭੰਗੜਾ ਪੰਜਾਬੀ ਗੱਭਰੂਆਂ ਦਾ ਪ੍ਰਮੁੱਖ ਲੋਕ-ਨਾਚ ਹੈ। ਇਹ ਵਧੇਰੇ ਕਰਕੇ ਕਿਰਸਾਣੀ-ਨਾਚ ਹੋਣ ਕਾਰਨ ਇਸ ਦਾ ਨਾਂ ‘ਫ਼ਸਲ-ਨਾਚ’ ਜਾਂ ‘ਵਿਸਾਖੀ-ਨਾਚ’ ਵੀ ਪੈ ਗਿਆ। ਇਹ ਨਾਚ ਢੋਲ ਦੀ ਸਰਲ ਤਾਲ ‘ਤੇ ਨੱਚਿਆ ਜਾਂਦਾ ਹੈ। ਅਰੰਭ ਵਿੱਚ ਇਹ ਤਾਲ ਧੀਮੀ-ਧੀਮੀ ਵੱਜਦੀ ਹੈ ਪਰ ਬੋਲੀ ਦੀ ਅੰਤਿਮ ਤੁਕ ਦੇ ਉਚਾਰ ਨਾਲ ਨਾਚ ਤੇਜ਼ ਗਤੀ ਦਾ ਹੋ ਜਾਂਦਾ ਹੈ । ਭੰਗੜਾ ਖ਼ੁਸ਼ੀ ਦੇ ਹਰ ਮੌਕੇ ‘ਤੇ ਪਾਇਆ ਜਾ ਸਕਦਾ ਹੈ। ਇਹ ਲੋਕ-ਨਾਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ।
ਪ੍ਰਸ਼ਨ 12, ‘ਝੂੰਮਰ’ ਨਾਂ ਦੇ ਲੋਕ-ਨਾਚ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ : ‘ਝੂੰਮਰ’ ਪੱਛਮੀ ਪੰਜਾਬ ਦੀ ਸਾਂਦਲ ਬਾਰ ਦੇ ਲੋਕਾਂ ਦੇ ਚਾਵਾਂ-ਮਲਾਰਾਂ ਨੂੰ ਪ੍ਰਗਟ ਕਰਨ ਵਾਲਾ ਪ੍ਰਸਿੱਧ ਲੋਕ-ਨਾਚ ਹੈ। ਝੂਮ-ਝੂਮ ਕੇ ਨੱਚਣ ਕਾਰਨ ਇਸ ਦਾ ਨਾਂ ‘ਝੂੰਮਰ’ ਪੈ ਗਿਆ। ‘ਝੂੰਮਰ’ ਨਾਚ ਨੂੰ ਲੋਕ ਸਮੂਹਿਕ ਰੂਪ ਵਿੱਚ ਕਿਸੇ ਖੁੱਲ੍ਹੀ ਥਾਂ ਘੇਰੇ ਦੇ ਆਕਾਰ ਵਿੱਚ ਆਪਣੇ ਹਰਮਨ-ਪਿਆਰੇ ਲੋਕ-ਗੀਤ ‘ਢੋਲੇ’ ਦੇ ਬੋਲਾਂ ਰਾਹੀਂ ਢੋਲ ਦੀ ਤਾਨ ‘ਤੇ ਨੱਚਦੇ ਰਹੇ ਹਨ। ਇਹ ਨਾਚ ਤਿੰਨ ਤਾਲਾਂ (ਮੱਠੀ, ਤੇਜ਼, ਬਹੁਤ ਹੀ ਤੇਜ਼) ਅਧੀਨ ਨੱਚਿਆ ਜਾਂਦਾ ਹੈ।
ਪ੍ਰਸ਼ਨ 13. ‘ਲੁੱਡੀ’ ਨਾਂ ਦੇ ਲੋਕ-ਨਾਚ ਬਾਰੇ ਜਾਣਕਾਰੀ ਦਿਓ।
ਉੱਤਰ : ‘ਲੁੱਡੀ’ ਨਾਂ ਦਾ ਲੋਕ-ਨਾਚ ਸਾਂਝੇ ਪੰਜਾਬ ਦੇ ਉੱਤਰ-ਪੱਛਮੀ ਨੀਮ-ਪਹਾੜੀ ਅਤੇ ਕੁਝ ਮੈਦਾਨੀ ਇਲਾਕੇ ਵਿੱਚ ਪ੍ਰਚਲਿਤ ਰਿਹਾ ਹੈ।
ਲਚਕ ਅਤੇ ਮਸਤੀ ਭਰਪੂਰ ਅਦਾਵਾਂ ਵਾਲਾ ਸਰਲ-ਸਹਿਜ ਨਾਚ ਹੋਣ ਕਾਰਨ ਇਸ ਨੂੰ ਇਸਤਰੀ-ਨਾਚ ਵੀ ਸਮਝਿਆ ਜਾਂਦਾ ਰਿਹਾ ਹੈ। ‘ਲੁੱਡੀ’ ਮੂਲ ਰੂਪ ਵਿੱਚ ਜਿੱਤ ਜਾਂ ਖ਼ੁਸ਼ੀ ਦਾ ਨਾਚ ਹੈ। ਇਸ ਲਈ ਵੀ ਇਸ ਨਾਚ ਲਈ ਢੋਲ ਦੀ ਤਾਲ ਦੀ ਲੋੜ ਮੰਨੀ ਜਾਂਦੀ ਹੈ। ਇਸ ਲੋਕ- ਨਾਚ ਵਿੱਚ ਲੋਕ-ਗੀਤ ਨਹੀਂ ਬੋਲੇ ਜਾਂਦੇ ਸਗੋਂ ਮਸਤੀ ਵਿੱਚ ਆਏ ਨਚਾਰ ਆਪਣੇ ਮੂੰਹ ਵਿੱਚੋਂ ਕਈ ਤਰ੍ਹਾਂ ਦੀਆਂ ਅਵਾਜ਼ਾਂ ਕੱਢ ਕੇ ਰਸਿਕਤਾ ਭਰ ਲੈਂਦੇ ਹਨ।
ਪ੍ਰਸ਼ਨ 14. ਮਾਲਵੇ ਦੇ ‘ਮਰਦਾਂ ਦੇ ਗਿੱਧੇ’ ਤੋਂ ਜਾਣੂ ਕਰਵਾਓ।
ਉੱਤਰ : ਪੂਰਬੀ ਪੰਜਾਬ ਦੇ ਮਾਲਵਾ-ਖੇਤਰ ਵਿੱਚ ‘ਮਰਦਾਂ ਦਾ ਗਿੱਧਾ’ ਪ੍ਰਚਲਿਤ ਹੈ। ਇਸ ਲੋਕ-ਨਾਚ ਨੂੰ ‘ਚੋਬਰਾਂ ਦਾ ਗਿੱਧਾ’ ਜਾ ‘ਮਲਵਈਆਂ ਦਾ ਗਿੱਧਾ’ ਵੀ ਕਿਹਾ ਜਾਂਦਾ ਹੈ। ਇਹ ਲੋਕ-ਨਾਚ ਭੰਗੜੇ, ਗਿੱਧੇ, ਝੂੰਮਰ, ਸੰਮੀ ਆਦਿ ਲੋਕ-ਨਾਚਾਂ ਵਾਂਗ ਪ੍ਰਾਚੀਨ ਲੋਕ-ਨਾਚ ਨਹੀਂ। ਇਸ ਲੋਕ-ਨਾਚ ਵਿੱਚ ਨਾਚ ਵਰਗੀਆਂ ਮੁਦਰਾਵਾਂ ਘੱਟ ਅਤੇ ਲੰਮੀਆਂ ਬੋਲੀਆਂ ਦੀ ਭਰਮਾਰ ਜ਼ਿਆਦਾ ਹੁੰਦੀ ਹੈ।
ਪ੍ਰਸ਼ਨ 15. ‘ਧਮਾਲ’ ਨਾਂ ਦੇ ਲੋਕ-ਨਾਚ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ : ‘ਧਮਾਲ’ ਨਾਂ ਦਾ ਲੋਕ-ਨਾਚ ਪ੍ਰਾਚੀਨ ਕਾਲ ਤੋਂ ਸੂਫ਼ੀਆਂ-ਸੰਤਾਂ ਦੇ ਡੇਰਿਆਂ ‘ਤੇ ਨੱਚਿਆ ਜਾਂਦਾ ਰਿਹਾ ਹੈ। ਤੇਜ਼ ਗਤੀ ਵਾਲਾ ਇਹ ਲੋਕ-ਨਾਚ ਖ਼ਾਸ ਤਰ੍ਹਾਂ ਦੇ ਸਰੀਰਿਕ ਹਿਲੋਰੇ ਦਾ ਨਾਚ ਸੀ ਪਰ ਹੁਣ ਇਹ ਓਨਾ ਪ੍ਰਚਲਿਤ ਨਹੀਂ ਰਿਹਾ ਅਤੇ ਭੰਗੜੇ ਦੀ ਇੱਕ ਚਾਲ ਤੱਕ ਸੀਮਿਤ ਹੋ ਚੁੱਕਾ ਹੈ।
ਪ੍ਰਸ਼ਨ 16. ਪੰਜਾਬ ਦੇ ਲੋਕ-ਨਾਚਾਂ ਵਿੱਚ ਤਬਦੀਲੀਆਂ ਕਿਵੇਂ ਆਈਆਂ ਹਨ?
ਉੱਤਰ : ਪੰਜਾਬ ਵਿੱਚ ਲਗਾਤਾਰ ਬਦਲਦੀਆਂ ਪ੍ਰਸਥਿਤੀਆਂ ਨੇ ਇੱਥੋਂ ਦੇ ਲੋਕ-ਨਾਚਾਂ ਵਿੱਚ ਕਾਫ਼ੀ ਤਬਦੀਲੀ ਲੈ ਆਂਦੀ ਹੈ। ਇਹ ਲੋਕ-ਨਾਚ ਪੰਜਾਬੀਆਂ ਦੇ ਸੱਭਿਆਚਾਰਿਕ ਕੇਂਦਰਾਂ ਤੋਂ ਸਟੇਜ, ਫ਼ਿਲਮਾਂ ਅਤੇ ਟੈਲੀਵੀਜ਼ਨ ਤੱਕ ਦਾ ਸਫ਼ਰ ਤੈਅ ਕਰ ਚੁੱਕੇ ਹਨ। ਇਸ ਪੜਾਅ ‘ਤੇ ਇਹਨਾਂ ਹੈ ਲੋਕ-ਨਾਚਾਂ ਨੇ ਵੱਖ-ਵੱਖ ਪੱਧਰਾਂ ‘ਤੇ ਕਈ ਤਰ੍ਹਾਂ ਦੀਆਂ ਤਬਦੀਲੀਆਂ ਗ੍ਰਹਿਣ ਕਰ ਲਈਆਂ ਹਨ।