ਪੰਜਾਬ ਦੀਆਂ ਲੋਕ-ਖੇਡਾਂ: ਪਾਠ ਨਾਲ ਸੰਬੰਧਤ ਪ੍ਰਸ਼ਨ-ਉੱਤਰ
ਪ੍ਰਸ਼ਨ 1. ਪੰਜਾਬ ਦੀਆਂ ਲੋਕ-ਖੇਡਾਂ ਦੇ ਆਧਾਰ ‘ਤੇ ਸਿੱਧ ਕਰੋ ਕਿ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ।
ਉੱਤਰ : ਲੋਕ-ਖੇਡਾਂ ਪੰਜਾਬੀਆਂ ਦੇ ਲੋਕ-ਜੀਵਨ ਦਾ ਅਨਿੱਖੜਵਾਂ ਅੰਗ ਹਨ ਅਤੇ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ। ਮਨੁੱਖ ਆਦਿ ਕਾਲ/ਸ਼ੁਰੂ ਤੋਂ ਹੀ ਖੇਡਦਾ ਆ ਰਿਹਾ ਹੈ। ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਹੈ। ਆਪਣੇ ਸਰੀਰ, ਵਿੱਤ (ਤਾਕਤ) ਅਤੇ ਸੁਭਾਅ ਅਨੁਸਾਰ ਮਨੁੱਖ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਣਾ ਇੱਕ ਸਹਿਜ ਕਰਮ ਹੈ। ਬੱਚੇ ਦੇ ਜਨਮ ਲੈਣ ਨਾਲ ਹੀ ਉਸ ਦੀ ਖੇਡ-ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਕੁਝ ਦਿਨਾਂ ਦਾ ਬੱਚਾ ਹੀ ਲੱਤਾ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਇਸ ਤਰ੍ਹਾਂ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ।
ਪ੍ਰਸ਼ਨ 2. ਲੋਕ-ਖੇਡਾਂ ਮਨੁੱਖ ਨੂੰ ਕਿਹੜੀਆਂ-ਕਿਹੜੀਆਂ ਭਾਵਨਾਵਾਂ ਪ੍ਰਦਾਨ ਕਰਦੀਆਂ ਹਨ?
ਉੱਤਰ : ਲੋਕ-ਖੇਡਾਂ ਸਰੀਰਿਕ ਕਸਰਤ ਤੋਂ ਬਿਨਾਂ ਲੋਕਾਂ ਦੇ ਮਨੋਰੰਜਨ ਦਾ ਵੀ ਵਿਸ਼ੇਸ਼ ਸਾਧਨ ਹੁੰਦੀਆਂ ਹਨ। ਇਹ ਜਿੱਥੇ ਮਨੁੱਖ ਦੇ ਸਰੀਰ ਨੂੰ ਤਾਕਤ ਦਿੰਦੀਆਂ ਹਨ, ਉੱਥੇ ਰੂਹ ਨੂੰ ਵੀ ਅਕਹਿ ਖ਼ੁਸ਼ੀ ਅਥਵਾ ਖੇੜੇ ਦੀ ਭਾਵਨਾ ਪ੍ਰਦਾਨ ਕਰਦੀਆਂ ਹਨ, ਜਿਸ ਨਾਲ ਸਾਡਾ ਮਨੋਬਲ ਵਧਦਾ ਹੈ ਅਤੇ ਜੀਵਨ ਪ੍ਰਤੀ ਵਿਸ਼ਵਾਸ ਪਕੇਰਾ ਹੁੰਦਾ ਹੈ। ਇਸ ਉਪਰੰਤ ਜੀਵਨ ਦੀ ਦੌੜ ਵਿੱਚ ਹਰ ਤਰ੍ਹਾਂ ਦੀ ਸਥਿਤੀ ਦਾ ਮੁਕਾਬਲਾ ਕਰਨ ਦੀ ਸਮਰੱਥਾ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਲੋਕ-ਖੇਡਾਂ ਮਨੁੱਖ ਨੂੰ ਹਰ ਤਰ੍ਹਾਂ ਦੇ ਮੁਕਾਬਲੇ ਲਈ ਜੂਝਣ ਲਈ ਤਿਆਰ ਕਰਨ ਤੋਂ ਬਿਨਾਂ ਹਾਰ ਦੀ ਸਥਿਤੀ ਵਿੱਚ ਇਸ ਨੂੰ ਖਿੜੇ ਮੱਥੇ ਸਹਿਨ ਕਰਨ ਦੀ ਸ਼ਕਤੀ ਦੀ ਭਾਵਨਾ ਵੀ ਪ੍ਰਦਾਨ ਕਰਦੀਆਂ ਹਨ। ਇਸ ਤਰ੍ਹਾਂ ਲੋਕ-ਖੇਡਾਂ ਸਾਡੇ ਸਰੀਰ ਨੂੰ ਰਿਸ਼ਟ- ਪੁਸ਼ਟ, ਚੁਸਤ, ਫੁਰਤੀਲਾ ਅਤੇ ਸ਼ਕਤੀਸ਼ਾਲੀ ਵੀ ਬਣਾਉਂਦੀਆਂ ਹਨ। ਲੋਕ-ਖੇਡਾਂ ਵਾਧੂ ਸਰੀਰਿਕ ਸ਼ਕਤੀ ਦਾ ਸਦਉਪਯੋਗ ਹੀ ਨਹੀਂ ਕਰਦੀਆਂ ਸਗੋਂ ਕਮਜ਼ੋਰ ਸਰੀਰ ਵਾਲਿਆਂ ਦੀ ਤਾਕਤ ਨੂੰ ਵਧਾਉਣ ਵਿੱਚ ਵੀ ਮਦਦ ਕਰਦੀਆਂ ਹਨ।
ਇਸ ਤਰ੍ਹਾਂ ਲੋਕ-ਖੇਡਾਂ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਭਾਵਨਾਵਾਂ ਪ੍ਰਦਾਨ ਕਰਦੀਆਂ ਹਨ।
ਪ੍ਰਸ਼ਨ 3. ‘ਪੰਜਾਬ ਦੀਆਂ ਲੋਕ-ਖੇਡਾਂ’ ਪਾਠ ਦੇ ਆਧਾਰ ‘ਤੇ ਦੱਸੋ ਕਿ ਲੋਕ-ਖੇਡਾਂ ਦੀ ਜੀਵਨ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਹੈ। ਕਿਵੇਂ?
ਉੱਤਰ : ਖੇਡਾਂ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਖੇਡ-ਰੁਚੀਆਂ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ਼ ਦੀਆਂ ਸੂਚਕ ਹਨ। ਭਾਵੇਂ ਕਈ ਵਿਦਵਾਨਾਂ ਨੇ ਖੇਡਾਂ ਨੂੰ ਮਨੋਰੰਜਨ ਦੇ ਸ਼ੁਗਲੀ ਸਾਧਨ ਮੰਨਿਆ ਹੈ ਪਰ ਖੇਡਾਂ ਮਨੁੱਖ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਦੀ ਲੋੜ ਅਤੇ ਜੀਵਨ ਦੇ ਵਿਕਾਸ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਕਾਰਜ ਹਨ।
ਇਸ ਤਰ੍ਹਾਂ ਖੇਡਾਂ ਦੀ ਜੀਵਨ ਦੇ ਵਿਕਾਸ ਵਿੱਚ ਮਹੱਤਵਪੂਰਨ ਅਥਵਾ ਅਹਿਮ ਭੂਮਿਕਾ ਹੈ।
ਪ੍ਰਸ਼ਨ 4. ਲੋਕ-ਖੇਡਾਂ ਨਾਲ ਬੱਚੇ ਦੇ ਅੰਦਰ ਕਿਹੜੇ ਨੈਤਿਕ ਗੁਣ ਪ੍ਰਵੇਸ਼ ਕਰਦੇ ਹਨ? ਇਹ ਵੀ ਦੱਸੋ ਕਿ ਅਜਿਹੀਆਂ ਕਿਹੜੀਆਂ-ਕਿਹੜੀਆਂ ਖੇਡਾਂ ਹਨ?
ਉੱਤਰ: ਲੋਕ-ਖੇਡਾਂ ਨਾਲ ਬੱਚੇ ਅੰਦਰ ਸਦਭਾਵਨਾ, ਨੇਕ-ਨੀਅਤੀ, ਇਨਸਾਫ਼, ਭਾਈਵਾਲੀ ਅਤੇ ਮੁਕਾਬਲੇ ਦੀ ਭਾਵਨਾ ਵਰਗੇ ਨੈਤਿਕ ਗੁਣ ਪ੍ਰਵੇਸ਼ ਕਰਦੇ ਹਨ। ਬੱਚੇ ਆਮ ਤੌਰ ‘ਤੇ ਛੂਹਣ ਵਾਲੀਆਂ ਖੇਡਾਂ ਖੇਡਦੇ ਹਨ। ਬੱਚਿਆਂ ਦੀਆਂ ਲੋਕ-ਖੇਡਾਂ ਵਿੱਚ ਬੁੱਢੀ ਮਾਈ, ਭੰਡਾ-ਭੰਡਾਰੀਆਂ ਊਠਕ-ਬੈਠਕ, ਊਚ-ਨੀਚ, ਕੋਟਲਾ-ਛਪਾਕੀ, ਦਾਈਆਂ-ਦੁੱਕੜੇ, ਬਾਂਦਰ-ਕੀਲਾ, ਕਿਣ-ਮਿਣ ਕਾਣੀ ਕੌਣ ਕਿਣਿਆ, ਸਮੁੰਦਰ ਤੇ ਮੱਛੀ ਲੱਕੜ-ਕਾਠੀ, ਖ਼ਾਨ-ਘੋੜੀ, ਅੰਨ੍ਹਾ ਝੋਟਾ, ਗੁੱਲੀ-ਡੰਡਾ, ਪਿੱਠੂ, ਪੀਚੋ-ਬੱਕਰੀ, ਅੱਡੀ-ਛੜੱਪਾ, ਕੂਕਾਂ-ਕਾਂਗੜੇ, ਰੋੜੇ/ਅਖਰੋਟ ਅਤੇ ਸੱਕਰ ਪ੍ਰਸ ਭਿੱਜੀ ਆਦਿ ਵਰਣਨਯੋਗ ਹਨ।
ਪ੍ਰਸ਼ਨ 5. ਪੁਰਾਤਨ ਸਮੇਂ ਵਿੱਚ ਪਿੰਡ ਵਾਸੀ ਆਪਣੇ ਪਿੰਡ ਦੇ ਲੋਕ-ਖਿਡਾਰੀਆਂ ਅਤੇ ਪਹਿਲਵਾਨਾਂ ਨੂੰ ਕਿਵੇਂ ਨਿਵਾਜਦੇ ਸਨ?
ਉੱਤਰ : ਪੁਰਾਤਨ ਸਮੇਂ ਵਿੱਚ ਪਿੰਡ ਵਾਸੀ ਰਲ ਕੇ ਆਪਣੇ ਪਿੰਡ ਦੇ ਲੋਕ-ਖਿਡਾਰੀਆਂ ਅਤੇ ਪਹਿਲਵਾਨਾਂ ਦੀਆਂ ਖੁਰਾਕਾਂ ਦਾ ਪ੍ਰਬੰਧ ਕਰਦੇ ਸਨ। ਦੇਸੀ ਘਿਓ ਦੇ ਪੀਪਿਆਂ ਦੇ ਪੀਪੇ ਖਿਡਾਰੀਆਂ ਨੂੰ ਖਾਣ ਲਈ ਦਿੱਤੇ ਜਾਂਦੇ ਸਨ। ਲੋਕ-ਖਿਡਾਰੀ ਅਤੇ ਪਹਿਲਵਾਨ ਸਾਰੇ ਪਿੰਡ ਦਾ ਮਾਣ ਬਹੁ- ਹੁੰਦੇ ਸਨ। ਇਸ ਤਰ੍ਹਾਂ ਪਿੰਡ-ਵਾਸੀਆਂ ਵੱਲੋਂ ਆਪਣੇ ਪਿੰਡ ਦੇ ਲੋਕ-ਖਿਡਾਰੀਆਂ ਅਤੇ ਪਹਿਲਵਾਨਾਂ ਨੂੰ ਨਿਵਾਜਿਆ ਜਾਂਦਾ ਸੀ।
ਪ੍ਰਸ਼ਨ 6. ਇਸ ਪਾਠ ਵਿੱਚ ਦਿੱਤੀਆਂ ਗਈਆਂ ਬੱਚਿਆਂ ਦੀਆਂ ਖੇਡਾਂ ਬਾਰੇ ਜਾਣਕਾਰੀ ਦਿਓ।
ਉੱਤਰ : ਬੱਚੇ ਆਮ ਤੌਰ ‘ਤੇ ਛੂਹਣ ਵਾਲੀਆਂ ਖੇਡਾਂ ਖੇਡਦੇ ਹਨ। ਬੁੱਢੀ ਮਾਈ, ਭੰਡਾ-ਭੰਡਾਰੀਆਂ, ਊਠਕ-ਬੈਠਕ, ਊਚ-ਨੀਚ, ਕੋਟਲਾ-ਛਪਾਕੀ, ਦਾਈਆਂ-ਦੁੱਕੜੇ, ਬਾਂਦਰ-ਕੀਲਾ, ਕਿਣ-ਮਿਣ ਕਾਣੀ ਕੌਣ ਕਿਣਿਆ, ਸਮੁੰਦਰ ਤੇ ਮੱਛੀ, ਲੱਕੜ-ਕਾਠੀ, ਖ਼ਾਨ-ਘੋੜੀ, ਅੰਨਾ ਝੋਟਾ, ਗੁੱਲੀ-ਡੰਡਾ, ਪਿੱਠੂ, ਪੀਚੋ-ਬੱਕਰੀ, ਅੱਡੀ-ਛੜੱਪਾ, ਕੂਕਾਂ-ਕਾਂਗੜੇ, ਰੋੜੇ/ਅਖਰੋਟ ਅਤੇ ਸੱਕਰ-ਭਿੱਜੀ ਆਦਿ ਬੱਚਿਆਂ ਦੀਆਂ ਲੋਕ-ਖੇਡਾਂ ਹਨ।
ਪ੍ਰਸ਼ਨ 7. ‘ਪੰਜਾਬ ਦੀਆਂ ਲੋਕ-ਖੇਡਾਂ’ ਦੇ ਆਧਾਰ ‘ਤੇ ਦੱਸੋ ਕਿ ਉਹ ਕਿਹੜੀ ਲੋਕ-ਖੇਡ ਹੈ ਜੋ ਕ੍ਰਿਕਟ ਦੀ ਖੇਡ ਵਿੱਚ ਜਾ ਸਮੋਈ ਹੈ?
ਉੱਤਰ : ‘ਲੂਣ-ਤੇਲ-ਲੱਲ੍ਹੇ’ ਨਾਂ ਦੀ ਖੇਡ ਕ੍ਰਿਕਟ ਦੀ ਖੇਡ ਵਿੱਚ ਜਾ ਸਮੋਈ ਹੈ।
ਪ੍ਰਸ਼ਨ 8. ‘ਅੱਡੀ-ਛੜੱਪਾ’ ਜਾਂ ‘ਅੱਡੀ-ਟੱਪਾ’ ਖੇਡ ਬਾਰੇ ਤੁਸੀਂ ਕੀ ਜਾਣਦੇ ਹੋ? ਖੋਲ੍ਹ ਕੇ ਦੱਸੋ।
ਉੱਤਰ : ਕੁੜੀਆਂ ਦੀ ਬਹੁਤ ਹਰਮਨ-ਪਿਆਰੀ ਖੇਡ ਅੱਡੀ-ਛੜੱਪਾ ਜਾਂ ਅੱਡੀ-ਟੱਪਾ ਦੋ ਟੋਲੀਆਂ ਬਣਾ ਕੇ ਖੇਡੀ ਜਾਂਦੀ ਹੈ। ਹਰ ਟੋਲੀ ਵਿੱਚ ਕੁੜੀਆਂ ਦੀ ਗਿਣਤੀ ਚਾਰ-ਪੰਜ ਤੱਕ ਹੁੰਦੀ ਹੈ। ਇਸ ਖੇਡ ਨੂੰ ਖੇਡ ਕੇ ਕੁੜੀਆਂ ਦੌੜ੍ਹਨ, ਉੱਚੀਆਂ ਛਾਲਾਂ ਮਾਰਨ ਅਤੇ ਸਰੀਰ ਨੂੰ ਜ਼ਬਤ ਵਿੱਚ ਰੱਖਣ ਦਾ ਅਭਿਆਸ ਕਰਦੀਆਂ ਹਨ।
ਪ੍ਰਸ਼ਨ 9. ਸੱਕਰ-ਭਿੱਜੀ’ ਲੋਕ-ਖੇਡ ਬਾਰੇ ਜਾਣਕਾਰੀ ਦਿਓ।
ਉੱਤਰ : ‘ਸੱਕਰ-ਭਿੱਜੀ’ ਮੁੰਡੇ ਅਤੇ ਕੁੜੀਆਂ ਦੀ ਹਰਮਨ-ਪਿਆਰੀ ਖੇਡ ਹੈ, ਜੋ ਦੋ ਟੋਲੀਆਂ ਵਿੱਚ ਖੇਡੀ ਜਾਂਦੀ ਹੈ। ਇੱਕ ਟੋਲੀ ਦੇ ਖਿਡਾਰੀਆਂ ਦੀ ਗਿਣਤੀ ਚਾਰ-ਪੰਜ ਤੱਕ ਹੁੰਦੀ ਹੈ। ਜਿਸ ਟੋਲੀ ਦੀ ਵਾਰੀ ਹੁੰਦੀ ਹੈ ਉਸ ਦੇ ਖਿਡਾਰੀ ਇੱਕ-ਦੂਜੇ ਦਾ ਲੱਕ ਫੜ ਕੇ ਅਤੇ ਕੁੱਬੇ ਹੋ ਕੇ ਖੜ੍ਹੇ ਹੋ ਜਾਂਦੇ ਹਨ। ਦੂਜੀ ਟੋਲੀ ਦਾ ਇੱਕ ਖਿਡਾਰੀ ਦੂਰੋਂ ਦੌੜਦਾ ਹੋਇਆ ਆਉਂਦਾ ਹੈ ਅਤੇ ਪਲਾਕੀ ਮਾਰ ਕੇ ਝੁਕ ਕੇ ਕਤਾਰ ਵਿੱਚ ਖੜ੍ਹੇ ਖਿਡਾਰੀਆਂ ਦੀ ਪਿੱਠ ‘ਤੇ ਬੈਠਦਾ ਹੈ। ਜਦ ਸਾਰੇ ਖਿਡਾਰੀ ਲੰਮੀ ਘੋੜੀ ‘ਤੇ ਚੜ੍ਹ ਜਾਂਦੇ ਹਨ ਤਾਂ ਉਹ ਵੀ ਇੱਕ-ਦੂਜੇ ਦਾ ਲੱਕ ਫੜ ਕੇ ਆਪਣੀਆਂ ਲੱਤਾਂ ਹੇਠਲੇ ਖਿਡਾਰੀਆਂ ਦੇ ਢਿੱਡਾਂ ਦੁਆਲੇ ਵਲਦੇ ਹਨ। ਹੇਠਲੀ ਟੋਲੀ ਦੇ ਖਿਡਾਰੀਆਂ ਵੱਲੋਂ ਹਿਲ-ਜੁਲ ਕੇ ਅਤੇ ਝੁਕ-ਝੁਕ ਕੇ ਉੱਪਰਲੀ ਟੋਲੀ ਵਾਲਿਆਂ ਦੇ ਪੈਰ ਧਰਤੀ ‘ਤੇ ਲਾਉਣ ਦਾ ਯਤਨ ਕੀਤਾ ਜਾਂਦਾ ਹੈ। ਜੇਕਰ ਉੱਪਰਲੀ ਟੋਲੀ ਦੇ ਸਵਾਰ ਕਿਸੇ ਖਿਡਾਰੀ ਦੇ ਪੈਰ ਧਰਤੀ ਨਾਲ ਲੱਗ ਜਾਣ ਤਾਂ ਹੇਠਲੀ ਟੋਲੀ ਦੀ ਵਾਰੀ ਕੱਟੀ ਜਾਂਦੀ ਹੈ। ਪਰ ਜੇਕਰ ਉੱਪਰਲੀ ਟੋਲੀ ਵਿੱਚੋਂ ਕਿਸੇ ਦਾ ਵੀ ਪੈਰ ਧਰਤੀ ਨੂੰ ਨਾ ਲੱਗੇ ਅਤੇ ਹੇਠਲੀ ਟੋਲੀ ਖੜ੍ਹੀ-ਖੜ੍ਹੀ ਥੱਕ ਜਾਵੇ ਤਾਂ ਉੱਪਰਲੀ ਟੋਲੀ ਦੇ ਖਿਡਾਰੀ ਪੁੱਛਦੇ ਹਨ – ‘ਸੱਕਰ ਭਿੱਜੀ ਕਿ ਨਾ’? ਜੇਕਰ ਹੇਠਲੀ ਟੋਲੀ ਦੇ ਖਿਡਾਰੀ ਹਾਂ ਕਹਿਣ ਵਿਗਾ ਤਾਂ ਉਹਨਾਂ ਦੀ ਵਾਰੀ ਖ਼ਤਮ ਹੋ ਜਾਂਦੀ ਹੈ ਅਤੇ ਹੇਠਲੇ ਉੱਪਰ ਆ ਕੇ ਸਵਾਰੀ ਕਰਦੇ ਹਨ। ਇਸ ਤਰ੍ਹਾਂ ਇਹ ਖੇਡ ਅੱਗੇ ਚੱਲਦੀ ਰਹਿੰਦੀ ਹੈ।
ਪ੍ਰਸ਼ਨ 10. ਪੰਜਾਬ ਦੀਆਂ ਲੋਕ-ਖੇਡਾਂ ਦੀ ਸੰਭਾਲ ਅਤੇ ਇਹਨਾਂ ਨੂੰ ਮੁੜ ਸੁਰਜੀਤ ਕਰਨਾ ਅਤਿਅੰਤ ਜ਼ਰੂਰੀ ਹੈ। ਕਿਉਂ?
ਉੱਤਰ : ਪੰਜਾਬ ਦੀਆਂ ਲੋਕ-ਖੇਡਾਂ ਦਾ ਵਿਸ਼ੇਸ਼ ਮਹੱਤਵ ਹੈ। ਇਹ ਸਾਡੇ ਜੀਵਨ ਦਾ ਅਨਿਖੜ ਅੰਗ ਰਹੀਆਂ ਹਨ। ਇਹਨਾਂ ਖੇਡਾਂ ਤੋਂ ਪੰਜਾਬੀ ਸੱਭਿਆਚਾਰ ਦੀ ਝਲਕ ਸਾਫ਼ ਦਿਖਾਈ ਦਿੰਦੀ ਹੈ। ਇਹਨਾਂ ਖੇਡਾਂ ਤੋਂ ਪੰਜਾਬੀਆਂ ਦਾ ਸੁਭਾਅ, ਉਹਨਾਂ ਦਾ ਰਹਿਣ-ਸਹਿਣ ਤੇ ਖਾਣ-ਪੀਣ ਅਤੇ ਉਹਨਾਂ ਦੀਆਂ ਨੈਤਿਕ ਕਦਰਾਂ-ਕੀਮਤਾਂ ਉਜਾਗਰ ਹੁੰਦੀਆਂ ਹਨ। ਇਹ ਬੱਚਿਆਂ ਵਿੱਚ ਸਦਭਾਵਨਾ, ਨੇਕ-ਨੀਅਤੀ ਅਤੇ ਮੁਕਾਬਲੇ ਦੀ ਭਾਵਨਾ ਵਰਗੇ ਨੈਤਿਕ ਗੁਣ ਪੈਦਾ ਕਰਦੀਆਂ ਹਨ। ਪਰ ਪੰਜਾਬ ਦੀਆਂ ਅਨੇਕਾਂ ਲੋਕ-ਖੇਡਾਂ ਸਾਡੇ ਲੋਕ-ਜੀਵਨ ਵਿੱਚੋਂ ਅਲੋਪ ਹੋ ਰਹੀਆਂ ਹਨ। ਹੁਣ ਪਿੰਡਾਂ ਵਿੱਚ ਉਹ ਜੂਹਾਂ ਨਹੀਂ ਰਹੀਆਂ ਜਿੱਥੇ ਖੇਡਾਂ ਦੇ ਪਿੜ ਜੁੜਦੇ ਸਨ। ਹੁਣ ਕਿਸੇ ਕੋਲ ਇਹਨਾਂ ਲੋਕ-ਖੇਡਾਂ ਨੂੰ ਖੇਡਣ ਦੀ ਵਿਹਲ ਵੀ ਨਹੀਂ ਰਹੀ। ਸਾਨੂੰ ਇਹਨਾਂ ਲੋਕ-ਖੇਡਾਂ ਦੇ ਕੇਵਲ ਨਾਂ ਹੀ ਯਾਦ ਰਹਿ ਗਏ ਹਨ। ਪਰ ਇਹ ਲੋਕ-ਖੇਡਾਂ ਸਾਡਾ ਗੌਰਵਮਈ ਵਿਰਸਾ ਹਨ। ਇਸ ਲਈ ਇਹਨਾਂ ਖੇਡਾਂ ਦੀ ਸੰਭਾਲ ਅਤੇ ਇਹਨਾਂ ਨੂੰ ਮੁੜ ਸੁਰਜੀਤ ਕਰਨਾ ਅਤਿਅੰਤ ਜ਼ਰੂਰੀ ਹੈ।