ਪ੍ਰਹਿਲਾਦ ਭਗਤ – ਪ੍ਰਸ਼ਨ – ਉੱਤਰ


ਪ੍ਰਸ਼ਨ . ਹਰਨਾਖਸ਼ ਨੇ ਕਿਹੜਾ ਵਰ ਪ੍ਰਾਪਤ ਕੀਤਾ ਸੀ ਤੇ ਉਸ ਲਈ ਇਹ ਵਰ ਸਰਾਪ ਕਿਵੇਂ ਬਣ ਗਿਆ?

ਉੱਤਰ – ਹਰਨਾਖਸ਼ ਨੇ ਪਰਮਾਤਮਾ ਤੋਂ ਹੇਠ ਲਿਖੇ ਵਰ ਪ੍ਰਾਪਤ ਕੀਤੇ ਸਨ :

ਮੈਂ ਨਾ ਦਿਨ ਨੂੰ ਮਰਾਂ, ਨਾ ਰਾਤ ਨੂੰ ਮਰਾਂ।
ਮੈਂ ਨਾ ਅੰਦਰ ਮਰਾਂ, ਨਾ ਬਾਹਰ ਮਰਾਂ।
ਮੈਂ ਨਾ ਧਰਤੀ ਉੱਤੇ ਮਰਾਂ, ਨਾ ਆਕਾਸ਼ ਤੇ ਮਰਾਂ।
ਮੈਂ ਨਾ ਬਿਮਾਰੀ ਨਾਲ ਮਰਾਂ, ਨਾ ਹਥਿਆਰ ਨਾਲ਼ ਮਰਾਂ।
ਮੈਂ ਨਾ ਮਨੁੱਖ ਤੋਂ ਮਰਾਂ, ਨਾ ਪਸ਼ੂ ਤੋਂ ਮਰਾਂ।

ਇਹ ਵਰ ਪ੍ਰਾਪਤ ਕਰ ਕੇ ਹਰਨਾਖਸ਼ ਹੰਕਾਰੀ ਬਣ ਗਿਆ ਤੇ ਉਹ ਲੋਕਾਂ ਉੱਪਰ ਜ਼ੁਲਮ ਕਰਨ ਲੱਗਾ। ਉਸ ਨੇ ਲੋਕਾਂ ਨੂੰ ਪਰਮਾਤਮਾ ਦੇ ਨਾਂ ਦੀ ਥਾਂ ਆਪਣਾ ਨਾਂ ਜਪਣ ਦਾ ਹੁਕਮ ਦਿੱਤਾ।

ਉਸ ਦੇ ਪੁੱਤਰ ਪ੍ਰਹਿਲਾਦ ਨੇ ਉਸ ਦਾ ਇਹ ਹੁਕਮ ਨਾ ਮੰਨਿਆ ਤੇ ਉਸ ਨੇ ਉਸ ਨੂੰ ਸਮੁੰਦਰ ਵਿੱਚ ਸੁੱਟ ਕੇ , ਪਰਬਤ ਤੋਂ ਸੁਟਾ ਕੇ, ਪਾਗਲ ਹਾਥੀ ਅੱਗੇ ਪਾ ਕੇ, ਅੱਗ ਵਿੱਚ ਸਾੜ ਕੇ, ਤੱਪਦੇ ਥੰਮ੍ਹ ਨੂੰ ਜੱਫੀ ਪੁਆ ਕੇ ਤੇ ਤਲਵਾਰ ਨਾਲ ਮਾਰਨ ਦੇ ਯਤਨ ਕੀਤੇ।

ਅੰਤ ਥੰਮ੍ਹ ਵਿੱਚੋਂ ਨਿਕਲੇ ਨਰ ਸਿੰਘ ਨੇ ਸ਼ਾਮ ਵੇਲੇ ਉਸ ਨੂੰ ਦਹਿਲੀਜ਼ ਵਿਚ ਬਹਿ ਕੇ ਤੇ ਆਪਣੇ ਪੱਟਾਂ ਉੱਪਰ ਰੱਖ ਕੇ ਆਪਣੇ ਨਹੂੰਆ ਨਾਲ ਵਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਿਆਂ ਮਾਰ ਦਿੱਤਾ। ਇਸ ਕਰਕੇ ਇਹ ਵਰ ਹੀ ਹੰਕਾਰ ਪੈਦਾ ਕਰ ਕੇ ਉਸ ਨੂੰ ਮਾਰਨ ਵਾਲਾ ਸ਼ਰਾਪ ਬਣ ਗਿਆ।