ਉੱਤਰ : 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਣਾ ਦੇ ਬਾਅਦ ਵੱਡੀ ਗਿਣਤੀ ਵਿੱਚ ਲੋਕ ਸਿੱਖ ਪੰਥ ਵਿੱਚ ਸ਼ਾਮਲ ਹੋਣ ਲੱਗ ਪਏ ਸਨ। ਗੁਰੂ ਸਾਹਿਬ ਦੀ ਦਿਨ ਪ੍ਰਤੀਦਿਨ ਵੱਧ ਰਹੀ ਇਸ ਸ਼ਕਤੀ ਕਾਰਨ ਪਹਾੜੀ ਰਾਜਿਆਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਸੀ। ਕਹਿਲੂਰ ਦੇ ਰਾਜੇ ਭੀਮ ਚੰਦ ਜਿਸ ਦੀ ਰਿਆਸਤ ਵਿੱਚ ਸ੍ਰੀ ਆਨੰਦਪੁਰ ਸਾਹਿਬ ਸਥਿਤ ਸੀ, ਨੇ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡਣ ਲਈ ਕਿਹਾ। ਗੁਰੂ ਸਾਹਿਬ ਨੇ ਇਸ ਮੰਗ ਨੂੰ ਮੰਨਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਗੁਰੂ ਤੇਗ਼ ਬਹਾਦਰ ਜੀ ਨੇ ਇਹ ਜ਼ਮੀਨ ਉੱਚਿਤ ਮੁੱਲ ਦੇ ਕੇ ਖ਼ਰੀਦੀ ਸੀ।
ਇਸ ਲਈ ਭੀਮ ਚੰਦ ਨੇ ਕੁਝ ਹੋਰ ਪਹਾੜੀ ਰਾਜਿਆਂ ਨਾਲ ਮਿਲ ਕੇ 1701 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ। ਇਹ ਘੇਰਾ ਕਈ ਦਿਨਾਂ ਤਕ ਜਾਰੀ ਰਿਹਾ। ਕਿਲ੍ਹੇ ਅੰਦਰ ਭਾਵੇਂ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਫਿਰ ਵੀ ਉਨ੍ਹਾਂ ਨੇ ਪਹਾੜੀ ਫ਼ੌਜਾਂ ਦਾ ਬੜਾ ਡਟ ਕੇ ਮੁਕਾਬਲਾ ਕੀਤਾ। ਜਦੋਂ ਪਹਾੜੀ ਰਾਜਿਆਂ ਨੂੰ ਸਫਲਤਾ ਮਿਲਣ ਦੀ ਕੋਈ ਆਸ ਨਾ ਰਹੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਸੰਧੀ ਕਰ ਲਈ। ਇਹ ਸੰਧੀ ਕੇਵਲ ਪਹਾੜੀ ਰਾਜਿਆਂ ਦੀ ਇੱਕ ਚਾਲ ਸੀ ਅਤੇ ਉਹ ਮੌਕਾ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ‘ਤੇ ਹੋਰ ਵੱਡਾ ਹਮਲਾ ਕਰਨਾ ਚਾਹੁੰਦੇ ਸਨ।