ਪ੍ਰਸ਼ਨ. ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦੀਆਂ ਕੋਈ ਛੇ ਵਿਸ਼ੇਸ਼ਤਾਵਾਂ ਦੱਸੋ।
ਉੱਤਰ : ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੀਆਂ ਮਹਾਨ ਸ਼ਖ਼ਸੀਅਤ ਵਿਚੋਂ ਇੱਕ ਸਨ। ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਅਣਗਿਣਤ ਗੁਣ ਸਨ। ਜਿਵੇਂ :
1. ਉੱਚਾ ਚਰਿੱਤਰ : ਗੁਰੂ ਗੋਬਿੰਦ ਸਿੰਘ ਜੀ ਬੜੇ ਉੱਚ ਚਰਿੱਤਰ ਦੇ ਮਾਲਕ ਸਨ। ਝੂਠ, ਛਲ, ਕਪਟ ਆਦਿ ਤਾਂ ਉਨ੍ਹਾਂ ਨੂੰ ਛੂਹ ਵੀ ਨਹੀਂ ਸਕੇ ਸਨ। ਯੁੱਧ ਹੋਵੇ ਜਾਂ ਸ਼ਾਂਤੀ ਉਨ੍ਹਾਂ ਨੇ ਕਦੇ ਵੀ ਸੱਚ ਦਾ ਪੱਲਾ ਨਹੀਂ ਛੱਡਿਆ ਸੀ। ਉਹ ਇਸਤਰੀਆਂ ਦਾ ਬਹੁਤ ਸਤਿਕਾਰ ਕਰਦੇ ਸਨ। ਉਹ ਹਰ ਤਰ੍ਹਾਂ ਦੇ ਨਸ਼ਿਆਂ ਦੇ ਵਿਰੁੱਧ ਸਨ। ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਵੀ ਉੱਚ ਨੈਤਿਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ।
2. ਕੁਰਬਾਨੀ ਦੇ ਪੁੰਜ : ਗੁਰੂ ਗੋਬਿੰਦ ਸਿੰਘ ਜੀ ਕੁਰਬਾਨੀ ਦੇ ਮਹਾਨ ਪੁੰਜ ਸਨ। 9 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਜੀ ਨੂੰ ਕੁਰਬਾਨੀ ਦੇਣ ਲਈ ਪ੍ਰੇਰਿਆ। ਉਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦੇ ਸਾਰੇ ਸੁੱਖਾਂ ਨੂੰ ਤਿਆਗ ਦਿੱਤਾ। ਅਨਿਆਂ ਵਿਰੁੱਧ ਲੜਦੇ ਹੋਏ ਗੁਰੂ ਸਾਹਿਬ ਦੇ ਚਾਰੇ ਸਾਹਿਬਜ਼ਾਦੇ, ਮਾਤਾ ਜੀ ਅਤੇ ਅਨੇਕ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਅਜਿਹੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ।
3. ਨਿਡਰ ਤੇ ਬਹਾਦਰ : ਗੁਰੂ ਗੋਬਿੰਦ ਸਿੰਘ ਜੀ ਸ਼ੇਰਾਂ ਵਾਂਗ ਨਿਡਰ ਤੇ ਬਹਾਦਰ ਸਨ। ਭਾਵੇਂ ਗੁਰੂ ਸਾਹਿਬ ਨੂੰ ਅਣਗਿਣਤ ਮੁਸੀਬਤਾਂ ਦਾ ਸਾਹਮਣਾ ਕਰਨ ਪਿਆ ਪਰ ਉਨ੍ਹਾਂ ਨੇ ਕਦੇ ਵੀ ਜ਼ੁਲਮ ਅਤੇ ਜ਼ਬਰ ਨਾਲ ਸਮਝੌਤਾ ਨਹੀਂ ਕੀਤਾ।
4. ਇਕ ਵਿਦਵਾਨ ਦੇ ਰੂਪ ਵਿੱਚ : ਗੁਰੂ ਗੋਬਿੰਦ ਸਿੰਘ ਜੀ ਇੱਕ ਉੱਚ-ਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ। ਉਨ੍ਹਾਂ ਨੂੰ ਅਨੇਕਾਂ ਭਾਸ਼ਾਵਾਂ ਜਿਵੇਂ ਅਰਬੀ, ਫ਼ਾਰਸੀ, ਪੰਜਾਬੀ, ਹਿੰਦੀ, ਸੰਸਕ੍ਰਿਤ ਆਦਿ ਦਾ ਗਿਆਨ ਸੀ। ‘ਜਾਪੁ ਸਾਹਿਬ’, ‘ਬਚਿੱਤਰ ਨਾਟਕ’, ‘ਜ਼ਫ਼ਰਨਾਮਾ’, ‘ਚੰਡੀ ਦੀ ਵਾਰ’ ਅਤੇ ‘ਅਕਾਲ ਉਸਤਤਿ’ ਆਪ ਦੀਆਂ ਸ਼੍ਰੋਮਣੀ ਰਚਨਾਵਾਂ ਹਨ। ਇਹ ਰਚਨਾਵਾਂ ਸਮੁੱਚੀ ਮਨੁੱਖਤਾ ਨੂੰ ਆਜ਼ਾਦੀ, ਆਪਸੀ ਭਾਈਚਾਰੇ, ਪ੍ਰੇਮ, ਸਮਾਜਿਕ ਅਸਮਾਨਤਾ ਨੂੰ ਖ਼ਤਮ ਕਰਨ ਅਤੇ ਜ਼ੁਲਮਾਂ ਦਾ ਡੱਟ ਕੇ ਮੁਕਾਬਲਾ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਗੁਰੂ ਸਾਹਿਬ ਨੂੰ ਸਾਹਿਤ ਨਾਲ ਇੰਨਾ ਪਿਆਰ ਸੀ ਕਿ ਉਨ੍ਹਾਂ ਨੇ ਆਪਣੇ ਦਰਬਾਰ ਵਿਚ 52 ਉੱਚ-ਕੋਟੀ ਦੇ ਕਵੀਆਂ ਨੂੰ ਸਰਪ੍ਰਸਤੀ ਦਿੱਤੀ ਹੋਈ ਸੀ।
5. ਯੋਧਾ ਅਤੇ ਸੈਨਾਪਤੀ ਦੇ ਰੂਪ ਵਿੱਚ : ਗੁਰੂ ਗੋਬਿੰਦ ਸਿੰਘ ਜੀ ਆਪਣੇ ਸਮੇਂ ਦੇ ਇਕ ਮਹਾਨ ਯੋਧਾ ਅਤੇ ਸੈਨਾਪਤੀ ਸਨ। ਉਹ ਘੋੜਸਵਾਰੀ, ਤੀਰ-ਅੰਦਾਜ਼ੀ ਅਤੇ ਸ਼ਸਤਰ ਚਲਾਉਣ ਵਿੱਚ ਬਹੁਤ ਨਿਪੁੰਨ ਸਨ। ਉਹ ਹਰ ਲੜਾਈ ਵਿੱਚ ਆਪ ਆਪਣੇ ਸੈਨਿਕਾਂ ਦੀ ਅਗਵਾਈ ਕਰਦੇ ਸਨ। ਗੁਰੂ ਜੀ ਨੇ ਲੜਾਈ ਵਿੱਚ ਵੀ ਹਮੇਸ਼ਾਂ ਨੈਤਿਕ ਸਿਧਾਂਤਾਂ ਦੀ ਪਾਲਣਾ ਕੀਤੀ। ਉਨ੍ਹਾਂ ਨੇ ਕਦੇ ਵੀ ਰਣਭੂਮੀ ਵਿੱਚੋਂ ਭੱਜੇ ਜਾ ਰਹੇ ਜਾਂ ਬੇ-ਹਥਿਆਰਿਆਂ ਉੱਤੇ ਵਾਰ ਨਹੀਂ ਕੀਤੇ। ਉਨ੍ਹਾਂ ਦੇ ਅਤੇ ਦੁਸ਼ਮਣਾਂ ਦੇ ਸਾਧਨਾਂ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਸੀ ਫਿਰ ਵੀ ਗੁਰੂ ਸਾਹਿਬ ਨੇ ਉਨ੍ਹਾਂ ਵਿਰੁੱਧ ਬੜੀ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ।
6. ਧਾਰਮਿਕ ਨੇਤਾ ਦੇ ਰੂਪ ਵਿੱਚ : ਨਿਰਸੰਦੇਹ, ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਧਾਰਮਿਕ ਨੇਤਾ ਸਨ। ਗੁਰੂ ਸਾਹਿਬ ਨੇ ਆਪਣੇ ਜੀਵਨ ਦਾ ਜ਼ਿਆਦਾਤਰ ਸਮਾਂ ਲੜਾਈਆਂ ਵਿੱਚ ਬਤੀਤ ਕੀਤਾ ਪਰ ਇਨ੍ਹਾਂ ਲੜਾਈਆਂ ਦਾ ਉਦੇਸ਼ ਧਰਮ ਦੀ ਰੱਖਿਆ ਕਰਨਾ ਸੀ। ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਧਾਰਮਿਕ ਉਦੇਸ਼ਾਂ ਕਰਕੇ ਹੀ ਕੀਤੀ ਸੀ। ਗੁਰੂ ਸਾਹਿਬ ਨੇ ਖ਼ਾਲਸੇ ਨੂੰ ਇਹ ਆਦੇਸ਼ ਦਿੱਤਾ ਸੀ ਕਿ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਨ ਦੇ ਬਾਅਦ ਗੁਰਬਾਣੀ ਦਾ ਪਾਠ ਕਰੇ। ਉਹ ਇੱਕ ਪਰਮਾਤਮਾ ਦੀ ਪੂਜਾ ਕਰਨ ਅਤੇ ਪਵਿੱਤਰ ਜੀਵਨ ਬਤੀਤ ਕਰਨ।