EducationKidsNCERT class 10thPunjab School Education Board(PSEB)

ਪ੍ਰਸ਼ਨ 1 . ਅੰਗ – ਸੰਗ ਕਹਾਣੀ ਦਾ ਸਾਰ 150 ਸ਼ਬਦਾਂ ਵਿੱਚ ਲਿਖੋ।

ਉੱਤਰ – ਕਰਤਾਰ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਅਮਰੀਕ ਯਾਦ ਕਰਦਾ ਹੈ ਕਿ ਕੁੱਝ ਦਿਨ ਪਹਿਲਾਂ ਹੀ ਉਸ ਦਾ ਭਰਾ ਉਸਨੂੰ ਲੈਣ ਗਿਆ ਸੀ, ਕਿਉਂਕਿ ਉਹਨਾਂ ਦਾ ਪਿਉ ਬੀਮਾਰ ਸੀ। ਦੂਜੇ ਦਿਨ ਹੀ ਉਸ ਦੇ ਪਿਉ ਦੀ ਮੌਤ ਹੋ ਗਈ। ਅਮਰੀਕ ਇੱਕ ਸਰਕਾਰੀ ਮੁਲਾਜ਼ਮ ਸੀ।

ਕਰਤਾਰ ਸਿੰਘ ਦੀ ਮੌਤ ਤੋਂ ਬਾਅਦ ਸਾਰੀ ਜਿੰਮੇਵਾਰੀ ਅਮਰੀਕ ‘ਤੇ ਆ ਗਈ। ਉਹ ਲੋਕ ਜਿੰਨ੍ਹਾਂ ਤੋਂ ਕਰਤਾਰ ਸਿੰਘ ਨੇ ਕਰਜ਼ਾ ਲਿਆ ਹੋਇਆ ਸੀ, ਸਾਰੇ ਅਮਰੀਕ ਕੋਲ ਆਉਣ ਲੱਗੇ।

ਅਮਰੀਕ ਦੀਆਂ ਦੋ ਭੈਣਾਂ ਵਿਆਈਆਂ ਹੋਈਆਂ ਸਨ ਅਤੇ ਇੱਕ ਛੋਟਾ ਭਰਾ ਮਹਿੰਦਰ ਸੀ ਜੋ ਕਿ ਆਰਾਮ ਪਸੰਦ ਸੀ ਅਤੇ ਇੱਕ ਛੋਟੀ ਭੈਣ ਸੀ ਜੋ ਸੱਤਵੀਂ ‘ਚ ਪੜ੍ਹਦੀ ਸੀ। ਅਮਰੀਕ ਨੂੰ ਯਾਦ ਆ ਰਿਹਾ ਸੀ ਕਿ ਜਦੋਂ ਉਹ ਛੋਟਾ ਸੀ ਤਾਂ ਆਪਣੇ ਪਿਉ ਨੂੰ ਬਹੁਤ ਪਿਆਰ ਕਰਦਾ ਸੀ।

ਉਸ ਦਾ ਪਿਉ ਬੜਾ ਐਬੀ ਸੀ। ਉਹ ਬੜੀ ਸ਼ਰਾਬ ਪੀਂਦਾ ਸੀ। ਉਹ ਆਪਣੇ ਪਿਉ, ਜੋ ਕਿ ਸਿੰਗਾਪੁਰ ਵਿੱਚ ਸੀ, ਦੇ ਪੈਸਿਆਂ ‘ਤੇ ਐਸ਼ ਕਰਦਾ ਸੀ। ਉਸਦੇ ਮਰਨ ਤੋਂ ਬਾਅਦ, ਉਸਦੇ ਪਿਉ ਨੂੰ ਥੋੜ੍ਹੀ ਔਖ ਹੋਈ, ਪਰ ਕੰਮ ਉਸਨੇ ਫਿਰ ਵੀ ਕੋਈ ਨਹੀਂ ਕੀਤਾ। ਨਸ਼ੇ ਕਰਨ ਦੀ ਆਦਤ ਉਸ ਦੀ ਹੋਰ ਜ਼ੋਰ ਫੜਦੀ ਗਈ।

ਅਮਰੀਕ ਨੂੰ ਯਾਦ ਆਇਆ ਕਿ ਉਸ ਦੀ ਭੂਆ ਦੀਆਂ ਕੁੜੀਆਂ ਦੇ ਵਿਆਹ ਤੇ ਉਸ ਦਾ ਪਿਉ ਬਣ ਠਣ ਕੇ ਜਾਣਾ ਚਾਹੁੰਦਾ ਸੀ। ਪੈਸੇ ਨਾ ਹੋਣ ‘ਤੇ ਉਸਨੇ ਆਪਣੀ ਦੋ ਕਿੱਲੇ ਜਮੀਨ ਗਹਿਣੇ ਧਰ ਦਿੱਤੀ।

ਅਮਰੀਕ ਦੇ ਛੋਟੇ ਭਰਾ ਮਹਿੰਦਰ ਨੂੰ ਤਕੜਾ ਹੋ ਕੇ ਕੰਮ ਕਰਨ ਲਈ ਕਿਹਾ ਤਾਂ ਪਤਾ ਲੱਗਾ ਕਿ ਉਸ ਦੇ ਪਿਉ ਨੇ ਪੌਣਾ ਕਿੱਲਾ ਜ਼ਮੀਨ ਅਮਰੀਕ ਦੀ ਭੈਣ ਦੀ ਸੱਸ ਦੇ ਇਕੱਠ ਤੇ ਗਹਿਣੇ ਪਾ ਦਿੱਤਾ ਸੀ। ਅਮਰੀਕ ਨੂੰ ਬਹੁਤ ਗੁੱਸਾ ਆਇਆ ਕਿ ਉਸ ਦੀ ਮਾਂ ਨੇ ਉਸ ਕੋਲੋਂ ਕਰਜ਼ਿਆਂ ਅਤੇ ਪਿਉ ਦੇ ਨਸ਼ਿਆਂ ਦੀ ਗੱਲ ਲੁਕੋਈ।

ਉਹ ਕਹਿੰਦਾ ਹੈ ਕਿ ਜੇ ਉਸ ਦਾ ਪਿਉ ਜਿੰਦਾ ਹੁੰਦਾ ਤਾਂ ਜਿਹੜੀ ਦੋ ਕਿੱਲੇ ਜ਼ਮੀਨ ਬਚਦੀ ਸੀ, ਉਹ ਵੀ ਗਹਿਣੇ ਪੈ ਜਾਂਦੀ।

ਇੰਞ ਜਾਪਦਾ ਸੀ ਕਿ ਜਿਵੇਂ ਹੁਣ ਉਹ ਸਾਰੇ ‘ਘਰ ਦੇ ਸਾਈਂ’ ਦੇ ਵੇਲ੍ਹੇ ਸਿਰ ਤੁਰ ਜਾਣ ‘ਤੇ ਸੁਰਖਰੂ ਹੋਏ ਮਹਿਸੂਸ ਕਰ ਰਹੇ ਸਨ।