ਪੈਰਾ ਰਚਨਾ : ਸਵਾਣੀਆਂ ਦੀ ਕਲਾ


ਇੱਕ ਸਵਾਣੀ ਸਵੇਰ ਤੋਂ ਸ਼ਾਮ ਤੱਕ ਅਨੇਕਾਂ ਕੰਮ ਕਰਦੀ ਹੈ। ਉਂਝ ਤਾਂ ਉਸ ਦੇ ਇਹ ਕੰਮ ਭਾਵੇਂ ਸਧਾਰਨ ਹੀ ਲੱਗਦੇ ਹਨ ਪਰ ਜੇਕਰ ਧਿਆਨ ਨਾਲ ਦੇਖੀਏ ਤਾਂ ਉਸ ਦੇ ਇਹਨਾਂ ਕੰਮਾਂ ਵਿੱਚ ਵੀ ਉਸ ਦੀ ਕਲਾ ਝਲਕਦੀ ਹੈ। ਇੱਕ ਬੱਚੇ ਨੂੰ ਸ਼ਿੰਗਾਰਨ, ਘਰ ਦੀ ਸਫ਼ਾਈ, ਸਾਂਭ-ਸੰਭਾਲ, ਕਢਾਈ, ਸ਼ਿੰਗਾਰ, ਗਾਉਣ, ਨੱਚਣ ਅਤੇ ਇੱਥੋਂ ਤੱਕ ਕਿ ਸਵਾਣੀਆਂ ਵੱਲੋਂ ਇੱਕ ਦੂਜੇ ਨੂੰ ਮਿਹਣੇ ਦੇਣ ਅਥਵਾ ਉਹਨਾਂ ਦੀ ਲੜਾਈ ਵਿੱਚ ਵੀ ਖ਼ਾਸ ਕਿਸਮ ਦੀ ਕਲਾ ਝਲਕਦੀ ਹੈ। ਜੇਕਰ ਇਸ ਲੜਾਈ ਨੂੰ ਕਿਸੇ ਨਾਟਕ ਆਦਿ ਵਿੱਚ ਪੇਸ਼ ਕਰਨਾ ਹੋਵੇ ਤਾਂ ਇਸ ਦੀਆਂ ਕਈ ਰੀਹਰਸਲਾਂ ਕਰਨੀਆਂ ਪੈਣ ਅਤੇ ਫਿਰ ਵੀ ਸ਼ਾਇਦ ਪੂਰੀ ਨਕਲ ਨਾ ਉਤਾਰੀ ਜਾ ਸਕੇ। ਵਿਆਹ ਆਦਿ ਖ਼ੁਸ਼ੀ ਦੇ ਮੌਕਿਆਂ ‘ਤੇ ਗੀਤ ਗਾਉਣ ਜਾਂ ਨੱਚਣ ਦੀ ਕਲਾ ਸਵਾਣੀਆਂ ਨੂੰ ਕਿਸੇ ਨੇ ਸਿਖਾਈ ਨਹੀਂ ਹੁੰਦੀ। ਪਰ ਖ਼ੁਸ਼ੀ ਦੇ ਮੌਕਿਆਂ ‘ਤੇ ਉਹ ਜੋ ਗੀਤ ਗਾਉਂਦੀਆਂ ਜਾਂ ਗਿੱਧਾ ਪਾਉਂਦੀਆਂ ਹਨ ਉਹ ਉਹਨਾਂ ਦੀ ਕਲਾ ਦੇ ਪ੍ਰਤੱਖ ਪ੍ਰਮਾਣ ਹਨ। ਸਵਾਣੀਆਂ ਵੱਲੋਂ ਕੀਤੀ ਜਾਂਦੀ ਕਢਾਈ ਅਤੇ ਬੁਣਾਈ ਦੀ ਕਲਾ ਦੇ ਵੀ ਅਨੇਕਾਂ ਨਮੂਨੇ ਮਿਲਦੇ ਹਨ। ਫੁਲਕਾਰੀ ਦੀ ਕਢਾਈ ਤਾਂ ਵਰਣਨਯੋਗ ਉਦਾਹਰਨ ਹੈ। ਉਹਨਾਂ ਵੱਲੋਂ ਕੀਤੀ ਜਾਂਦੀ ਦਰੀਆਂ ਆਦਿ ਦੀ ਬੁਣਾਈ ਤੋਂ ਬਿਨਾਂ ਚਾਦਰਾਂ ਆਦਿ ਦੀ ਕਢਾਈ ਨੂੰ ਦੇਖ ਕੇ ਵੀ ਕਈ ਵਾਰ ਤਾਂ ਹੈਰਾਨ ਰਹਿ ਜਾਈਦਾ ਹੈ। ਕੁਝ ਸਮਾਂ ਪਹਿਲਾਂ ਸਵਾਣੀਆਂ ਆਪਣੇ ਕੱਚੇ ਘਰਾਂ ਨੂੰ ਲਿੰਬ-ਪੋਚ ਕੇ ਜੋ ਵੇਲ-ਬੂਟੇ ਬਣਾਉਂਦੀਆਂ ਸਨ ਉਹ ਵੀ ਉਹਨਾਂ ਦੀ ਕਲਾ ਦੇ ਬੜੇ ਸੁੰਦਰ ਨਮੂਨੇ ਹੁੰਦੇ ਸਨ। ਭਾਵੇਂ ਇਹ ਸਭ ਕੁਝ ਹੁਣ ਅਲੋਪ ਹੁੰਦਾ ਜਾ ਰਿਹਾ ਹੈ ਪਰ ਫਿਰ ਵੀ ਇਹ ਸਾਡਾ ਵਿਰਸਾ ਹੈ। ਨਿਰਸੰਦੇਹ ਅਨੇਕਾਂ ਖੇਤਰਾਂ ਵਿੱਚ ਸਵਾਣੀਆਂ ਨੇ ਆਪਣੀ ਕਲਾ ਦੇ ਕਮਾਲ ਦਿਖਾਏ ਹਨ।


ਸਵਾਣੀਆਂ ਦੀ ਕਲਾ