ਪੈਰਾ ਰਚਨਾ : ਲਾਇਬਰੇਰੀ/ਲਾਇਬ੍ਰੇਰੀ ਦੀ ਵਰਤੋਂ
ਲਾਇਬਰੇਰੀ/ਲਾਇਬ੍ਰੇਰੀ ਦੀ ਵਰਤੋਂ
ਗੁਰਬਾਣੀ ਦਾ ਕਥਨ ਹੈ : ‘ਵਿੱਦਿਆ ਵੀਚਾਰੀ ਤਾ ਪਰਉਪਕਾਰੀ’। ਵਿੱਦਿਆ ਪ੍ਰਾਪਤੀ ਦੇ ਕਈ ਸੋਮੇ ਹਨ; ਜਿਵੇਂ : ਸਕੂਲ, ਕਾਲਜ, ਸਮਾਜ, ਰੇਡੀਓ, ਟੈਲੀਵਿਜ਼ਨ, ਕੰਪਿਊਟਰ, ਇੰਟਰਨੈੱਟ, ਲਾਇਬਰੇਰੀ ਆਦਿ। ਲਾਇਬਰੇਰੀ ਇੱਕ ਅਜਿਹਾ ਸੋਮਾ ਹੈ ਜਿਸ ਦੀ ਵਰਤੋਂ ਹਰ ਵਿਦਵਾਨ, ਖੋਜੀ, ਅਧਿਆਪਕ ਅਤੇ ਵਿਦਿਆਰਥੀ ਨੂੰ ਕਰਨੀ ਚਾਹੀਦੀ ਹੈ। ਗਿਆਨ ਦੇ ਅਭਿਲਾਸ਼ੀਆਂ, ਜਿਗਿਆਸੂਆਂ ਅਤੇ ਵਿਦਿਆਰਥੀਆਂ ਲਈ ਲਾਇਬਰੇਰੀ ਤੋਂ ਵੱਧ ਹੋਰ ਲਾਭਦਾਇਕ ਥਾਂ ਕਿਹੜੀ ਹੋ ਸਕਦੀ ਹੈ! ਦੁਨੀਆ ਦੇ ਵੱਡੇ-ਵੱਡੇ ਵਿਦਵਾਨ, ਜਿਨ੍ਹਾਂ ਦੇ ਵਿਚਾਰਾਂ ਨੇ ਦੁਨੀਆ ਦੀ ਨੁਹਾਰ ਬਦਲ ਦਿੱਤੀ ਹੈ, ਪਤਾ ਨਹੀਂ ਕਿੰਨੇ-ਕਿੰਨੇ ਘੰਟੇ ਹਰ ਰੋਜ਼ ਲਾਇਬਰੇਰੀ ਵਿੱਚ ਗੁਜ਼ਾਰਦੇ ਰਹੇ। ਲਾਇਬਰੇਰੀਆਂ ਮੱਧ-ਕਾਲ ਵਿੱਚ ਵੀ ਹੁੰਦੀਆਂ ਸਨ। ਕਹਿੰਦੇ ਹਨ ਕਿ ਮੁਗ਼ਲ ਬਾਦਸ਼ਾਹ ਹਿਮਾਯੂੰ ਦੀ ਮੌਤ ਲਾਇਬਰੇਰੀ ਦੀਆਂ ਪੌੜੀਆਂ ‘ਚੋਂ ਡਿੱਗ ਕੇ ਹੋਈ ਸੀ। ਮਗਰੋਂ ਵੀ ਬਾਦਸ਼ਾਹਾਂ ਅਤੇ ਕਈ ਵਿਦਵਾਨਾਂ ਨੇ ਆਪੋ- ਆਪਣੀਆਂ ਲਾਇਬਰੇਰੀਆਂ ਬਣਾਈਆਂ ਹੋਈਆਂ ਸਨ। ਹੁਣ ਸਹੂਲਤਾਂ ਵਧ ਗਈਆਂ ਹਨ। ਲਾਇਬਰੇਰੀ ਨਿੱਜੀ ਸੰਪਤੀ ਅਤੇ ਸਾਧਨ ਨਾ ਰਹਿ ਕੇ ਲੋਕਾਈ ਦਾ ਸਾਂਝਾ ਸਾਧਨ ਬਣ ਗਈ ਹੈ। ਇੱਥੇ ਦਿਲ-ਖਿੱਚਵੀਆਂ ਜਿਲਦਾਂ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਬੇਸ਼ੁਮਾਰ ਕਿਤਾਬਾਂ ਇੱਕ ਥਾਂ ਹੀ ਮਿਲ ਜਾਂਦੀਆਂ ਹਨ। ਤੁਸੀਂ ਭਾਵੇਂ ਸਾਹਿਤ ਦੇ ਵਿਦਿਆਰਥੀ ਹੋ, ਗਣਿਤ ਦੇ, ਵਿਗਿਆਨ ਦੇ, ਇੰਜੀਨੀਅਰਿੰਗ ਦੇ, ਤਕਨਾਲੋਜੀ ਦੇ, ਡਾਕਟਰੀ ਦੇ ਜਾਂ ਹੋਰ ਕਿਸੇ ਅਜਿਹੇ ਵਿਸ਼ੇ ਦੇ, ਤੁਹਾਡੀ ਲੋੜ ਅਨੁਸਾਰ ਲਾਇਬਰੇਰੀਆਂ ਅਤੇ ਲਾਇਬਰੇਰੀਆਂ ਦੇ ਭਾਗ ਬਣੇ ਹੋਏ ਹਨ। ਇੱਥੇ ਸ਼ਾਂਤ ਮਾਹੌਲ ਹੁੰਦਾ ਹੈ। ਦੂਜੇ ਪੜ੍ਹਨ ਵਾਲਿਆਂ ਦੀ ਸੰਗਤ ਵਿੱਚ ਸਾਡਾ ਆਪਣਾ ਮਨ ਮੱਲ-ਮੱਲੀ ਪੜ੍ਹਨ ਨੂੰ ਕਰਦਾ ਹੈ। ਗਿਆਨ ਦਾ ਵਿਸ਼ਾਲ ਸਮੁੰਦਰ ਸਾਡੇ ਕੋਲ ਹੁੰਦਾ ਹੈ। ਇਹ ਤਾਂ ਸਾਡੀ ਹਿੰਮਤ ਹੈ ਕਿ ਅਸੀਂ ਉਸ ਵਿੱਚੋਂ ਕਿੰਨਾ ਕੁਝ ਪ੍ਰਾਪਤ ਕਰਦੇ ਹਾਂ। ਇੱਥੇ ਬੈਠਿਆਂ ਅਸੀਂ ਕਿਸੇ ਵੱਖਰੀ ਦੁਨੀਆ ਵਿੱਚ ਬੈਠੇ ਮਹਿਸੂਸ ਕਰਦੇ ਹਾਂ। ਗਿਆਨ ਦਾ ਵਿਸ਼ਾਲ ਸਮੁੰਦਰ ਤੱਕ ਕੇ ਸਾਡੇ ਅੰਦਰ ਨਿਮਰਤਾ ਦੇ ਭਾਵ ਜਾਗਦੇ ਹਨ, ਗਿਆਨ ਦੀ ਭੁੱਖ ਹੋਰ ਤੇਜ਼ ਹੁੰਦੀ ਹੈ ਅਤੇ ਗਿਆਨ ਦੇ ਡੂੰਘੇ ਸਾਗਰਾਂ ਵਿੱਚ ਚੁੱਭੀ ਮਾਰਨ ਨੂੰ ਦਿਲ ਕਰਦਾ ਹੈ, ਪਰ ਲੋੜ ਹੈ ਲਾਇਬਰੇਰੀ ਦੀ ਅਤੇ ਲਾਇਬਰੇਰੀ ਦੀ ਯੋਗ ਵਰਤੋਂ ਕਰਨ ਦੀ।