ਪੈਰਾ ਰਚਨਾ : ਰੰਗਾਂ ਦਾ ਤਿਉਹਾਰ ਹੋਲੀ
ਹੋਲੀ ਰੰਗਾਂ ਦਾ ਤਿਉਹਾਰ ਹੈ, ਜੋ ਸਾਡਾ ਜੀਵਨ ਰੰਗੀਨ ਬਣਾਉਂਦੇ ਹਨ। ਬੱਚੇ, ਜੁਆਨ ਤੇ ਬਜ਼ੁਰਗ ਇਸ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਬੱਚੇ ਪਿਚਕਾਰੀਆਂ, ਗੁਬਾਰੇ ਤੇ ਲਿਫ਼ਾਫ਼ਿਆਂ ਵਿੱਚ ਰੰਗ ਭਰ ਕੇ ਪਾਣੀ ਵਾਲੀ ਹੋਲੀ ਖੇਡਦੇ ਹਨ। ਲੋਕ ਆਪਣੇ ਦੋਸਤਾਂ, ਗੁਆਂਢੀਆਂ ਤੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਗੁਲਾਲ ਲਗਾ ਕੇ ਹੋਲੀ ਮਨਾਉਂਦੇ ਹਨ। ਇਸ ਦਾ ਸੰਬੰਧ ਹੰਕਾਰੀ ਰਾਜੇ ਹਰਨਾਕਸ਼ ਤੇ ਪ੍ਰਹਲਾਦ ਭਗਤ ਨਾਲ ਜੁੜਿਆ ਹੈ। ਸੱਚਾਈ ਦੀ ਰਾਹ ਤੇ ਚੱਲਣ ਵਾਲਾ ਪ੍ਰਹਲਾਦ ਅੱਗ ਤੋਂ ਵੀ ਬਚ ਗਿਆ ਤੇ ਅੱਗ ਵਿੱਚ ਨਾ ਸੜਨ ਵਾਲੀ ਹੋਲਿਕਾ ਸੜ ਗਈ ਸੀ। ‘ਗੁਜੀਆ’ ਇਸ ਮੌਕੇ ਦੀ ਖ਼ਾਸ ਖ਼ੁਰਾਕ ਹੈ। ਮਥੁਰਾ, ਜੋ ਕਿ ਕ੍ਰਿਸ਼ਨ ਮਹਾਰਾਜ ਜੀ ਦੀ ਭੂਮੀ ਹੈ, ਵਿਖੇ ਦੇਸ਼-ਵਿਦੇਸ਼ ਤੋਂ ਲੋਕ ਹੋਲੀ ਖੇਡਣ ਆਉਂਦੇ ਹਨ। ਇੱਥੇ ਰੰਗਾਂ ਤੇ ਫੁੱਲਾਂ ਨਾਲ ਹੋਲੀ ਖੇਡੀ ਜਾਂਦੀ ਹੈ। ਬਰਸਾਨੇ ਦੀ ‘ਲੱਠਮਾਰ ਹੋਲੀ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੈ। ਇਸ ਵਿੱਚ ਔਰਤਾਂ ਮਰਦਾਂ ਉੱਪਰ ਲਾਠੀਆਂ ਮਾਰਦੀਆਂ ਹਨ ਤੇ ਮਰਦ ਰੱਖਿਆ ਲਈ ਢਾਲ ਦੀ ਵਰਤੋਂ ਕਰਦੇ ਹਨ। ਬਿੰਦਾਬਨ ਵਿਖੇ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਦੇ ਸਵਾਂਗ ਬਣਾਏ ਜਾਂਦੇ ਹਨ। ਮਥੁਰਾ ਤੋਂ ਇਲਾਵਾ ਦੇਸ਼ ਭਰ ਦੇ ਸ਼ਹਿਰਾਂ ਵਿੱਚ ਹੋਲੀ ਦੇ ਮੇਲੇ ਲੱਗਦੇ ਹਨ। ਸਮੇਂ ਦੇ ਨਾਲ-ਨਾਲ ਤਿਉਹਾਰਾਂ ਦਾ ਸਰੂਪ ਵੀ ਬਦਲ ਰਿਹਾ ਹੈ। ਪਹਿਲਾਂ ਲੋਕ ਰੰਗ-ਬਿਰੰਗੇ ਫੁੱਲਾਂ ਨਾਲ ਹੋਲੀ ਖੇਡਦੇ ਸਨ। ਅੱਜ ਉਹਨਾਂ ਦੀ ਥਾਂ ਰਸਾਇਣਿਕ ਪਦਾਰਥਾਂ ਨਾਲ ਬਣੇ ਰੰਗਾਂ ਨੇ ਲੈ ਲਈ ਹੈ। ਕਈ ਸ਼ਰਾਰਤੀ ਲੋਕ ਇਸ ਦਿਨ ਗੰਦੇ ਪਾਣੀ ਤੇ ਆਂਡਿਆਂ ਦੀ ਵਰਤੋਂ ਵੀ ਕਰਦੇ ਹਨ, ਜਿਸ ਕਾਰਨ ਲੜਾਈ-ਝਗੜੇ ਹੁੰਦੇ ਹਨ। ਤਿਉਹਾਰ ਕੌਮੀ ਏਕਤਾ ਦੇ ਪ੍ਰਤੀਕ ਹੁੰਦੇ ਹਨ। ਇਸ ਲਈ ਤਿਉਹਾਰਾਂ ਦੀ ਪਵਿੱਤਰਤਾ ਤੇ ਭਾਈਚਾਰਕ ਸਾਂਝ ਬਣਾਈ ਰੱਖਣੀ ਬਹੁਤ ਜ਼ਰੂਰੀ ਹੈ।