ਪੈਰਾ ਰਚਨਾ : ਮੇਲਿਆਂ ਦਾ ਬਦਲਦਾ ਸਰੂਪ
ਮੇਲੇ ਅਤੇ ਤਿਉਹਾਰ ਕਿਸੇ ਵੀ ਸੱਭਿਆਚਾਰ ਦਾ ਮਹੱਤਵਪੂਰਨ ਅੰਗ ਹਨ। ਪੰਜਾਬ ਵਿੱਚ ਵੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਈ ਤਰ੍ਹਾਂ ਦੇ ਮੇਲੇ ਲੱਗਦੇ ਹਨ। ਅੰਮ੍ਰਿਤਸਰ ਦੀ ਦਿਵਾਲੀ, ਅਨੰਦਪੁਰ ਸਾਹਿਬ ਦੀ ਵਿਸਾਖੀ, ਮੁਕਤਸਰ ਦੀ ਮਾਘੀ ਅਤੇ ਜਲੰਧਰ ਦਾ ਬਾਬਾ ਸੋਢਲ ਦਾ ਮੇਲਾ ਬਹੁਤ ਪ੍ਰਸਿੱਧ ਹਨ। ਪੰਜਾਬ ਵਿੱਚ ਮੇਲਿਆਂ ਦਾ ਚਾਅ ਅਜਿਹਾ ਹੁੰਦਾ ਸੀ ਕਿ ਲੋਕ ਮੇਲੇ ਦੀ ਉਡੀਕ ਵਿੱਚ ਪਹਿਲਾਂ ਹੀ ਤਿਆਰੀ ਕਰਨ ਲੱਗ ਜਾਂਦੇ ਸਨ। ਨਵੇਂ-ਨਵੇਂ ਕੱਪੜੇ ਸਵਾਏ ਜਾਂਦੇ ਸਨ, ਨਵੀਆਂ ਜੁੱਤੀਆਂ ਖ਼ਰੀਦੀਆਂ ਜਾਂਦੀਆਂ ਸਨ, ਰੰਗ-ਬਰੰਗੀਆਂ ਪੱਗਾਂ ਰੰਗਾਈਆਂ ਜਾਂਦੀਆਂ ਸਨ ਅਤੇ ਘੋਲਾਂ ਦੀਆਂ ਤਿਆਰੀਆਂ ਵਿੱਚ ਚੰਗੀ ਮਿਹਨਤ ਕੀਤੀ ਜਾਂਦੀ ਸੀ । ਮੇਲੇ ਵਿੱਚ ਦਮਾਮੇ ਮਾਰਦੇ ਗੱਭਰੂ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਸਨ। ਪਰ ਹੁਣ ਨਾ ਹੀ ਪਿੰਡਾਂ ਵਿੱਚ ਹੋਣ ਵਾਲੇ ਮੇਲਿਆਂ ਵਿੱਚ ਲੋਕ ਭੰਗੜਾ ਪਾਉਂਦੇ ਹੋਏ ਆਪ-ਮੁਹਾਰੇ ਨੱਚਦੇ ਹਨ, ਨਾ ਹੀ ਉਹੋ ਜਿਹੇ ਚਾਅ ਅਤੇ ਤਿਆਰੀ ਨਾਲ ਲੋਕੀ ਮੇਲਿਆਂ ਵਿੱਚ ਜਾਂਦੇ ਹਨ। ਸਮੇਂ ਦੇ ਨਾਲ ਸਭ ਕੁਝ ਬਦਲ ਗਿਆ ਹੈ। ਪੁਰਾਣੇ ਸਮੇਂ ਵਿੱਚ ਮੇਲੇ, ਤਮਾਸ਼ੇ ਆਦਿ ਹੀ ਲੋਕਾਂ ਦੇ ਮਨੋਰੰਜਨ ਦਾ ਸਾਧਨ ਹੁੰਦੇ ਸਨ ਪਰ ਹੁਣ ਮਨੋਰੰਜਨ ਦੇ ਕਈ ਹੋਰ ਸਾਧਨ ਪੈਦਾ ਹੋ ਗਏ ਹਨ। ਮੇਲੇ ਅੱਜ ਵੀ ਲੱਗਦੇ ਹਨ ਪਰ ਇਹਨਾਂ ਦਾ ਸਰੂਪ ਬਦਲ ਗਿਆ ਹੈ। ਹੁਣ ਪੁਸਤਕ-ਮੇਲਾ ਖੇਡ-ਮੇਲਾ, ਕਿਸਾਨ-ਮੇਲਾ, ਪਸ਼ੂ-ਮੇਲਾ, ਨਾਟਕ-ਮੇਲਾ ਆਦਿ ਨਾਂਵਾਂ ਨਾਲ ਪ੍ਰਦਰਸ਼ਨੀਆਂ ਲੱਗਦੀਆਂ ਹਨ। ਇਹਨਾਂ ਮੇਲਿਆਂ ਵਿੱਚ ਲੋਕ ਬੜੀ ਸੰਜੀਦਗੀ ਅਤੇ ਨੇਮ ਨਾਲ ਜਾਂਦੇ ਹਨ। ਇਹ ਮੇਲੇ ਮਨੋਰੰਜਨ ਨਾਲੋਂ ਜ਼ਿਆਦਾ ਲੋਕਾਂ ਵਿੱਚ ਲਾਭਦਾਇਕ ਜਾਣਕਾਰੀ ਵੰਡਦੇ ਹਨ। ਹੁਣ ਮੇਲਿਆਂ ਨੂੰ ਵਪਾਰ ਵਧਾਉਣ ਲਈ, ਕਿਸੇ ਮੁਹਿੰਮ ਦੇ ਪ੍ਰਚਾਰ ਲਈ, ਕਿਸੇ ਵਿਕਾਸ ਤੋਂ ਜਨਤਾ ਨੂੰ ਜਾਣੂ ਕਰਵਾਉਣ ਲਈ ਲਾਇਆ ਜਾਂਦਾ ਹੈ। ਇਹਨਾਂ ਮੇਲਿਆਂ ਦਾ ਆਪਣੀ ਹੀ ਕਿਸਮ ਦਾ ਲਾਭ ਹੈ। ਇਸ ਤਰ੍ਹਾਂ ਸਾਡੇ ਮੇਲਿਆਂ ਦਾ ਸਰੂਪ ਬਦਲ ਰਿਹਾ ਹੈ।