ਪੈਰਾ ਰਚਨਾ : ਪਾਣੀ ਦੀ ਮਹਾਨਤਾ ਤੇ ਸੰਭਾਲ


ਪਾਣੀ ਦੀ ਮਹਾਨਤਾ ਤੇ ਸੰਭਾਲ


ਪਾਣੀ ਸਾਡੇ ਜੀਵਨ ਦਾ ਅਧਾਰ ਹੈ। ਇਹ ਇੱਕ ਅਜਿਹਾ ਵਡਮੁੱਲਾ ਕੁਦਰਤੀ ਸਾਧਨ ਹੈ, ਜਿਸ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮਨੁੱਖ, ਬਨਸਪਤੀ ਅਤੇ ਜੀਵ, ਹਰ ਕੋਈ ਪਾਣੀ ਦੀ ਵਰਤੋਂ ਕਰਦੇ ਹਨ, ਪ੍ਰੰਤੂ ਸਭ ਤੋਂ ਵੱਧ ਵਰਤੋਂ ਮਨੁੱਖ ਕਰਦਾ ਹੈ, ਜਿਵੇਂ ਘਰੇਲੂ ਵਰਤੋਂ, ਖੇਤੀਬਾੜੀ, ਉਦਯੋਗ ਅਤੇ ਫੁੱਟਕਲ ਵਰਤੋਂ, ਜਿਵੇਂ ਸਵਿਮਿੰਗ ਪੂਲ, ਮੋਟਰ ਗੱਡੀਆਂ ਧੋਣਾ, ਕੂਲਰ, ਟੈਂਟ ਧੋਣੇ ਆਦਿ ਅਜਿਹੇ ਕੰਮ ਹਨ, ਜਿਨ੍ਹਾਂ ਲਈ ਵੱਡੀ ਮਾਤਰਾ ਵਿੱਚ ਪਾਣੀ ਦੀ ਲੋੜ ਹੁੰਦੀ ਹੈ। ਅਬਾਦੀ ਤੇ ਧੰਦੇ ਵਧਣ ਨਾਲ ਵਰਤਮਾਨ ਸਮੇਂ ਵਿੱਚ ਪਾਣੀ ਦਾ ਪੱਧਰ ਦਿਨੋ-ਦਿਨ ਨੀਵਾਂ ਹੋ ਰਿਹਾ ਹੈ ਤੇ ਪਾਣੀ ਜ਼ਹਿਰੀਲਾ ਵੀ ਹੋ ਰਿਹਾ ਹੈ। ਸੀਵਰੇਜ, ਉਦਯੋਗਿਕ ਰਹਿੰਦ-ਖੂੰਦ, ਰਸਾਇਣਿਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ, ਖਣਿਜ ਤੇਲ ਅਤੇ ਮੂਰਤੀਆਂ ਦੇ ਵਿਸਰਜਨ ਨਾਲ ਪਾਣੀ ਦਾ ਪ੍ਰਦੂਸ਼ਣ ਦਿਨੋ-ਦਿਨ ਵਧ ਰਿਹਾ ਹੈ। ਕਿਸਾਨ ਵੱਧ ਪਾਣੀ ਲੈਣ ਵਾਲੀਆਂ ਫ਼ਸਲਾਂ ਦੇ ਫ਼ਸਲੀ ਚੱਕਰ ਨੂੰ ਬਦਲਣ, ਝੋਨੇ ਦੀ ਥਾਂ ਦਾਲਾਂ/ਸਬਜ਼ੀਆਂ ਬੀਜਣ, ਹਰੀ ਖਾਦ ਦੀ ਵਰਤੋਂ ਕਰਨ ਤੇ ਤੁਪਕਾ ਸਿੰਜਾਈ ਸਕੀਮ ਅਪਣਾਉਣ। ਘਰੇਲੂ ਬਗ਼ੀਚੇ ਨੂੰ ਸ਼ਾਮ ਵੇਲੇ ਪਾਣੀ ਲਾਇਆ ਜਾਵੇ। ਛੱਤਾਂ ‘ਤੇ ਹਾਰਵੈਸਟਿੰਗ ਤੇ ਰੀਚਾਰਜਿੰਗ ਲਾਇਆ ਜਾਵੇ। ਵਰਖਾ ਦਾ ਪਾਣੀ ਇਕੱਠਾ ਕੀਤਾ ਜਾਵੇ। ਉਦਯੋਗਾਂ ਵਿੱਚ ਪਾਣੀ ਸੋਧਕ ਪਲਾਂਟ ਹੋਣ, ਨਹਿਰਾਂ ਪੱਕੀਆਂ ਹੋਣ। ਪਾਣੀ ਦੀ ਠੀਕ ਵਰਤੋਂ ਤੇ ਸੰਭਾਲ ਲਈ ਸਰਕਾਰ ਤੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਅੱਜ ਵਿਸ਼ਵ ਭਰ ਵਿੱਚ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ‘ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥’ ਇਸ ਲਈ ਪਾਣੀ ਦੀ ਸੰਭਾਲ ਲਈ ਸਮੂਹਿਕ ਯਤਨਾਂ ਦੀ ਲੋੜ ਹੈ।