CBSEClass 9th NCERT PunjabiEducationPunjab School Education Board(PSEB)ਪੈਰ੍ਹਾ ਰਚਨਾ (Paragraph Writing)

ਪੈਰਾ-ਰਚਨਾ : ਦੇਸ਼-ਪਿਆਰ


ਦੇਸ਼-ਭਗਤੀ : ਪੈਰਾ ਰਚਨਾ


ਦੇਸ਼-ਪਿਆਰ ਇਕ ਪਵਿੱਤਰ ਅਤੇ ਕੁਦਰਤੀ ਜਜ਼ਬਾ ਹੈ। ਇਹ ਕੁਦਰਤੀ ਗੱਲ ਹੈ ਕਿ ਮਨੁੱਖ ਜਿੱਥੇ ਜਨਮ ਲੈਂਦਾ ਹੈ ਤੇ ਪਲਦਾ ਹੈ, ਉਸ ਥਾਂ ਨੂੰ ਉਹ ਪਿਆਰ ਕਰਦਾ ਹੈ। ਆਪਣੇ ਰਹਿਣ ਦੀ ਥਾਂ ਨਾਲ ਪਿਆਰ ਕਰਨ ਦਾ ਜਜ਼ਬਾ ਤਾਂ ਪਸੂ-ਪੰਛੀਆਂ ਵਿਚ ਵੀ ਹੁੰਦਾ ਹੈ। ਇਹ ਸਾਡਾ ਪਵਿੱਤਰ ਕਰਤੱਵ ਹੈ ਕਿ ਅਸੀਂ ਆਪਣੀ ਮਾਤ-ਭੂਮੀ ਨੂੰ ਪਿਆਰ ਕਰੀਏ। ਮਹਾਨ ਦੇਸ਼-ਭਗਤ ਆਪਣੀ ਮਾਤ- ਭੂਮੀ ਦੇ ਦੁੱਖ ਦੂਰ ਕਰਨ ਲਈ ਆਪਣਾ ਤਨ, ਮਨ ਤੇ ਧਨ ਸਭ ਕੁੱਝ ਕੁਰਬਾਨ ਕਰ ਦਿੰਦੇ ਹਨ। ਜਿਸ ਇਨਸਾਨ ਵਿਚ ਦੇਸ਼-ਪਿਆਰ ਦਾ ਜਜ਼ਬਾ ਨਹੀਂ ਹੁੰਦਾ, ਉਹ ਗ਼ੱਦਾਰ, ਅਣਖਹੀਨ ਅਤੇ ਮੁਰਦਾ ਹੁੰਦਾ ਹੈ। ਦੇਸ਼-ਭਗਤ ਲਈ ਮਾਤ-ਭੂਮੀ ਨਾਲੋਂ ਵੱਡਾ ਸਵਰਗ ਕੋਈ ਹੋਰ ਨਹੀਂ ਹੁੰਦਾ। ਕਵੀ ਦੇਸ਼ ਲਈ ਜਾਨ ਵਾਰਨ ਵਾਲੇ ਦੇਸ਼-ਭਗਤਾਂ ਦੀ ਮਹਿਮਾ ਗਾਉਂਦੇ ਹਨ, ਪਰ ਦੇਸ਼-ਭਗਤੀ ਦੇ ਜਜ਼ਬੇ ਤੋਂ ਸੱਖਣਾ ਮਨੁੱਖ ਧਨ, ਸ਼ਕਤੀ ਤੇ ਉੱਚੀ ਪਦਵੀ ਪ੍ਰਾਪਤ ਕਰ ਕੇ ਵੀ ਅਣਗੌਲਿਆ ਹੀ ਮੌਤ ਦੇ ਹਵਾਲੇ ਹੋ ਜਾਂਦਾ ਹੈ। ਹਰ ਦੇਸ਼ ਵਿਚ ਸਮੇਂ-ਸਮੇਂ ਮਹਾਨ ਤੇ ਦੇਸ਼-ਭਗਤ ਜਨਮ ਲੈਂਦੇ ਹਨ। ਭਾਰਤ-ਭੂਮੀ ਨੇ ਵੀ ਗੁਰੂ ਨਾਨਕ, ਰਾਣਾ ਪ੍ਰਤਾਪ, ਸ਼ਿਵਾ ਜੀ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਵਰਗੇ ਦੇਸ਼-ਭਗਤਾਂ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਭਾਰਤ ਨੂੰ ਗ਼ੁਲਾਮੀ ਦੀਆਂ ਬੇੜੀਆਂ ਵਿਚ ਜਕੜਨ ਵਾਲੇ ਵਿਦੇਸ਼ੀ ਜਰਵਾਣਿਆਂ ਦੇ ਵਿਰੁੱਧ ਅਵਾਜ਼ ਉਠਾਈ ਤੇ ਕੁਰਬਾਨੀਆਂ ਦਿੱਤੀਆਂ। ਇਹ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਹੀ ਫਲ ਹੈ ਕਿ ਅੱਜ ਅਸੀਂ ਸੁਤੰਤਰ ਕੌਮ ਕਹਾਉਂਦੇ ਹਾਂ। ਸਾਨੂੰ ਇਨ੍ਹਾਂ ਕੁਰਬਾਨੀ ਦੇ ਪੁਤਲੇ ਸੂਰਮਿਆਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਹੈ। ਇਹ ਸਾਡੀ ਕੌਮ ਦੀ ਅਸਲ ਪੂੰਜੀ ਹਨ। ਅਸੀਂ ਆਪਣੇ ਵਿਚ ਅਜ਼ਾਦੀ ਦੇ ਪਰਵਾਨਿਆਂ ਵਰਗੀ ਦੇਸ਼-ਭਗਤੀ ਦੀ ਭਾਵਨਾ ਪੈਦਾ ਕਰ ਕੇ ਹੀ ਭਾਰਤ ਦੀਆਂ ਵਰਤਮਾਨ ਸਮੱਸਿਆਵਾਂ ਆਰਥਿਕ ਪਛੜੇਵੇਂ, ਅਨਪੜ੍ਹਤਾ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸਟਾਚਾਰ ਤੇ ਫ਼ਿਰਕੂਪੁਣੇ ਆਦਿ ਨੂੰ ਦੂਰ ਕਰ ਸਕਦੇ ਹਾਂ। ਅਸਲ ਵਿਚ ਸਾਡੀਆਂ ਇਹਨਾਂ ਸਮੱਸਿਆਵਾਂ ਦਾ ਇਕ ਵੱਡਾ ਕਾਰਨ ਇਹ ਹੈ ਕਿ ਸਾਡੇ ਦੇਸ਼ ਵਿਚ ਬਹੁਤ ਸਾਰੇ ਸਿਆਸੀ ਲੋਕ ਦੇਸ਼-ਭਗਤੀ ਦੇ ਨਾਂ ਨੂੰ ਆਪਣੇ ਸਵਾਰਥਾਂ ਦੀ ਪੂਰਤੀ ਲਈ ਵਰਤਣ ਲੱਗ ਪਏ ਹਨ। ਅੱਜ-ਕਲ੍ਹ ਸੌੜੀ ਦੇਸ਼-ਭਗਤੀ ਨਾਲੋਂ ਸਾਨੂੰ ਮਨੁੱਖਵਾਦੀ ਤੇ ਕੌਮਾਂਤਰੀਵਾਦੀ ਬਣਨਾ ਚਾਹੀਦਾ ਹੈ ਤੇ ਸਾਰੀ ਮਨੁੱਖਤਾ ਨੂੰ ਪ੍ਰੇਮ-ਪਿਆਰ ਤੇ ਅਮਨ ਦੀ ਇਕ ਤਾਰ ਵਿਚ ਪ੍ਰੋਣ ਦੇ ਯਤਨ ਕਰਨੇ ਚਾਹੀਦੇ ਹਨ।


ਦੇਸ਼ ਪਿਆਰ : ਪੈਰਾ ਰਚਨਾ