ਪੈਰਾ ਰਚਨਾ : ਕੁਦਰਤ ਕਹਿਰਵਾਨ ਜਾਂ ਮਨੁੱਖ ਬੇਈਮਾਨ
ਕੁਦਰਤ ਕਹਿਰਵਾਨ ਜਾਂ ਮਨੁੱਖ ਬੇਈਮਾਨ
ਪਿਛਲੇ ਕੁਝ ਸਾਲਾਂ ਤੋਂ ਕੁਦਰਤ ਵੱਲੋਂ ਕਈ ਵਾਰੀ ਭਿਆਨਕ ਤਬਾਹੀ ਮਚਾਈ ਗਈ ਹੈ। ਕੀ ਇਸ ਤਬਾਹੀ ਤੋਂ ਬਚਿਆ ਜਾ ਸਕਦਾ ਸੀ? ਇਹ ਸਵਾਲ ਬਹੁਤ ਹੀ ਮਹੱਤਵਪੂਰਨ ਹਨ। ਸੰਨ 2005 ਵਿੱਚ ਮੁੰਬਈ ਵਿੱਚ ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ। 2010 ਵਿੱਚ ਲੇਹ ਵਿੱਚ ਅਤੇ 2013 ਵਿੱਚ ਉੱਤਰਾਖੰਡ ਵਿੱਚ ਭਾਰੀ ਬਾਰਿਸ਼ ਹੋਈ, ਬੱਦਲ ਫਟੇ ਤੇ ਹੜ੍ਹਾਂ ਨੇ ਕਹਿਰ ਢਾਹ ਦਿੱਤਾ। 2014 ਵਿੱਚ ਜੰਮੂ-ਕਸ਼ਮੀਰ ਵਿੱਚ ਵੀ ਹੜ੍ਹਾਂ ਦੀ ਮਾਰ ਨੇ ਭਾਰੀ ਨੁਕਸਾਨ ਕੀਤਾ। 2015 ਵਿੱਚ ਮਨੀਕਰਨ ਵਿੱਚ ਭਿਆਨਕ ਤਬਾਹੀ ਹੋਈ। ਬੇਸ਼ੱਕ ਹੜ੍ਹ, ਕਾਲ, ਸੋਕੇ ਤੇ ਭੂਚਾਲ ਵਰਗੀਆਂ ਕਰੋਪੀਆਂ ਅੱਜ ਤੋਂ ਪਹਿਲਾਂ ਵੀ ਆਉਂਦੀਆਂ ਸਨ, ਪਰ ਜਿੰਨੀ ਤੇਜ਼ੀ ਤੇ ਭਿਅੰਕਰਤਾ ਨਾਲ਼ ਹੁਣ ਆ ਰਹੀਆਂ ਹਨ, ਸਭ ਮੌਸਮ ਵਿੱਚ ਆਈ ਤਬਦੀਲੀ ਦਾ ਸਿੱਟਾ ਹੀ ਹਨ, ਜੋ ਧਰਤੀ ਦੀ ਤਪਸ਼ ਵਧਣ ਨਾਲ ਹੋਇਆ। ਧਰਤੀ ਦੀ ਲਗਾਤਾਰ ਵਧ ਰਹੀ ਤਪਸ਼ ਦਾ ਕਾਰਨ ਵਿਕਾਸ ਦੇ ਨਾਂ ‘ਤੇ ਹੋ ਰਿਹਾ ‘ਕੁਦਰਤੀ ਉਜਾੜਾ’ ਹੈ। ਪਦਾਰਥਵਾਦੀ ਤੇ ਸੁਆਰਥੀ ਸੋਚ ਵਾਲਾ ਮਨੁੱਖ ਆਪਣੇ ਲਾਲਚ ਲਈ ਕੁਦਰਤੀ ਸਰੋਤਾਂ ਦੀ ਬੇਲੋੜੀ ਤੇ ਬੇਹਿਸਾਬੀ ਵਰਤੋਂ ਕਰ ਰਿਹਾ ਹੈ। ਇਸ ਨਾਲ ਕਾਰਬਨ-ਡਾਈਆਕਸਾਈਡ ਵਰਗੀਆਂ ਗੈਸਾਂ ਜੀਵਨ ਨਹੀਂ ਬਲਕਿ ਮੌਤ ਵੰਡ ਰਹੀਆਂ ਹਨ। ਗਲੇਸ਼ੀਅਰ ਪਿਘਲ ਰਹੇ ਹਨ, ਜਿਸ ਕਾਰਨ ਸਮੁੰਦਰਾਂ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਵੱਡੇ-ਵੱਡੇ ਥਰਮਲ ਪਲਾਂਟ, ਸਨਅਤਾਂ, ਖੇਤੀ ਦੀ ਉਪਜ ਵਿੱਚ ਵਾਧੇ ਲਈ ਰਸਾਇਣਾਂ ਦੀ ਵਰਤੋਂ, ਪਲਾਸਟਿਕ, ਆਤਿਸ਼ਬਾਜ਼ੀ, ਪੈਟਰੋਲ, ਡੀਜ਼ਲ, ਫ਼ੈਕਟਰੀਆਂ ਦਾ ਧੂੰਆਂ ਤੇ ਕਈ ਹੋਰ ਮਾਰੂ ਪ੍ਰਭਾਵ ਵਾਲੀਆਂ ਪਦਾਰਥਕ ਵਸਤਾਂ ਨਿਰੰਤਰ ਵਧਦੀਆਂ ਹੀ ਜਾ ਰਹੀਆਂ ਹਨ। ਸੜਕਾਂ ਦੇ ਜਾਲ ਵਿਛਾਏ ਜਾ ਰਹੇ ਹਨ, ਰੁੱਖਾਂ ਦੀ ਬਲੀ ਦਿੱਤੀ ਜਾ ਰਹੀ ਹੈ। ਇਸ ਲਈ ਅਜੇ ਵੀ ਵੇਲਾ ਹੈ ਸੰਭਲ ਜਾਈਏ। ਵੱਧ ਤੋਂ ਵੱਧ ਰੁੱਖ ਲਗਾਈਏ। ਏ.ਸੀ., ਪੈਟਰੋਲ, ਡੀਜ਼ਲ ਤੇ ਰਸਾਇਣਕ ਵਸਤਾਂ ਦੀ ਵਰਤੋਂ ਬਹੁਤ ਹੀ ਸੰਜਮ ਨਾਲ ਕਰੀਏ। ਕੁਦਰਤੀ ਵਸੀਲਿਆਂ ਦੀ ਵਰਤੋਂ ਸੁਚੇਤ ਹੋ ਕੇ ਕਰਨ ਨਾਲ ਅਸੀਂ ਕੁਦਰਤੀ ਰਹਿਮਤਾਂ ਦਾ ਅਨੰਦ ਮਾਣ ਸਕਦੇ ਹਾਂ, ਤੇ ਦੁਰਵਰਤੋਂ ਨਾਲ ਭਿਆਨਕ ਸਿੱਟਿਆਂ ਪ੍ਰਤੀ ਵੀ ਤਿਆਰ ਰਹਿਣਾ ਚਾਹੀਦਾ ਹੈ।