ਪੈਰਾ ਰਚਨਾ : ਕਾਲੇ ਧਨ ਦੇ ਪੁਜਾਰੀ
ਕਾਲੇ ਧਨ ਦੇ ਪੁਜਾਰੀ : ਦੇਸ਼ ਨਾਲ ਗ਼ੱਦਾਰੀ
ਕਿਸੇ ਵੀ ਤਰ੍ਹਾਂ ਦੇ ਨਾਜਾਇਜ਼ ਤਰੀਕੇ ਨਾਲ ਇਕੱਠਾ ਕੀਤਾ ਗਿਆ ਧਨ, ਕਾਲਾ ਧਨ ਅਖਵਾਉਂਦਾ ਹੈ। ਇਸ ਨੂੰ ਹਰ ਹੀਲੇ ਸਰਕਾਰ ਤੋਂ ਲੁਕਾ ਕੇ ਰੱਖਿਆ ਤੇ ਵਰਤਿਆ ਜਾਂਦਾ ਹੈ, ਤਾਂ ਜੁ ਸਰਕਾਰ ਨੂੰ ਇਸ ਕਮਾਈ ਦਾ ਕੋਈ ਲੇਖਾ ਜਾਂ ਟੈਕਸ ਨਾ ਦੇਣਾ ਪਵੇ। ਰਿਸ਼ਵਤਖੋਰੀ, ਜਮ੍ਹਾਂਖੋਰੀ, ਮੁਨਾਫ਼ਾਖੋਰੀ, ਭ੍ਰਿਸ਼ਟਾਚਾਰ, ਟੈਕਸ-ਚੋਰੀ, ਚੁੰਗੀ, ਨਕਲੀ ਕਰੰਸੀ, ਵਿਦੇਸ਼ੀ ਸਿੱਕੇ ਦੀ ਹੇਰਾ-ਫੇਰੀ, ਘੁਟਾਲੇ ਆਦਿ ਇਸ ਕਾਲੀ ਕਮਾਈ ਦੇ ਪ੍ਰਮੁੱਖ ਸਰੋਤ ਹਨ। ਕਾਲੇ ਧਨ ਨੂੰ ਇਕੱਠਾ ਕਰਨ ਵਾਲੇ ਲੋਕ ਦੇਸ਼ ਦੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਹਨ। ਇਹ ਕੇਵਲ ਸਰਕਾਰ ਨੂੰ ਹੀ ਧੋਖਾ ਨਹੀਂ ਦਿੰਦੇ, ਸਗੋਂ ਉਨ੍ਹਾਂ ਲੋਕਾਂ ‘ਤੇ ਹੋਰ ਟੈਕਸ ਦਾ ਭਾਰ ਪਾ ਦਿੰਦੇ ਹਨ ਜੋ ਪਹਿਲਾਂ ਹੀ ਇਮਾਨਦਾਰੀ ਨਾਲ ਟੈਕਸ ਅਦਾ ਕਰਦੇ ਹਨ। ਸਰਕਾਰਾਂ ਟੈਕਸਾਂ ਤੋਂ ਪ੍ਰਾਪਤ ਪੈਸੇ ਨਾਲ ਹੀ ਦੇਸ਼ ਦਾ ਵਿਕਾਸ ਕਰਦੀਆਂ ਹਨ, ਜਿਸ ਨਾਲ ਰੁਜ਼ਗਾਰ ਵੀ ਵਧਦਾ ਹੈ, ਕੀਮਤਾਂ ਸਥਿਰ ਰਹਿੰਦੀਆਂ ਹਨ, ਟੈਕਸਾਂ ਦਾ ਬੋਝ ਘਟਦਾ ਹੈ ਤੇ ਆਰਥਿਕ ਕਾਣੀ ਵੰਡ ਖ਼ਤਮ ਹੋ ਸਕਦੀ ਹੈ। ਕਾਲੇ ਧਨ ਨੂੰ ਠੱਲ੍ਹ ਪਾਉਣ ਲਈ ਸਮੇਂ-ਸਮੇਂ ‘ਤੇ ਸਰਕਾਰਾਂ ਨੇ ਕਈ ਅਹਿਮ ਉਪਰਾਲੇ ਵੀ ਕੀਤੇ। 1978 ਵਿੱਚ ਮੁਰਾਰਜੀ ਦੇਸਾਈ ਨੇ 1000, 5000 ਤੇ 10 ਹਜ਼ਾਰ ਦੇ ਨੋਟ ਬੰਦ ਕਰ ਕੇ ਬੇਸ਼ੁਮਾਰ ਧਨ ਇਕੱਠਾ ਕੀਤਾ। ਇਸੇ ਤਰ੍ਹਾਂ ਵਰਤਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਨੋਟ-ਬੰਦੀ ਦਾ ਐਲਾਨ ਕਰ ਕੇ ਕਾਲੇ ਧਨ ਦੇ ਕੁਬੇਰਾਂ ਨੂੰ ਭਾਜੜਾਂ ਪਾ ਦਿੱਤੀਆਂ। ਅੱਤਵਾਦੀਆਂ ਤੇ ਨਕਸਲਵਾੜੀਆਂ ਦੇ ਮਨਸੂਬੇ ਫ਼ੇਲ੍ਹ ਕਰ ਦਿੱਤੇ। ਕਾਲੇ ਧਨ ਦੀ ਬੁਰਾਈ ਖ਼ਤਮ ਕਰਨ ਲਈ ਆਮ ਲੋਕਾਂ ਤੋਂ ਲੈ ਕੇ ਵੱਡੇ-ਵੱਡੇ ਲੀਡਰਾਂ ਤੱਕ ਹਰ ਇੱਕ ਇਮਾਨਦਾਰ ਹੋਣਾ ਚਾਹੀਦਾ ਹੈ। ਵੱਧ ਤੋਂ ਵੱਧ ਅਦਾਇਗੀਆਂ ਨਕਦੀ-ਰਹਿਤ ਹੋਣੀਆਂ ਚਾਹੀਦੀਆਂ ਹਨ। ਟੈਕਸਾਂ ਦਾ ਮਨੋਰਥ ਤੇ ਉਸ ਦੀ ਵਰਤੋਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਭ੍ਰਿਸ਼ਟਾਚਾਰੀਆਂ ਨੂੰ ਫੌਰਨ ਜੇਲ੍ਹ ਵਿੱਚ ਕੈਦ ਕੀਤਾ ਜਾਣਾ ਚਾਹੀਦਾ ਹੈ।