ਪੈਰਾ ਰਚਨਾ : ਇੱਕ ਚੁੱਪ ਸੌ ਸੁੱਖ
‘ਇੱਕ ਚੁੱਪ ਸੌ ਸੁੱਖ’ ਇੱਕ ਅਨਮੋਲ ਕਥਨ ਹੈ, ਜਿਸ ਦਾ ਭਾਵ ਹੈ : ਚੁੱਪ ਰਹਿਣਾ ਸੁੱਖਦਾਇਕ ਹੁੰਦਾ ਹੈ। ਕਈ ਏਸੇ ਸੁੱਖ ਲਈ ਮੌਨ ਧਾਰੀ ਰੱਖਦੇ ਹਨ। ਜੇ ਕੋਈ ਅਤਿ ਜ਼ਰੂਰੀ ਗੱਲ ਕਰਨੀ ਵੀ ਹੋਵੇ ਤਾਂ ਲਿਖ ਕੇ ਕਰਦੇ ਹਨ। ਨਿਰਸੰਦੇਹ ਚੁੱਪ ਰਹਿਣ ਨਾਲ ਮਨ ਨੂੰ ਨਿੰਦਾ-ਚੁਗ਼ਲੀ, ਗਾਲੀ-ਗਲੋਚ ਦੁਆਰਾ ਕ੍ਰੋਧ ਪ੍ਰਗਟਾਉਣ ਤੇ ਖ਼ਾਹ-ਮਖਾਹ ਖਿਝਣ ਤੋਂ ਛੁਟਕਾਰਾ ਮਿਲ ਜਾਂਦਾ ਹੈ। ਫਲਸਰੂਪ ਮਨ ਸ਼ਾਂਤ ਤੇ ਤਨ ਖ਼ੂਨ ਦੀ ਗਤੀ ਨਾਰਮਲ ਹੋਣ ਕਾਰਨ ਰਿਸ਼ਟ-ਪੁਸ਼ਟ ਰਹਿੰਦਾ ਹੈ। ਚੁੱਪ ਦੀ ਮਹੱਤਤਾ ਨੂੰ ਮਹਿਸੂਸ ਕਰਦਿਆਂ ਹੋਇਆਂ ਧਾਰਮਕ ਅਸਥਾਨਾਂ, ਸਮਾਜਕ ਤੇ ਰਾਜਸੀ ਸਭਾਵਾਂ ਵਿੱਚ ਚੁੱਪ ਦਾ ਦਾਨ ਬਖ਼ਸ਼ਣ ਲਈ ਮੁੜ-ਘਿੜ ਬੇਨਤੀ ਕੀਤੀ ਜਾਂਦੀ ਹੈ। ਹੋਰ ਤਾਂ ਹੋਰ, ਸਕੂਲਾਂ ਵਿੱਚ ਅਧਿਆਪਕ ਵੀ ਪੜ੍ਹਾਉਣ ਲਈ ਵਿਦਿਆਰਥੀਆਂ ਨੂੰ ਚੁੱਪ ਰਹਿਣ ਲਈ ਕਹਿੰਦਾ ਰਹਿੰਦਾ ਹੈ। ਚੁੱਪ ਰਹਿਣ ਲਈ ਜੀਭ ਨੂੰ ਲਗਾਮ ਦੇਣੀ ਪੈਂਦੀ ਹੈ, ਜਿਹੜੀ ਲੁਤਰ-ਲੁਤਰ ਕਰਨ ਵਿੱਚ ਖ਼ੁਸ਼ ਰਹਿੰਦੀ ਹੈ। ਇਸ ਤਰ੍ਹਾਂ ਸਾਰੇ ਵਾਤਾਵਰਨ ‘ ਅਸ਼ਾਂਤ ਕਰ ਕੇ ਰੱਖ ਦਿੰਦੀ ਹੈ। ਸ਼ਾਇਦ ਏਸੇ ਲਈ ਬੜਬੋਲੇ ਨੂੰ ਮੂਰਖ ਕਿਹਾ ਜਾਂਦਾ ਹੈ। ਉਹ ਫ਼ਜ਼ੂਲ ਬੋਲਣ ਕਰ ਕੇ ਸਮਾਜ ਵਿੱਚ ਆਪਣਾ ਮਾਣ-ਸਤਿਕਾਰ ਗੁਆ ਲੈਂਦਾ ਹੈ। ਕਈ ਵਾਰੀ ਹੋਰਨਾਂ ਦੀ ਲੜਾਈ ਆਪਣੇ ਗਲ ਸਹੇੜ ਲੈਂਦਾ ਹੈ। ਸਿਆਣਾ ਆਦਮੀ ਬੋਲਣ ਤੋਂ ਪਹਿਲਾਂ ਬੋਲੇ ਜਾ ਰਹੇ ਸ਼ਬਦਾਂ ਨੂੰ ਤੋਲ ਲੈਂਦਾ ਹੈ | ਉਹ ਕੇਵਲ ਸਿਆਣੀ, ਸੋਚੀ-ਵਿਚਾਰੀ, ਵਜ਼ਨੀ ਤੇ ਜ਼ਰੂਰੀ ਗੱਲ ਹੀ ਕਰਦਾ ਹੈ। ਅਸਲ ਵਿੱਚ ਅਕਲ ਤੇ ਬੋਲੀ ਕਰ ਕੇ ਹੀ ਮਨੁੱਖ ਸੱਭਿਆ ਮੰਨਿਆ ਜਾਂਦਾ ਹੈ। ਬੋਲੀ ਜਿੱਥੇ ਉਸ ਦੇ ਪ੍ਰਗਟਾਵੇ ਦਾ ਸੱਭਿਆ ਸਾਧਨ ਹੈ, ਉੱਥੇ ਉਸ ਦੇ ਸੱਭਿਆ ਹੋਣ ਦੀ ਪਰਖ ਵੀ ਏਸੇ ਤੋਂ ਕੀਤੀ ਜਾਂਦੀ ਹੈ। ਸੋ, ਸ਼ਬਦ ਨੂੰ ਸੰਜਮ ਨਾਲ ਵਰਤਣ ਲਈ ਜੀਭ ‘ਤੇ ਕੰਟਰੋਲ ਜ਼ਰੂਰੀ ਹੈ, ਪਰ ਕਿਸੇ ਦੇ ਖ਼ਾਹ-ਮਖਾਹ ਦੇ ਕੌੜੇ ਬਚਨਾਂ ਤੇ ਜਨਤਾ ‘ਤੇ ਹੋਰ ਜ਼ੁਲਮ ਨੂੰ ਵੇਖ-ਸੁਣ ਕੇ ਮੱਸ਼ਟ ਮਾਰ ਕੇ ਚੁੱਪ ਰਹਿਣਾ ਨਿੰਦਣ ਯੋਗ ਹੈ। ਗੁਰੂ ਨਾਨਕ ਦੇਵ ਜੀ ਨੇ ਵਹਿਮਾਂ-ਭਰਮਾਂ ਭਰੇ ਸਮਾਜ ਦੇ ਨੇਤਾਵਾਂ ਅਤੇ ਜ਼ਾਲਮ ਰਾਜਸੀ ਹਾਕਮਾਂ ਨੂੰ ਨਿਧੜਕ ਹੋ ਕੇ ਖਰੀਆਂ-ਖਰੀਆਂ ਤੇ ਖਰ੍ਹਵੀਆਂ-ਖਰ੍ਹਵੀਆਂ ਸੁਣਾਈਆਂ :
ਘਰਿ ਘਰਿ ਮੀਆਂ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥੬॥
ਅਤੇ
ਅਭਾਖਿਆ ਕਾ ਕੁਠਾ ਬਕਰਾ ਖਾਣਾ ॥
ਚਉਕੇ ਉਪਰਿ ਕਿਸੈ ਨ ਜਾਣਾ॥