ਪੁਸਤਕਾਂ ਪੜ੍ਹਨਾ – ਪੈਰਾ ਰਚਨਾ
ਪੁਸਤਕਾਂ ਸਾਡੇ ਲਈ ਜੀਵਨ ਭਰ ਦੀਆਂ ਮਿੱਤਰ ਹੁੰਦੀਆਂ ਹਨ। ਇਹ ਸਾਨੂੰ ਕਦੇ ਧੋਖਾ ਨਹੀਂ ਦਿੰਦੀਆਂ। ਇਹ ‘ਮਿੱਤਰ ਉਹ ਜੋ ਮੁਸੀਬਤ ਵਿਚ ਕੰਮ ਆਵੇ’ ਦੀ ਕਸਵੱਟੀ ਉੱਤੇ ਪੂਰੀਆਂ ਉਤਰਦੀਆਂ ਹਨ। ਇਹ ਦੁੱਖ ਅਤੇ ਮੁਸੀਬਤ ਦੇ ਸਮੇਂ ਵਿਚ ਸਾਨੂੰ ਧੀਰਜ ਤੇ ਹੌਂਸਲਾ ਦਿੰਦੀਆਂ ਹਨ। ਇਕ ਸਮੇਂ ਇਹ ਤਪਦੇ ਰੇਗਿਸਤਾਨ ਵਿਚ ਨਖ਼ਲਿਸਤਾਨ ਦਾ ਕੰਮ ਕਰਦੀਆਂ ਹਨ। ਇਕੱਲ ਦੇ ਸਮੇਂ ਵਿਚ ਇਹ ਸਾਡਾ ਦਿਲ – ਪਰਚਾਵਾ ਕਰਦੀਆਂ ਹਨ ਅਤੇ ਜ਼ਿੰਦਗੀ ਦੇ ਫ਼ਿਕਰਾਂ, ਮੁਸ਼ਕਿਲਾਂ ਵਿੱਚੋਂ ਨਿਕਲਣ ਦਾ ਰਸਤਾ ਦੱਸਦੀਆਂ ਹਨ। ਇਹ ਸਾਡੇ ਗਿਆਨ ਨੂੰ ਵਧਾਉਂਦੀਆਂ ਤੇ ਸੂਝ ਨੂੰ ਤਿਖੇਰਾ ਕਰਦੀਆਂ ਹਨ। ਇਨ੍ਹਾਂ ਤੋਂ ਸਾਨੂੰ ਠੀਕ ਸੇਧ, ਅਮਲੀ ਖੁਸ਼ੀ ਤੇ ਸੱਚਾ ਲਾਭ ਪ੍ਰਾਪਤ ਹੁੰਦਾ ਹੈ। ਇਕ ਚੰਗੀ ਪੁਸਤਕ ਉਸ ਦੇ ਲੇਖਕ ਦੇ ਜੀਵਨ ਭਰ ਦੇ ਬਹੁਮੁੱਲੇ ਅਨੁਭਵਾਂ ਦੀ ਉਪਜ ਹੁੰਦੀ ਹੈ। ਪੁਸਤਕਾਂ ਪੜ੍ਹਨ ਦੇ ਸ਼ੌਕੀਨ ਪੁਰਾਤਨ ਤੇ ਨਵੀਨ ਮਹਾਨ ਲੇਖਕਾਂ ਦੇ ਮਨ ਨਾਲ ਸਿੱਧੇ ਜਾ ਜੁੜਦੇ ਸ਼ਨ ਅਤੇ ਉਨ੍ਹਾਂ ਦੇ ਵਿਚਾਰਾਂ, ਭਾਵਾਂ ਤੇ ਅਨੁਭਵਾਂ ਨੂੰ ਗ੍ਰਹਿਣ ਕਰ ਕੇ ਆਪਣੀ ਬੁੱਧੀ ਤੇ ਗਿਆਨ ਨੂੰ ਚਮਕਾਉਂਦੇ ਹਨ। ਉਂਞ ਬਾਜ਼ਾਰ ਵਿਚ ਜਿੱਥੇ ਚੰਗੀਆਂ ਕਿਤਾਬਾਂ ਮਿਲਦੀਆਂ ਹਨ, ਉੱਥੇ ਮਾੜੀਆਂ ਕਿਤਾਬਾਂ ਵੀ ਮਿਲਦੀਆਂ ਹਨ। ਮਾੜੀਆਂ ਪੁਸਤਕਾਂ ਮਾੜੇ ਮਿੱਤਰਾਂ ਸਮਾਨ ਮਨੁੱਖ ਲਈ ਹਾਨੀਕਾਰਕ ਹੁੰਦੀਆਂ ਹਨ। ਇਹ ਨੌਜਵਾਨਾਂ ਦੇ ਚਰਿੱਤਰ ਦਾ ਨਾਸ਼ ਕਰ ਦਿੰਦੀਆਂ ਹਨ। ਇਸ ਲਈ ਸਾਨੂੰ ਹਮੇਸ਼ਾ ਚੰਗੀਆਂ ਪੁਸਤਕਾਂ ਦੀ ਭਾਲ ਵਿਚ ਰਹਿਣਾ ਚਾਹੀਦਾ ਹੈ। ਮਹਾਨ ਲੇਖਕਾਂ ਦੁਆਰਾ ਲਿਖੀਆਂ ਪੁਸਤਕਾਂ ਸਦੀਵੀ ਮਹੱਤਵ ਰੱਖਦੀਆਂ ਹਨ ਅਤੇ ਇਹ ਸਦੀਆਂ ਤੋਂ ਮਨੁੱਖੀ ਬੁੱਧੀ ਤੇ ਬਲ ਦੇ ਵਿਕਾਸ ਵਿਚ ਹਿੱਸਾ ਪਾਉਂਦੀਆਂ ਆਈਆਂ ਹਨ। ਸਾਡੇ ਦੇਸ਼ ਵਿਚ ਵੇਦ, ਉਪਨਿਸ਼ਦ, ਗੀਤਾ, ਰਾਮ ਚਰਿੱਤ ਮਾਨਸ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖ ਦੇ ਆਤਮਿਕ ਵਿਕਾਸ ਵਿਚ ਹਿੱਸਾ ਪਾਉਣ ਵਾਲੀਆਂ ਮਹੱਤਵਪੂਰਨ ਕਿਰਤਾਂ ਹਨ। ਇਨ੍ਹਾਂ ਤੋਂ ਬਿਨਾਂ ਕਾਲੀਦਾਸ, ਹੋਮਰ, ਸ਼ੈਕਸਪੀਅਰ, ਬੇਕਨ, ਵਾਰਸ ਸ਼ਾਹ, ਟਾਲਸਟਾਏ, ਚਾਰਲਸ ਡਿਕਨਜ਼, ਹਾਰਡੀ, ਭਾਈ ਵੀਰ ਸਿੰਘ, ਨਾਨਕ ਸਿੰਘ, ਪ੍ਰੇਮ ਚੰਦ ਤੇ ਰਵਿੰਦਰ ਨਾਥ ਟੈਗੋਰ ਦੀਆਂ ਕਿਰਤਾਂ ਮਨੁੱਖੀ ਜੀਵਨ ਲਈ ਅੰਮ੍ਰਿਤ ਦੇ ਸੋਮੇ ਸਮਾਨ ਹਨ। ਇਹ ਕਿਰਤਾਂ ਸਾਡੀਆਂ ਮਿੱਤਰ ਤੇ ਪੱਥ – ਪ੍ਰਦਰਸ਼ਕ ਹਨ। ਇਹ ਸਾਡੇ ਨੈਤਿਕ ਚਰਿੱਤਰ ਦੀ ਉਸਾਰੀ ਕਰਦੀਆਂ ਤੇ ਸਾਡੇ ਭਵਿੱਖ ਦੀ ਰੂਪ – ਰੇਖਾ ਨੂੰ ਉਲੀਕਦੀਆਂ ਹਨ। ਜਦੋਂ ਮੁਸੀਬਤਾਂ ਤੇ ਉਦਾਸੀਆਂ ਦੇ ਬੱਦਲ ਸਾਡੇ ਸਿਰ ਉੱਪਰ ਘਿਰ ਜਾਂਦੇ ਹਨ ਤਾਂ ਇਹ ਆਪਣੇ ਮਿੱਠੇ ਸ਼ਬਦਾਂ ਨਾਲ ਸਾਨੂੰ ਧੀਰਜ ਤੇ ਹੌਂਸਲਾ ਦੇ ਕੇ ਸਾਡੇ ਵਿਚ ਆਸ਼ਾਵਾਦ ਪੈਦਾ ਕਰਦੀਆਂ ਹਨ ਤੇ ਇਸ ਪ੍ਰਕਾਰ ਸਾਨੂੰ ਮਾਨਸਿਕ ਅਰੋਗਤਾ ਤੇ ਖੇੜਾ ਬਖਸ਼ਦੀਆਂ ਹਨ। ਕਈ ਵਾਰੀ ਇਨ੍ਹਾਂ ਦੁਆਰਾ ਦਿੱਤੀ ਸੇਧ ਸਾਡੇ ਜੀਵਨ ਦਾ ਰੁੱਖ ਪਲਟ ਕੇ ਰੱਖ ਦਿੰਦੀ ਹੈ। ਇਸ ਕਰਕੇ ਸਾਨੂੰ ਆਪਣੇ ਵਿਚ ਪੁਸਤਕਾਂ ਪੜ੍ਹਨ ਦੀ ਰੁਚੀ ਨੂੰ ਪ੍ਰਫੁੱਲਤ ਰੱਖਣਾ ਚਾਹੀਦਾ ਹੈ। ਇਹ ਸਾਨੂੰ ਬਚਪਨ ਵਿਚ ਖੁਸ਼ੀ, ਜਵਾਨੀ ਵਿਚ ਸੇਧ ਤੇ ਬੁਢਾਪੇ ਵਿਚ ਸੁੱਖ ਦਿੰਦੀਆਂ ਹਨ।