CBSEEducationNCERT class 10thPunjab School Education Board(PSEB)

ਪਾਤਰ ਚਿਤਰਨ : ਸੁਸ਼ਮਾ


ਇਕ ਹੋਰ ਨਵਾਂ ਸਾਲ : ਸੁਸ਼ਮਾ



ਪ੍ਰਸ਼ਨ. ਸੁਸ਼ਮਾ ਦਾ ਚਰਿੱਤਰ ਚਿਤਰਨ ਲਗਪਗ 150 ਸ਼ਬਦਾਂ ਵਿਚ ਕਰੋ।

ਉੱਤਰ : ਸੁਸ਼ਮਾ ‘ਇਕ ਹੋਰ ਨਵਾਂ ਸਾਲ’ ਨਾਵਲ ਦੀ ਇਕ ਗੌਣ ਪਾਤਰ ਹੈ। ਉਸ ਨੇ ਲੰਮਾ ਕੋਟ ਪਾਇਆ ਹੋਇਆ ਹੈ ਤੇ ਮੇਕ-ਅੱਪ ਕੀਤੀ ਹੋਈ ਹੈ। ਉਸ ਦੇ ਨਾਲ ਉਸ ਦਾ ਜੈਂਟਲਮੈਨ ਪਤੀ ਹੈ। ਉਹ ਸਕੂਟਰ ਉੱਤੇ ਛਾਉਣੀ ਨਵੇਂ ਸਾਲ ਦੀ ਇਕ ਪਾਰਟੀ ਵਿਚ ਸ਼ਾਮਿਲ ਹੋਣ ਲਈ ਜਾਂਦੇ ਹਨ, ਪਰੰਤੂ ਗਾਂਧੀ ਗਰਾਊਂਡ ਕੋਲ ਆਪਣਾ ਸਕੂਟਰ ਖ਼ਰਾਬ ਹੋਣ ਕਰਕੇ ਉਹ ਬੰਤੇ ਦੇ ਰਿਕਸ਼ੇ ਵਿਚ ਬੈਠ ਜਾਂਦੇ ਹਨ।

ਪੱਛਮੀ ਰੰਗ-ਢੰਗ ਵਿਚ ਢਲੀ ਹੋਈ : ਉਹ ਪੱਛਮੀ ਰੰਗ-ਢੰਗ ਵਿੱਚ ਢਲੀ ਹੋਈ ਜਾਪਦੀ ਹੈ। ਉਸ ਨੂੰ ਪਰਾਏ ਮਰਦ ਨਾਲ ਡਾਂਸ ਕਰਨ ਉੱਤੇ ਕੋਈ ਹਿਚਕਚਾਹਟ ਨਹੀਂ।

ਸਵਾਰਥ ਲਈ ਕਿਸੇ ਵੀ ਹੱਦ ਤੱਕ ਜਾਣ ਵਾਲੀ : ਉਸ ਦਾ ਪਤੀ ਚਾਹੁੰਦਾ ਹੈ ਕਿ ਉਹ ਉਸ ਦੇ ਬਾਸ ਨਾਲ ਡਾਂਸ ਕਰੇ, ਤਾਂ ਜੋ ਉਸ ਨੂੰ ਪਰਮੋਸ਼ਨ ਮਿਲ ਸਕੇ। ਉਹ ਵੀ ਉਸ ਦੀ ਇੱਛਾ ਅਨੁਸਾਰ ਅਜਿਹਾ ਕਰਨਾ ਮਨਜੂਰ ਕਰ ਲੈਂਦੀ ਹੈ। ਉਸ ਦੇ ਪਤੀ ਦਾ ਬਾਸ ਇਸ ਦੀ ਪਿੱਠ ਉੱਤੇ ਹੱਥ ਰੱਖ ਕੇ ਡਾਂਸ ਕਰਦਾ ਹੈ ਤੇ ਉਸ ਦੇ ਵਧੇਰੇ ਨੇੜੇ ਹੋ ਜਾਂਦਾ ਹੈ।

ਹਾਸਾ ਨਾ ਰੋਕ ਸਕਣ ਵਾਲੀ : ਉਹ ਗੰਭੀਰ ਇਸਤਰੀ ਨਹੀਂ। ਉਹ ਆਪਣੇ ਪਤੀ ਨੂੰ ਕਹਿੰਦੀ ਹੈ, ‘ਤੁਹਾਨੂੰ ਮੈਂ ਕੀ ਦੱਸਾਂ, ਜਦੋਂ ਉਹਦਾ ਹੱਥ ਲਗਦਾ ਏ ਨਾ ਮੇਰੀ ਪਿੱਠ ਨਾਲ, ਤਾਂ ਮੇਰਾ ਹਾਸਾ ਨਿਕਲ ਜਾਂਦਾ ਏ। ਫੇਰ ਉਹ ਜਦੋਂ ਹੋਰ ਨੇੜੇ-ਨੇੜੇ ਹੁੰਦਾ ਜਾਂਦਾ ਏ ਨਾ, ਤਾਂ ਮੈਨੂੰ ਕੁਤਕੁਤਾਰੀਆਂ ਜਿਹੀਆਂ ਹੋਣ ਲਗਦੀਆਂ ਨੇ।

ਬੇਪਰਵਾਹ : ਉਹ ਬੇਪਰਵਾਹ ਇਸਤਰੀ ਹੈ। ਜਦੋਂ ਉਸ ਦਾ ਪਤੀ ਕਹਿੰਦਾ ਹੈ ਕਿ ਉਹ ਉਸ ਦੇ ਬਾਸ ਨਾਲ ਡਾਂਸ ਕਰਦੀ ਹੱਸਿਆ ਨਾ ਕਰੇ। ਉਹ ਬਹੁਤ ਵੱਡਾ ਅਫ਼ਸਰ ਹੈ। ਕਿਸੇ ਵੇਲੇ ਬੁਰਾ ਵੀ ਮਨਾ ਸਕਦਾ ਹੈ। ਇਹ ਸੁਣ ਕੇ ਉਹ ਕਹਿੰਦੀ ਹੈ, ”ਅਫ਼ਸਰ ਹੋਏਗਾ ਤੁਹਾਡਾ, ਮੈਂ ਨਹੀਂ ਡਰਦੀ ਕਿਸੇ ਕੋਲੋਂ।”

ਗਹਿਣਿਆਂ ਦਾ ਸ਼ੌਕ ਰੱਖਣ ਵਾਲੀ : ਉਸ ਨੂੰ ਇਤਰਾਜ਼ ਹੈ ਕਿ ਉਸ ਦੇ ਪਤੀ ਨੇ ਉਸ ਨੂੰ ਨਿਊ ਯੀਅਰ ਉੱਤੇ ਹੀਰਿਆਂ ਦਾ ਹਾਰ ਨਹੀਂ ਲੈ ਕੇ ਦਿੱਤਾ।