ਪਾਤਰ ਚਿਤਰਨ : ਮੰਮੀ


ਇਕਾਂਗੀ : ਗੁਬਾਰੇ



ਪ੍ਰਸ਼ਨ. ਮੰਮੀ ਦਾ ਚਰਿੱਤਰ ਚਿਤਰਨ ਕਰੋ।

ਉੱਤਰ : ਮੰਮੀ ‘ਗੁਬਾਰੇ’ ਇਕਾਂਗੀ ਦੀ ਇਕ ਗੌਣ ਪਾਤਰ ਹੈ। ਉਹ ਆਪਣੇ ਪਤੀ ਤੇ ਸੱਸ ਨਾਲ ਰਹਿੰਦੀ ਹੈ। ਉਸ ਦੇ ਤਿੰਨ ਬੱਚੇ ਹਨ : ਰਾਜੂ, ਬੱਬੀ ਤੇ ਦੀਪੀ।

ਸੱਸ ਦਾ ਸਤਿਕਾਰ ਕਰਨ ਵਾਲੀ : ਉਹ ਆਪਣੀ ਸੱਸ ਦਾ ਬਹੁਤ ਸਤਿਕਾਰ ਕਰਦੀ ਹੈ। ਉਹ ਦੀਪੀ ਨੂੰ ਕਹਿੰਦੀ ਹੈ ਕਿ ਜਦੋਂ ਉਸਦੇ ਪਾਪਾ ਉਸ ਨੂੰ ਦਾਦੀ ਨੂੰ ਤੰਗ ਕਰਨ ਤੋਂ ਰੋਕ ਰਹੇ ਹਨ, ਤਾਂ ਉਸਦਾ ਕੰਮ ਉਨ੍ਹਾਂ ਦੇ ਅੱਗੇ ਬੋਲਣਾ ਨਹੀਂ। ਉਹ ਭੂਤਾਂ ਦੇ ਵਿਸ਼ਵਾਸ ਸੰਬੰਧੀ ਬੱਚਿਆਂ ਨੂੰ ਕਹਿੰਦੀ ਹੈ ਕਿ ਦਾਦੀ ਬਿਲਕੁਲ ਝੂਠੀ ਨਹੀਂ।

ਬੱਚਿਆਂ ਨੂੰ ਪੜ੍ਹਾਈ ਵਿਚ ਲਾ ਕੇ ਰੱਖਣ ਵਾਲੀ : ਉਹ ਬੱਚਿਆਂ ਨੂੰ ਪੜ੍ਹਾਈ ਵਲ ਲਾ ਕੇ ਰੱਖਦੀ ਹੈ। ਉਹ ਘਰ ਆ ਕੇ ਬੱਚਿਆਂ ਨੂੰ ਕਹਿੰਦੀ ਹੈ ਕਿ ਉਹ ਆਪਣੇ ਸਕੂਲ ਦਾ ਕੰਮ ਕਰਨ।

ਬੱਚਿਆਂ ਦੇ ਮਨ ਵਿਚ ਡਰ ਪਾਉਣ ਦੇ ਵਿਰੁੱਧ : ਉਹ ਵਿਗਿਆਨਿਕ ਸੋਚ ਵਾਲੀ ਹੈ। ਜਦੋਂ ਉਹ ਦੇਖਦੀ ਹੈ ਕਿ ਰਾਜੂ ਸ਼੍ਰਿੰਗਟੋ ਭੂਤ ਦੀ ਕਥਾ ਸੁਣ ਕੇ ਡਰ ਗਿਆ ਹੈ ਤੇ ਦਾਦੀ ਉਸਨੂੰ ‘ਨਿੱਕੇ ਜਿਗਰੇ ਵਾਲਾ’ ਕਹਿੰਦੀ ਹੈ, ਤਾਂ ਉਹ ਦਾਦੀ ਨੂੰ ਕਹਿੰਦੀ ਹੈ ਕਿ ਉਹ ਛੋਟੇ ਜਿਹੇ ਬਾਲਕ ਨੂੰ ਕਿਉਂ ਡਰਾ ਰਹੀ ਹੈ ਤੇ ਉਸਦੇ ਸਿਰ ਉੱਤੇ ਭੂਤ-ਪ੍ਰੇਤ ਦਾ ਜਾਲ ਕਿਉਂ ਪਾ ਰਹੀ ਹੈ।

ਵਹਿਮਾਂ-ਭਰਮਾਂ ਦੇ ਵਿਰੁੱਧ : ਉਹ ਭੂਤਾਂ-ਚੁੜੇਲਾਂ ਦੇ ਵਹਿਮ ਨਹੀਂ ਕਰਦੀ ਤੇ ਆਪਣੇ ਬੱਚਿਆਂ ਨੂੰ ਦੱਸਦੀ ਹੈ, ”ਭੂਤ-ਭਾਤ ਨਹੀਂ ਹੁੰਦਾ, ਸੌਂ ਜਾਓ ਅੱਖਾਂ ਬੰਦ ਕਰੋ। ਇਹ ਤਾਂ ਸਿਰਫ਼ ਕਹਾਣੀ ਏ, ਇਸ ਵਹਿਮ ਤੋਂ ਨਾ ਡਰੋ।” ਫਿਰ ਜਦੋਂ ਬੱਬੀ ਪੁੱਛਦੀ ਹੈ ਕਿ ਕੀ ਭੂਤ ਸੱਚੀਂ ਹੁੰਦੇ ਹਨ, ਤਾਂ ਇਹ ਉੱਤਰ ਦਿੰਦੀ ਹੈ ਕਿ ਭੂਤ ਕਦੇ-ਕਦਾਈਂ ਆਉਂਦੇ ਹਨ। ਉਨ੍ਹਾਂ ਕੋਲ ਰੋਜ਼ ਆਉਣ ਦੀ ਵਿਹਲ ਨਹੀਂ ਹੁੰਦੀ। ਉਹ ਐਵੇਂ ਵੀ ਤੁਰਦੇ-ਫਿਰਦੇ ਨਹੀਂ ਰਹਿੰਦੇ। ਉਹ ਇਹ ਵੀ ਕਹਿੰਦੀ ਹੈ ਕਿ ਉਹ ਚੰਗੇ ਬੱਚਿਆਂ ਕੋਲ ਨਹੀਂ ਆਉਂਦੇ।

ਬੱਚਿਆਂ ਨਾਲ ਪਿਆਰ ਕਰਨ ਵਾਲੀ : ਉਸਦਾ ਹਰ ਮਾਂ ਵਾਂਗ ਆਪਣੇ ਬੱਚਿਆਂ ਨਾਲ ਪਿਆਰ ਹੈ। ਉਹ ਸੁੱਤੇ ਪਏ ਚੀਕਾਂ ਮਾਰਦੇ ਰਾਜੂ ਨੂੰ ਆਪਣੇ ਪਤੀ ਸਮੇਤ ਪਿਆਰ ਨਾਲ ਪਲੋਸਦੀ ਹੈ। ਉਹ ਚਾਹੁੰਦੀ ਹੈ ਕਿ ਉਸਦੇ ਬੱਚੇ ਚੰਗੀ ਪੜ੍ਹਾਈ ਕਰਨ ਤੇ ਵਹਿਮਾਂ-ਭਰਮਾਂ ਦੇ ਭਾਰ ਤੋਂ ਮੁਕਤ ਰਹਿਣ।


ਇਕਾਂਗੀ : ਗੁਬਾਰੇ