ਪਾਠ ਨਾਲ ਸੰਬੰਧਿਤ ਪ੍ਰਸ਼ਨ – ਉੱਤਰ – ਜਨਮ ਦਿਨ (ਕਹਾਣੀ)
ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ
ਕਹਾਣੀ – ਭਾਗ (ਜਮਾਤ ਨੌਵੀਂ)
ਜਨਮ ਦਿਨ – ਸਵਿੰਦਰ ਸਿੰਘ ਉੱਪਲ
ਪ੍ਰਸ਼ਨ 1 . ਜੁਗਲ ਪ੍ਰਸ਼ਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਕਿਸ ਲਈ ਦਾਖਲ ਕਰਵਾਉਣਾ ਚਾਹੁੰਦਾ ਸੀ ?
ਉੱਤਰ – ਜੁਗਲ ਪ੍ਰਸ਼ਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਇਸ ਲਈ ਦਾਖ਼ਲ ਕਰਵਾਉਣਾ ਚਾਹੁੰਦਾ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਅੰਗਰੇਜ਼ੀ ਵਿੱਚ ਪ੍ਰਬੀਨ ਹੋਵੇ।
ਉਹਨਾਂ ਸਕੂਲਾਂ ਵਿੱਚ ਆਪਣੀ ਸ਼ਖ਼ਸੀਅਤ ਪੁੰਗਰਨ ਲਈ ਕਈ ਤਰ੍ਹਾਂ ਦੇ ਅਵਸਰ ਦਿੱਤੇ ਜਾਂਦੇ ਸਨ। ਉੱਥੋਂ ਦੇ ਬੱਚੇ ਚੰਗੇ ਕੱਪੜੇ ਪਾਉਂਦੇ; ਊਚ – ਨੀਚ ਤੋਂ ਬੇ – ਲਾਗ, ਇੱਕ ਦੂਜੇ ਨਾਲ ਹੌਲੀ – ਹੌਲੀ ਗੱਲਾਂ ਕਰਦੇ ਅਤੇ ਆਪਸ ਵਿੱਚ ਪਿਆਰ ਨਾਲ ਖੇਡਦੇ ਸਨ।
ਉਹ ਬਿਨਾਂ ਝਿਜਕ ਸਾਰਿਆਂ ਨਾਲ ਗੱਲਾਂ ਕਰਦੇ ਅਤੇ ਆਪਣੇ ਆਪ ‘ਤੇ ਪੂਰਾ ਭਰੋਸਾ ਹੋਣ ਕਾਰਨ ਉਹ ਅਵਸਰ ਅਨੁਸਾਰ ਗੱਲ ਸੋਚ ਸਕਦੇ ਸਨ।
ਪ੍ਰਸ਼ਨ 2 . ਸਕੂਲ ਦੇ ਪ੍ਰਿੰਸੀਪਲ ਨੇ ਜੁਗਲ ਪ੍ਰਸ਼ਾਦ ਨੂੰ ਵਧਾਈ ਕਿਉਂ ਦਿੱਤੀ ?
ਉੱਤਰ – ਸਕੂਲ ਦੇ ਪ੍ਰਿੰਸੀਪਲ ਨੇ ਜੁਗਲ ਪ੍ਰਸ਼ਾਦ ਨੂੰ ਵਧਾਈ ਇਸ ਕਰਕੇ ਦਿੱਤੀ ਕਿਉਂਕਿ ਮਹੀਨੇ ਬਾਅਦ ਜਦੋਂ ਜੋਤੀ ਦਾ ਇਮਤਿਹਾਨ ਹੋਇਆ ਤਾਂ ਉਹ ਸਾਰੇ ਜਮਾਤੀਆਂ ਤੋਂ ਹਰ ਗੱਲ ਵਿੱਚ ਅੱਗੇ ਸੀ।
ਜੋਤੀ ਦੀ ਪ੍ਰਿੰਸੀਪਲ ਨੇ ਖੁਸ਼ੀ ਪ੍ਰਗਟ ਕਰਨ ਦੇ ਨਾਲ਼ – ਨਾਲ਼ ਜੁਗਲ ਪ੍ਰਸ਼ਾਦ ਨੂੰ ਅਜਿਹੇ ਕਾਬਲ ਅਤੇ ਲਾਇਕ ਸਪੁੱਤਰ ਦਾ ਪਿਓ ਹੋਣ ਉੱਤੇ ਵਧਾਈ ਦਿੱਤੀ ਸੀ।
ਪ੍ਰਸ਼ਨ 3 . “ਇਹ ਮੇਰਾ ਲਾਲ ਜਾਏਗਾ, ਐਡੇ ਵੱਡੇ ਮੰਤਰੀ ਕੋਲ, ਮੈਂ ਸਦਕੇ ਜਾਵਾਂ।” ਜੋਤੀ ਦੀ ਮਾਂ ਦੇ ਇਹਨਾਂ ਸ਼ਬਦਾਂ ਤੋਂ ਕੀ ਭਾਵ ਹੈ?
ਉੱਤਰ – ਜੋਤੀ ਦੀ ਮਾਂ ਦੇਵਕੀ ਨੇ ਕਦੇ ਇਹ ਸੋਚਿਆ ਤੱਕ ਨਹੀਂ ਸੀ ਕਿ ਉਸ ਦਾ ਪੁੱਤਰ ਪ੍ਰਾਂਤ ਦੇ ਪ੍ਰਸਿੱਧ ਮੰਤਰੀ ਸ੍ਰੀ ਜਵਾਲਾ ਪ੍ਰਸ਼ਾਦ ਨੂੰ ਮਿਲ ਕੇ ਉਸ ਦੇ ਗਲੇ ਵਿੱਚ ਹਾਰ ਪਾਏਗਾ।
ਇਹ ਉਸ ਲਈ ਬਹੁਤ ਵੱਡੀ ਅਤੇ ਮਾਣ ਦੀ ਗੱਲ ਸੀ। ਇਸ ਕਰਕੇ ਜੋਤੀ ਦੀ ਮਾਂ ਆਪਣੀ ਬੇਅੰਤ ਖੁਸ਼ੀ ਨੂੰ ਪ੍ਰਗਟ ਕਰਦੇ ਹੋਏ ਇਹ ਸ਼ਬਦ ਆਖਦੀ ਹੈ।
ਪ੍ਰਸ਼ਨ 4 . ਜੁਗਲ ਪ੍ਰਸ਼ਾਦ ਦੀ ਸੋਚ ਅਨੁਸਾਰ ਆਮਦਨ ਘੱਟ ਹੁੰਦਿਆਂ ਉਸ ਦੀ ਪਤਨੀ ਘਰ ਦਾ ਗੁਜ਼ਾਰਾ ਕਿਵੇਂ ਤੋਰਦੀ ਹੈ ?
ਉੱਤਰ – ਜੁਗਲ ਪ੍ਰਸ਼ਾਦ ਸੋਚਦਾ ਹੈ ਕਿ ਜਦੋਂ ਦੀ ਦੇਵਕੀ, ਉਸ ਦੇ ਘਰ ਵਿਆਹੀ ਆਈ ਸੀ, ਤੰਗੀ ਦੀ ਪੁੜਾਂ ਵਿੱਚ ਹੀ ਪਿਸੱ ਰਹੀ ਸੀ।
ਉਹ ਬੜੀ ਹੀ ਮੁਸ਼ਕਲ ਨਾਲ ਡੇਢ ਸੌ ਰੁਪਏ ਵਿੱਚ ਪੰਜ ਬੱਚਿਆਂ ਨੂੰ ਪਾਲ ਰਹੀ ਸੀ। ਉਹ ਹਰ ਥਾਂ ਤੋਂ ਪੈਸੇ ਬਚਾਉਣ ਦੀ ਕੋਸ਼ਿਸ਼ ਕਰਦੀ ਅਤੇ ਬੜੇ ਹੀ ਸੰਕੋਚ ਨਾਲ ਪੈਸੇ ਨੂੰ ਖ਼ਰਚ ਕਰਦੀ ਸੀ।
ਪ੍ਰਸ਼ਨ 5 . ਤਕਾਲਾਂ ਨੂੰ ਸਾਰਾ ਟੱਬਰ ਕਿਸ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ ?
ਉੱਤਰ – ਤਕਾਲਾਂ ਨੂੰ ਸਾਰਾ ਟੱਬਰ ਜੋਤੀ ਦੇ ਸਕੂਲ ਤੋਂ ਵਾਪਸ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਜੋਤੀ ਘਰ ਆ ਕੇ ਸਾਰੇ ਟੱਬਰ ਨੂੰ ਉੱਥੇ ਦੀ ਸਾਰੀ ਰੌਣਕ ਦਾ ਬਿਆਨ ਕਰੇ ਅਤੇ ਉਸ ਨੂੰ ਮਿਲੇ ਮਾਣ ਦਾ ਵਿਸਥਾਰ ਕਰੇ।
ਪ੍ਰਸ਼ਨ 6 . ਡਸਕੋਰੇ ਭਰ ਰਹੇ ਜੋਤੀ ਬਾਰੇ ਸਕੂਲ ਦੀ ਪ੍ਰਿੰਸੀਪਲ ਜੁਗਲ ਪ੍ਰਸ਼ਾਦ ਨੂੰ ਕੀ ਕਹਿੰਦੀ ਹੈ ?
ਉੱਤਰ – ਡਸਕੋਰੇ ਭਰ ਰਹੇ ਜੋਤੀ ਬਾਰੇ ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਉਸ ਨੇ ਤਾਂ ਬਹੁਤ ਯਤਨ ਕੀਤਾ ਕਿ ਜੋਤੀ ਨੂੰ ਹੀ ਮੰਤਰੀ ਨੂੰ ਹਾਰ ਪਾਉਣ ਦਾ ਮੌਕਾ ਮਿਲੇ ਪਰ ਸੇਠ ਲਖਪਤ ਰਾਏ ਨੇ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਂ ਬਦਲਵਾ ਲਿਆ ਸੀ।
ਜਦੋਂ ਪ੍ਰਿੰਸੀਪਲ ਨੇ ਫਿਰ ਵੀ ਉਸ ਦੀ ਇੱਕ ਨਾ ਸੁਣੀ ਤਾਂ ਉਸ ਨੇ ਚੇਅਰਮੈਨ ਨੂੰ ਆਖ ਕੇ ਇਹ ਕੰਮ ਕਰ ਲਿਆ।
ਪ੍ਰਸ਼ਨ 7 . “ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ ਮੇਰਾ ਜਨਮ ਦਿਨ ਏ।” ਜੁਗਲ ਪ੍ਰਸ਼ਾਦ ਨੇ ਇਹ ਗੱਲ ਕਿਸ ਸੰਦਰਭ ਵਿੱਚ ਕਹੀ ?
ਉੱਤਰ – ਜੁਗਲ ਪ੍ਰਸ਼ਾਦ ਨੂੰ ਇਹ ਗੱਲ ਮਹਿਸੂਸ ਹੋਈ ਕਿ ਸੇਠ ਲਖਪਤ ਰਾਏ ਨੇ ਉਸ ਦੀਆਂ ਸੱਧਰਾਂ ਅਤੇ ਉਮੰਗਾਂ ਨੂੰ ਆਪਣੇ ਪੈਸੇ ਦੇ ਜ਼ੋਰ ਤੇ ਫੂਕ ਦਿੱਤਾ ਹੈ।
ਵਿਦਰੋਹ ਦੀ ਅੱਗ ਵਿੱਚ ਉਹ ਬੁਰੀ ਤਰ੍ਹਾਂ ਸੜ ਰਿਹਾ ਸੀ। ਇਸੇ ਕਰਕੇ ਉਹ ਕਹਿੰਦਾ ਹੈ ਕਿ “ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ ਮੇਰਾ ਜਨਮ ਦਿਨ ਏ। ਮੇਰੀ ਸੁੱਤੀ ਜੁਰਅੱਤ ਅਤੇ ਦਲੇਰੀ ਦਾ ਜਨਮ ਦਿਨ ਏ।
ਮੈਂ ਵੇਖਾਂਗਾ ਕਿਵੇਂ ਕੋਈ ਗਰੀਬਾਂ ਦੀ ਸੱਧਰਾਂ ਅਤੇ ਉਮੰਗਾਂ ਨੂੰ ਲਿਤਾੜਨ ਦੀ ਜੁਰਅੱਤ ਕਰੇਗਾ।”
ਜੁਗਲ ਪ੍ਰਸ਼ਾਦ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਚੁੱਕਾ ਸੀ। ਉਹ ਕਹਿੰਦਾ ਹੈ ਕਿ ਹੁਣ ਕੋਈ ਵੀ ਗ਼ਰੀਬ ਦੀਆਂ ਆਸਾਂ ਨਾਲ ਖੇਡਣ ਦਾ ਯਤਨ ਨਹੀਂ ਕਰੇਗਾ।