ਨੀਲੀ : 25-30 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ


25-30 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ‘ਨੀਲੀ’ ਕਹਾਣੀ ਦੇ ਲੇਖਕ ਕਰਤਾਰ ਸਿੰਘ ਦੁੱਗਲ ਦੀ ਕਹਾਣੀ-ਕਲਾ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ : ਕਰਤਾਰ ਸਿੰਘ ਦੁੱਗਲ ਦਾ ਨਿੱਕੀ ਪੰਜਾਬੀ ਕਹਾਣੀ ਦੇ ਮੋਢੀਆਂ ਵਿੱਚ ਵਿਸ਼ੇਸ਼ ਸਥਾਨ ਹੈ। ਉਸ ਨੇ ਮਨੁੱਖੀ ਜੀਵਨ ਦੇ ਅਨੇਕ ਪੱਖਾਂ ‘ਤੇ ਕਹਾਣੀਆਂ ਲਿਖੀਆਂ ਹਨ। ਪੇਂਡੂ ਤੇ ਸ਼ਹਿਰੀ ਜੀਵਨ ਦੀਆਂ ਸਮੱਸਿਆਵਾਂ ਅਤੇ ਦੇਸ-ਵੰਡ ਦੇ ਦੁਖਾਂਤ ਦਾ ਸਫਲ ਚਿਤਰਨ, ਮਨੁੱਖੀ ਤੇ ਪਸੂ-ਪਾਤਰਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ, ਵਹਿਮਾਂ-ਭਰਮਾਂ ’ਤੇ ਵਿਅੰਗ, ਕਾਮ-ਸੰਬੰਧਾਂ ਦਾ ਨਿਝਕ ਵਰਨਣ, ਵਿਸ਼ੇ ਅਤੇ ਤਕਨੀਕ ਦੇ ਪੱਖੋਂ ਵੰਨ-ਸਵੰਨਤਾ ਆਦਿ ਉਸ ਦੀਆਂ ਕਹਾਣੀਆਂ ਦੇ ਵਿਸ਼ੇਸ਼ ਪੱਖ ਹਨ।

ਪ੍ਰਸ਼ਨ 2. ‘ਨੀਲੀ’ ਕਹਾਣੀ ਦੇ ਵਿਸ਼ੇ ਤੋਂ ਜਾਣੂ ਕਰਵਾਓ।

ਉੱਤਰ : ‘ਨੀਲੀ’ ਕਹਾਣੀ ਵਿੱਚ ਪਸੂਆਂ ਦੀ ਸੰਵੇਦਨਸ਼ੀਲਤਾ ਨੂੰ ਵਿਸ਼ਾ ਬਣਾਇਆ ਗਿਆ ਹੈ। ਕਹਾਣੀਕਾਰ ਮੁੱਖ ਪਾਤਰ ਨੀਲੀ (ਜੋ ਇੱਕ ਗਊ ਹੈ) ਦੀ ਮਮਤਾ ਅਤੇ ਉਸ ਦੇ ਮਨੋਭਾਵਾਂ ਨੂੰ ਬੜੀ ਸਫਲਤਾ ਨਾਲ ਪ੍ਰਗਟਾਉਂਦਾ ਹੈ। ਲੁੜੀਂਦਾ ਦੁੱਧ ਨਾ ਮਿਲਨ ‘ਤੇ ਹੋਈ ਵੱਛੀ ਦੀ ਮੌਤ ਉੱ ਕਾਰਨ ਨੀਲੀ ਉਦਾਸ ਹੋ ਜਾਂਦੀ ਹੈ ਅਤੇ ਉਸ ਨੂੰ ਖਾਣਾ-ਪੀਣਾ ਚੰਗਾ ਨਹੀਂ ਲੱਗਦਾ। ਉਹ ਦੁੱਧ ਨਹੀਂ ਦਿੰਦੀ। ਦੁੱਧ ਦਾ ਲਾਲਚੀ ਗਵਾਲਾ ਭੁੱਲ ਜਾਂਦਾ ਹੈ ਕਿ ਨੀਲੀ ਇੱਕ ਮਾਂ ਵੀ ਹੈ।

ਪ੍ਰਸਨ 3. ਨੀਲੀ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ?

ਉੱਤਰ : ‘ਨੀਲੀ’ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਪਸੂਆਂ/ਜਾਨਵਰਾਂ ਪ੍ਰਤਿ ਹਮਦਰਦੀ ਪ੍ਰਗਟਾਉਣੀ ਚਾਹੀਦੀ ਹੈ। ਮਨੁੱਖਾਂ ਵਾਂਗ ਉਹਨਾਂ ਦੀਆਂ ਵੀ ਭਾਵਨਾਵਾਂ ਹੁੰਦੀਆਂ ਹਨ। ਸਾਨੂੰ ਪਸੂਆਂ ਦੀ ਸੰਵੇਦਨਾ ਨੂੰ ਸਮਝਣਾ ਚਾਹੀਦਾ ਹੈ। ਗਵਾਲੇ ਦੀ ਨੀਲੀ ਨਾਲ ਕੋਈ ਹਮਦਰਦੀ ਨਹੀਂ ਸਗੋਂ ਉਹ ਆਪਣਾ ਸਵਾਰਥ ਹੀ ਅੱਗੇ ਰੱਖਦਾ ਹੈ। ਸਾਨੂੰ ਅਜਿਹਾ ਨਾ ਕਰ ਕੇ ਲੇਖਕ ਦੀ ਪਤਨੀ ਵਾਂਗ ਜਾਨਵਰਾਂ/ ਪਸੂਆਂ ਨਾਲ ਹਮਦਰਦੀ ਪ੍ਰਗਟਾਉਣੀ ਚਾਹੀਦੀ ਹੈ।

ਪ੍ਰਸ਼ਨ 4. ‘ਨੀਲੀ’ ਕਹਾਣੀ ਦਾ ਇਹ ਸਿਰਲੇਖ ਕਿਸ ਹੱਦ ਤੱਕ ਢੁਕਵਾਂ ਹੈ?

ਉੱਤਰ : ‘ਨੀਲੀ’ ਕਹਾਣੀ ਦਾ ਇਹ ਸਿਰਲੇਖ ਇਸ ਕਹਾਣੀ ਦੀ ਪਸੂ-ਪਾਤਰ ਨੀਲੀ (ਜੋ ਇੱਕ ਗਊ ਹੈ) ਦੇ ਨਾਂ ‘ਤੇ ਰੱਖਿਆ ਗਿਆ ਹੈ। ਸਾਰੀ ਕਹਾਣੀ ਉਸ ਦੇ ਦੁਆਲੇ ਹੀ ਘੁੰਮਦੀ ਹੈ। ਗਵਾਲਾ, ਕਹਾਣੀਕਾਰ ਅਤੇ ਉਸ ਦੀ ਤ੍ਰੀਮਤ/ ਪਤਨੀ ਨੀਲੀ ਨਾਲ ਸੰਬੰਧਿਤ ਹਨ। ਗਵਾਲੇ ਵੱਲੋਂ ਵੱਛੀ ਲਈ ਲੁੜੀਂਦਾ ਦੁੱਧ ਨਾ ਛੱਡਣ ਕਾਰਨ ਵੱਛੀ ਮਰ ਜਾਂਦੀ ਹੈ ਅਤੇ ਨੀਲੀ ਉਦਾਸ ਹੋ ਜਾਂਦੀ ਹੈ। ਸਾਰੀ ਕਹਾਣੀ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਨੀਲੀ ਦਾ ਹੀ ਜ਼ਿਕਰ ਹੈ। ਇਸ ਤਰ੍ਹਾਂ ਇਹ ਸਿਰਲੇਖ ਪੂਰੀ ਤਰ੍ਹਾਂ ਢੁਕਵਾਂ ਕਿਹਾ ਜਾ ਸਕਦਾ ਹੈ।

ਪ੍ਰਸ਼ਨ 5. ਇੱਕ ਪਾਤਰ ਵਜੋਂ ਨੀਲੀ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ : ਨੀਲੀ ਇਸੇ ਨਾਂ ਦੀ ਕਹਾਣੀ ਦੀ ਮੁੱਖ ਪਾਤਰ ਹੈ। ਉਹ ਇੱਕ ਗਊ ਹੈ। ਇਹ ਕਹਾਣੀ ਨੀਲੀ ਦੇ ਜੀਵਨ ਦੁਆਲੇ ਹੀ ਘੁੰਮਦੀ ਹੈ। ਨੀਲੀ ਜਿੰਨੀ ਦੇਰ ਤੱਕ ਦੁੱਧ ਦਿੰਦੀ ਹੈ ਗਵਾਲਾ ਉਸ ਨੂੰ ਚੰਗਾ ਚਾਰਾ ਦਿੰਦਾ ਹੈ। ਪਰ ਉਸ ਦੀ ਵੱਛੀ ਪੈਦਾ ਹੋਣ ‘ਤੇ ਗਵਾਲਾ ਵੱਛੀ ਲਈ ਲੁੜੀਂਦਾ ਦੁੱਧ ਨਹੀਂ ਛੱਡਦਾ ਜਿਸ ਕਾਰਨ ਵੱਛੀ ਮਰ ਜਾਂਦੀ ਹੈ । ਨੀਲੀ ਉਦਾਸ ਹੋ ਜਾਂਦੀ ਹੈ ਤੇ ਦੁੱਧ ਨਹੀਂ ਦਿੰਦੀ। ਇਸ ਤਰ੍ਹਾਂ ਇਸ ਕਹਾਣੀ ਵਿੱਚ ਨੀਲੀ ਦੀ ਸੰਵੇਦਨਾ ਅਥਵਾ ਉਸ ਦੇ ਮਨੋਭਾਵਾਂ ਨੂੰ ਪ੍ਰਗਟਾਇਆ ਗਿਆ ਹੈ।

ਪ੍ਰਸ਼ਨ 6. ਗਵਾਲੇ ਦਾ ਨੀਲੀ ਪ੍ਰਤਿ ਕਿਸ ਤਰ੍ਹਾਂ ਦਾ ਵਤੀਰਾ ਹੈ?

ਜਾਂ

ਪ੍ਰਸ਼ਨ. ‘ਨੀਲੀ’ ਕਹਾਣੀ ਵਿੱਚ ਗਵਾਲੇ ਦਾ ਰੋਲ (ਭੂਮਿਕਾ) ਕਿਹੋ ਜਿਹਾ ਹੈ?

ਉੱਤਰ : ਗਵਾਲਾ ਸਵਾਰਥੀ ਕਿਸਮ ਦਾ ਵਿਅਕਤੀ ਹੈ। ਨੀਲੀ ਜਿੰਨੀ ਦੇਰ ਤੱਕ ਦੁੱਧ ਦਿੰਦੀ ਹੈ ਓਨੀ ਦੇਰ ਤੱਕ ਉਸ ਨੂੰ ਚੰਗਾ ਚਾਰਾ ਮਿਲਦਾ ਹੈ। ਪਰ ਵੱਛੀ ਪੈਦਾ ਹੋਣ ‘ਤੇ ਗਵਾਲਾ ਉਸ ਲਈ ਲੁੜੀਂਦਾ ਦੁੱਧ ਨਹੀਂ ਛੱਡਦਾ। ਵੱਛੀ ਦੇ ਮੂੰਹ ਮਾਰਨ ‘ਤੇ ਨੀਲੀ ਦੇ ਦੁੱਧ ਲਾਹ ਲੈਣ ਕਾਰਨ ਗਵਾਲੇ ਨੇ ਨੀਲੀ ਲਈ ਮਸਾਲਾ ਲਿਆਉਣਾ ਵੀ ਬੰਦ ਕਰ ਦਿੱਤਾ ਸੀ। ਪੁੱਛਣ ‘ਤੇ ਉਹ ਕਹਿੰਦਾ ਸੀ ਕਿ ਉਹ ਸ਼ਾਮ ਨੂੰ ਤੂੜੀ ਨਾਲ ਮਸਾਲਾ ਖੁਆ ਛੱਡਦਾ ਸੀ। ਨੀਲੀ ਪ੍ਰਤਿ ਗਵਾਲੇ ਦਾ ਵਤੀਰਾ ਹਮਦਰਦੀ ਵਾਲ਼ਾ ਨਹੀਂ ਸੀ।

ਪ੍ਰਸ਼ਨ 7. ਲੇਖਕ ਦੀ ਪਤਨੀ/ਤ੍ਰੀਮਤ ਨਾਲ ਸੰਖੇਪ ਜਾਣ-ਪਛਾਣ ਕਰਾਓ।

ਉੱਤਰ : ਲੇਖਕ ਦੀ ਪਤਨੀ/ਤ੍ਰੀਮਤ ‘ਨੀਲੀ’ ਕਹਾਣੀ ਦੀ ਵਿਸ਼ੇਸ਼ ਪਾਤਰ ਹੈ। ਨੀਲੀ ਦੀ ਵੱਛੀ ਨਾਲ ਉਸ ਨੂੰ ਬਹੁਤ ਹਮਦਰਦੀ ਹੈ। ਉਹ ਗਵਾਲੇ ਨੂੰ ਕਹਿੰਦੀ ਹੈ ਕਿ ਉਹ ਵੱਛੀ ਲਈ ਵੀ ਕੁਝ ਦੁੱਧ ਛੱਡ ਦਿਆ ਕਰੇ। ਇਹ ਬਹੁਤ ਵਧੀਆ ਗਾਂ ਬਣੇਗੀ। ਪਰ ਗਵਾਲਾ ਆਪਣੀ ਮਰਜ਼ੀ ਕਰਦਾ ਸੀ। ਉਸ ਨੇ ਤਾਂ ਨੀਲੀ ਲਈ ਮਸਾਲਾ ਲਿਆਉਣਾ ਵੀ ਬੰਦ ਕਰ ਦਿੱਤਾ ਸੀ। ਲੇਖਕ ਦੀ ਪਤਨੀ ਹੁਣ ਦੁੱਧ ਦੇ ਪਾਣੀ ਵਰਗਾ ਪਤਲਾ ਹੋਣ ਦੀ ਸ਼ਿਕਾਇਤ ਵੀ ਕਰਦੀ ਸੀ। ਉਸ ਨੂੰ ਦੁੱਖ ਸੀ ਕਿ ਗਵਾਲੇ ਨੇ ਚੂਲੀ ਦੁੱਧ ਬਚਾਉਣ ਲਈ ਵੱਛੀ ਗੁਆ ਲਈ ਸੀ।

ਪ੍ਰਸ਼ਨ 8. ਹਰ ਰੋਜ਼ ਸਵੇਰੇ ਗਵਾਲਾ ਨੀਲੀ ਨੂੰ ਲੈ ਕੇ ਕਿੱਥੇ ਅਤੇ ਕਿਸ ਲਈ ਆਉਂਦਾ ਸੀ?

ਉੱਤਰ : ਹਰ ਰੋਜ਼ ਸਵੇਰੇ ਗਵਾਲਾ ਨੀਲੀ ਨੂੰ ਲੈ ਕੇ ਲੇਖਕ ਦੇ ਘਰ ਆਉਂਦਾ ਸੀ। ਗਵਾਲੇ ਨੇ ਸਿਰ ‘ਤੇ ਚਾਰੇ ਦੀ ਟੋਕਰੀ ਚੁੱਕੀ ਹੁੰਦੀ। ਨੀਲੀ ਮਹਿੰਦੀ ਦੇ ਬੂਟੇ ਹੇਠ ਖੜੋ ਜਾਂਦੀ ਤੇ ਗਵਾਲਾ ਚਾਰੇ ਦੀ ਟੋਕਰੀ ਉਸ ਦੇ ਸਾਮ੍ਹਣੇ ਰੱਖ ਦਿੰਦਾ। ਉਹ ਉਸ ਦੇ ਪਿੰਡੇ ‘ਤੇ ਹੱਥ ਫੇਰਦਾ ਅਤੇ ਦੁੱਧ ਚੋਣ ਬੈਠ ਜਾਂਦਾ।

ਪ੍ਰਸ਼ਨ 9. ਗਵਾਲੇ ਨੇ ਨੀਲੀ ਲਈ ਮਸਾਲਾ ਲਿਆਉਣਾ ਕਿਉਂ ਬੰਦ ਕਰ ਦਿੱਤਾ ਸੀ?

ਉੱਤਰ : ਵੱਛੀ ਦੇ ਮੂੰਹ ਮਾਰਨ ‘ਤੇ ਨੀਲੀ ਦੁੱਧ ਲਾਹ ਲੈਂਦੀ ਸੀ ਇਸ ਲਈ ਗਵਾਲੇ ਨੇ ਅੱਜ-ਕੱਲ੍ਹ ਨੀਲੀ ਲਈ ਮਸਾਲਾ ਲਿਆਉਣਾ ਹੀ ਬੰਦ ਕਰ ਛੱਡਿਆ ਸੀ। ਸ਼ਿਕਾਇਤ ਕਰਨ ‘ਤੇ ਉਹ ਦੱਸਦਾ ਕਿ ਉਹ ਸ਼ਾਮੀਂ ਤੂੜੀ ਨਾਲ ਮਸਾਲਾ ਖੁਆ ਦਿੰਦਾ ਸੀ।

ਪ੍ਰਸ਼ਨ 10. ਲੇਖਕ ਦੀ ਪਤਨੀ ਵੱਛੀ ਦੀ ਮੌਤ ਲਈ ਕਿਸ ਨੂੰ ਜ਼ੁੰਮੇਵਾਰ ਮੰਨਦੀ ਹੈ?

ਉੱਤਰ : ਲੇਖਕ ਦੀ ਪਤਨੀ ਗਵਾਲੇ ਨੂੰ ਕਹਿੰਦੀ ਸੀ ਕਿ ਉਹ ਵੱਛੀ ਲਈ ਵੀ ਕੁਝ ਦੁੱਧ ਛੱਡ ਦਿਆ ਕਰੇ। ਪਰ ਗਵਾਲਾ ਆਪਣੀ ਮਰਜ਼ੀ ਕਰਦਾ ਸੀ। ਉਹ ਵੱਛੀ ਲਈ ਚੂਲੀ ਦੁੱਧ ਵੀ ਨਹੀਂ ਸੀ ਬਚਾਉਂਦਾ। ਲੇਖਕ ਦੀ ਪਤਨੀ ਦਾ ਕਹਿਣਾ ਸੀ ਕਿ ਚੂਲੀ ਦੁੱਧ ਬਚਾਉਣ ਲਈ ਗਵਾਲੇ ਨੇ ਵੱਛੀ ਗੁਆ ਲਈ ਸੀ। ਇਸ ਤਰ੍ਹਾਂ ਲੇਖਕ ਦੀ ਪਤਨੀ ਵੱਛੀ ਦੀ ਮੌਤ ਲਈ ਗਵਾਲੇ ਨੂੰ ਜ਼ੁੰਮੇਵਾਰ ਸਮਝਦੀ ਹੈ।

ਪ੍ਰਸ਼ਨ 11. ਵੱਛੀ ਦੀ ਮੌਤ ਤੋਂ ਅਗਲੇ ਦਿਨ ਗਵਾਲੇ ਨੇ ਲੇਖਕ ਦੇ ਘਰ ਆ ਕੇ ਕੀ ਦੱਸਿਆ?

ਉੱਤਰ : ਵੱਛੀ ਦੀ ਮੌਤ ਤੋਂ ਅਗਲੇ ਦਿਨ ਗਵਾਲਾ ਨਿੱਕਾ ਜਿਹਾ ਮੂੰਹ ਲੈ ਕੇ ਲੇਖਕ ਦੇ ਘਰ ਆਇਆ ਅਤੇ ਉਸ ਨੇ ਦੱਸਿਆ ਕਿ ਪਿਛਲੀ ਰਾਤ ਵੱਛੀ ਦੀ ਮੌਤ ਹੋ ਗਈ ਸੀ। ਨੀਲੀ ਨੇ ਕੁਝ ਵੀ ਖਾਧਾ-ਪੀਤਾ ਨਹੀਂ ਸੀ। ਇਸ ਲਈ ਇੱਕ ਦਿਨ ਦੁੱਧ ਦਾ ਨਾਗਾ ਹੋਣਾ ਸੀ।

ਪ੍ਰਸ਼ਨ 12. ਜਦ ਗਵਾਲੇ ਨੇ ਲੇਖਕ ਦੇ ਘਰ ਆ ਕੇ ਵੱਛੀ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਤਾਂ ਲੇਖਕ ਦੀ ਪਤਨੀ ਦੀ ਕੀ ਪ੍ਰਤਿਕਿਰਿਆ ਸੀ?

ਉੱਤਰ : ਗਵਾਲੇ ਨੇ ਜਦ ਵੱਛੀ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਤਾਂ ਲੇਖਕ ਦੀ ਪਤਨੀ ਦੰਦ ਕਰੀਚ ਕੇ ਰਹਿ ਗਈ। ਉਹ ਜਾਣਦੀ ਸੀ ਕਿ ਗਵਾਲਾ ਵੱਛੀ ਨੂੰ ਜਾਣ ਕੇ ਮਾਰ ਰਿਹਾ ਸੀ । ਜਦ ਗਵਾਲਾ ਵਾਪਸ ਜਾ ਰਿਹਾ ਸੀ ਤਾਂ ਲੇਖਕ ਦੀ ਪਤਨੀ ਨੇ ਆਪਣੇ ਹੋਠਾਂ ਵਿੱਚ ਬੁੜਬੁੜਾਉਂਦਿਆਂ ਕਿਹਾ, “ਚੂਲੀ ਦੁੱਧ ਬਚਾਣ ਲਈ ਭੈੜੇ ਨੇ ਵੱਛੀ ਗੁਆ ਲਈ ਏ।”

ਪ੍ਰਸ਼ਨ 13. ਵੱਛੀ ਦੀ ਮੌਤ ਤੋਂ ਬਾਅਦ ਨੀਲੀ ਦੇ ਪਹਿਲੀ ਵਾਰ ਲੇਖਕ ਦੇ ਘਰ ਆਉਣ ਦਾ ਵੇਰਵਾ ਦਿਓ।

ਉੱਤਰ : ਨੀਲੀ ਆ ਕੇ ਗੇਟ ਦੇ ਬਾਹਰ ਖੜ੍ਹੀ ਹੋ ਗਈ। ਗਵਾਲੇ ਦੇ ਗੇਟ ਖੋਲ੍ਹਣ ‘ਤੇ ਉਹਦੇ ਪਿੱਛੇ ਨੀਲੀ ਗਿਣ-ਗਿਣ ਕੇ ਕਦਮ ਰੱਖਦੀ ਆਈ। ਫ਼ਿਕਰਾਂ ਵਿੱਚ ਗੁੰਮ ਹੋਈ ਨੀਲੀ ਉੱਖੜੇ-ਉੱਖੜੇ ਕਦਮੀਂ ਮਹਿੰਦੀ ਦੇ ਬੂਟੇ ਹੇਠ ਆਣ ਖੜ੍ਹੀ ਹੋਈ। ਕੁਝ ਦੇਰ ਬਾਅਦ ਉਸ ਨੇ ਆਪਣਾ ਮੂੰਹ ਮਸਾਲੇ ਵਾਲੀ ਟੋਕਰੀ ਵਿੱਚ ਪਾਇਆ ਪਰ ਉਸ ਤੋਂ ਕੁਝ ਖਾਧਾ ਨਹੀਂ ਗਿਆ। ਪਰੇਸ਼ਾਨ ਹੋਇਆ ਗਵਾਲਾ ਟੋਕਰੀ ਸਿਰ ‘ਤੇ ਚੁੱਕ ਕੇ ਮੁੜ ਗਿਆ। ਉਹਦੇ ਪਿੱਛੇ-ਪਿੱਛੇ ਨੀਲੀ ਤੁਰ ਪਈ।

ਪ੍ਰਸ਼ਨ 14. ਵੱਛੀ ਦੀ ਮੌਤ ਤੋਂ ਬਾਅਦ ਨੀਲੀ ਦੇ ਦੂਜੀ ਵਾਰ ਲੇਖਕ ਦੇ ਘਰ ਆਉਣ ਦਾ ਵੇਰਵਾ ਦਿਓ।

ਉੱਤਰ : ਵੱਛੀ ਦੀ ਮੌਤ ਤੋਂ ਬਾਅਦ ਜਦ ਨੀਲੀ ਦੂਜੀ ਵਾਰ ਲੇਖਕ ਦੇ ਘਰ ਆਈ ਤਾਂ ਉਹ ਮਹਿੰਦੀ ਦੇ ਬੂਟੇ ਥੱਲੇ ਰੱਖੀ ਮਸਾਲੇ ਦੀ ਟੋਕਰੀ ਵਿੱਚ ਇਹ ਮਾਰਨ ਲੱਗੀ। ਕੁਝ ਚਿਰ ਨੀਲੀ ਨੂੰ ਮਸਾਲਾ ਖਾਂਦੀ ਦੇਖ ਗਵਾਲਾ ਗਾਗਰ ਲੈ ਕੇ ਉਸ ਦੇ ਕੋਲ ਬੈਠ ਗਿਆ ਪਰ ਨੀਲੀ ਪਰੇ ਹੋ ਗਈ।

ਗਵਾਲੇ ਨੇ ਕਈ ਵਾਰ ਕੋਸ਼ਸ਼ ਕੀਤੀ ਪਰ ਨੀਲੀ ਦੁੱਧ ਦਾ ਨਾਂ ਨਹੀਂ ਸੀ ਲੈਣ ਦਿੰਦੀ। ਉਹ ਲੱਤ ਛੱਡ ਕੇ ਪਰੇ ਹੋ ਜਾਂਦੀ। ਗੁੱਸੇ ਵਿੱਚ ਆਏ ਗਵਾਲੇ ਨੇ ਟੋਕਰੀ ਸਿਰ ‘ਤੇ ਚੱਕੀ ਤੇ ਜਦ ਉਹ ਕੋਠੀ ਦੇ ਗੇਟ ਕੋਲ ਪੁੱਜਾ ਤਾਂ ਨੀਲੀ ਅੜਿੰਗੀ ਪਰ ਗਵਾਲਾ ਕੋਠੀ ਤੋਂ ਬਾਹਰ ਚਲਾ ਗਿਆ।

ਪ੍ਰਸ਼ਨ 15. ਗਵਾਲੇ ਦੇ ਕੋਠੀ ਤੋਂ ਬਾਹਰ ਚਲੇ ਜਾਣ ਤੋਂ ਬਾਅਦ ਮਹਿੰਦੀ ਦੇ ਬੂਟੇ ਥੱਲੇ ਖੜ੍ਹੀ ਨੀਲੀ ਦੇ ਭਾਵਾਂ ਨੂੰ ਲੇਖਕ ਨੇ ਕਿਵੇਂ ਬਿਆਨ ਕੀਤਾ ਹੈ?

ਉੱਤਰ : ਗਵਾਲੇ ਦੇ ਕੋਠੀ ਤੋਂ ਬਾਹਰ ਚਲੇ ਜਾਣ ਤੋਂ ਬਾਅਦ ਨੀਲੀ ਗੇਟ ਵੱਲ ਦੇਖਦੀ ਤੇ ਵਿੱਚ-ਵਿੱਚ ਅੜਿੰਗਦੀ ਰਹੀ ਜਿਵੇਂ ਗਵਾਲੇ ਨੂੰ ਉਡੀਕਦੀ ਜਾਂ ਉਸ ਨੂੰ ਅਵਾਜ਼ਾਂ ਦੇ ਰਹੀ ਹੋਵੇ। ਉਹ ਜਿਵੇਂ ਗਵਾਲੇ ਨੂੰ ਕਹਿ ਰਹੀ ਹੋਵੇ ਕਿ ਉਹ ਦੁੱਧ ਦੇਵੇਗੀ ਪਰ ਉਸ ਨੂੰ ਕੁਝ ਚਿਰ ਜਾਂ ਸ਼ਾਇਦ ਇੱਕ ਦਿਨ ਹੀ ਹੋਰ ਸਬਰ ਕਰਨਾ ਪਏਗਾ। ਫਿਰ ਸਭ ਕੁਝ ਪਹਿਲਾਂ ਵਾਂਗ ਹੀ ਹੋ ਜਾਏਗਾ। ਇਸ ਲਈ ਉਹ ਉਸ ਨੂੰ ਭੁੱਖੀ ਨਾ ਮਾਰੇ ਤੇ ਮੁੜ ਆਵੇ। ਕਿੰਨੀ ਦੇਰ ਤੱਕ ਨੀਲੀ ਗੇਟ ਵੱਲ ਦੇਖਦੀ ਰਹੀ ਪਰ ਗਵਾਲਾ ਨਾ ਆਇਆ।

ਪ੍ਰਸ਼ਨ 16. ਵੱਛੀ ਦੇ ਮਰਨ ਤੋਂ ਬਾਅਦ ਨੀਲੀ ਦਾ ਵਿਹਾਰ ਕਿਹੋ ਜਿਹਾ ਸੀ?

ਉੱਤਰ : ਵੱਛੀ ਦੇ ਮਰਨ ਤੋਂ ਬਾਅਦ ਨੀਲੀ ਉਦਾਸ ਹੋ ਗਈ ਸੀ। ਇੱਕ ਦੋ ਦਿਨ ਤਾਂ ਉਸ ਤੋਂ ਕੁਝ ਖਾਧਾ ਵੀ ਨਹੀਂ ਸੀ ਗਿਆ। ਉਹ ਤਿੰਨ ਦਿਨਾਂ ਤੋਂ ਭੁੱਖੀ ਸੀ। ਆਪਣੀ ਭੁੱਖ ਮਿਟਾਉਣ ਲਈ ਉਸ ਨੂੰ ਖਾਣਾ ਪਿਆ। ਪਰ ਜਦ ਗਵਾਲਾ ਦੁੱਧ ਚੋਣ ਦੀ ਕੋਸ਼ਸ਼ ਕਰਦਾ ਤਾਂ ਉਹ ਲੱਤ ਛੱਡ ਕੇ ਪਰਾਂ ਹੋ ਜਾਂਦੀ। ਉਹ ਗਵਾਲੇ ਨੂੰ ਦੁੱਧ ਲਈ ਕੁਝ ਚਿਰ ਹੋਰ ਸਬਰ ਕਰਨ ਲਈ ਆਖਦੀ ਹੈ।

ਪ੍ਰਸ਼ਨ 17. ਗਵਾਲੇ ਦਾ ਲੇਖਕ ਦੀ ਪਤਨੀ ਨੂੰ ਵੱਛੀ ਲਈ ਦੁੱਧ ਨਾ ਛੱਡਣ ਬਾਰੇ ਕੀ ਕਹਿਣਾ ਸੀ?

ਉੱਤਰ : ਲੇਖਕ ਦੀ ਪਤਨੀ ਨੂੰ ਇਹ ਸ਼ਿਕਾਇਤ ਸੀ ਕਿ ਗਵਾਲਾ ਵੱਛੀ ਲਈ ਚੂਲੀ ਦੁੱਧ ਵੀ ਨਹੀਂ ਬਚਾਉਂਦਾ ਜਿਸ ਕਾਰਨ ਉਹ ਹੱਡੀਆਂ ਦੀ ਮੁੱਠ ਨਿਕਲਦੀ ਆ ਰਹੀ ਸੀ। ਗਵਾਲਾ ਕਹਿੰਦਾ ਸੀ ਕਿ ਨੀਲੀ ਵੱਛੀ ਲਈ ਦੁੱਧ ਲੁਕਾ ਕੇ ਰੱਖਦੀ ਹੈ ਅਤੇ ਪਿੱਛੋਂ ਉਸ ਨੂੰ ਪਿਆਉਂਦੀ ਹੈ।